ਖੱਟ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਖੱਟ : ਖੱਟ ਰਸਮ ਦੇ ਸੱਭਿਆਚਾਰਿਕ ਅਤੇ ਕੋਸ਼ਗਤ ਅਰਥ ਵਿਆਹ ਸਮੇਂ ਕੰਨਿਆ ਨੂੰ ਦਿੱਤੀ ਜਾਣ ਵਾਲੀ ਦਾਤ ਦੇ ਲਏ ਜਾਂਦੇ ਹਨ। ਖੱਟ ਸ਼ਬਦ ‘ਖਾਟ’ ਦਾ ਹੀ ਪ੍ਰਤਿਰੂਪ ਹੈ ਜਿਸ ਦੇ ਅਰਥ ਹਨ ਮੰਜੀ, ਚਾਰਪਾਈ। ਖੱਟ ਸ਼ਬਦ ਵਿਆਹ ਦੀ ਇੱਕ ਵਿਸ਼ੇਸ਼ ਰਸਮ ਲਈ ਰੂੜ੍ਹ ਹੋਇਆ ਮਿਲਦਾ ਹੈ ਜਿਸ ਵਿੱਚ ਦਹੇਜ ਦੇ ਰੂਪ ਵਿੱਚ ਦਿੱਤੀਆਂ ਜਾਣ ਵਾਲੀਆਂ (ਗਹਿਣੇ, ਕੱਪੜੇ ਅਤੇ ਸਮੁੱਚਾ ਘਰ ਬੰਨ੍ਹਣ ਵਾਲੀਆਂ) ਵਸਤਾਂ ਆਦਿ ਮੰਜੀਆਂ ਤੇ ਸਜਾ ਕੇ ਵਿਖਾਲੇ ਦੇ ਰੂਪ ਵਿੱਚ ਅੰਗਾਂ-ਸਾਕਾਂ ਅਤੇ ਖ਼ਾਸ ਤੌਰ `ਤੇ ਜਨੇਤ ਅਤੇ ਵਰ ਵਾਲੀ ਧਿਰ ਨੂੰ ਉਚੇਚੇ ਰੂਪ ਵਿੱਚ ਵਿਖਾਈਆਂ ਜਾਂਦੀਆਂ ਹਨ।

     ਕੁਝ ਖ਼ਾਸ ਜਾਤਾਂ ਗੋਤਾਂ ਨੂੰ ਛੱਡ ਕੇ, ਖੱਟ ਦੀ ਰਸਮ ਵਰ ਕੰਨਿਆਂ ਦੇ ਫੇਰਿਆਂ ਅਤੇ ਜਨੇਤ ਦੇ ਰੋਟੀ ਖਾ ਲੈਣ ਤੋਂ ਬਾਅਦ ਕੀਤੀ ਜਾਂਦੀ ਹੈ। ਧੀ ਨੂੰ ਦਿੱਤਾ ਜਾਣ ਵਾਲਾ ਦਹੇਜ ਜਿਸ ਵਿੱਚ ਵਰ ਦੇ ਨਜ਼ਦੀਕੀ ਅੰਗਾਂ ਸਾਕਾਂ ਲਈ (ਵਿੱਤ ਅਨੁਸਾਰ) ਕੱਪੜੇ ਆਦਿ ਅਤੇ ਵਰ-ਕੰਨਿਆ ਲਈ ਕੱਪੜੇ ਗਹਿਣਿਆਂ ਤੋਂ ਇਲਾਵਾ ਨਵੇਂ ਸਿਰਿਉਂ ਘਰ ਬੰਨ੍ਹਣ ਦੇ ਆਸ਼ੇ ਅਧੀਨ ਵੱਧ ਤੋਂ ਵੱਧ ਵਸਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਵੱਖਰੇ ਟੱਬਰ ਦੀ ਹੈਸੀਅਤ ਵਿੱਚ ਰਹਿਣ ਸਮੇਂ ਕੋਈ ਘਾਟ ਨਾ ਮਹਿਸੂਸ ਹੋਵੇ।

     ਇਸ ਰਸਮ ਨਾਲ ‘ਖੱਟ’ ਸ਼ਬਦ ਦੇ ਰੂੜ੍ਹ ਹੋਣ ਦਾ ਇੱਕ ਕਾਰਨ ਦਹੇਜ ਦੇ ਇਸ ਵਿਖਾਲੇ ਸਮੇਂ ਲਾੜੇ ਅਤੇ ਉਹਦੇ ਨਾਲ ਉਚੇਚੇ ਆਏ ਮਾਪੇ ਅਤੇ ਜਨੇਤੀਆਂ ਨੂੰ ਵੀ ਆਦਰ ਮਾਣ ਵਜੋਂ ਮੰਜਿਆਂ ਉੱਤੇ ਬਿਠਾਉਣਾ ਹੁੰਦਾ ਹੈ। ਇਸ ਸਮੇਂ ਕਿਉਂਕਿ ਲਾੜਾ ਘਰ ਦਾ ਜੁਆਈ (ਦਾਮਾਦ) ਬਣ ਚੁੱਕਾ ਹੁੰਦਾ ਹੈ, ਇਸ ਲਈ ਲਾੜੀ ਦੀ ਮਾਂ ਜੁਆਈ ਨੂੰ ਖਾਟ ’ਤੇ ਬਿਠਾ ਕੇ ਉਸ ਨੂੰ ਦੁੱਧ ਦਾ ਗਲਾਸ ਭੇਟਾ ਕਰਦੀ ਹੈ ਜਿਸ ਵਿੱਚ ਸਵਾ ਰੁਪਿਆ ਪਾਉਣ ਦੀ ਰੀਤ ਹੈ। ਖ਼ਾਲੀ ਗਲਾਸ ਮੋੜਨ ਦੀ ਬਦਸ਼ਗਨੀ ਤੋਂ ਬਚਣ ਲਈ ਲਾੜਾ ਗਲਾਸ ਵਿੱਚ ਸ਼ਗਨ ਵਜੋਂ ਕੁਝ ਸਿੱਕੇ ਪਾਉਂਦਾ ਹੈ। ਆਸੇ ਪਾਸੇ ਖਲੋਤੀਆਂ ਲਾੜੀ ਦੀਆਂ ਸਹੇਲੀਆਂ ਅਤੇ ਭੈਣਾਂ ਲਾੜੇ ਤੋਂ ਕਲੀਚੜੀਆਂ (ਚਾਂਦੀ ਦੇ ਛੱਲੇ) ਅਤੇ ਲੌਂਗ-ਲਾਚੀਆਂ ਮੰਗਦੀਆਂ ਹੋਈਆਂ, ਹਾਸਾ-ਠੱਠਾ ਕਰਦੀਆਂ ਗਾਉਂਦੀਆਂ ਹਨ :

ਨਹੀਂ ਤਾਂ ਲੌਂਗ ਲਾਚੀ ਦੇ,

ਨਹੀਂ ਤਾਂ ਸੱਕੀ ਚਾਚੀ ਦੇ।

ਨਹੀਂ ਤਾਂ ਲੌਂਗ ਸੁਪਾਰੀ ਦੇ,

ਨਹੀਂ ਤਾਂ ਭੈਣ ਕੁਆਰੀ ਦੇ।

     ਖੱਟ ਦੀ ਇਸ ਰਸਮ ਸਮੇਂ ਜੇਕਰ ਵਿਆਹੁਤਾ ਲਾੜੀ ਦੀਆਂ ਭੈਣਾਂ ਪਹਿਲਾਂ ਵਿਆਹੀਆਂ ਜਾ ਚੁੱਕੀਆਂ ਹੋਣ ਤਾਂ ਪਹਿਲੇ ਵੱਡੇ ਜੁਆਈਆਂ (ਦਾਮਾਦਾਂ) ਨੂੰ ਵੀ ਲਾੜੇ ਨਾਲ ਖਾਟ `ਤੇ ਬਿਠਾ ਕੇ ਕੱਪੜੇ ਲੀੜੇ ਆਦਿ ਦੇਣ ਦੀ ਰੀਤ ਹੈ।

     ਖੱਟ ਰਸਮ ਅਧੀਨ ਕੰਨਿਆ ਨੂੰ ਦਿੱਤੀਆਂ ਜਾਣ ਵਾਲੀਆਂ ਵਸਤਾਂ ਦਾ ਵਖਾਲਾ ਪਾਉਣਾ ਇਸ ਲਈ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਕਿ ਵਿਆਹ ਤੇ ਆਏ ਅੰਗ- ਸਾਕ, ਜਨੇਤੀ ਅਤੇ ਬਰਾਦਰੀ ਦੇ ਲੋਕ ਇਹ ਜਾਣ ਸਕਣ ਕਿ ਵਿਆਹੁਤਾ ਕੁੜੀ ਨੂੰ ਮਾਪਿਆਂ ਨੇ ਸਹੁਰੇ ਘਰ ਖ਼ਾਲੀ ਨਹੀਂ ਤੋਰਿਆ। ਜੇਕਰ ਬਰਾਦਰੀ ਦੇ ਲੋਕ ਪਿੰਡ, ਸ਼ਹਿਰ ਜਾਂ ਗਰਾਂ ਦੇ ਨੇੜਲੇ ਘਰਾਂ ਵਿੱਚ ਰਹਿੰਦੇ ਹੋਣ ਤਾਂ ਖੱਟ ਦੇ ਵਖਾਲੇ ਲਈ ਨੈਣ ਦੁਆਰਾ ਤ੍ਰੀਮਤਾਂ ਨੂੰ ਉਚੇਚਾ ਸੱਦਾ ਦਿੱਤਾ ਜਾਂਦਾ ਹੈ। ਅਕਸਰ ਧੀਆਂ ਦੇ ਮਾਪੇ ਦਹੇਜ ਇਕੱਠਾ ਕਰਦੇ ਰਹਿੰਦੇ ਹਨ ਜਿਸ ਨੂੰ ਬਰਾਦਰੀ ਅਤੇ ਜਨੇਤ ਸਾਮ੍ਹਣੇ ਬੜੇ ਚਾਅ ਨਾਲ ਵਿਖਾਇਆ ਜਾਂਦਾ ਹੈ।

     ਜੇਕਰ ‘ਵਰ’ ਵਾਲੀ ਧਿਰ ਦਾਜ ਦਾ ਵਖਾਲਾ ਨਾ ਵੇਖਣਾ ਚਾਹੇ ਤਾਂ ਬਰਾਦਰੀ ਨੂੰ ਹੀ ਵਸਤਾਂ ਵਿਖਾ ਦਿੱਤੀਆਂ ਜਾਂਦੀਆਂ ਹਨ। ਇਹਨਾਂ ਵਸਤਾਂ ਵਿੱਚ ਭਾਂਡਿਆਂ ਉਪਰ ਦਾਮਾਦ ਦਾ ਨਾਂ ਲਿਖਾਏ ਜਾਣ ਦਾ ਚਲਨ ਹੈ। ਕਈ ਮਹਿੰਗੀਆਂ ਵਸਤਾਂ ਦੀਆਂ ਰਸੀਦਾਂ ਵੀ ਦਾਮਾਦ ਦੇ ਨਾਂ ਦੀਆਂ ਬਣਵਾਈਆਂ ਜਾਂਦੀਆਂ ਹਨ। ਇਸ ਸਮੇਂ ਖੱਟ ਵੇਖਣ ਆਏ ਲੋਕਾਂ ਨੂੰ ਵਰ ਵਾਲੀ ਧਿਰ ਵੱਲੋਂ ਲਿਆਂਦੀ ਵਰੀ (ਵਿਸਤਾਰ ਲਈ ਵੇਖੋ : ਦਾਜ/ਵਰੀ) ਵੀ ਵਿਖਾਏ ਜਾਣ ਦੀ ਰੀਤ ਹੈ।

     ਪੰਜਾਬੀ ਸੱਭਿਆਚਾਰ ਵਿੱਚ ਕੰਨਿਆ ਦੇ ਵਿਆਹ ਸਮੇਂ ਉਸਦੇ ਨਾਨਕਿਆਂ ਵੱਲੋਂ (ਵਿੱਤ ਅਨੁਸਾਰ) ਵਿਸ਼ੇਸ਼ ਰੂਪ ਵਿੱਚ ਦਹੇਜ ਦੀਆਂ ਬਹੁ-ਮੁੱਲੀਆਂ ਵਸਤਾਂ ਦੇਣ ਦਾ ਚਲਨ ਹੈ ਜਿਸ ਨੂੰ ‘ਨਾਨਕੀ ਛੱਕ’ ਕਿਹਾ ਜਾਂਦਾ ਹੈ ਜਿਸ ਵਿੱਚ ਕੱਪੜੇ, ਬਿਸਤਰੇ, ਭਾਂਡੇ, ਗਹਿਣੇ ਅਤੇ ਪਲੰਘ ਪੀੜ੍ਹਾ ਆਦਿ ਹੁੰਦੇ ਹਨ।

     ਪੰਜਾਬੀ ਸੱਭਿਆਚਾਰ ਵਿੱਚ ਖੱਟ ਦੇ ਇੱਕ ਤੋਂ ਵਧੇਰੇ ਰੂਪ ਪ੍ਰਚਲਿਤ ਹਨ। ਕਈ ਜਾਤਾਂ ਗੋਤਾਂ ਵਿੱਚ ਖੱਟ ਵਿਖਾਉਣ ਸਮੇਂ ਕੰਨਿਆ ਦੇ ਮਾਤਾ-ਪਿਤਾ ਕੰਨਿਆ ਅਤੇ ਵਰ ਨੂੰ ਮੰਜੇ ਤੇ ਬਿਠਾ ਕੇ ਪਰਕਰਮਾ ਕਰਦੇ ਹੋਏ ਪਿੱਠ ਪਿੱਛੇ ਚੌਲਾਂ ਦਾ ਛਿੱਟਾ ਦਿੰਦੇ ਹਨ ਤਾਂ ਜੋ ਪਿੱਛੇ ਘਰ ਵਿੱਚ ਖ਼ੁਸ਼ਹਾਲੀ ਰਹੇ। ਕਈ ਪਰਿਵਾਰਾਂ ਵਿੱਚ ਇਸ ਸਮੇਂ ਕੰਨਿਆ ਦਾ ਪਿਤਾ ਵਰ ਦੇ ਪਿਤਾ ਨੂੰ ਉਹਨਾਂ ਦੇ ਲਾਗੀਆਂ ਦਾ ਆਪਣੇ ਵੱਲੋਂ ਇਵਜ਼ਾਨਾ ਦੇਣ ਲਈ ਥਾਲੀ ਵਿੱਚ ਰੱਖ ਕੇ ਕੁਝ ਰਾਸ਼ੀ ਵੀ ਭੇਟ ਕਰਦਾ ਹੈ। ਰਾਸ਼ੀ ਲੈ ਲੈਣ ਦੀ ਸੂਰਤ ਵਿੱਚ ਵਰ ਦਾ ਪਿਤਾ ਥਾਲੀ ਸਿਰ `ਤੇ ਰੱਖ ਲੈਂਦਾ ਹੈ, ਰਾਸ਼ੀ ਨਾ ਲੈਣੀ ਹੋਵੇ ਤਾਂ ਉਸ ਰਕਮ ਵਿੱਚ ਵਿੱਤ ਅਨੁਸਾਰ, ਆਪਣੇ ਵੱਲੋਂ ਕੁਝ ਰਲਾ ਕੇ ਛੱਡ ਦਿੰਦਾ ਹੈ।

     ਇਸ ਸਮੇਂ ਕੰਨਿਆ ਵਾਲੀ ਧਿਰ ਵੱਲੋਂ ਨਿਮਰਤਾ ਭਾਵ ਵਾਲੇ ਗੀਤ ਗਾਏ ਜਾਂਦੇ ਹਨ :

ਅਸੀਂ ਤਾਂ ਦਿਤੀਆਂ ਝੋਲੀ ਦੀਆਂ ਵਸਤਾਂ

ਪੰਡਾਂ ਕਰ ਕੇ ਜਾਣਿਉ ਜੀ !

ਅਸੀਂ ਤਾਂ ਦਿਤੇ ਖੱਦਰ ਦੇ ਲੀੜੇ

ਰੇਸ਼ਮ ਕਰ ਕੇ ਜਾਣਿਉ ਜੀ !

ਅਸੀਂ ਤਾਂ ਦਿਤੇ ਚਾਂਦੀ ਦੇ ਗਹਿਣੇ,

ਸਿਉਨਾ ਕਰ ਕੇ ਜਾਣਿਉ ਜੀ !

ਜੇ ਅਸੀਂ ਦਿਤੇ ਰੋਕ ਰੁਪਈਏ,

ਮੋਹਰਾਂ ਕਰ ਕੇ ਜਾਣਿਉਂ ਜੀ !

ਖੱਟ ਦੀ ਦਾਤ ਵਿੱਚ ਜਿੰਦਰਾ, ਸੂਈ ਅਤੇ ਕੈਂਚੀ ਦੇਣੀ ਨਿਸ਼ੇਧ ਸਮਝੀ ਜਾਂਦੀ ਹੈ।

     ਅਜੋਕੇ ਸਮੇਂ ਖੱਟ ਵਿਖਾਉਣ ਦਾ ਅਭਾਵ ਹੀ ਹੈ, ਇੱਕ ਤਾਂ ਵਿਖਾਲੇ ਦੇ ਰੂਪ ਵਿੱਚ ਦਹੇਜ ਨੂੰ ਮੰਦਾ ਸਮਝਿਆ ਜਾਂਦਾ ਹੈ। ਦੂਜਾ (ਕੰਨਿਆ ਅਤੇ ਵਰ ਵਾਲੇ) ਕਈ ਪਰਿਵਾਰ ਆਪਸ ਵਿੱਚ ਅੰਦਰ ਖਾਤੇ ਕੀਤੀ ਸੰਧੀ ਅਨੁਸਾਰ ਦਹੇਜ ਲੈਂਦੇ ਹਨ।


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 23685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਖੱਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਟ (ਨਾਂ,ਇ) ਕੰਨਿਆਂ ਦੇ ਵਿਆਹ ਸਮੇਂ ਦਿੱਤਾ ਦਾਜ-ਦਹੇਜ; ਦਾਜ ਦਹੇਜ ਨੂੰ ਮੰਜੀਆਂ (ਖਾਟ) ਤੇ ਰੱਖ ਕੇ ਵਖਾਲਾ ਪਾਉਣ ਦੀ ਇੱਕ ਰਸਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਟ [ਨਾਂਇ] ਵਿਆਹ ਦੀ ਇੱਕ ਰਸਮ; ਇੱਕ ਰਾਗਣੀ ਦਾ ਨਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੱਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਟ. ਸੰ. खट्वा —ਖਟ੍ਵਾ. ਸੰਗ੍ਯਾ—ਮੰਜਾ. ਖਾਟ। ੨ ਵਿਆਹ ਸਮੇਂ ਦੁਲਹਨਿ ਅਤੇ ਦੁਲਹਾ ਨੂੰ ਦਿੱਤਾ ਹੋਇਆ ਸਾਮਾਨ, ਜਿਸ

ਦਾ ਮੁੱਖ ਅੰਗ ਖਾਟ ਹੈ। ੩ ਦੇਖੋ, ਖਟ। ੪ ਸੰ. खट्.ਧਾ—ਚਾਹੁਣਾ-ਢੂੰਡਣਾ-ਖੋਜਣਾ। ੫ ਸੰ. खट्ट्—ਖੱਟੑ. ਧਾ—ਢਕਣਾ-ਘੇਰਨਾ। ੬ ਸੰ. षट्ट् — ੄੺ਟੑ. ਧਾ—ਰਹਿਣਾ—ਜ਼ੋਰ ਕਰਨਾ—ਦੇਣਾ—ਮਾਰਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੱਟ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਟ, (ਪੁਆਧੀ) \ (ਖੱਟੀ) \ ਇਸਤਰੀ ਲਿੰਗ : ਖੱਟੀ, ਕਮਾਈ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-11-29-13, ਹਵਾਲੇ/ਟਿੱਪਣੀਆਂ:

ਖੱਟ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਟ, (ਪ੍ਰਾਕ੍ਰਿਤ : खट्वा; ਸੰਸਕ੍ਰਿਤ : खट्ठा=ਮੰਜਾ) \ ਇਸਤਰੀ ਲਿੰਗ : ੧. ਕੁੜੀ ਦੇ ਵਿਆਹ ਤੇ ਮਾਪਿਆਂ ਵਲੋਂ ਦਿੱਤੀਆਂ ਹੋਈਆਂ ਚੀਜ਼ਾਂ, ਦਾਤ, ਦਾਜ, ਦਹੇਜ

–ਖੱਟ ਦੇਣਾ, ਮੁਹਾਵਰਾ : ਦਾਤ ਦੇਣੀ, ਦਹੇਜ ਦੇਣਾ, ਵਿਆਹ ਸਮੇਂ ਕੁੜੀ ਦੇ ਬਜ਼ੁਰਗਾਂ ਵੱਲੋਂ ਮੁੰਡੇ ਦੇ ਬਜ਼ੁਰਗਾਂ ਨੂੰ ਚੀਜ਼-ਵਸਤ ਆਦਿ ਦੇਣਾ

–ਖੱਟ ਪਾਉਣਾ,ਮੁਹਾਵਰਾ : ਦਾਜ ਵਿਖਾਲਣਾ, ਖੱਟ ਧਰਨਾ

–ਖੱਟ ਪੈਣਾ, ਮੁਹਾਵਰਾ: ਦਾਜ ਦਾ ਵਿਖਾਲਾ ਹੋਣਾ

–ਖੱਟ ਮਣਸਣਾ (ਮਿਣਸਣਾ), ਮੁਹਾਵਰਾ : ਖੱਟ ਦੇਣਾ

–ਖੱਟ ਵਿਛਾਉਣਾ, ਕਿਰਿਆ ਸਮਾਸੀ : ਬਰਾਤੀਆਂ ਨੂੰ ਵਿਖਾਉਣ ਲਈ ਖੱਟ ਦੀਆਂ ਚੀਜ਼ਾਂ ਖਿਲਾਰ ਕੇ ਰੱਖਣਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-11-29-48, ਹਵਾਲੇ/ਟਿੱਪਣੀਆਂ:

ਖੱਟ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਟ, (ਪ੍ਰਾਕ੍ਰਿਤ : खट्वा; ਸੰਸਕ੍ਰਿਤ : खट्ठा=ਮੰਜਾ) \ ਇਸਤਰੀ ਲਿੰਗ : ੧. ਕੁੜੀ ਦੇ ਵਿਆਹ ਤੇ ਮਾਪਿਆਂ ਵਲੋਂ ਦਿੱਤੀਆਂ ਹੋਈਆਂ ਚੀਜ਼ਾਂ, ਦਾਤ, ਦਾਜ, ਦਹੇਜ

–ਖੱਟ ਦੇਣਾ, ਮੁਹਾਵਰਾ : ਦਾਤ ਦੇਣੀ, ਦਹੇਜ ਦੇਣਾ, ਵਿਆਹ ਸਮੇਂ ਕੁੜੀ ਦੇ ਬਜ਼ੁਰਗਾਂ ਵੱਲੋਂ ਮੁੰਡੇ ਦੇ ਬਜ਼ੁਰਗਾਂ ਨੂੰ ਚੀਜ਼-ਵਸਤ ਆਦਿ ਦੇਣਾ

–ਖੱਟ ਪਾਉਣਾ,ਮੁਹਾਵਰਾ : ਦਾਜ ਵਿਖਾਲਣਾ, ਖੱਟ ਧਰਨਾ

–ਖੱਟ ਪੈਣਾ, ਮੁਹਾਵਰਾ: ਦਾਜ ਦਾ ਵਿਖਾਲਾ ਹੋਣਾ

–ਖੱਟ ਮਣਸਣਾ (ਮਿਣਸਣਾ), ਮੁਹਾਵਰਾ : ਖੱਟ ਦੇਣਾ

–ਖੱਟ ਵਿਛਾਉਣਾ, ਕਿਰਿਆ ਸਮਾਸੀ : ਬਰਾਤੀਆਂ ਨੂੰ ਵਿਖਾਉਣ ਲਈ ਖੱਟ ਦੀਆਂ ਚੀਜ਼ਾਂ ਖਿਲਾਰ ਕੇ ਰੱਖਣਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-11-29-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.