ਜਗਤ ਦੀ ਉਤਪੱਤੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਗਤ ਦੀ ਉਤਪੱਤੀ: ਸ੍ਰਿਸ਼ਟੀ ਦੀ ਉਤਪੱਤੀ ਕਿਵੇਂ ਹੋਈ? ਇਸ ਬਾਰੇ ਗੁਰੂ ਨਾਨਕ ਦੇਵ ਜੀ ਨੇ ਤਿੰਨ ਮਾਨਤਾਵਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਹਨ। ਪਹਿਲੀ ਮਾਨਤਾ ਅਨੁਸਾਰ ਸ੍ਰਿਸ਼ਟੀ ਦੀ ਉਤਪੱਤੀ ‘ਓਅੰਕਾਰ ’ (ਵੇਖੋ) ਰਾਹੀਂ ਹੋਈ ਹੈ। ‘ਓਅੰਕਾਰ’ ਨਾਂ ਦੀ ਬਾਣੀ ਦੇ ਸ਼ੁਰੂ ਵਿਚ ਹੀ ਉਨ੍ਹਾਂ ਨੇ ਕਿਹਾ ਹੈ ਕਿ ਉਸੇ ਤੋਂ ਹੀ ਬ੍ਰਹਮਾ ਦੀ ਪੈਦਾਇਸ਼ ਹੋਈ ਹੈ; ਪਰਬਤਾਂ, ਵੇਦਾਂ ਆਦਿ ਦਾ ਨਿਰਮਾਣ ਹੋਇਆ ਹੈ; ਉਸੇ ਦੁਆਰਾ ਹੀ ਲੋਕਾਂ ਦਾ ਉੱਧਾਰ ਹੋਇਆ ਹੈ। ਅਸਲ ਵਿਚ ‘ਓਨਮ’ ਅੱਖਰ ਤਿੰਨਾ ਲੋਕਾਂ ਦਾ ਸਾਰ ਹੈ— ਓਅੰਕਾਰਿ ਬ੍ਰਹਮਾ ਉਤਪਤਿ। ਓਅੰਕਾਰੁ ਕੀਆ ਜਿਨਿ ਚਿਤਿ। ਓਅੰਕਾਰਿ ਸੈਲ ਜੁਗ ਭਏ। ਓਅੰਕਾਰਿ ਬੇਦ ਨਿਰਮਏ। ਓਅੰਕਾਰਿ ਸਬਦਿ ਉਧਰੇ। ਓਅੰਕਾਰਿ ਗੁਰਮੁਖਿ ਤਰੇ। (ਗੁ.ਗ੍ਰੰ.929)। ਇਥੇ ‘ਓਅੰਕਾਰ’ ਪਰਮ-ਸੱਤਾ ਦੇ ਨਾਮ ਦਾ ਵਾਚਕ ਹੈ।
ਦੂਜੀ ਮਾਨਤਾ ਅਨੁਸਾਰ ਸ੍ਰਿਸ਼ਟੀ ਦੀ ਉਤਪੱਤੀ ‘ਹੁਕਮ ’ (ਵੇਖੋ) ਰਾਹੀਂ ਹੋਈ ਹੈ। ਇਸਲਾਮ ਵਿਚ ਵੀ ‘ਹੁਕਮ’ ਦੁਆਰਾ ਸ੍ਰਿਸ਼ਟੀ ਦੀ ਰਚਨਾ ਹੋਣ ਵਲ ਵਿਦਵਾਨਾਂ ਨੇ ਸੰਕੇਤ ਕੀਤਾ ਹੈ। ਜਦ ਪਰਮਾਤਮਾ ਨੂੰ ਸ੍ਰਿਸ਼ਟੀ ਰਚਨਾ ਦੀ ਇੱਛਾ ਹੋਈ ਤਾਂ ਪਰਮਾਤਮਾ ਦਾ ਹੁਕਮ ਹੋਇਆ— ‘ਕੁਨ ’ (ਹੋ ਜਾ) ਅਤੇ ਉਸੇ ਵੇਲੇ ਸ੍ਰਿਸ਼ਟੀ ‘ਫ਼ੀਕੁਨ’ (ਹੋ ਗਈ)। ਹੋਰ ਵੀ ਪੱਛਮੀ ਅਤੇ ਸਾਮੀ ਸੰਸਕ੍ਰਿਤੀਆਂ ਨੇ ਹੁਕਮ ਦੁਆਰਾ ਸ੍ਰਿਸ਼ਟੀ ਦੀ ਰਚਨਾ ਮੰਨਣ ਦੀ ਗੱਲ ਕੀਤੀ ਹੈ। ਇਸ ਸਿੱਧਾਂਤ ਦੇ ਸਮਾਨਾਂਤਰ ਗੁਰੂ ਨਾਨਕ ਦੇਵ ਜੀ ਨੇ ‘ਜਪੁ ’ ਬਾਣੀ ਵਿਚ ਕਿਹਾ ਹੈ—ਕੀਤਾ ਪਸਾਉ ਏਕੋ ਕਵਾਉ। ਤਿਸ ਤੇ ਹੋਏ ਲਖ ਦਰਿਆਉ। (ਗੁ.ਗ੍ਰੰ.3)।
ਪਰ ਧਿਆਨ ਰਹੇ ਕਿ ਇਸਲਾਮਿਕ ‘ਕੁਨ’ ਅਤੇ ਗੁਰੂ ਨਾਨਕ ਦੇਵ ਜੀ ਦੇ ‘ਕਵਾਉ’ ਸਿੱਧਾਂਤਾਂ ਅਥਵਾ ਮਾਨਤਾਵਾਂ ਵਿਚ ਅੰਤਰ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਸ੍ਰਿਸ਼ਟੀ ਸਿਲਸਿਲੇਵਾਰ ਸਿਰਜਿਤ ਹੋਈ ਹੈ, ਇਸ ਦੀ ਰਚਨਾ ਅਚਾਨਕ ਨਹੀਂ ਹੋਈ। ਇਸ ਤੱਥ ਦੀ ਪੁਸ਼ਟੀ ਗੁਰਬਾਣੀ ਦੇ ਕਈ ਹੋਰ ਸੰਦਰਭਾਂ ਤੋਂ ਵੀ ਹੋ ਜਾਂਦੀ ਹੈ।
ਗੁਰੂ ਨਾਨਕ ਦੇਵ ਜੀ ਦੀ ਤੀਜੀ ਮਾਨਤਾ ਅਨੁਸਾਰ ‘ਹਉਮੈ ’ (ਵੇਖੋ) ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ‘ਸਿਧ-ਗੋਸਟਿ’ ਨਾਂ ਦੀ ਬਾਣੀ ਵਿਚ ਯੋਗੀਆਂ ਨੇ ਗੁਰੂ ਨਾਨਕ ਦੇਵ ਜੀ ਉਤੇ ਪ੍ਰਸ਼ਨ ਕੀਤਾ ਕਿ ਜਗਤ ਦੀ ਉਤਪੱਤੀ ਕਿਸ ਕਿਸ ਢੰਗ ਨਾਲ ਹੁੰਦੀ ਹੈ ਅਤੇ ਕਿਸ ਕਿਸ ਦੁਖ ਨਾਲ ਇਹ ਨਸ਼ਟ ਹੋ ਜਾਂਦੀ ਹੈ?— ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ। (ਗੁ.ਗ੍ਰੰ.946)। ਇਸ ਬੁਨਿਆਦੀ ਪ੍ਰਸ਼ਨ ਦਾ ਉੱਤਰ ਦਿੰਦਿਆਂ ਗੁਰੂ ਜੀ ਨੇ ਕਿਹਾ ਕਿ ਹਉਮੈ ਨਾਲ ਜਗਤ ਉਤਪੰਨ ਹੁੰਦਾ ਹੈ ਅਤੇ ਨਾਮ ਨੂੰ ਭੁਲਾਉਣ ਨਾਲ ਦੁਖ ਸਹਿਨ ਕਰਨਾ ਪੈਂਦਾ ਹੈ— ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਾਰਿਐ ਦੁਖੁ ਪਾਈ। (ਗੁ.ਗ੍ਰੰ.946)। ਹਉਮੈ ਦੁਆਰਾ ਜਗਤ ਦੀ ਉਤਪੱਤੀ ਦੀ ਗੱਲ ਮਾਰੂ ਰਾਗ ਵਿਚ ਵੀ ਹੋਈ ਹੈ— ਹਊਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ। ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ। (ਗੁ.ਗ੍ਰੰ.1009-10)।
‘ਹਉਮੈ’ ਦਾ ਅਰਥ ਹੈ ਅਹੰਕਾਰ। ਅਹੰਕਾਰ ਦੁਆਰਾ ਸ੍ਰਿਸ਼ਟੀ ਦੀ ਉਤਪੱਤੀ ਦਾ ਸਿੱਧਾਂਤ ਬਹੁਤ ਪ੍ਰਾਚੀਨ ਹੈ। ਸਾਂਖੑਯ-ਸ਼ਾਸਤ੍ਰ ਵਾਲੇ ਪ੍ਰਕ੍ਰਿਤੀ ਤੋਂ ਮਹਤ , ਮਹਤ ਤੋਂ ਅਹੰਕਾਰ, ਅਹੰਕਾਰ ਤੋਂ ਪੰਜ ਗਿਆਨ-ਇੰਦ੍ਰੀਆਂ, ਪੰਜ ਕਰਮ-ਇੰਦ੍ਰੀਆਂ ਅਤੇ ਮਨ ਦੀ ਉਤਪੱਤੀ ਮੰਨਦੇ ਹਨ। ਫਿਰ ਤਾਮਸ ਅਹੰਕਾਰ ਤੋਂ ਪੰਜ ਤਨਮਾਤ੍ਰਾਵਾਂ ਦੀ ਰਚਨਾ ਹੋਣ ਦੀ ਸਥਾਪਨਾ ਕਰਦੇ ਹਨ। ਅਦ੍ਵੈਤ-ਵੇਦਾਂਤ ਦੀ ਸਥਾਪਨਾ ਵੀ ਕੁਝ ਇਸੇ ਪ੍ਰਕਾਰ ਦੀ ਹੈ। ਪਰ ਗੁਰੂ ਨਾਨਕ ਦੇਵ ਜੀ ਦੀ ਮਾਨਤਾ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਨ ਤਾਂ ਪ੍ਰਕ੍ਰਿਤੀ ਨੂੰ ਕੋਈ ਸੁਤੰਤਰ ਤੱਤ੍ਵ ਮੰਨਦੇ ਹਨ ਨ ਹੋਰ ਕਿਸੇ ਨੂੰ। ਇਸ ਲਈ ਪ੍ਰਾਣੀ ਦੁਆਰਾ ਕੀਤੀ ਹਉਮੈ ਹੀ ਉਸ ਦੇ ਉਤਪੱਤੀ- ਚਕ੍ਰ ਦਾ ਕਾਰਣ ਬਣਦੀ ਹੈ। ਜੇ ਹਉਮੈ ਖ਼ਤਮ ਹੋ ਜਾਏ ਤਾਂ ਸ੍ਰਿਸ਼ਟੀ-ਕ੍ਰਿਮ ਜਾਂ ਵਿਕਾਸ ਰੁਕ ਜਾਂਦਾ ਹੈ।
ਇਨ੍ਹਾਂ ਤਿੰਨਾਂ ਸਿੱਧਾਂਤਾਂ ਵਿਚ ਈਸ਼ਵਰੀ ਇੱਛਾ- ਸ਼ਕਤੀ ਵਿਸ਼ੇਸ਼ ਸਥਾਨ ਅਤੇ ਮਨੋਰਥ ਰਖਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First