ਜੈ ਸ਼ੰਕਰ ਪ੍ਰਸ਼ਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੈ ਸ਼ੰਕਰ ਪ੍ਰਸ਼ਾਦ (1889–1937): ਛਾਇਆਵਾਦ ਦਾ ਮੋਢੀ ਕਵੀ ਜੈ ਸ਼ੰਕਰ ਪ੍ਰਸ਼ਾਦ ਆਧੁਨਿਕ ਹਿੰਦੀ-ਸਾਹਿਤ ਦਾ ਇੱਕ ਮਹਾਨ ਕਲਾਕਾਰ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਕਾਵਿ ਨੂੰ ਸੁੰਦਰ ਅਤੇ ਪ੍ਰੇਮ ਦੀ ਆਲੌਕਿਕਤਾ ਨਾਲ ਖਿੱਚ ਦਾ ਕੇਂਦਰ ਬਣਾ ਦਿੱਤਾ।

     ਪ੍ਰਸ਼ਾਦ ਦਾ ਜਨਮ 1889 ਵਿੱਚ ਕਾਸ਼ੀ ਦੇ ਉੱਘੇ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਦੇਵੀ ਪ੍ਰਸ਼ਾਦ ਸੀ। ਇਸ ਤਰ੍ਹਾਂ ਸਰਸਵਤੀ ਅਤੇ ਲੱਛਮੀ ਦੇ ਮਿਲੇ-ਜੁਲੇ ਮੰਦਰ ਵਿੱਚ ਪ੍ਰਸ਼ਾਦ ਦਾ ਬਚਪਨ ਬਤੀਤ ਹੋਇਆ। ਪ੍ਰਸ਼ਾਦ ਦੀ ਸਿੱਖਿਆ ਘਰ ਵਿੱਚ ਹੋਈ। ਉਸ ਨੇ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਉਰਦੂ ਅਤੇ ਫ਼ਾਰਸੀ ਦਾ ਅਧਿਐਨ ਕੀਤਾ। ਵੇਦਾਂ ਅਤੇ ਉਪਨਿਸ਼ਦਾਂ ਦੇ ਅਧਿਐਨ ਨੇ ਉਸ ਨੂੰ ਦਰਸ਼ਨ ਅਤੇ ਚਿੰਤਨ ਦੇ ਖੇਤਰ ਵਿੱਚ ਮੋਢੀ ਬਣਾ ਦਿੱਤਾ। 1937 ਵਿੱਚ ਹਿੰਦੀ ਸਾਹਿਤ ਦਾ ਇਹ ਦੇਵਤਾ ਸਦਾ ਦੀ ਨੀਂਦ ਸੌਂ ਗਿਆ।

     ਪ੍ਰਸ਼ਾਦ ਬਹੁਪੱਖੀ ਪ੍ਰਤਿਭਾ ਦਾ ਕਲਾਕਾਰ ਸੀ। ਉਸ ਨੇ ਸਾਹਿਤ ਦੇ ਹਰੇਕ ਰੰਗ ਨੂੰ ਉੱਨਤ ਕੀਤਾ। ਉਹ ਇੱਕ ਮਹਾਨ ਕਵੀ ਦੇ ਨਾਲ-ਨਾਲ ਇੱਕ ਕਹਾਣੀਕਾਰ, ਨਾਵਲਕਾਰ ਅਤੇ ਨਾਟਕਕਾਰ ਵੀ ਸੀ।

     ਪ੍ਰਸ਼ਾਦ ਨੇ ਕਾਵਿ ਦੇ ਖੇਤਰ ਵਿੱਚ ਚਿੱਤਰਾਧਾਰ, ਕਾਨਨਕੁਸ਼ਮ, ਪ੍ਰੇਮ ਪਥਿਕ, ਕਰੁਣਾਲਿਆ, ਮਹਾਰਾਣਾ ਕਾ ਮਹੱਤਵ, ਆਂਸੂ, ਲਹਿਰ, ਕਾਮਾਯਾਨੀ, ਝਰਨਾ; ਨਾਟਕ ਦੇ ਖੇਤਰ ਵਿੱਚ ਰਾਜ ਸ਼੍ਰੀ, ਵਿਸਾਖ, ਸੱਜਣ, ਅਜਾਤਸ਼ਤਰੂ, ਚੰਦਰਗੁਪਤ, ਸਿਕੰਦਰਗੁਪਤ, ਧਰੁਵਸਵਾਸਿਨੀ, ਕਾਮਨਾ ਅਤੇ ਨਾਵਲ ਦੇ ਖੇਤਰ ਵਿੱਚ ਕੰਕਾਲ, ਤਿੱਤਲੀ, ਇਰਾਵਤੀ (ਅਧੂਰਾ) ਹਿੰਦੀ ਸਾਹਿਤ ਦੀ ਝੋਲੀ ਵਿੱਚ ਪਾਏ। ਇਹਨਾਂ ਤੋਂ ਇਲਾਵਾ ਉਸ ਦੇ ਕਹਾਣੀ-ਸੰਗ੍ਰਹਿ ਛਾਇਆ, ਪ੍ਰਤੀਧਵਨੀ, ਆਂਧੀ, ਇੰਦਰਜਾਲ, ਆਕਾਸ਼ਦੀਪ ਅਤੇ ਨਿਬੰਧ ਕਾਵਿ ਔਰ ਕਲਾ ਤਥਾ ਹੋਰ ਨਿਬੰਧ ਛਪੇ।

     ਪ੍ਰਸ਼ਾਦ ਨੇ ਆਪਣੀਆਂ ਰਚਨਾਵਾਂ ਦਾ ਆਧਾਰ ਇਤਿਹਾਸ ਨੂੰ ਬਣਾਇਆ ਅਤੇ ਅਤੀਤ-ਭਾਰਤ ਦਾ ਸੰਸਕ੍ਰਿਤਿਕ ਗੁਣਗਾਣ ਕੀਤਾ। ਕਹਾਣੀਆਂ ਵਿੱਚ ਅਤੀਤ ਭਾਰਤ ਦੀ ਅਵਾਜ਼ ਪੇਸ਼ ਕੀਤੀ ਹੈ। ਪ੍ਰਸ਼ਾਦ ਮਾਨਵਤਾਵਾਦ ਦਾ ਪੂਰਨ ਉਪਾਸਕ ਸੀ।

     ਉਸ ਦਾ ਛਾਇਆਵਾਦ ਵਿੱਚ ਬਹੁਤ ਉੱਚਾ ਸਥਾਨ ਹੈ। ਉਸ਼ਾ ਨਗਰੀ ਦਾ ਭਾਵਪੂਰਨ ਚਿੱਤਰ ਪੇਸ਼ ਕਰਦੇ ਹੋਏ ਉਸ ਨੇ ਲਿਖਿਆ ਹੈ :

ਬੀਤੀ ਵਿਪਾਵਰੀ ਜਾਗ ਰੀ

ਅੰਬਰ ਪਨਘਟ ਮੇ ਡੁਬੋ ਰਹੀ

          ਤਾਰਾ - ਘਟ ਉਸ਼ਾ ਨਾਗਰੀ।

     ਕਵੀ ਨੇ ਇਸ ਵਿੱਚ ਸੁੰਦਰਤਾ ਅਤੇ ਸਜੀਵਤਾ ਨੂੰ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਹੈ। ਕੁਦਰਤ ਦਾ ਮਾਨਵੀਕਰਨ ਕੀਤਾ ਹੈ। ਪ੍ਰਸ਼ਾਦ ਨੇ ਜੀਵ ਆਤਮਾ ਅਤੇ ਪਰਮਾਤਮਾ ਦੇ ਅਨੇਕ ਰਹੱਸਮਈ ਰੂਪਾਂ ਨੂੰ ਅਨੁਭੂਤੀ ਨਾਲ ਸਜਾਇਆ ਹੈ। ਉਸ ਨੇ ਪ੍ਰਕਿਰਤੀ (ਕੁਦਰਤ) ਨੂੰ ਆਪਣੇ ਕਾਵਿ ਵਿੱਚ ਅਨੇਕ ਰੂਪਾਂ ਵਿੱਚ ਬੜੀ ਸੁੰਦਰਤਾ ਨਾਲ ਪੇਸ਼ ਕੀਤਾ ਹੈ। ਕਾਮਾਯਾਨੀ ਦੇ ਕਾਮਸਰਗ ਵਿੱਚ ਪ੍ਰਕਿਰਤੀ ਮਨੁੱਖੀ ਭਾਵਾਂ ਨੂੰ ਉਤੇਜਿਤ ਕਰਨ ਵਿੱਚ ਸਹਿਯੋਗ ਦਿੰਦੀ ਹੈ। ਉਸ ਨੇ ਆਪਣੇ ਮਹਾਂਕਾਵਿ ਕਾਮਾਯਾਨੀ ਵਿੱਚ ਨਾਰੀ ਚਿਤਰਨ ਬੜੀ ਖ਼ੂਬੀ ਨਾਲ ਪੇਸ਼ ਕੀਤਾ ਹੈ। ਪ੍ਰਸ਼ਾਦ ਦਾ ਕਾਵਿ ਦੇਸ ਭਗਤੀ ਅਤੇ ਦੇਸ-ਪ੍ਰੇਮ ਦੀ ਭਾਵਨਾ ਦੇ ਹਿਲੋਰੇ ਲੈ ਰਿਹਾ ਹੈ। ਚੰਦਰਗੁਪਤ ਨਾਟਕ ਵਿੱਚ ਕਵੀ ਨੇ ਦੇਸ-ਪ੍ਰੇਮ ਦੀ ਭਾਵਨਾ ਦਾ ਸੰਖਨਾਦ ਕੀਤਾ ਹੈ।

          ਅਰੂਣ ਯਹ ਮਧੁਮੇਯ ਦੇਸ਼ ਹਮਾਰਾ।

     ਇਸ ਵਿੱਚ ਕੌਮੀਅਤ, ਦੇਸ ਪ੍ਰੇਮ, ਰਾਸ਼ਟਰ ਪ੍ਰੇਮ ਦੀ ਝਲਕ ਨਜ਼ਰ ਆਉਂਦੀ ਹੈ।

     ਪ੍ਰਸ਼ਾਦ ਦੀਆਂ ਮੁਢਲੀਆਂ ਰਚਨਾਵਾਂ ਵਿੱਚ ਬ੍ਰਜ-ਭਾਸ਼ਾ ਦਾ ਪ੍ਰਯੋਗ ਹੋਇਆ ਹੈ। ਕਈ ਥਾਂਵਾਂ ਤੇ ਤਤਸਮ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਹੈ। ਭਾਸ਼ਾ ਭਾਵਨਾਵਾਂ ਅਨੁਸਾਰ ਸ਼ਬਦ ਯੋਜਨਾ ਅਤੇ ਰਸ ਅਨੁਕੂਲ ਹੈ। ਉਸ ਦੇ ਕਾਵਿ ਦੀ ਬੋਲੀ ‘ਖੜ੍ਹੀ ਬੋਲੀ’ ਹੈ, ਜਿਸ ਵਿੱਚ ਮੁਹਾਵਰੇ, ਲੋਕੋਕਤੀਆਂ (ਅਖੌਤਾਂ) ਅਤੇ ਅਲੰਕਾਰਾਂ ਦਾ ਪ੍ਰਯੋਗ ਹੋਇਆ ਹੈ। ਉਸ ਦੇ ਕਾਵਿ ਦਾ ਅਰੰਭ ਸ਼ਿੰਗਾਰ ਰਸ ਨਾਲ ਹੁੰਦਾ ਹੈ। ਬਾਅਦ ਵਿੱਚ ਸ਼ਾਂਤ ਅਤੇ ਕਰੁਣਾ ਰਸ ਵਿੱਚ ਤਬਦੀਲੀ ਹੋਣ ਕਾਰਨ ਪ੍ਰਸ਼ਾਦ ਨੂੰ ਜਦੋਂ ਅਸੀਂ ਆਸੂ ਕਾਵਿ ਵਿੱਚ ਪੜ੍ਹਦੇ ਹਾਂ ਤਾਂ ਕਰੁਣਾ ਰਸ ਦਾ ਕਲਾਕਾਰ ਨਜ਼ਰ ਆਉਂਦਾ ਹੈ।ਜਦੋਂ ਉਸ ਦੀਆਂ ਰਚਨਾਵਾਂ ਵਿੱਚ ਸੁੰਦਰਤਾਮਈ ਚਿੱਤਰਾਂ ਨੂੰ ਵੇਖਦੇ ਹਾਂ ਤਾਂ ਉਹ ਸ਼ਿੰਗਾਰ ਰਸ ਦਾ ਕਵੀ ਲੱਗਦਾ ਹੈ। ਕਈ ਥਾਂਵਾਂ ਤੇ ਵੀਰ ਰਸ ਤੇ ਭਿਆਨਕ ਰਸ ਦੀ ਝਲਕ ਮਿਲਦੀ ਹੈ।

          ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੈ ਸ਼ੰਕਰ ਪ੍ਰਸ਼ਾਦ ਦਾ ਕਾਵਿ ਭਾਵਨਾ ਦਾ ਕਾਵਿ ਹੈ। ਉਹ ਮੁੱਖ ਰੂਪ ਵਿੱਚ ਸੁੰਦਰਤਾ ਅਤੇ ਪ੍ਰੇਮ ਦਾ ਕਵੀ ਹੈ। ਉਸ ਨੂੰ ਕਿਤੇ- ਕਿਤੇ ਪ੍ਰਕਿਰਤੀ ਵਿੱਚ ਪ੍ਰੀਤਮ ਦੀ ਵੀ ਝਲਕ ਨਜ਼ਰ ਆਉਂਦੀ ਹੈ। ਆਪਣੀਆਂ ਮਹਾਨ ਰਚਨਾਵਾਂ ਕਰ ਕੇ ਪ੍ਰਸ਼ਾਦ ਹਿੰਦੀ ਸਾਹਿਤ ਵਿੱਚ ਪ੍ਰਮੁਖ ਸਥਾਨ ਦਾ ਅਧਿਕਾਰੀ ਹੈ।


ਲੇਖਕ : ਕਮਲੇਸ਼ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.