ਗੌਂਡ ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੌਂਡ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 28 ਚਉਪਦੇ ਅਤੇ ਇਕ ਅਸ਼ਟਪਦੀ ਹੈ। ਭਗਤ- ਬਾਣੀ ਪ੍ਰਕਰਣ ਵਿਚਲੇ 20 ਸ਼ਬਦਾਂ ਵਿਚੋਂ 11 ਭਗਤ ਕਬੀਰ ਦੇ, 7 ਨਾਮਦੇਵ ਦੇ ਅਤੇ ਦੋ ਰਵਿਦਾਸ ਦੇ ਹਨ।
ਚਉਪਦੇ ਪ੍ਰਕਰਣ ਦੇ ਕੁਲ 28 ਚਉਪਦਿਆਂ ਵਿਚੋਂ ਛੇ ਗੁਰੂ ਰਾਮਦਾਸ ਜੀ ਦੇ ਹਨ ਜਿਨ੍ਹਾਂ ਦੇ ਅੰਤ ਉਤੇ ‘ਛਕਾ ੧’ ਲਿਖਿਆ ਹੈ। ਗੁਰੂ ਜੀ ਨੇ ਦਸਿਆ ਹੈ ਕਿ ਸੰਸਾਰ ਦੇ ਲੋਕਾਂ ਤੋਂ ਸਹਾਇਤਾ ਦੀ ਕੋਈ ਆਸ ਰਖਣੀ ਵਿਅਰਥ ਹੈ ਕਿਉਂਕਿ ਉਨ੍ਹਾਂ ਵਲੋਂ ਕੀਤੀ ਸਹਾਇਤਾ ਕਿਸੇ ਗ਼ਰਜ਼ ਉਤੇ ਟਿਕੀ ਹੈ। ਗੁਰੂ ਅਰਜਨ ਦੇਵ ਜੀ ਦੇ 22 ਚਉਪਦਿਆਂ ਵਿਚੋਂ 21 ਵਿਚ ਚਾਰ ਚਾਰ ਪਦੇ ਅਤੇ ਇਕ ਵਿਚ ਦੋ ਪਦੇ ਹਨ। ਇਨ੍ਹਾਂ ਵਿਚ ਕਈ ਗੁਰਮਤਿ-ਸਿੱਧਾਂਤਾਂ ਅਤੇ ਨੈਤਿਕ ਆਚਾਰਾਂ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਗੁਰੂ ਜੀ ਅਨੁਸਾਰ ਪਰਮਾਤਮਾ ਗੁਣਾਂ ਦਾ ਖ਼ਜ਼ਾਨਾ ਹੈ। ਉਸ ਦਾ ਨਾਮ ਗੁਰੂ-ਦੁਆਰਾ ਪ੍ਰਾਪਤ ਹੁੰਦਾ ਹੈ ਅਤੇ ਸਾਧ-ਸੰਗਤਿ ਵਿਚ ਉਸ ਦਾ ਅਭਿਆਸ ਹੁੰਦਾ ਹੈ।
ਇਸ ਰਾਗ ਵਿਚ ਕੇਵਲ ਇਕ ਅਸ਼ਟਪਦੀ ਪੰਜਵੇਂ ਗੁਰੂ ਜੀ ਦੀ ਹੈ ਜਿਸ ਵਿਚ ਗੁਰੂ ਜੀ ਨੇ ਮਨੁੱਖ ਨੂੰ ਗੁਰਮੁਖ ਬਣਨ ਦੀ ਪ੍ਰੇਰਣਾ ਦਿੱਤੀ ਹੈ।
ਭਗਤ-ਬਾਣੀ ਪ੍ਰਕਰਣ ਦੇ 20 ਸ਼ਬਦਾਂ ਵਿਚੋਂ ਸੰਤ ਕਬੀਰ ਜੀ ਨੇ ਆਪਣੇ 11 ਸ਼ਬਦਾਂ ਵਿਚ ਦਸਿਆ ਹੈ ਕਿ ਚੰਗੇ ਪੁਰਸ਼ਾਂ, ਸਚੇ ਸਾਧਕਾਂ ਦੀ ਸੰਗਤ ਤੋਂ ਮਨ ਵਿਚ ਚੰਗੇ ਵਿਚਾਰ ਪੈਦਾ ਹੁੰਦੇ ਹਨ ਅਤੇ ਮਾੜੇ ਪੁਰਸ਼ਾਂ ਦੀ ਸੰਗਤ ਨਾਲ ਬੁਰਿਆਈਆਂ ਵਿਚ ਵਾਧਾ ਹੁੰਦਾ ਹੈ। ਨਾਮਦੇਵ ਜੀ ਨੇ ਆਪਣੇ ਸੱਤ ਸ਼ਬਦਾਂ ਵਿਚ ਪਰਮਾਤਮਾ ਲਈ ਆਪਣੀ ਖਿਚ ਨੂੰ ਦਰਸਾਇਆ ਹੈ ਅਤੇ ਉਸ ਦਾ ਸਰੂਪ ਨਿਸ਼ਚਿਤ ਕਰਨ ਲਈ ਕਈ ਨਮੂਨੇ ਪੇਸ਼ ਕੀਤੇ ਹਨ ਅਤੇ ਕੁਝ ਪੌਰਾਣਿਕ ਕਥਾ-ਪ੍ਰਸੰਗਾਂ ਵਲ ਸੰਕੇਤ ਵੀ ਕੀਤਾ ਹੈ। ਰਵਿਦਾਸ ਜੀ ਨੇ ਆਪਣੇ ਦੋ ਸ਼ਬਦਾਂ ਵਿਚ ਸਪੱਸ਼ਟ ਕੀਤਾ ਹੈ ਕਿ ਪ੍ਰਭੂ ਆਪਣੀ ਮਿਹਰ ਨਾਲ ਨੀਵਿਆਂ ਨੂੰ ਵੀ ਸ੍ਰੇਸ਼ਠ ਬਣਾ ਦਿੰਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First