ਜੀਵਨ-ਜੁਗਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜੀਵਨ-ਜੁਗਤ: ਗੁਰਬਾਣੀ ਵਿਚ ਮਨੁੱਖ ਦੇ ਅਧਿਆਤਮਿਕ ਜੀਵਨ ਨੂੰ ਸਫਲ ਬਣਾਉਣ ਲਈ ਉਪਦੇਸ਼ ਦਾ ਸੰਚਾਰ ਕੀਤਾ ਗਿਆ ਹੈ। ‘ਆਸਾ ਕੀ ਵਾਰ ’ ਵਿਚ ਗੁਰੂ ਨਾਨਕ ਦੇਵ ਜੀ ਨੇ ਜਿਗਿਆਸੂ ਨੂੰ ਸਪੱਸ਼ਟ ਕਿਹਾ ਹੈ ਕਿ ਅਜਿਹਾ ਜੀਵਨ-ਢੰਗ ਨਹੀਂ ਅਪਣਾਉਣਾ ਚਾਹੀਦਾ ਜਿਸ ਦੇ ਫਲਸਰੂਪ ਪਰਮਾਤਮਾ ਦੀ ਦਰਗਾਹ ਵਿਚ ਹਾਰਨਾ ਪਵੇ— ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ। (ਗੁ.ਗ੍ਰੰ.469)। ਇਸ ਵਾਰ ਵਿਚ ਇਕ ਹੋਰ ਥਾਂ’ਤੇ ਗੁਰੂ ਜੀ ਨੇ ਮੰਦੇ ਕੰਮਾਂ ਨੂੰ ਛਡ ਕੇ ਪਰਮਾਤਮਾ ਦੀ ਭਗਤੀ ਵਿਚ ਚਿੱਤ ਲਗਾਉਣ ਲਈ ਜਿਗਿਆਸੂ ਨੂੰ ਸਮਝਾਉਂਦਿਆਂ ਕਿਹਾ ਹੈ— ਜਿਤੁ ਸੇਵੀਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹਾਲੀਐ। ਜਿਤੁ ਕੀਤਾ ਪਾਈਐ ਅਪਣਾ ਸਾ ਘਾਲ ਬੁਰੀ ਕਿਉ ਘਾਲੀਐ। ਮੰਦਾ ਮੂਲਿ ਨ ਕੀਚਈ ਦੇ ਲਿੰਮੀ ਨਦਰਿ ਨਿਹਾਲੀਐ। ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ। ਕਿਛੁ ਲਾਹੇ ਉਪਰਿ ਘਾਲੀਐ। (ਗੁ.ਗ੍ਰੰ. 474)। ‘ਗੂਜਰੀ ਕੀ ਵਾਰ’ ਵਿਚ ਗੁਰੂ ਅਰਜਨ ਦੇਵ ਜੀ ਨੇ ਜੀਵਨ-ਜੁਗਤ ਦੀ ਸੰਪੰਨਤਾ ਸਤਿਗੁਰੂ ਦੀ ਸ਼ਰਣ ਵਿਚ ਜਾਣ ਨਾਲ ਹੀ ਸੰਭਵ ਦਸੀ ਹੈ— ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ। ਹਸੰਦਿਆ ਖੇਲਿੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ। (ਗੁ.ਗ੍ਰੰ.522)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First