ਕੁਦਰਤੀ ਚੋਣ ਅਤੇ ਗ਼ੈਰਕੁਦਰਤੀ ਚੋਣ ਸਰੋਤ :
ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਜੀਵਾਂ ਦੀ ਜਿਸ ਵਿਸ਼ੇਸ਼ਤਾ ਨੂੰ ਮੁੱਖ ਰੱਖ ਕੇ ਮਨੁੱਖ ਪਾਲਤੂ ਪ੍ਰਾਣੀਆਂ ਦੀ ਚੋਣ ਕਰਦਾ ਰਿਹਾ ਹੈ, ਉਸੇ ਵਿਸ਼ੇਸ਼ਤਾ ਲਈ ਜ਼ਿੰਮੇਵਾਰ ਜੀਨਾਂ ਦਾ ਅਗਲੀ ਪੁਸ਼ਤ 'ਚ ਪ੍ਰਸਰ ਹੁੰਦਾ ਰਿਹਾ ਹੈ। ਮਨੁੱਖ ਦੇ ਇਸ ਪ੍ਰਚਲਨ ਨੂੰ ‘ਨਿਰਮਿਤ ਚੋਣ’, ਭਾਵ ‘ਗ਼ੈਰਕੁਦਰਤੀ ਚੋਣ’ ਵੀ ਸੱਦਿਆ ਜਾ ਸਕਦਾ ਹੈ। ਇਹ ਪ੍ਰਚਲਨ ਬਹੁਤ ਪੁਰਾਣਾ ਹੈ, ਜਿਹੜਾ ਡਾਰਵਿਨ ਤੋਂ ਵੀ ਬਹੁਤ ਪਹਿਲਾਂ ਤੋਂ ਚਲਿਆ ਆ ਰਿਹਾ ਹੈ। ਅਸਲ 'ਚ, ਕਾਸ਼ਤ ਦਾ ਆਰੰਭ ਹੁੰਦਿਆਂ ਹੀ ਮਨੁੱਖ ਅਜਿਹਾ ਕਰਨ ਲਗ ਪਿਆ ਸੀ। ਉਨ੍ਹਾਂ ਵੇਲਿਆਂ ਤੋਂ ਹੋ ਰਹੀ ਇਸ ਚੋਣ ਦੇ ਫਲ–ਸਰੂਪ ਕਣਕ ਅਤੇ ਚਾਵਲ ਦੀ ਫ਼ਸਲ ਉਗਾਉਣੀ ਸੰਭਵ ਹੋਈ; ਮੱਕੀ ਦੀ ਬੱਲੀ ਨੇ ਛੱਲੀ ਦਾ ਰੂਪ ਧਾਰਨ ਕਰ ਲਿਆ ਅਤੇ ਜੰਗਲੀ ਬਘਿਆੜ ਪਾਲਤੂ ਕੁੱਤਾ ਬਣ ਗਿਆ।
ਇਸੇ ਮਾਨਵੀ ਅਭਿਆਸ ਨੂੰ ਡਾਰਵਿਨ ਨੇ ਸਮੁੱਚੇ ਜੀਵ-ਸੰਸਾਰ 'ਚ ਵੀ ਵਿਆਪਕ ਦੇਖਿਆ, ਜਿਥੇ ਜੀਵਾਂ ਦੀਆਂ ਵਿਸ਼ੇਸ਼ਤਾਵਾਂ ਦੀ ਚੋਣ, ਦੁਆਲੇ ਅਨੁਕੂਲ, ਆਪਣੇ-ਆਪ ਹੁੰਦੀ ਰਹਿੰਦੀ ਹੈ। ਧੁਰੋਂ ਪੁਸ਼ਤ-ਦਰ-ਪੁਸ਼ਤ ਚਲਦੀ ਆ ਰਹੀ ਇਹੋ ਪ੍ਰਕਿਰਿਆ , ਜੀਵਾਂ ਦੇ ਵਿਕਾਸ ਦਾ ਆਧਾਰ ਬਣਦੀ ਰਹੀ। ਇਸੇ ਕੁਦਰਤੀ ਪ੍ਰਕ੍ਰਿਆ ਲਈ ਡਾਰਵਿਨ ਨੇ ‘ਕੁਦਰਤੀ ਚੋਣ’ ਦਾ ਸਿਰਲੇਖ ਵਰਤਿਆ ਅਤੇ ਜਿਸ ਨੂੰ ਅੱਜ ਜੀਵਨ ਦੇ ਵਿਕਾਸ ਦੀ ਵਿਆਖਿਆ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ। ਸੰਭੋਗੀ ਸਾਥ ਲਈ ਜਿਹੜੀ ਚੋਣ ਮਦੀਨ ਨਰ ਦੀ ਕਰਦੀ ਹੈ, ਉਸ ਲਈ ਡਾਰਵਿਨ ਨੇ ‘ਜਿਨਸੀ ਚੋਣ’ (sexual selection) ਦਾ ਪਦ ਵਰਤਿਆ।
ਇਹ ਡਾਰਵਿਨ ਦੀ ਹੀ ਸੂਝ ਸੀ, ਜਿਸ ਨੇ ਦੁਆਲੇ ਵਿਆਪਕ ਇਸ ਕੁਦਰਤੀ ਸਥਿਤੀ ਦੀ ਜੀਵਨ ਦੇ ਵਿਕਾਸ 'ਚ ਭੂਮਿਕਾ ਨੂੰ ਸਮਝਿਆ। ਮਾਨਵੀ ਚੋਣ ਦੁਆਰਾ ਮਨ ਚਾਹੀਆਂ ਜੀਵ-ਨਸਲਾਂ ਦੀ ਉਪਜ ਬਾਰੇ ਅਤੇ ਫਸਲਾਂ ਦੀਆਂ ਨਵੀਆਂ ਕਿਸਮਾਂ ਦੀ ਉਪਜ ਬਾਰੇ ਸੱਭ ਜਾਣਦੇ ਸਨ , ਪਰ ਡਾਰਵਿਨ ਨੇ ਕੁਦਰਤ ਦੇ ਇਸ ਕ੍ਰਿਰਿਆਸ਼ੀਲ ਪੱਖ ਨੂੰ ਪਛਾਣਿਆ। ਡਾਰਵਿਨ ਆਪਣੀ ਪ੍ਰਸਿੱਧ ਰਚਨਾਂ ‘ਜੀਵ-ਨਸਲਾਂ ਦੀ ਉਤਪਤੀ’ (origin of species) 'ਚ ਲਿਖਦਾ ਹੈ :
‘ਸੰਸਾਰ ਵਿਖੇ ਕੁਦਰਤੀ ਚੋਣ ਦੀ ਪ੍ਰਕਿਰਿਆ ਸਰਬਵਿਆਪਕ ਹੈ। ਜੀਵਾਂ ਵਿਚਲੇ ਇਕ–ਇਕ ਅੰਤਰ ਦੀ ਪਲ–ਪਲ ਜਾਂਚ ਅਤੇ ਛਾਣ-ਬੀਣ ਕੁਦਰਤ ਕਰਦੀ ਰਹਿੰਦੀ ਹੈ। ਜੀਵਾਂ ਵਿਚਕਾਰ ਮਾਮੂਲੀ ਜਿਹਾ ਅੰਤਰ ਵੀ ਇਸ ਦੀ ਪੜਚੋਲ ਤੋਂ ਨਹੀਂ ਬਚਦਾ। ਜਿਹੜੇ ਵੀ ਅੰਤਰ ਜੀਵ ਲਈ ਲਾਭਦਾਇਕ ਹੁੰਦੇ ਹਨ, ਉਨ੍ਹਾਂ ਦੀ ਆਪਣੇ-ਆਪ ਸੰਭਾਲ ਹੋਈ ਜਾਂਦੀ ਹੈ ਅਤੇ ਜਿਹੜੇ ਜੀਵ ਦੇ ਕੰਮ ਦੇ ਨਹੀਂ ਹੁੰਦੇ, ਉਹ ਅਲੋਪ ਹੁੰਦੇ ਰਹਿੰਦੇ ਹਨ। ਇਹ ਸੱਭ ਕੁਝ ਬੇਸ਼ੁੱਧ ਅਤੇ ਚੁੱਪ-ਚਾਪ ਹੁੰਦਾ ਰਹਿੰਦਾ ਹੈ। ਅਵਸਰ ਮਿਲਣ ਤੇ, ਜੀਵ ਲਈ ਲਾਭਦਾਇਕ ਅੰਤਰ ਉਪਯੋਗਤਾ ਦੀ ਹੋਰ ਵੀ ਨਿਖਰਵੀਂ ਪੱਧਰ ਉਪਰ ਆ ਬਿਰਾਜਦੇ ਹਨ। ਅਜਿਹਾ ਹੋਏ ਹੋਣ ਦਾ ਕੋਈ ਅਨੁਭਵ ਜੀਵ ਨੂੰ ਆਪ ਜਾਂ ਦੇਖਣ ਵਾਲੇ ਨੂੰ ਨਹੀਂ ਹੁੰਦਾ। ਲੰਬਾ ਸਮਾਂ ਬੀਤ ਜਾਣ ਉਪਰੰਤ, ਕੋਈ ਜੇਕਰ ਉਸੇ ਜੀਵ ਨੂੰ ਮੁੜ ਕੇ ਦੇਖ ਸਕਦਾ ਤਾਂ ਉਸ ਦੀ ਇਕ ਨਸਲ ਦਾ ਕਈ ਨਸਲਾਂ 'ਚ ਵਿਕਾਸ ਹੋਇਆ ਉਹ ਦੇਖਦਾ।’
ਡਾਰਵਿਨ ਦੀ ਇਹ ਰਚਨਾਂ 1859 'ਚ ਛਪੀ ਸੀ। ਇਸ ਦੇ ਸੱਤ ਵਰ੍ਹਿਆਂ ਉਪਰੰਤ, 1866 'ਚ, ‘ਕੁਦਰਤੀ ਚੋਣ’ ਦੇ ਸਹਿਖੋਜੀ ਐਲਫਰਡ ਰੱਸਲ ਵਾਲਾਸ ਨੇ ਡਾਰਵਿਨ ਨੂੰ ਸੁਝਾਅ ਦਿੱਤਾ :
“ਅਜਿਹੇ ਸਮਝਦਾਰ ਪੁਰਸ਼ਾਂ ਦੀ ਸੰਸਾਰ ਵਿਖੇ ਘਾਟ ਹੈ, ਜਿਹੜੇ ਜੀਵਾਂ ਦੇ ਵਿਕਾਸ ਪ੍ਰਤੀ ‘ਕੁਦਤਰੀ ਚੋਣ’ ਦੇ ਸ੍ਵੈਕਾਰਕੀ ਅਤੇ ਜ਼ਰੂਰੀ ਪ੍ਰਭਾਵ ਨੂੰ ਸਮਝਣ ਯੋਗ ਹਨ। ਕੁਦਰਤੀ ਚੋਣ ਦੀ ਧਾਰਨਾ ਸਾਧਾਰਨ ਵਿਅਕਤੀ ਲਈ ਅਬੋਧ ਹੈ। ਇਸ ਲਈ ਕਿਉਂ ਨਾ ਇਸ ਪ੍ਰਕਿਰਿਆ ਲਈ ਹਰਬਰਟ ਸਪੈਂਸਰ (Herbert Spencer) ਦਾ ਸੁਝਾਇਆ ਸਿਰਲੇਖ : ‘ਸੱਭਨਾਂ ਨਾਲੋਂ ਫਬਵੇਂ ਜੀਵ ਦਾ ਬਣਿਆ ਰਹਿਣਾ (Survival of the fittest)’, ਵਰਤ ਲਿਆ ਜਾਵੇ। ਇਹ ਪਦ ਉਸ ਤੱਥ ਨੂੰ ਵੀ ਦਰਸਾਉਂਦਾ ਹੈ, ਜਿਹੜਾ ‘ਕੁਦਰਤੀ ਚੋਣ’ ਦੀ ਵਿਆਖਿਆ ਕਰਦਾ ਹੈ।”
ਕਿਸੇ ਵੀ ਵਿਗਿਆਨਕ ਵਿਚਾਰ ਨੂੰ ਪ੍ਰਯੋਗਾਂ ਦੁਆਰਾ ਹੀ ਸਹੀ ਜਾਂ ਗ਼ਲਤ ਸਿੱਧ ਕਰਨਾ ਸੰਭਵ ਹੈ। ਜੀਵਨ ਦੇ ਪ੍ਰਸੰਗ 'ਚ ਜੋ ਕੁਝ ਕੁਦਰਤ 'ਚ ਵਾਪਰ ਰਿਹਾ ਹੈ, ਉਸ ਦੀ ਜਾਂਚ ਕਰਨ ਯੋਗ ਆਯੂ ਕਿਸੇ ਕੋਲ ਨਹੀਂ। ਇਸੇ ਕਾਰਨ , ਪ੍ਰਯੋਗਸ਼ਾਲਾ 'ਚ ਪ੍ਰਯੋਗਾਂ ਦੁਆਰਾ ਕੁਦਰਤੀ ਚੋਣ ਦੇ ਸਿਧਾਂਤ ਦੀ ਪਰਖ-ਪੜਤਾਲ ਕੀਤੀ ਗਈ ਹੈ। ਉਂਜ, ਮਾਨਵ ਦੁਆਰਾ ਕੀਤੀ ਜਾ ਰਹੀ ਨਿਰਮਤ ਜਾਂ ਗ਼ੈਰਕੁਦਰਤੀ ਚੋਣ ਵੀ ਇਕ ਪ੍ਰਕਾਰ ਦਾ ਪ੍ਰਯੋਗ ਹੀ ਹੈ। ਇਹ ਪ੍ਰਯੋਗ ਵੀ ‘ਕੁਦਰਤੀ ਚੋਣ’ ਦੀ ਸਪਸ਼ਟ ਸ਼ਬਦਾਂ’ਚ ਪੁਸ਼ਟੀ ਕਰ ਰਿਹਾ ਹੈ। ਇਸ ਚੋਣ ਦੇ ਸਿੱਟੇ, ਕਿਧਰੇ ਵੀ, ਕੁਦਰਤੀ ਚੋਣ ਦੀ ਉਲੰਘਣਾ ਨਹੀਂ ਕਰ ਰਹੇ। ਇਸੇ ਲਈ ‘ਗ਼ੈਰਕੁਦਰਤੀ ਚੋਣ’ ਨੂੰ ‘ਕੁਦਰਤੀ ਚੋਣ’ ਦਾ ਪ੍ਰਮਾਣ ਸਮਝਣਾ ਉਚਿਤ ਹੈ। ‘ਕੁਦਰਤੀ ਚੋਣ’ ਦੇ ਸਿੱਟੇ ਲੱਖਾਂ ਵਰ੍ਹਿਆਂ ਉਪਰੰਤ ਨਿਕਲਦੇ ਹਨ, ਜਦ ਕਿ ਮਾਨਵ ਦੁਆਰਾ ਕੀਤੀ ‘ਗ਼ੈਰਕੁਦਰਤੀ ਚੋਣ’ ਦੇ ਸਿੱਟੇ ਕੁਝ ਕੁ ਵਰ੍ਹਿਆਂ 'ਚ ਹੀ ਸਾਹਮਣੇ ਆਉਂਦੇ ਰਹੇ ਹਨ। ਮੱਕੀ ਤੇ, ਚੂਹਿਆਂ ਤੇ, ਕੁੱਤਿਆਂ ਤੇ, ਫੁੱਲਾਂ ਤੇ ਅਤੇ ਫ਼ਸਲਾਂ ਤੇ ਕੀਤੇ ਪ੍ਰਯੋਗਾਂ ਨੇ ਕੁਦਰਤੀ ਚੋਣ ਦੀ ਪ੍ਰੋੜਤਾ ਹੀ ਕੀਤੀ ਹੈ।
ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First