ਕੁਦਰਤੀ ਚੋਣ ਵਿਰੋਧੀ ਪਰਿਸਥਿਤੀਆਂ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਹ ਗੱਲ ਨਹੀਂ ਕਿ ਹਰ ਇਕ ਪ੍ਰਾਣੀ ਉਪਰ ‘ਕੁਦਰਤੀ ਚੋਣ ’ ਦਾ ਇਕਸਾਰ ਪ੍ਰਭਾਵ ਪੈਂਦਾ ਰਹਿੰਦਾ ਹੈ। ਕੁਝ ਪ੍ਰਾਣੀ ਹਨ ਜਿਹੜੇ ਇਸ ਦਾ ਸੀਮਿਤ ਪ੍ਰਭਾਵ ਕਬੂਲ ਕਰਦੇ ਹਨ। ਮਨੁੱਖ ਜਿਵੇਂ ਅੱਜ ਵਿਚਰ ਰਿਹਾ ਹੈ, ਕੁਦਰਤੀ ਚੋਣ ਦੇ ਪ੍ਰਭਾਵ ਤੋਂ ਲਗਭਗ ਮੁਕਤ ਹੋ ਗਿਆ ਜਾਪਦਾ ਹੈ। ਨਾਕਸ ਜੀਨਾਂ ਦਾ ਵੀ, ਇਸੇ ਕਾਰਨ , ਮਨੁੱਖ ਦੀ ਨਸਲ ਅੰਦਰ ਖੁੱਲ੍ਹਾ-ਡੁੱਲ੍ਹਾ ਪ੍ਰਸਾਰ ਹੋਈ ਜਾ ਰਿਹਾ ਹੈ ਅਤੇ ਜਿਸ ਕਾਰਨ ਵਿਰਸੇ 'ਚ ਮਿਲਣ ਵਾਲੇ ਰੋਗਾਂ ਦੀ ਗਿਣਤੀ 'ਚ ਵੀ ਦਿਨ-ਪਰ-ਦਿਨ ਵਾਧਾ ਹੋਈ ਜਾ ਰਿਹਾ ਹੈ। ‘ਕੁਦਰਤੀ ਚੋਣ’ ਦੇ ਪ੍ਰਭਾਵ ਨੂੰ ਸਭਿਆਚਾਰਕ ਪ੍ਰਚਲਨ ਨੇ ਨਿਕਾਰਾ ਬਣਾ ਦਿੱਤਾ ਹੈ ਅਤੇ ਜੇਕਰ ਇਹ ਪ੍ਰਕਿਰਿਆ ਮਨੁੱਖ ਦੇ ਪ੍ਰਸੰਗ’ਚ ਕ੍ਰਿਆਸ਼ੀਲ ਰਹਿੰਦੀ, ਤਦ ਇਕ ਤਾਂ ਮਨੁੱਖ ਦੀ ਵਸੋਂ ਨੇ ਪ੍ਰਿਥਵੀ ਦੀ ਸਹਿਣ-ਸ਼ਕਤੀ ਦੇ ਪਾਰ ਨਹੀਂ ਸੀ ਜਾਣਾ ਅਤੇ ਦੂਜੇ , ਮਨੁੱਖ ਨੇ ਅੱਜ ਨਾਲੋਂ ਕਿਧਰੇ ਵੱਧ ਅਰੋਗ ਅਤੇ ਸੁਅਸਥ ਜੀਵਨ ਭੋਗਣਾ ਸੀ।

ਸੰਸਾਰ 'ਚ ਕੋਈ ਜੀਵ ਵੀ ਸੋਲ੍ਹਾਂ ਕਲਾ ਸੰਪੂਰਣ ਨਹੀਂ ਹੈ। ਇਥੇ ਕੁਝ ਵੀ ਮੁਫਤ ਹੱਥ ਨਹੀਂ ਆਉਂਦਾ ਅਤੇ ਹਰ ਇਕ ਸ਼ੈਅ ਦੀ ਕੀਮਤ, ਕਿਸੇ ਨਾ ਕਿਸੇ ਸ਼ਕਲ 'ਚ, ਚੁਕਾਉਣੀ ਹੀ ਪੈਂਦੀ ਹੈ। ਸਾਡੇ ਸਰੀਰ ਇਕ ਦੂਜੀ ਉਪਰ ਨਿਰਭਰ ਵਿਸ਼ੇਸ਼ਤਾਵਾਂ ਦਾ ਭੰਡਾਰ ਹਨ ਅਤੇ ਸਥਿਤੀ ਇਹ ਹੈ ਕਿ ਜੇਕਰ ਸਰੀਰ ਦਾ ਇਕ ਅੰਗ ਵਧੀਆ ਹੈ ਤਾਂ ਅਜਿਹਾ ਕਿਸੇ ਹੋਰ ਅੰਗ ਦੀ ਦੁਰਬਲਤਾ ਦੇ ਸਿਰ ਤੇ ਹੋਇਆ ਹੁੰਦਾ ਹੈ। ਹਿਰਨ ਦੀਆਂ ਜੇਕਰ ਨੱਠਣ ਯੋਗ ਨਰੋਈਆਂ ਮਾਸਪੇਸ਼ੀਆਂ ਵਾਲੀਆਂ ਟੰਗਾਂ ਹਨ, ਤਾਂ ਜ਼ਰੂਰੀ ਨਹੀਂ ਕਿ ਉਸ ਦੇ ਦੂਸਰੇ ਅੰਗ ਵੀ ਟੰਗਾਂ ਵਾਂਗ ਨਰੋਏ ਹੀ ਹੋਣ। ਆਪਣੀਆਂ ਟੰਗਾਂ ਕਰਕੇ ਇਹ ਤੇਜ਼ ਨੱਠ ਸਕਦਾ ਹੈ ਅਤੇ ਇਸੇ ਕਾਰਨ, ਇਸ ਦੇ ਸ਼ਿਕਾਰ ਹੋਣੋ ਬਚੇ ਰਹਿਣ ਦੀ ਵੀ ਵੱਧ ਸੰਭਾਵਨਾਂ ਹੁੰਦੀ ਹੈ। ਪਰ ਟੰਗਾਂ ਅੰਦਰਲੀਆਂ ਹੱਡੀਆਂ ਵੀ ਜ਼ਰੂਰੀ ਨਹੀਂ ਕਿ ਇਨ੍ਹਾਂ ਦੀਆਂ ਮਾਸਪੇਸ਼ੀਆਂ ਵਾਂਗ ਮਜ਼ਬੂਤ ਵੀ ਹੋਣ। ਜੇਕਰ ਅਜਿਹਾ ਨਹੀਂ ਤਾਂ ਨੱਠਦਿਆਂ ਇਨ੍ਹਾਂ ਦੇ ਮੜ੍ਹੱਕ ਜਾਣ ਦਾ ਡਰ ਰਹਿੰਦਾ ਹੈ। ਵਧੀਆ ਦਿਮਾਗ਼ ਵਾਲੇ ਵਿਅਕਤੀ ਦੇ, ਜ਼ਰੂਰੀ ਨਹੀਂ, ਗੁਰਦੇ ਜਾਂ ਦਿਲ ਵੀ ਉਸੇ ਹੱਦ ਤਕ ਵਧੀਆ ਹੋਣ।

ਘਰਾਂ 'ਚ ਪਾਲੇ ਜਾ ਰਹੇ ਪ੍ਰਾਣੀਆਂ ਉਪਰ ਵੀ ‘ਕੁਦਰਤੀ ਚੋਣ’ ਦਾ ਮਾਮੂਲੀ ਪ੍ਰਭਾਵ ਪੈ ਰਿਹਾ ਹੈ। ਇਹ ਅਜਿਹੀਆਂ ਪਰਿਸਥਿਤੀਆਂ ਤੋਂ ਲਾਂਭੇ ਰਹਿੰਦੇ ਹਨ, ਜਿਨ੍ਹਾਂ ਕਾਰਨ ਜੰਗਲੀ ਪ੍ਰਾਣੀ ਆਪਣੀ ਜਾਨ ਗੁਆ ਬੈਠਦੇ ਹਨ। ਘਰਾਂ 'ਚ ਪਲ ਰਹੇ ਪਸ਼ੂਆਂ ਨੂੰ ਜਾਂ ਹੋਰ ਪ੍ਰਾਣੀਆਂ ਨੂੰ ਜੇਕਰ ਵਣਾਂ 'ਚ ਵਿਚਰਨਾ ਪੈ ਜਾਵੇ ਤਾਂ ਇਨ੍ਹਾਂ ਦੇ, ਵਣਾਂ’ਚ ਵਿਚਰਦਿਆਂ ਹੋਰਨਾਂ ਜਾਨਵਰਾਂ ਦੇ ਟਾਕਰੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਬਣ ਜਾਣ ਦੀ ਸੰਭਾਵਨਾਂ ਵੱਧ ਹੁੰਦੀ ਹੈ। ਸੁੱਖ-ਸੁਬਧਾਵਾਂ ਨਾਲ ਸਿੰਜਰਿਆ ਜੀਵਨ ਭੋਗ ਰਹੇ ਮਨੁੱਖ ਦਾ ਵੀ ਮੁੜ ਕੇ ਵਣਾਂ 'ਚ ਜਾਕੇ ਵਸਣਾ ਸੰਭਵ ਨਹੀਂ ਰਿਹਾ। ਕੁੱਤੇ ਦਾ ਵੀ ਇਹੋ ਹਾਲ ਹੈ। ਮਨੁੱਖ ਦੇ ਡੇਰਿਆਂ ਦੇ ਆਲੇ-ਦੁਆਲੇ ਵਿਚਰਦਾ ਵਿਚਰਦਾ ਅਤੇ ਮਨੁੱਖ ਦੇ ਟੁਕੜਿਆਂ ਤੇ ਪਲਦਾ–ਪਲਦਾ ਬਘਿਆੜ , ਪਹਿਲਾਂ ਅਵਾਰਾ ਭਟਕਦਾ ਕੁੱਤਾ ਬਣਿਆ ਅਤੇ ਫਿਰ ਪਾਲਤੂ ਕੁੱਤਾ ਬਣ ਗਿਆ। ਹੁਣ ਜੇਕਰ ਇਸ ਨੂੰ ਕਿਧਰੇ ਵਣਾਂ ਚੋਂ ਦੀ ਹੋਕੇ ਲੰਘਣਾ ਪੈ ਜਾਵੇ, ਤਾਂ ਇਸ ਦਾ ਨੇੜੇ ਦਾ ਸਬੰਧੀ, ਬਘਿਆੜ ਹੀ ਇਸ ਦਾ ਸ਼ਿਕਾਰ ਕਰਨੋਂ ਨਹੀਂ ਝਿਜਕੇਗਾ ਅਤੇ ਜਿਸ ਦਾ ਇਹ ਸਹਿਲ ਸ਼ਿਕਾਰ ਬਣ ਵੀ ਜਾਵੇਗਾ।

ਫੁੱਲਾਂ ਦੀਆਂ ਨੁਹਾਰਾਂ ਚੋਂ ਵੀ ਇਨ੍ਹਾਂ ਦੇ ਹੋਏ ਵਿਕਾਸ ਦਾ ਪ੍ਰਤੱਖ ਝਾਉਲਾ ਪੈ ਰਿਹਾ ਹੈ ਅਤੇ ਇਨ੍ਹਾਂ ਤੋਂ ਡਾਰਵਿਨ ਪ੍ਰਭਾਵਿਤ ਵੀ ਹੋਇਆ ਸੀ। ਆੱਰਕਿਡ ਫੁੱਲਾਂ ਦੀਆਂ ਅਦਿਭੁਤ ਨੁਹਾਰਾਂ ਹਨ। ਇਹ ਕੀਟਾਂ ਦੁਆਰਾ ਪਰਾਗੇ ਜਾਣ ਵਾਲੇ ਫੁੱਲ ਹਨ ਅਤੇ ਕੀਟਾਂ ਨੂੰ ਆਪਣੇ ਵੱਲ ਆਕਰਿਸ਼ਤ ਕਰਨ ਲਈ ਇਹ ਮਧੂ-ਰਸ ਉਪਜਾਉਂਦੇ ਹਨ। ਪਰ ਸਾਰੇ ਆੱਰਕਿਡ ਅਜਿਹਾ ਨਹੀਂ ਕਰਦੇ। ਕਈ ਤਾਂ ਕੇਵਲ ਆਪਣੀ ਨੁਹਾਰ ਦੁਆਰਾ ਕੀਟਾਂ ਨੂੰ ਭਰਮਾ ਲੈਣ ਯੋਗ ਹਨ, ਜਿਨ੍ਹਾਂ ਨੇ ਕੀਟਾਂ ਜਿਹੀ ਆਕ੍ਰਿਤੀ ਧਾਰਨ ਕਰ ਰਖੀ ਹੈ। ਸੰਭੋਗ ਲਈ ਸਾਥ ਦੀ ਭਾਲ 'ਚ ਭਟਕਦੇ ਫਿਰਦੇ ਕੀਟ, ਅਜਿਹੇ ਫੁੱਲਾਂ ਦੀ ਨੁਹਾਰ ਦੇ ਭਰਮਾਏ, ਇਨ੍ਹਾਂ ਨਾਲ ਚੰਬੜਨ ਦੇ ਯਤਨ ਕਰਦੇ ਹਨ। ਇਕ ਉਪਰੰਤ ਜਦ ਦੂਜੇ ਫੁੱਲ ਨਾਲ ਵੀ ਕੀਟ ਇਹੋ ਕਰਦੇ ਹਨ ਤਾਂ ਅਣਜਾਣੇ ਹੀ ਇਹ ਪਹਿਲੇ ਫੁੱਲ ਦੇ ਪਰਾਗ ਦੂਜੇ ਉਪਰ ਧੂੜ ਦਿੰਦੇ ਹਨ। ਕੀਟਾਂ ਅਤੇ ਫੁੱਲਾਂ ਦਾ ਇਹ ਸਬੰਧ ਧੁਰੋਂ ਬਣਿਆ ਆ ਰਿਹਾ ਹੈ ਅਤੇ ਇਸੇ ਕਾਰਨ ਇਨ੍ਹਾਂ ਦਾ ਸਹਿਚਾਰੀ ਵਿਕਾਸ, ਇਕ ਦੂਜੇ ਦੀਆਂ ਲੋੜਾਂ ਦੇ ਸਨਮੁੱਖ ਹੁੰਦਾ ਰਿਹਾ ਹੈ। ਮਧੂ-ਰਸ ਲਈ ਅਤੇ ਸੁਗੰਧੀ ਛੱਡਦੇ ਪਦਾਰਥਾਂ ਲਈ ਕੀਟ ਫੁੱਲਾਂ ਉਪਰ ਅੱਜ ਵੀ ਨਿਰਭਰ ਹਨ, ਜਦ ਕਿ ਪਰਾਗੇ ਜਾਣ ਲਈ ਫੁੱਲ ਕੀਟਾਂ ਉਪਰ।

ਉਪਰੋਕਤ ਸਹਿ-ਵਿਕਾਸ ਦੀ ਉਚਿਤ ਉਦਾਹਰਣ ਹੈ। ਸਹਿ-ਵਿਕਾਸ ਉਨ੍ਹਾਂ ਜੀਵ-ਨਸਲਾਂ ਦੀ ਵਿਸ਼ੇਸ਼ਤਾ ਹੈ, ਜਿਹੜੀਆਂ ਇਕ ਦੂਜੇ ਉਪਰ ਨਿਰਭਰ ਜੀਵਨ ਭੋਗ ਰਹੀਆਂ ਹਨ। ਇਨ੍ਹਾਂ’ਚ ਇਕ ਦੂਜੇ ਦੀ ਲੋੜ ਪੂਰੀ ਕਰਨ ਅਨੁਕੂਲ ਪਰਿਵਰਤਨ ਆਉਂਦੇ ਰਹੇ ਹਨ। ਫੁੱਲਾਂ ਤੇ ਕੀਟਾਂ ਜਿਹਾ ਹਾਲ ਹੀ ਸਾਗਰ 'ਚ ਵਿਚਰਦੀਆਂ ਵੱਡੀਆਂ ਅਤੇ ਛੋਟੀਆਂ ਮੱਛੀਆਂ ਦਾ ਹੈ। ਇਨ੍ਹਾਂ ਦੇ ਵੀ ਆਪਸ 'ਚ ਵਿਸ਼ੇਸ਼ ਸਬੰਧ ਹਨ। ਛੋਟੀਆਂ ਮੱਛੀਆਂ ਵੱਡੀਆਂ ਮੱਛੀਆਂ ਨਾਲ ਚੰਬੜੇ ਪ੍ਰਜੀਵਾਂ ਨੂੰ ਚੂੰਢ ਚੂੰਢ ਹੜੱਪ ਕਰਦੀਆਂ ਰਹਿੰਦੀਆਂ ਹਨ। ਵੱਡੀਆਂ ਮੱਛੀਆਂ ਦੀ ਅਰੋਗਤਾ, ਇਸ ਪ੍ਰਕਾਰ, ਸਫਾਈ ਕਰਦੀਆਂ ਛੋਟੀਆਂ ਮੱਛੀਆਂ ਉਪਰ ਨਿਰਭਰ ਹੈ, ਜਦ ਕਿ ਸਫਾਈ ਕਰਦੀਆਂ ਮੱਛੀਆਂ ਨੂੰ, ਆਪਣੇ ਭੋਜਨ ਲਈ, ਕਿਧਰੇ ਹੋਰ ਝਾਕਣਾ ਨਹੀਂ ਪੈਂਦਾ। ਇਕ ਦੂਜੀ ਦੇ ਸਹਿਯੋਗ 'ਚ ਵਿਚਰ ਰਹੀਆਂ ਇਨ੍ਹਾਂ ਮੱਛੀਆਂ ਦਾ ਵੀ ਸਹਿ-ਵਿਕਾਸ ਹੁੰਦਾ ਰਿਹਾ ਹੈ।

ਮਾਨਵੀ ਚੋਣ ਦੁਆਰਾ ਪੌਦਿਆਂ ਅਤੇ ਪ੍ਰਾਣੀਆਂ ਦੀਆਂ ਨਵੀਆਂ ਅਤੇ ਉਪਯੋਗੀ ਕਿਸਮਾਂ ਦਾ ਜਿਹੜਾ ਵਿਕਾਸ ਹੁੰਦਾ ਰਿਹਾ ਹੈ, ਉਸ ਦੀ ਗਤੀ ‘ਕੁਦਰਤੀ ਚੋਣ’ ਨਾਲੋਂ ਬਹੁਤ ਤੇਜ਼ ਰਹੀ ਹੈ। ਕੁਝ ਕੁ ਸਦੀਆਂ ਦੀ ਵਿੱਥ ਨਾਲ ਹੀ ਉਪਯੋਗੀ ਜੀਵਾਂ ਦੀਆਂ ਨਵੀਆਂ–ਨਵੀਆਂ ਕਿਸਮਾਂ ਹੋਂਦ 'ਚ ਆਉਂਦੀਆਂ ਰਹੀਆਂ ਹਨ। ਇਸ ਦੇ ਟਾਕਰੇ ‘ਕੁਦਰਤੀ ਚੋਣ’ ਦੀ ਚਾਲ ਅਤੀ ਧੀਮੀ ਹੈ। ‘ਕੁਦਰਤੀ ਚੋਣ’ ਦੁਆਰਾ ਸਮੁੱਚੇ ਜੀਵ-ਸੰਸਾਰ ਨੇ ਆਪਣਾ ਅੱਜ ਵਾਲਾ ਰੂਪ ਧਾਰਨ ਕਰਦਿਆਂ–ਕਰਦਿਆਂ ਅਰਬਾਂ ਵਰ੍ਹੇ ਲਏ ਹਨ। ਪ੍ਰਿਥਵੀ ਦੀ ਆਪਣੀ ਆਯੂ 4 ਅਰਬ 60 ਕਰੋੜ ਵਰ੍ਹਿਆਂ ਦੀ ਹੈ। ਇਸ ਦੇ ਹੋਂਦ 'ਚ ਆਉਣ ਦੇ ਅਰਬ ਕੁ ਵਰ੍ਹਿਆਂ ਉਪਰੰਤ ਇਸ ਉਪਰ ਜੀਵਨ ਪੁੰਗਰਿਆ, ਜਿਸ ਦਾ ਫਿਰ ਵਿਕਾਸ ਹੋਇਆ। ਪਹਿਲਾਂ ਕੀਟਾਣੂ ਹੋਂਦ 'ਚ ਆਏ, ਫਿਰ ਮਲ੍ਹੱਪ ਅਤੇ ਹੋਰ ਰੀੜ-ਰਹਿਤ ਪ੍ਰਾਣੀ। ਦੂਜੇ ਬੰਨੇ ਫੁੱਲਾਂ-ਰਹਿਤ ਸਾਵੇ ਪੌਦੇ , ਨਾਲੋ-ਨਾਲ, ਵਿਕਸਿਤ ਹੋਏ। ਸਮਾਂ ਪਾਕੇ ਸਾਗਰਾਂ ਵਿਖੇ ਮੱਛੀਆਂ ਨੇ ਜਨਮ ਲਿਆ, ਜਿਨ੍ਹਾਂ ਚੋਂ ਕੁਝ, ਅੱਜ ਤੋਂ ਲਗਭਗ 40 ਕਰੋੜ ਵਰ੍ਹੇ ਪਹਿਲਾਂ, ਪਾਣੀਓਂ ਬਾਹਰ ਆਕੇ ਚਿੱਕੜਾਂ-ਦਲਦਲਾਂ 'ਚ ਵਿਚਰਨ ਲਗ ਪਈਆਂ। ਇਨ੍ਹਾਂ ਤੋਂ ਹੀ ਖ਼ੁਸ਼ਕ ਧਰਤੀ ਉਪਰ ਵਿਚਰਦੇ ਪ੍ਰਾਣੀ ਵਿਕਸਿਤ ਹੋਏ। ਪਹਿਲੇ ਪਸ਼ੂ , ਭਾਵ ਅੱਜ ਵਿਚਰਦੇ ਪਸ਼ੂਆਂ ਦੇ ਪੂਰਵਜ, ਅੱਜ ਤੋਂ 20 ਕਰੋੜ ਵਰ੍ਹੇ ਪਹਿਲਾਂ ਪ੍ਰਿਥਵੀ ਉਪਰ ਵਿਚਰ ਰਹੇ ਸਨ। ‘ਕੁਦਰਤੀ ਚੋਣ’ ਦੁਆਰਾ 40 ਕਰੋੜ ਵਰ੍ਹਿਆਂ 'ਚ ਇਕ ਮੱਛੀ ਮਨੁੱਖ ਬਣੀ, ਜਦ ਕਿ ‘ਮਾਨਵੀ ਚੋਣ’ ਦੁਆਰਾ, ਕੁਝ ਕੁ 100 ਵਰ੍ਹਿਆਂ 'ਚ, ਗਲੀਆਂ ਦਾ ਅਵਾਰਾ ਕੁੱਤਾ, ਸਰਦੇ-ਪੁੱਜਦੇ ਘਰਾਂ 'ਚ, ਸੋਫਿਆਂ ਤੇ ਆ ਬਿਰਾਜਮਾਨ ਹੋਇਆ।


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.