ਘੱਲੂਘਾਰਾ ਛੋਟਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਘੱਲੂਘਾਰਾ ਛੋਟਾ: ਸਿੱਖਾਂ ਦੀ ਤਬਾਹੀ ਨੂੰ ਸੂਚਿਤ ਕਰਨ ਵਾਲੀਆਂ ਦੋ ਘਟਨਾਵਾਂ ਨੂੰ ਘੱਲੂਘਾਰਿਆਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਇਕ ਸੰਨ 1746 ਈ. ਵਿਚ ਵਾਪਰਿਆ ਅਤੇ ਦੂਜਾ ਸੰਨ 1762 ਈ. ਵਿਚ ਹੋਇਆ। ਜਾਨੀ ਨੁਕਸਾਨ ਦੇ ਮੱਦੇਨਜ਼ਰ ਪਹਿਲੇ ਨੂੰ ਛੋਟਾ ਅਤੇ ਦੂਜੇ ਨੂੰ ਵੱਡਾ ਘੱਲੂਘਾਰਾ ਕਿਹਾ ਜਾਣ ਲਗਿਆ। ਵੱਡਾ ਘੱਲੂਘਾਰਾ ਕੇਵਲ ਇਕ ਦਿਨ ਵਿਚ ਵਾਪਰਿਆ, ਜਦ ਕਿ ਛੋਟਾ ਘੱਲੂਘਾਰਾ ਸੰਨ 1746 ਈ. ਦੇ ਮਾਰਚ ਤੋਂ ਮਈ ਦੇ ਮਹੀਨਿਆਂ ਵਿਚ ਪਸਰਿਆ ਰਿਹਾ।
ਇਸ ਘੱਲੂਘਾਰੇ ਦਾ ਪਿਛੋਕੜ ਏਮਨਾਬਾਦ ਦੇ ਫ਼ੌਜਦਾਰ ਜਸਪਤ ਰਾਇ ਦੇ ਕਤਲ ਨਾਲ ਜੁੜਦਾ ਹੈ। ਸੰਨ 1746 ਈ. ਦੇ ਸ਼ੁਰੂ ਵਿਚ ਲਾਹੌਰ ਦੀ ਮੁਗ਼ਲ ਸੈਨਾ ਵਲੋਂ ਖਦੇੜੇ ਇਕ ਸਿੱਖ ਜੱਥੇ ਨਾਲ ਜਸਪਤ ਰਾਇ ਦਾ ਟਾਕਰਾ ਏਮਨਾਬਾਦ ਤੋਂ ਉਤਰ ਵਲ 25 ਕਿ.ਮੀ. ਦੀ ਦੂਰੀ ’ਤੇ ਸਥਿਤ ਬਦੋਕੀ ਗੁਸਾਈਆਂ ਪਿੰਡ ਦੇ ਨੇੜੇ ਹੋ ਗਿਆ। ਭਾਈ ਨਿਬਾਹੂ ਸਿੰਘ ਰੰਘਰੇਟਾ ਨੇ ਹਾਥੀ ਦੀ ਪੂਛ ਫੜ ਕੇ ਹੋਦੇ ਵਿਚ ਬੈਠੇ ਜਸਪਤ ਰਾਇ ਦਾ ਸਿਰ ਕਟ ਲਿਆ। ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਲਾਹੌਰ ਪ੍ਰਸ਼ਾਸਨ ਵਿਚ ਦੀਵਾਨ ਦੀ ਪਦਵੀ ਉਤੇ ਨਿਯੁਕਤ ਲਖਪਤ ਰਾਇ ਨੇ ਪ੍ਰਤਿਗਿਆ ਕੀਤੀ ਕਿ ਉਹ ਸਿੱਖਾਂ ਦਾ ਬੀਜ ਨਾਸ ਕਰ ਦੇਵੇਗਾ। ਉਸ ਨੇ ਲਾਹੌਰ ਦੇ ਸੂਬੇ ਯਹੀਆ ਖ਼ਾਨ ਦੀ ਸੰਮਤੀ ਨਾਲ ਲਾਹੌਰ ਦੀਆਂ ਫ਼ੌਜਾਂ ਨੂੰ ਲਾਮਬੰਦ ਕੀਤਾ ਅਤੇ ਮੁਲਤਾਨ , ਬਹਾਵਲਪੁਰ ਅਤੇ ਜਲੰਧਰ ਤੋਂ ਵੀ ਫ਼ੌਜੀ ਮਦਦ ਮੰਗ ਲਈ। ਇਸ ਤੋਂ ਇਲਾਵਾ ਪਹਾੜੀ ਰਾਜਿਆਂ ਨੂੰ ਵੀ ਸਚੇਤ ਕਰ ਦਿੱਤਾ ਕਿ ਸਿੱਖ ਪਹਾੜਾਂ ਵਲ ਨ ਨਿਕਲ ਜਾਣ। ਉਸ ਨੇ ਪਹਿਲਾਂ ਲਾਹੌਰ ਦੇ ਸਾਰੇ ਸਿੱਖਾਂ ਨੂੰ ਪਕੜ ਕੇ ਕਤਲ ਕਰਨ ਦਾ ਆਦੇਸ਼ ਦੇ ਦਿੱਤਾ। ਫਿਰ ਮਾਰਚ ਮਹੀਨੇ ਦੇ ਸ਼ੁਰੂ ਵਿਚ ਉਸ ਨੇ ਇਕ ਤਕੜਾ ਸੈਨਾ ਦਲ ਲੈ ਕੇ ਕਾਹਨੂਵਨ ਵਿਚ ਲੁਕੇ ਲਗਭਗ 15 ਹਜ਼ਾਰ ਸਿੱਖਾਂ ਨੂੰ ਲਭਣਾ ਸ਼ੁਰੂ ਕੀਤਾ। ਪਹਿਲਾਂ ਤਾਂ ਸਿੱਖ ਮੁਗ਼ਲ ਸੈਨਾ ਦਾ ਟਾਕਰਾ ਕਰਦੇ ਰਹੇ , ਪਰ ਗਿਣਤੀ ਵਿਚ ਥੋੜੇ ਹੋਣ ਕਾਰਣ ਉਨ੍ਹਾਂ ਰਾਵੀ ਦਰਿਆ ਪਾਰ ਕਰਕੇ ਬਸੋਲੀ (ਜ਼ਿਲ੍ਹਾ ਕਠੂਆ) ਵਲ ਮੂੰਹ ਕੀਤਾ। ਅਗੋਂ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਨੇ ਗੋਲੀਆਂ ਦਾਗ਼ਣੀਆਂ ਸ਼ੁਰੂ ਕਰ ਦਿੱਤੀਆਂ। ਅਗੋਂ-ਪਿਛੋਂ ਘਿਰੇ ਹੋਣ ਕਾਰਣ ਅਤੇ ਖਾਧ-ਖ਼ੁਰਾਕ ਦੇ ਮੁਕਣ ਕਾਰਣ ਬਹੁਤ ਸਾਰੇ ਸਿੱਖ ਮਾਰੇ ਗਏ।
ਆਖ਼ਿਰ ਹਿੰਮਤ ਕਰਕੇ ਸਿੱਖਾਂ ਨੇ ਲਖਪਤ ਰਾਇ ਦੀ ਫ਼ੌਜ ਦੇ ਘੇਰੇ ਨੂੰ ਤੋੜ ਕੇ ਅਤੇ ਬਿਆਸ ਤੇ ਸਤਲੁਜ ਨੂੰ ਪਾਰ ਕਰਕੇ ਲਖੀ ਜੰਗਲ ਵਲ ਨਿਕਲਣ ਦਾ ਯਤਨ ਕੀਤਾ। ਪਰ 1 ਅਤੇ 2 ਮਈ 1746 ਈ. ਨੂੰ ਹੋਈ ਭਿੜੰਤ ਵਿਚ ਲਗਭਗ ਸੱਤ ਹਜ਼ਾਰ ਸਿੱਖ ਮਾਰਿਆ ਗਿਆ ਅਤੇ ਤਿੰਨ ਹਜ਼ਾਰ ਨੂੰ ਪਕੜ ਦੇ ਲਾਹੌਰ ਦੇ ਦਿੱਲੀ ਗੇਟ ਵਲ ਨਖ਼ਾਸ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ। ਕੁਝ ਹਜ਼ਾਰ ਸਿੱਖ ਪਰਬਤ ਅਤੇ ਮਾਲਵੇ ਵਲ ਬਚ ਕੇ ਨਿਕਲ ਗਏ। ਇਸ ਤਰ੍ਹਾਂ ਪਹਿਲੀ ਵਾਰ ਸਿੱਖਾਂ ਦਾ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ। ਇਸ ਨੂੰ ਪਹਿਲਾਂ ਕੇਵਲ ‘ਘੱਲੂਘਾਰਾ’ ਕਿਹਾ ਜਾਂਦਾ ਸੀ , ਪਰ 16 ਸਾਲ ਪਿਛੋਂ ਕੁੱਪ-ਰਹੀੜਾ ਦੇ ਸਥਾਨ ਉਤੇ ਹੋਏ ਵੱਡੇ ਜਾਨੀ ਨੁਕਸਾਨ ਕਾਰਣ ਉਸ ਨੂੰ ਵੱਡਾ ਅਤੇ ਇਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਣ ਲਗਿਆ। ਲਖਪਤ ਰਾਇ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਨੂੰ ਸੜਵਾਇਆ ਅਤੇ ਸਿੱਖ ਧਰਮ-ਧਾਮਾਂ ਨੂੰ ਵੀ ਬਰਬਾਦ ਕੀਤਾ। ਪਰ ਇਸ ਜ਼ੁਲਮ ਨਾਲ ਵੀ ਉਹ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਦਬਾ ਨ ਸਕਿਆ। ਸੰਨ 1747 ਈ. ਦੀ ਵਿਸਾਖੀ ਦੇ ਮੌਕੇ ਅੰਮ੍ਰਿਤਸਰ ਵਿਚ ਸਰਬੱਤ ਖ਼ਾਲਸਾ ਇਕੱਠਾ ਹੋਇਆ ਅਤੇ ਮਤਾ ਪਾਸ ਕੀਤਾ ਗਿਆ ਕਿ ਅੰਮ੍ਰਿਤਸਰ ਵਿਚ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਕਿਲ੍ਹਾ ਉਸਾਰਿਆ ਜਾਏ, ਜੋ ਬਾਦ ਵਿਚ ‘ਰਾਮ ਰੌਣੀ ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਤਰ੍ਹਾਂ ਲਖਪਤ ਰਾਇ ਦਾ ਸਾਰਾ ਹੰਕਾਰ ਸਿੱਖਾਂ ਨੇ ਖ਼ਤਮ ਕਰ ਦਿੱਤਾ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First