ਜਾਨਵਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਨਵਰ [ਨਾਂਪੁ] ਜੀਵ , ਪਸ਼ੂ , ਡੰਗਰ , ਪੰਛੀ, ਪਰਿੰਦਾ; ਬੇਸਮਝ, ਮੂਰਖ , ਬੁੱਧੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਾਨਵਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਨਵਰ. ਫ਼ਾਸੰਗ੍ਯਾ—ਪ੍ਰਾਣਧਾਰੀ. ਪ੍ਰਾਣੀ. ਜੰਤੁ. ਜੀਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਾਨਵਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Animal_ਜਾਨਵਰ: ਮਨੁੱਖ ਤੋਂ ਬਿਨਾਂ ਹੋਰ ਕੋਈ ਵੀ ਜਾਨਦਾਰ ਪ੍ਰਾਣੀ ਜੋ ਆਪਣੀ ਮਰਜ਼ੀ ਨਾਲ ਤੁਰ ਫਿਰ ਸਕਦਾ ਹੈ। ਜਿਹੜੇ ਜਾਨਵਰ ਸਿਧਾਏ ਜਾ ਸਕਦੇ ਹਨ ਉਹ ਘਰੇਲੂ ਜਾਨਵਰ ਕਹਾਉਂਦੇ ਹਨ। ਬਾਕੀ ਦੇ ਜਾਨਵਰ ਉਹ ਹੁੰਦੇ ਹਨ ਜੋ ਆਪਣੀਆਂ ਜਾਂਗਲੀ ਖਸਲਤਾਂ ਨਹੀਂ ਛਡਦੇ। ਕਾਨੂੰਨ ਵਿਚ ਇਸ ਗੱਲ ਨੂੰ ਮਾਨਤਾ ਦਿੱਤੀ ਜਾਂਦੀ ਹੈ ਕਿ ਘਰੇਲੂ ਜਾਨਵਰ ਕਿਸੇ ਮਨੁੱਖ ਦੀ ਸੰਪਤੀ ਹੋ ਸਕਦੇ ਹਨ ਜਦ ਕਿ ਆਜ਼ਾਦ ਜਾਂਗਲੀ ਜਾਨਵਰ ਉਦੋਂ ਤਕ ਹੀ ਉਸ ਦੀ ਸੰਪਤੀ ਹੁੰਦੇ ਹਨ ਜਦ ਤਕ ਉਹ ਉਸ ਦੇ ਕਬਜ਼ੇ ਵਿਚ ਹੋਣ। ਐਪਰ ਰਿੱਛ ਜਾਂ ਬਾਂਦਰ ਦਾ ਮਾਲਕ ਉਸ ਦੇ ਕਬਜ਼ੇ ਤੋਂ ਕੁਝ ਚਿਰ ਲਈ ਨਿਕਲ ਜਾਣ ਨਾਲ ਮਾਲਕ ਦੀ ਸੰਪਤੀ ਤੇ ਪ੍ਰਭਾਵ ਨਹੀਂ ਪੈਂਦਾ। ਜੇ ਕਾਫ਼ੀ ਸਮਾਂ ਉਹ ਲਾਵਾਰਸੀ ਵਿਚ ਗੁਜ਼ਾਰ ਦੇਣ ਤਾਂ ਬਾਦ ਵਿਚ ਉਸ ਦੀ ਸੰਪਤੀ ਹੋਣਗੇ ਜਿਸ ਨੇ ਉਨ੍ਹਾਂ ਨੂੰ ਫੜਿਆ ਹੋਵੇ। ਅਕਸਰ ਤੌਰ ਤੇ ਘਰੇਲੂ ਜਾਨਵਰਾਂ ਵਿਚ ਗਾਂ , ਮਝ , ਘੋੜੇ ਊਠ ਆਦਿ ਦੀ ਗਿਣਤੀ ਕੀਤੀ ਜਾਂਦੀ ਹੈ। ਕਬੂਤਰ , ਤੋਤੇ , ਬੁਲਬੁਲ ਅਤੇ ਮੈਨਾ ਵਰਗੇ ਆਜ਼ਾਦ ਪੰਛੀ ਸਿਧਾਏ ਜਾ ਸਕਦੇ ਹਨ ਅਤੇ ਉਹ ਵੀ ਮਨੁੱਖ ਦੀ ਸੰਪਤੀ ਬਣ ਸਕਦੇ ਹਨ। ਸ਼ਹਿਦ ਦੀਆਂ ਮੱਖੀਆਂ ਜਦ ਮਖਿਆਲ ਤੇ ਬੈਠੀਆਂ ਹੋਣ ਤਾਂ ਉਹ ਵੀ ਮਨੁੱਖ ਦੀ ਨਿੱਜੀ ਸੰਪਤੀ ਵਿਚ ਆ ਜਾਂਦੀਆਂ ਹਨ। ਰੋਮਨ ਕਾਨੂੰਨ ਅਨੁਸਾਰ ਜਾਂਗਲੀ ਜਾਨਵਰ ਰਾਜ ਦੇ ਸਭ ਨਾਗਰਿਕਾਂ ਦੀ ਸਾਂਝੀ ਸੰਪਤੀ ਮੰਨੇ ਜਾਂਦੇ ਸਨ। ਪਰ ਜਦੋਂ ਕੋਈ ਵਿਅਕਤੀ ਜੰਗਲੀ ਜਾਨਵਰ ਪਾਲ ਲਵੇ ਤਾਂ ਮਾਲਕ ਦੀ ਹੈਸੀਅਤ ਵਿਚ ਉਹ ਉਸ ਜਾਨਵਰ ਦੁਆਰਾ ਕਿਸੇ ਨੂੰ ਪਹੁੰਚਾਈ ਹਾਨੀ ਲਈ (Damage) ਹਰਜਾਨਾ ਦੇਣ ਦਾ ਭਾਗੀ ਹੁੰਦਾ ਹੈ। ਇਸ ਵਿਚ ਜਾਨਵਰ ਦਾ ਹਿੰਸਕ ਹੋਣਾ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ। ਜੋ ਜਾਨਵਰ ਕਿਸੇ ਦੀ ਸੰਪਤੀ ਹੁੰਦੇ ਹਨ ਉਨ੍ਹਾਂ ਦੁਆਰਾ ਜਨਤਾਂ ਦੇ ਮੈਂਬਰਾਂ ਨੂੰ ਪਹੁੰਚਾਈ ਹਾਨੀ ਲਈ ਮਾਲਕ ਉੱਤਰਦਾਈ ਹੁੰਦੇ ਹਨ। ਮਿਸਾਲ ਲਈ ਕੁੱਤੇ ਦਾ ਕੱਟਣਾ, ਮਖਿਆਲ ਦਾ ਬਿਨਾਂ ਛੇੜੇ ਰਾਹ ਗੁਜ਼ਰੂਆਂ ਨੂੰ ਹਾਨੀ ਪਹੁੰਚਾਉਣਾ। ਪਰ ਕਿਉਂਕਿ ਕੁੱਤੇ ਨੂੰ ਸਿਖਾਇਆ ਜਾ ਸਕਦਾ ਹੈ ਇਸ ਲਈ ਉਸ ਦਾ ਮਾਲਕ ਕੁੱਤੇ ਦੁਆਰਾ ਪਹਿਲੀ ਵਾਰੀ ਕੱਟਣ ਤੇ ਹਰਜਾਨੇ ਦਾ ਭਾਗੀ ਨਹੀਂ ਹੁੰਦਾ। ਜਦੋਂ ਉਸ ਨੂੰ ਕੁੱਤੇ ਦਾ ਕੌੜਾ ਹੋਣਾ ਮਲੂਮ ਹੋ ਜਾਂਦਾ ਹੈ ਤਾਂ ਉਸ ਦਾ ਫ਼ਰਜ਼ ਹੁੰਦਾ ਹੈ ਕਿ ਉਸ ਨੂੰ ਬੰਨ੍ਹ ਕੇ ਰਖੇ

       ਭਾਰਤੀ ਦੰਡ ਸੰਘਤਾ ਦੀ ਧਾਰਾ 47 ਅਨੁਸਾਰ ਜਾਨਵਰ ਤੋਂ ਮੁਰਾਦ ਹੈ ਮਨੁੱਖ ਤੋਂ ਬਿਨਾਂ ਕੋਈ ਹੋਰ ਜਿਉਂਦਾ ਪ੍ਰਾਣੀ। ਜੇਮਜ਼ ਸਟੀਫ਼ਨ ਇਸ ਪਰਿਭਾਸ਼ਾ ਨੂੰ ਗ਼ਲਤ ਅਤੇ ਵਾਧੂ ਦਸਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਪਰਿਭਾਸ਼ਾ ਵਿਚ ਕੋਈ ਫਰਿਸ਼ਤਾ , ਅਤੇ ਸ਼ਾਇਦ ਰੁਖ ਵੀ ਆ ਜਾਂਦਾ ਹੈ। ਪਰ ਇਸ ਪਰਿਭਾਸ਼ਾ ਦੀ ਮਨਸ਼ਾ ਕੀੜੇ ਮਕੌੜੇ , ਸੱਪ , ਮੱਛੀਆ ਆਦਿ ਨੂੰ ਵੀ ਜਾਨਵਰਾਂ ਦੀ ਸ਼੍ਰੇਣੀ ਵਿਚ ਲਿਆਉਣਾ ਹੈ। ਰੁੱਖ ਨੂੰ ਕਿਸੇ ਦ੍ਰਿਸ਼ਟੀ ਤੋਂ ਵੀ ਜਾਨਵਰ ਨਹੀਂ ਕਿਹਾ ਜਾ ਸਕਦਾ। ਸੰਖੇਪ ਵਿਚ ਜੀਵ-ਵਿਗਿਆਨ ਦਾ ਹਰ ਜੰਤੂ ਇਸ ਵਿਚ ਆ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਜਾਨਵਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਾਨਵਰ : ਐਨੀਮੇਲੀਆ ਗਰੁੱਪ ਦੇ ਕਿਸੇ ਵੀ ਮੈਂਬਰ ਨੂੰ ਜਾਨਵਰ ਦਾ ਨਾਂ ਦਿੱਤਾ ਜਾਂਦਾ ਹੈ। ਜਾਨਵਰਾਂ ਅਤੇ ਪੌਦਿਆਂ ਵਿਚ ਅੰਤਰ ਉਨ੍ਹਾਂ ਦੀ ਆਕਾਰ-ਰਚਨਾ ਅਤੇ ਸਰੀਰ-ਕਿਰਿਆ ਕਾਰਨ ਹੁੰਦਾ ਹੈ।

          ਖੋਜਾਂ ਰਾਹੀਂ ਸੈੱਲ ਦੀ ਰਚਨਾ ਦੀ ਗੁੰਝਲਤਾ ਦਾ ਪਤਾ ਲੱਗਣ ਅਤੇ ਇਹ ਸਾਬਤ ਹੋ ਜਾਣ ਤੱਕ ਕਿ ਜਾਨਵਰਾਂ ਅਤੇ ਪੌਦਿਆਂ, ਦੋਨਾਂ ਦੇ ਸੈੱਲਾਂ ਦੀ ਮੁੱਢਲੀ ਬਣਤਰ ਇਕੋ ਜਿਹੀ ਹੈ। ਪਹਿਲਾਂ ਪਹਿਲ ਇਹ ਖਿਆਲ ਸੀ ਕਿ ਪੌਦਿਆਂ ਨੂੰ ਜੇ ਜਾਨਵਰਾਂ ਦੇ ਨਾਲ ਹੀ ਸ਼ਾਮਲ ਕਰ ਲਿਆ ਜਾਵੇ ਤਾਂ ਸਮਝਿਆ ਜਾਂਦਾ ਸੀ ਕਿ ਪੌਦੇ ਨਿਮਨ ਪੱਧਰ ਦਾ ਜੀਵਨ ਜਿਉਂਦੇ ਹਨ ਪਰ ਹੁਣ ਸਿੱਧ ਹੋ ਚੁੱਕਾ ਹੈ ਕਿ ਪੌਦਿਆਂ ਅਤੇ ਜਾਨਵਰਾਂ ਦੋਨਾਂ ਦੀ ਮੂਲਕ ਚੀਜ਼ ਇਕੋ ਜਿਹੇ ਸੈੱਲ ਹਨ। ਦੋਨਾਂ ਵਿਚ ਪਰਤੱਖ ਫ਼ਰਕ ਸਿਰਫ਼ ਇਹ ਹੈ ਕਿ ਜਾਨਵਰਾਂ ਦੇ ਸੈੱਲ ਦੀ ਸੈੱਲ-ਭਿੱਤੀ ਜਾਂ ਤਾਂ ਹੁੰਦੀ ਹੀ ਨਹੀਂ ਜਾਂ ਨਾਈਟ੍ਰੋਜਨੀ ਮਾਦੇ ਦੀ ਬਣੀ ਹੁੰਦੀ ਹੈ ਜਦੋਂ ਕਿ ਪੌਦਿਆਂ ਵਿਚ ਇਹ ਕਾਰਬੋਹਾਈਡ੍ਰੇਟ ਮਾਦੇ (ਸੈਲੂਲੋਜ਼) ਦੀ ਬਣੀ ਹੁੰਦੀ ਹੈ।

          ਜਾਨਵਰਾਂ ਅਤੇ ਪੌਦਿਆਂ, ਦੋਨਾਂ ਨੂੰ ਭੋਜਨ ਦੀ ਲੋੜ ਪੈਂਦੀ ਹੈ। ਇਸ ਭੋਜਨ ਨੂੰ ਇਹ ਸਰੀਰ ਵਿਚ ਟੁੱਟ-ਭੱਜ ਦੀ ਮੁਰੰਮਤ ਲਈ, ਨਵੇਂ ਟਿਸ਼ੂ ਬਣਨ ਲਈ ਅਤੇ ਜੀਵਨ ਦੀਆਂ ਕਿਰਿਆਵਾਂ ਚਲਾਉਣ ਲਈ ਊਰਜਾ ਪੈਦਾ ਕਰਨ ਲਈ ਵਰਤਦੇ ਹਨ। ਇਹ ਊਰਜਾ ਕਈ ਰਸਾਇਣਕ ਤਬਦੀਲੀਆਂ ਦੇ ਸਿੱਟੇ ਵਜੋਂ ਪੈਦਾ ਹੁੰਦੀ ਹੈ। ਦੋਵਾਂ ਦੀ ਰਸਾਇਣਕ ਰਚਨਾ ਇਕੋ ਜਿਹੀ ਹੁੰਦੀ ਹੈ। ਇਹ ਪਾਣੀ, ਅਕਾਰਬਨੀ ਲੂਣਾਂ, ਕਾਰਬੋਹਾਈਡ੍ਰੇਟਾਂ, ਚਰਬੀ ਅਤੇ ਪ੍ਰੋਟੀਨਾਂ ਦੇ ਬਣੇ ਹੁੰਦੇ ਹਨ। ਦੋਵੇਂ ਪਾਣੀ ਅਤੇ ਅਕਾਰਬਨੀ ਲੂਣਾਂ ਨੂੰ ਸਿੱਧੇ ਹੀ ਲੈ ਲੈਂਦੇ ਹਨ। ਜਾਨਵਰ ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਭੋਜਨ ਸਿਰਫ਼ ਗੁੰਝਲਦਾਰ ਅਕਾਰਬਨੀ ਮਾਦੇ ਦੇ ਰੂਪ ਵਿਚ ਹੀ ਲੈ ਸਕਦੇ ਹਨ, ਜਦੋਂ ਕਿ ਪੌਦੇ, ਜਿਨ੍ਹਾਂ ਵਿਚ ਕਲੋਰੋਫ਼ਿਲ ਹੁੰਦੀ ਹੈ, ਸੂਰਜ ਦੀ ਰੌਸ਼ਨੀ ਵਿਚ ਅਕਾਰਬਨੀ ਲੂਣਾਂ ਤੋਂ ਕਾਰਬੋਹਾਈਡ੍ਰੇਟ ਪ੍ਰੋਟੀਨ ਆਪ ਬਣਾ ਸਕਦੇ ਹਨ। ਉੱਲੀ ਵਰਗੇ ਪੌਦੇ (ਜਿਨ੍ਹਾਂ ਵਿਚ ਕਲੋਰੋਫ਼ਿਲ ਨਹੀਂ ਹੁੰਦੀ) ਉਨ੍ਹਾਂ ਵਿਚ ਮੌਜੂਦ ਕਾਰਬੋਹਾਈਡ੍ਰੇਟ ਮਾਦੇ ਤੇ ਨਿਰਭਰ ਕਰਦੇ ਹਨ ਅਤੇ ਜਾਨਵਰਾਂ ਦੀ ਤਰ੍ਹਾਂ ਹੀ ਪ੍ਰੋਟੀਨ ਮਾਦਾ ਜਜ਼ਬ ਕਰ ਸਕਦੇ ਹਨ।

          ਇਨ੍ਹਾਂ ਮੁੱਢਲੇ ਅੰਤਰਾਂ ਤੇ ਆਧਾਰਿਤ ਕਈ ਅਜਿਹੇ ਲੱਛਣ ਹਨ, ਜਿਹੜੇ ਉੱਚ-ਪੱਧਰੀ ਜਾਨਵਰਾਂ ਅਤੇ ਪੌਦਿਆਂ ਨੂੰ ਵੱਖ ਕਰਦੇ ਹਨ। ਜਾਨਵਰਾਂ ਦੀ ਖ਼ੁਰਾਕ ਦੇ ਕਾਂਪੈਜ਼ਟ ਸੁਭਾਅ ਅਤੇ ਸੈੱਲਾਂ ਦੀਆਂ ਭਿੱਤੀਆਂ ਦਾ ਲਚਕਦਾਰ ਹੋਣ ਕਰਕੇ ਸਰੀਰ ਦਾ ਵਾਧਾ ਸੀਮਿਤ ਹੁੰਦਾ ਹੈ। ਪੌਦਿਆਂ ਦੇ ਸੈੱਲਾਂ ਦੀਆਂ ਭਿੱਤੀਆਂ ਜ਼ਿਆਦਾ ਕਰੜੀਆਂ ਹੋਣ ਕਰਕੇ ਅਤੇ ਸੂਖ਼ਮ ਅਕਾਰਬਨੀ ਭੋਜਨ ਦੀ ਸਪਲਾਈ ਹੋਣ ਕਰਕੇ ਇਨ੍ਹਾਂ ਵਿਚ ਵਾਧਾ ਅਨਿਸ਼ਚਿਤ ਹੁੰਦਾ ਹੈ ਅਤੇ ਬਹੁਤੀ ਸਤ੍ਹਾ ਨੰਗੀ ਹੁੰਦੀ ਹੈ ਅਤੇ ਇਸ ਤਰ੍ਹਾਂ ਪੌਦੇ ਚਪਟੇ ਬਲੇਡਾਂ ਅਤੇ ਲੰਬੀਆਂ ਟਹਿਣੀਆਂ ਦੇ ਬਣੇ ਹੁੰਦੇ ਹਨ।

          ਜਾਨਵਰਾਂ ਅਤੇ ਪੌਦਿਆਂ ਵਿਚ ਇਹ ਫ਼ਰਕ ਸੈਕੰਡਰੀ ਅਤੇ ਅਨੁਕੂਲਿਤ ਹਨ ਅਤੇ ਦੋਨਾਂ ਦੇ ਸਾਂਝੇ ਨਿਕਾਸ ਵੱਲ ਇਸ਼ਾਰਾ ਕਰਦੇ ਹਨ। ਇਹ ਗੱਲ ਕਈ ਨਿਮਨ ਪੱਧਰੀ ਕਿਸਮਾਂ ਦੀ ਹੋਂਦ (ਜਿਵੇਂ ਜੀਵਾਣੂ, ਪ੍ਰੋਟੋਜ਼ੋਆ ਆਦਿ) ਕਰਕੇ ਜ਼ਿਆਦਾ ਯਕੀਨੀ ਹੋ ਜਾਂਦੀ ਹੈ, ਜਿਨ੍ਹਾਂ ਵਿਚ ਜਾਨਵਰਾਂ ਅਤੇ ਪੌਦਿਆਂ ਵਿਚ ਪ੍ਰਾਇਮਰੀ ਫ਼ਰਕ ਨਜ਼ਰ ਨਹੀਂ ਆਉਂਦੇ।

          ਇਸ ਤਰ੍ਹਾਂ ਜਾਨਵਰਾਂ ਨੂੰ ਪੌਦਿਆਂ ਨਾਲੋਂ ਵੱਖ ਕਰਨ ਦੀ ਕੋਈ ਸਹੀ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ। ਇਕ ਆਮ ਪਰਿਭਾਸ਼ਾ ਇਸ ਤਰ੍ਹਾਂ ਹੈ ਕਿ ‘ਜਾਨਵਰ ਇਕ ਜਿਉਂਦਾ ਪ੍ਰਾਣੀ ਹੈ ਜਿਹੜਾ ਅਕਾਰਬਨੀ ਜਾਂ ਸਾਧਾਰਣ ਕਾਰਬਨੀ ਮਾਦੇ ਤੋਂ ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਆਪ ਬਣਾਉਣ ਦੇ ਅਸਮਰੱਥ ਹੁੰਦਾ ਹੈ ਪਰ ਇਨ੍ਹਾਂ ਨੂੰ ਗੁੰਝਲਦਾਰ ਭੋਜਨ ਦੇ ਤੌਰ ਤੇ ਲੈਂਦਾ ਹੈ।’

          ਹ. ਪੁ.––ਐਨ. ਬ੍ਰਿ. 1 : 950


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.