ਚਾਰਲਸ ਲੈਂਬ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਚਾਰਲਸ ਲੈਂਬ (1775–1834): ਅੰਗਰੇਜ਼ੀ ਦੇ ਪ੍ਰਸਿੱਧ ਨਿਬੰਧਕਾਰ ਚਾਰਲਸ ਲੈਂਬ (Charles Lambs) ਦਾ ਜਨਮ 10 ਫਰਵਰੀ 1775 ਨੂੰ ਹੋਇਆ। ਕਰਾਈਸਟ ਹਸਪਤਾਲ ਬੌਰਡਿੰਗ ਸਕੂਲ ਵਿੱਚ ਸ਼ਰੀਫ਼ ਅਤੇ ਗ਼ਰੀਬ ਮਾਪਿਆਂ ਦੇ ਬੱਚੇ ਪੜ੍ਹਦੇ ਸਨ। ਸੱਤ ਸਾਲ ਦੀ ਉਮਰ ਵਿੱਚ ਉਹ ਇਸ ਸਕੂਲ ਵਿੱਚ ਦਾਖ਼ਲ ਹੋਇਆ ਜਿੱਥੇ ਉਸ ਦੀ ਕੋਲਰਿਜ਼ ਸੈਮੂਅਲ ਟੇਲਰ ਨਾਲ ਅਜਿਹੀ ਦੋਸਤੀ ਹੋਈ ਜਿਹੜੀ ਸਦੀਵੀ ਹੋ ਨਿਬੜੀ। ਚਾਰਲਸ ਲੈਂਬ ਨੇ 1789 ਵਿੱਚ ਸਕੂਲ ਛੱਡ ਦਿੱਤਾ ਪਰ ਈਸਟ ਇੰਡੀਆ ਕੰਪਨੀ ਵੱਲੋਂ ਉਸ ਨੂੰ ਕਲਰਕ ਰੱਖ ਲਿਆ ਗਿਆ ਜਿੱਥੇ ਉਹ ਅਗਲੇ ਤੇਤੀ ਸਾਲ ਕੰਮ ਕਰਦਾ ਰਿਹਾ।
ਲੈਂਬ ਦੀ ਭੈਣ ਮੈਰੀ ਨੇ 22 ਸਤੰਬਰ 1796 ਦੇ ਦਿਨ ਗੁੱਸੇ ਵਿੱਚ ਆ ਕੇ ਆਪਣੀ ਮਾਂ ਨੂੰ ਕਤਲ ਕਰ ਦਿੱਤਾ। ਪਰ ਬਰਤਾਨਵੀ ਅਫ਼ਸਰ ਕਰੋਨਰ ਨੇ ਮੈਰੀ ਨੂੰ ਨੀਮ ਪਾਗਲ ਦੱਸਿਆ ਅਤੇ ਚਾਰਲਸ ਦੀ ਦੇਖ-ਰੇਖ ਵਿੱਚ ਸੌਂਪ ਦਿੱਤਾ।ਪਿਤਾ ਦੀ ਮੌਤ ਤੋਂ ਪਿੱਛੋਂ ਮੈਰੀ ਚਾਰਲਸ ਕੋਲ ਹਮੇਸ਼ਾਂ ਲਈ ਰਹਿਣ ਲੱਗੀ। ਦੋਵਾਂ ਭੈਣ ਭਰਾਵਾਂ ਦਾ ਸਾਥ ਕਦੇ-ਕਦੇ ਟੁੱਟ ਵੀ ਜਾਂਦਾ ਰਿਹਾ ਕਿਉਂਕਿ ਜਦੋਂ ਮੈਰੀ ਵਿੱਚ ਪਾਗਲਪਨ ਦੇ ਲੱਛਣ ਵਧ ਜਾਂਦੇ ਤਾਂ ਉਸ ਨੂੰ ਪਾਗਲਖ਼ਾਨੇ ਵਿੱਚ ਭੇਜਿਆ ਜਾਂਦਾ ਪਰ ਆਪਣੀ ਭੈਣ ਦੀ ਜ਼ਿੰਦਗੀ ਭਰ ਦੀ ਸਰਪ੍ਰਸਤੀ ਕਰ ਕੇ ਚਾਰਲਸ ਨੇ ਵਿਆਹ ਵੀ ਨਹੀਂ ਸੀ ਕਰਵਾਇਆ। 1795 ਦੀਆਂ ਸਰਦੀਆਂ ਵਿੱਚ ਉਸ ਨੂੰ ਆਪ ਵੀ ਛੇ ਹਫ਼ਤੇ ਲਈ ਪਾਗਲਖ਼ਾਨੇ ਵਿੱਚ ਰਹਿਣਾ ਪਿਆ ਸੀ। ਉਸ ਨੂੰ ਹੱਕ ਪੈਂਦੀ ਸੀ ਜਿਸ ਕਰ ਕੇ ਉਸ ਨੇ ਤਕਰੀਬਨ ਸਾਰੀ ਉਮਰ ਹੀ ਸ਼ਰਾਬ ਤੇ ਨਿਰਭਰ ਕੀਤਾ। ਸੰਭਵ ਹੈ ਮੈਰੀ ਦੀ ਜ਼ੁੰਮੇਵਾਰੀ ਹੀ ਚਾਰਲਸ ਦੇ ਦਿਮਾਗ਼ੀ ਸੰਤੁਲਨ ਨੂੰ ਬਣਾਈ ਰੱਖਣ ਲਈ ਸਹਾਈ ਹੋਈ ਹੋਵੇ।
ਕੋਲਰਿਜ਼ ਵੱਲੋਂ 1796 ਵਿੱਚ ਤਿਆਰ ਕੀਤੇ ਕੋਸ਼ ਪੋਇਮਜ਼ ਆਨ ਵੇਰੀਅਸ ਸਬਜੇਕਟਸ ਵਿੱਚ ਜਦੋਂ ਲੈਂਬ ਦੇ ਚਾਰ ਸੋਨੇਟਸ (Sonnets) ਪ੍ਰਕਾਸ਼ਿਤ ਕੀਤੇ ਗਏ ਤਾਂ ਉਸ ਦਾ ਸਾਹਿਤਿਕ ਸਫ਼ਰ ਅਰੰਭ ਹੋਇਆ। ਉਸ ਨੇ 1798 ਵਿੱਚ ਕੋਲਰਿਜ ਦੇ ਦੋਸਤ ਚਾਰਲ ਲੋਏਡ ਨਾਲ ਮਿਲ ਕੇ ਇੱਕ ਭਾਵੁਕ ਖੁੱਲ੍ਹੀ ਕਵਿਤਾ ਏ ਟੇਲ ਆਫ਼ ਰੋਜ਼ਾਮੰਡ ਗਗੈਟ ਲਿਖੀ। ਲੈਂਬ ਨੇ ਆਪਣੇ ਤੇ ਆਪਣੀ ਭੈਣ ਦੇ ਨਿਰਬਾਹ ਲਈ ਲੰਦਨ ਦੀਆਂ ਅਖ਼ਬਾਰਾਂ ਵਿੱਚ ਕੁਝ ਲੇਖ ਤੇ ਨਾਟਕ ਲਿਖੇ। 1802 ਵਿੱਚ ਉਸ ਨੇ ਜੌਨ ਵੁਡਵਿਲ ਨਾਂ ਦਾ ਨਾਟਕ ਖੁੱਲ੍ਹੀ ਕਵਿਤਾ ਵਿੱਚ ਲਿਖਿਆ ਜਿਸ ਨੂੰ ਕੋਈ ਖ਼ਾਸ ਹੁੰਗਾਰਾ ਨਾ ਮਿਲਿਆ। 1806 ਵਿੱਚ ਲੈਂਬ ਨੇ ਮਿਸਟਰ ਐਚ ਨਾਂ ਦਾ ਹਾਸ ਵਿਅੰਗ ਲਿਖਿਆ ਜੋ ਲੋਕਾਂ ਵੱਲੋਂ ਪਸੰਦ ਨਾ ਕੀਤਾ ਗਿਆ।
1807 ਵਿੱਚ ਚਾਰਲਸ ਅਤੇ ਮੈਰੀ ਇਕੱਠਿਆਂ ਨੇ ਟੇਲਜ਼ ਫਰਾਮ ਸ਼ੇਕਸਪੀਅਰ ਨਾਂ ਹੇਠ ਸ਼ੇਕਸਪੀਅਰ ਦੇ ਨਾਟਕਾਂ ਨੂੰ ਵਾਰਤਕ ਰੂਪ ਦਿੱਤਾ ਤਾਂ ਜੋ ਛੋਟੀ ਉਮਰ ਦੇ ਪਾਠਕ ਵੀ ਇਹਨਾਂ ਦਾ ਅਨੰਦ ਮਾਣ ਸਕਣ। ਇਹ ਪੁਸਤਕ ਛੋਟੇ ਵੱਡੇ ਸਭ ਪਾਠਕਾਂ ਵਿੱਚ ਬਹੁਤ ਪ੍ਰਸਿੱਧ ਹੋਈ। 1808 ਵਿੱਚ ਉਸ ਨੇ ਹੋਮਰ ਦੀ ਓਡੀਸੀ ਦਾ ਅਨੁਵਾਦ ਬੱਚਿਆਂ ਲਈ ਦਾ ਅਡਵੈਂਚਰਜ਼ ਆਫ਼ ਯੁਲੀਸੀਜ਼ ਨਾਂ ਥੱਲੇ ਕੀਤਾ। 1809 ਵਿੱਚ ਉਸ ਨੇ ਆਪਣੀ ਭੈਣ ਮੈਰੀ ਨਾਲ ਰਲ ਕੇ ਬੱਚਿਆਂ ਲਈ ਮਿਸਿਜ਼ ਲਾਏਚੇਸਟਰਜ਼ ਸਕੂਲ ਨਾਂ ਦੀ ਕਹਾਣੀਆਂ ਦੀ ਕਿਤਾਬ ਲਿਖੀ ਅਤੇ ਨਾਲ ਹੀ ਪੋਇਟਰੀ ਫ਼ਾਰ ਚਿਲਡਰਨ ਨਾਂ ਦੀ ਇੱਕ ਹੋਰ ਕਿਤਾਬ ਵੀ ਲਿਖੀ।
ਲੈਂਬ ਨੇ 1808 ਵਿੱਚ ਸਪੈਸੀਮਨਜ਼ ਆਫ਼ ਦਾ ਇੰਗਲਿਸ਼ ਡਰੈਮੈਟਿਕ ਪੋਇਟਸ ਹੂ ਲਿਵਿਡ ਅਬਾਊਟ ਦਾ ਟਾਇਮ ਆਫ਼ ਸ਼ੇਕਸਪੀਅਰ ਦੇ ਨਾਂ ਨਾਲ ਇੱਕ ਨਵਾਂ ਅਧਿਐਨ ਸ਼ੁਰੂ ਕੀਤਾ। ਉਸ ਵੱਲੋਂ ਵੱਖ-ਵੱਖ ਰਚਨਾਵਾਂ ਸੰਬੰਧੀ ਕੀਤੀਆਂ ਟਿੱਪਣੀਆਂ ਨਾਲ ਉਹ ਇੱਕ ਆਲੋਚਕ ਵਜੋਂ ਸਥਾਪਿਤ ਹੋ ਗਿਆ ਕਿਉਂਕਿ ਲੈਂਬ ਦੀ ਇਹ ਰਚਨਾ ਸ਼ੇਕਸਪੀਅਰ ਅਤੇ ਉਸ ਦੇ ਸਮਕਾਲੀਆਂ ਵਿੱਚ ਦਿਲਚਸਪੀ ਪੈਦਾ ਕਰਨ ਦਾ ਕਾਰਨ ਬਣੀ। ਇਸ ਤੋਂ ਪਿੱਛੋਂ 1811 ਵਿੱਚ ਲੈਂਬ ਨੇ ਆਨ ਦਾ ਜੀਨੀਅਸ ਐਂਡ ਕੈਰੇਕਟਰ ਆਫ਼ ਹੌਗਾਰਥ ਅਤੇ ਦਾ ਟਰੈਜੀਡੀਜ਼ ਆਫ਼ ਸ਼ੇਕਸਪੀਅਰ ਸੰਬੰਧੀ ਨਿਬੰਧ ਲਿਖੇ ਜੋ ਲੇਅ ਹੰਟ ਦੇ ਜਰਨਲ ਦਾ ਰਿਫਲੈਕਟਰ ਵਿੱਚ ਛਪੇ। 1818 ਵਿੱਚ ਉਸ ਨੇ ਦਾ ਵਰਕਸ ਆਫ਼ ਚਾਰਲਸ ਲੈਂਬ ਨਾਂ ਦੀ ਪੁਸਤਕ ਦੋ ਭਾਗਾਂ ਵਿੱਚ ਲਿਖੀ।
ਭਾਵੇਂ ਲੈਂਬ ਨੂੰ ਵਧੇਰੇ ਪ੍ਰਸਿੱਧੀ ਤਾਂ ਨਹੀਂ ਸੀ ਮਿਲੀ, ਪਰ ਇਹ ਸਾਲ ਉਸ ਦੀ ਜ਼ਿੰਦਗੀ ਦੇ ਸਭ ਤੋਂ ਖ਼ੁਸ਼ੀਆਂ ਭਰੇ ਸਨ। ਆਪਣੇ ਘਰ (ਇਨਰ ਟੈਂਪਲ ਲੇਨ) ਲੈਂਬ ਅਤੇ ਮੈਰੀ ਆਪਣੇ ਦੋਸਤਾਂ ਨੂੰ ਬੁੱਧਵਾਰ ਦੀਆਂ ਮਨੋਰੰਜਕ ਪਾਰਟੀਆਂ ਵਿੱਚ ਵੀ ਬੁਲਾਉਂਦੇ ਸਨ ਜਿਸ ਵਿੱਚ ਉਸ ਸਮੇਂ ਦੇ ਪ੍ਰਸਿੱਧ ਰੁਮਾਂਚਕ ਲਿਖਾਰੀ ਜਿਵੇਂ ਕੋਲਰਿਜ, ਵਿਲੀਅਮ ਵਰਡਜ਼ਵਰਥ, ਰੌਬਟ ਸਾਉਦੇ, ਵਿਲਿਅਮ ਹੈਜ਼ਲਿਟ ਅਤੇ ਹੰਟ ਆਦਿ ਸ਼ਾਮਲ ਹੁੰਦੇ ਸਨ। ਲੈਂਬ ਵੱਲੋਂ ਉਸ ਦੇ ਆਪਣੇ ਦੋਸਤਾਂ ਨੂੰ ਮਜਾਹੀਆਂ ਟਿੱਪਣੀਆਂ ਸਾਹਿਤ ਲਿਖੀਆਂ ਚਿੱਠੀਆਂ ਹੀ ਅਸਲ ਵਿੱਚ ਉਸ ਨੂੰ ਵਧੀਆ ਨਿਬੰਧਕਾਰ ਬਣਾਉਣ ਵਿੱਚ ਸਹਾਈ ਹੋਈਆਂ ਮੰਨੀਆਂ ਜਾ ਸਕਦੀਆਂ ਹਨ।
ਲੈਂਬ ਨੇ 1820 ਤੋਂ 1825 ਤੱਕ ਇੱਕ ਨਿਬੰਧ ਲੜੀ ਲੰਦਨ ਰਸਾਲੇ ਲਈ ਜਾਰੀ ਰੱਖੀ। ਭਾਵੇਂ ਉਸ ਨੇ ਬਹੁਤ ਸਾਰੇ ਲੇਖ ਗੁਪਤ ਨਾਂ ਹੇਠ ਲਿਖੇ ਜਿਨ੍ਹਾਂ ਵਿੱਚ ਉਸ ਦੀਆਂ ਚਿੱਠੀਆਂ ਵਾਂਗ ਹੀ ਉਸ ਦੇ ਨਿਜ ਸੰਬੰਧੀ ਸਰਬਪੱਖੀ ਰੋਸ਼ਨੀ ਪਾਈ ਗਈ ਹੈ। ਉਸ ਨੇ ਕੁਝ ਅਜਿਹੇ ਹਿਲਾ ਦੇਣ ਵਾਲੇ ਵਿਸ਼ਿਆਂ ਬਾਰੇ ਵੀ ਲਿਖਿਆ ਜਿਨ੍ਹਾਂ ਰਾਹੀਂ ਉਸ ਨੇ ਭੂਤਕਾਲ ਨੂੰ ਸ਼ਾਂਤ, ਸਥਾਈ ਅਤੇ ਨਾ ਬਦਲਣ ਵਾਲੀ ਭਾਵਨਾ ਨਾਲ ਭਰਪੂਰ ਦਰਸਾਇਆ ਪਰ ਇਹਨਾਂ ਨਿਬੰਧਾਂ ਵਿੱਚ ਏ ਡੀਜ਼ਾਟੇਸ਼ਨ ਅਪੌਨ ਰੋਸਟ ਪਿਗ, ਵਿਚਿਜ ਐਂਡ ਅਦਰ ਨਾਇਟ ਫੀਅਰਜ਼ ਅਤੇ ਡਰੀਮ ਚਿਲਡਰਨ ਆਦਿ ਅਜਿਹੇ ਨਿਬੰਧ ਹਨ ਜਿਹੜੇ ਪਾਠਕ ਨੂੰ ਬੀਤੇ ਦੀਆ ਯਾਦਾਂ ਦੀ ਉਦਾਸੀ ਨਾਲ ਇੱਕਸੁਰ ਕਰ ਦਿੰਦੇ ਹਨ।
1823 ਵਿੱਚ ਚਾਰਲਸ ਤੇ ਮੈਰੀ ਨੇ ਇੱਕ ਯਤੀਮ ਲੜਕੀ ਐਮਾ ਇਜ਼ੋਲਾ ਨੂੰ ਗੋਦ ਲੈ ਲਿਆ ਅਤੇ ਇਸੇ ਸਾਲ ਦੇ ਅਗਸਤ ਵਿੱਚ ਉਹ ਦੋਵੇਂ ਲੰਦਨ ਤੋਂ ਇਜਲਿੰਗਟਨ ਤੇ ਫੇਰ ਐਨਫੀਲਡ ਚਲੇ ਗਏ। ਸਿਹਤ ਦੀ ਖ਼ਰਾਬੀ ਅਤੇ ਲੰਮੀ ਬਿਮਾਰੀ ਕਾਰਨ 1824 ਵਿੱਚ ਉਸ ਨੇ ਈਸਟ ਇੰਡੀਆ ਕੰਪਨੀ ਵਿੱਚੋਂ ਸੇਵਾ ਮੁਕਤੀ ਲੈ ਲਈ ਸੀ। ਉਹ ਹਰਟਫੋਰਡਸ਼ਾਇਰ ਦੇ ਆਲੇ-ਦੁਆਲੇ ਐਮਾ ਇਜ਼ੋਲਾ ਨਾਲ ਸੈਰ ਕਰਦਿਆਂ ਆਪਣਾ ਸਮਾਂ ਬਤੀਤ ਕਰਦਾ।
1833 ਵਿੱਚ ਮੈਰੀ ਨੂੰ ਦੌਰਾ ਪੈ ਗਿਆ ਜਿਸ ਕਰ ਕੇ ਲੈਂਬ ਐਡਮਿੰਟਨ ਚਲਾ ਗਿਆ। ਇਸੇ ਸਾਲ ਹੀ ਉਸ ਨੇ ਆਪਣੀਆਂ ਸਾਹਿਤਿਕ ਗਤੀਵਿਧੀਆਂ ਤੋਂ ਸੰਨਿਆਸ ਲੈ ਲਿਆ। ਐਮਾ ਦੀ ਐਡਵਰਡ ਮਾਕਸਨ ਨਾਲ ਸ਼ਾਦੀ ਅਤੇ ਕੋਲਰਿਜ ਦੀ ਮੌਤ ਨੇ ਉਸ ਨੂੰ ਉਦਾਸ ਅਤੇ ਬਿਲਕੁਲ ਇਕੱਲਾ ਕਰ ਦਿੱਤਾ ਕਿਉਂਕਿ ਉਹ ਕੋਲਰਿਜ ਨੂੰ ਆਪਣੀ ਜ਼ਿੰਦਗੀ ਦਾ ਅਤਿ ਮਹੱਤਵਪੂਰਨ ਹਿੱਸਾ ਸਮਝਦਾ ਸੀ। ਉਸ ਦੀ ਮੌਤ ਤੋਂ ਪੰਜ ਹਫਤੇ ਪਿੱਛੋਂ 1834 ਨੂੰ ਲੈਂਬ ਇਸ ਸੰਸਾਰ ਤੋਂ ਵਿਦਾ ਹੋ ਗਿਆ।
ਲੇਖਕ : ਸ਼ਿਵਦੇਵ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First