ਝੇੜਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਝੇੜਾ: ਕਵੀਸ਼ਰਾਂ ਤੋਂ ਪਹਿਲਾਂ ਰਾਸਧਾਰੀਆਂ ਨੇ ਇਸ ਰੂਪ ਦੇ ਉਦਭਵ ਤੇ ਵਿਕਾਸ ਵਿੱਚ ਮੋਹਰੀ ਸਥਾਨ ਅਦਾ ਕੀਤਾ। ਸਾਹਿਤਕਾਰਾਂ ਨੇ ਆਪਣੀ ਰਚਨਾ ਲਈ ਇਸ ਰੂਪ ਨੂੰ ਆਧਾਰ ਨਹੀਂ ਬਣਾਇਆ। ਇਸ ਕਰ ਕੇ ਇਸ ਕਾਵਿ-ਰੂਪ ਨੇ ਅਜੋਕੇ ਯੁੱਗ ਵਿੱਚ ਬਹੁਤਾ ਵਿਕਾਸ ਨਹੀਂ ਕੀਤਾ। ਬੱਸ, ਕਵੀਸ਼ਰੀ ਪਰੰਪਰਾ ਰਾਹੀਂ ਇਹ ਜਿੰਨਾ ਪ੍ਰਫੁਲਿਤ ਹੋ ਸਕਿਆ, ਓਨਾ ਹੋਇਆ।

        ‘ਝੇੜੇ’ ਨੂੰ ਫਸਾਦ, ਮੁਕੱਦਮਾ, ਝੇਰਾ, ਬਖੇੜਾ ਜਾਂ ਝਗੜਾ ਵੀ ਕਿਹਾ ਜਾਂਦਾ ਹੈ। ਕਿਸੇ ਸਮੱਸਿਆ, ਮਸਲੇ ਜਾਂ ਪ੍ਰਸ਼ਨ ਦਾ ਜਦੋਂ ਸ਼ਾਂਤੀ ਨਾਲ ਵਿਚਾਰ ਕਰ ਕੇ ਹੱਲ ਲੱਭਿਆ ਜਾਂਦਾ ਹੈ, ਤਾਂ ਉਸ ਪ੍ਰਕਿਰਿਆ ਨੂੰ ਦਾਰਸ਼ਨਿਕ ਲੋਕਾਂ ਵੱਲੋਂ ਸੰਵਾਦ ਕਿਹਾ ਜਾਂਦਾ ਹੈ। ਜੇਕਰ ਕਿਸੇ ਧਰਮ ਨਾਲ ਸੰਬੰਧਿਤ ਪ੍ਰਸ਼ਨ ਦਾ ਪਰਮਾਰਥਿਕ ਵਿਚਾਰਾਂ ਕਰਦਿਆਂ ਹੱਲ ਲੱਭਿਆ ਜਾਵੇ ਤਾਂ ਅਧਿਆਤਮਿਕ ਲੋਕ ਉਸ ਨੂੰ ‘ਗੋਸ਼ਟਿ’ ਕਹਿੰਦੇ ਹਨ। ਇਸੇ ਤਰ੍ਹਾਂ ਘਰੇਲੂ ਜਾਂ ਸਮਾਜਿਕ ਮਸਲੇ ਦਾ ਜਦੋਂ ਕਾਵਿਮਈ-ਰੂਪ ਵਿੱਚ ਪ੍ਰਸ਼ਨ-ਉੱਤਰ ਕਰ ਕੇ ਹੱਲ ਲੱਭਿਆ ਜਾਵੇ ਤਾਂ ਲੋਕ ਕਵੀ ਉਸ ਨੂੰ ‘ਝੇੜਾ’ ਜਾਂ ‘ਝਗੜਾ’ ਕਹਿੰਦੇ ਹਨ। ਗੋਸ਼ਟਾਂ ਗਦ ਦਾ ਇੱਕ ਰੂਪ ਹਨ ਤੇ ਝੇੜੇ ਪਦ ਦਾ ਇੱਕ ਰੂਪ। ਝੇੜਾ ਸ਼ਬਦ ਬਹੁਤਾ ਕਰ ਕੇ ਪਾਕਿਸਤਾਨੀ ਪੰਜਾਬ ਵਿੱਚ ਵਰਤਿਆ ਜਾਂਦਾ ਰਿਹਾ ਹੈ। ਭਾਰਤੀ ਪੰਜਾਬ ਵਿੱਚ ਇਹ ਕਾਵਿ-ਰੂਪ ‘ਝਗੜੇ’ ਨਾਂ ਨਾਲ ਜ਼ਿਆਦਾ ਪ੍ਰਚਲਿਤ ਹੈ। ਪੇਂਡੂ ਕਵੀਸ਼ਰ ਆਪਣੇ ਆਲੇ-ਦੁਆਲੇ ਜੋ ਕੁਝ ਵਾਪਰਦਾ ਦੇਖਦੇ ਸਨ, ਉਸ ਨੂੰ ਸਹਿਜ-ਸੁਭਾਅ ਝੇੜਿਆਂ ਵਿੱਚ ਪੇਸ਼ ਕਰਦੇ ਸਨ ਅਤੇ ਨਾਲ ਹੀ ਰਚਨਾ ਦੇ ਅਖੀਰ ਤੇ ਆਪਣੇ ਵੱਲੋਂ ਕੋਈ ਨਾ ਕੋਈ ਸਿੱਖਿਆ ਵੀ ਦੇ ਜਾਂਦੇ ਸਨ। ਉਹ ਆਪੋ-ਆਪਣੀ ਪਸੰਦ ਮੁਤਾਬਕ ਪਿਆਰ, ਜੋਸ਼, ਹਾਸੇ-ਠੱਠੇ ਨਾਲ ਇਸ ਨੂੰ ਨਿਬੇੜਦੇ ਹਨ। ਕੁਝ ਝੇੜੇ ਜਿਹੜੇ ਲਿਖਤੀ ਰੂਪ ਵਿੱਚ ਸਾਮ੍ਹਣੇ ਆ ਚੁੱਕੇ ਹਨ, ਉਹਨਾਂ ਦੇ ਰਚਨਹਾਰਿਆਂ ਦਾ ਨਾਂ ਨਾਲ ਦਰਜ ਹੈ। ਇਸ ਦੇ ਬਾਵਜੂਦ ਬਹੁਤੇ ਝੇੜੇ ਅਜਿਹੇ ਹਨ, ਜੋ ਗੁਮਨਾਮ ਕਵੀਸ਼ਰਾਂ ਦੀ ਕਿਰਤ ਬਣ ਗਏ ਹਨ, ਭਾਵ ਉਹਨਾਂ ਦੇ ਰਚਨਹਾਰਿਆਂ ਦਾ ਨਾਂ ਉਹਨਾਂ ਨਾਲੋਂ ਅਲੋਪ ਹੋ ਚੁੱਕਾ ਹੈ। ਉਹਨਾਂ ਝੇੜਿਆਂ ਵਿੱਚ ਗਾਉਣ ਵਾਲੇ ਆਪਣੀ ਸੂਝ ਮੁਤਾਬਕ ਸੋਧ ਕਰ ਕੇ ਅਤੇ ਹੋਰ ਸੋਹਣਾ ਬਣਾ ਕੇ ਅੱਗੇ ਤੋਰਦੇ ਰਹਿੰਦੇ ਹਨ। ਇਸ ਤਰ੍ਹਾਂ ਇਹ ਲੋਕ-ਕਾਵਿ ਦਾ ਅੰਗ ਬਣ ਜਾਂਦੇ ਹਨ। ਝੇੜੇ ਲਿਖਣ ਵਾਲੇ ਆਪਣੇ ਸ੍ਰੋਤਿਆਂ ਨੂੰ ਮੁੱਖ ਰੱਖਦੇ ਸਨ, ਭਾਵ ਉਹ ਸੁਣਨ ਵਾਲਿਆਂ ਦੀ ਪਸੰਦ-ਨਾ ਪਸੰਦ ਦਾ ਪੂਰਾ ਖ਼ਿਆਲ ਰੱਖ ਕੇ ਉਹਨਾਂ ਦੀ ਬੋਲੀ ਵਿੱਚ ਉਹਨਾਂ ਦੇ ਰਹਿਣ-ਸਹਿਣ ਦੇ ਢੰਗ ਮੁਤਾਬਕ ਸਮੇਂ ਦੇ ਮਾਮਲਿਆਂ ਨੂੰ ਆਧਾਰ ਬਣਾ ਕੇ ਜ਼ਿੰਦਗੀ ਦੇ ਸੱਚ ਨੂੰ ਪੇਸ਼ ਕਰਨ ਵਾਲੇ ਪੱਖਾਂ ਤੇ ਚੋਟ ਮਾਰਦੇ ਹਨ। ਅਜਿਹਾ ਕਰਨ ਲਈ ਉਹ ਵਿਅੰਗ, ਕਟਾਖਸ਼, ਤਾਹਨੇ- ਮਿਹਣੇ, ਛੇੜਖਾਨੀ ਅਤੇ ਸ਼ਰਾਰਤਾਂ ਦੀ ਸਹਾਇਤਾ ਲੈਂਦੇ ਹਨ। ਉਹ ਆਪਣੀ ਰਚਨਾ ਦਾ ਵਿਸ਼ਾ ਸਮਾਜਿਕ ਜੀਵਨ ਵਿੱਚੋਂ ਲੈਂਦੇ ਸਨ। ਸਮਾਜ ਵਿੱਚ ਜਿਨ੍ਹਾਂ ਵਸਤਾਂ ਜਾਂ ਰਿਸ਼ਤਿਆਂ ਵਿੱਚ ਆਪਸੀ ਮੱਤ-ਭੇਦ ਹੁੰਦੇ, ਉਹ ਉਹਨਾਂ ਨੂੰ ਆਪਣੀ ਰਚਨਾ ਦਾ ਆਧਾਰ ਬਣਾਉਂਦੇ। ਅਜਿਹਾ ਕਰਨ ਲਈ ਉਹ ਕਵਿਤਾ ਵਿੱਚ ਪ੍ਰਸ਼ਨ-ਉੱਤਰ ਘੜਦੇ ਤੇ ਨਾਲ-ਨਾਲ ਉਹਨਾਂ ਵਿੱਚ ਮਨੋਰੰਜਨ ਦੇ ਤੱਤ ਵੀ ਪਾਏ ਜਾਂਦੇ। ਲੋਕਾਂ ਦੇ ਮਨੋਰੰਜਨ ਲਈ ਉਹ ਤਕਰਾਰ ਦੇ ਨਾਲ- ਨਾਲ ਕਲਪਨਾ ਨੂੰ ਸ਼ਾਮਲ ਕਰ ਕੇ ਰਸ ਵੀ ਪੈਦਾ ਕਰਦੇ ਤੇ ਸਹੀ-ਗ਼ਲਤ ਦਾ ਵੀ ਪਤਾ ਦੱਸਦੇ। ਕਈ ਝੇੜੇਕਾਰਾਂ ਨੇ ਰਚਨਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਇਸ਼ਟ/ਗੁਰੂ ਦੀ ਅਰਾਧਨਾ ਵੀ ਕੀਤੀ ਤਾਂ ਕਿ ਉਹਨਾਂ ਦੀ ਰਚਨਾ ਨਿਰਵਿਘਨ ਸਮਾਪਤ ਹੋ ਸਕੇ। ਅਜਿਹੇ ਝੇੜਿਆਂ ਵਿੱਚੋਂ ਕਥਾ ਸੋਲ੍ਹਾਂ ਸਹੇਲੀਆਂ ਕੀ ਅਤੇ ਵਾਰਤਾ ਸੋਲ੍ਹਾਂ ਸਹੇਲੀਆਂ ਕੀ ਪ੍ਰਮੁਖ ਹਨ। ਇਹਨਾਂ ਦੋਵਾਂ ਝੇੜਿਆਂ ਦੇ ਸ਼ੁਰੂ ਵਿੱਚ ਕ੍ਰਮਵਾਰ ਇਸ ਤਰ੍ਹਾਂ ਮੰਗਲਾਚਰਨ ਦਰਜ ਹਨ :

        -          ਸਿਫ਼ਤ ਕਰਉਂ ਕਰਤਾਰ ਦੀ ਜਿਨ ਸਿਰਜਿਆ ਸਭ ਕੋਇ,

          ਸਹੰਸ੍ਰ ਅਠਾਰਹ ਆਲਮਾਂ ਰੋਜ਼ੀ ਦੇਂਦਾ ਸੋਇ।

        -          ਅੱਵਲਿ ਹਮਦ ਖੁਦਾਇ ਕੋ, ਜਿਸ ਕੀਤਾ ਕੁਲ ਸੰਸਾਰ,

          ਨਬੀ ਮੁਹੰਮਦ ਸਿਰਜਯੋ, ਆਲਮ ਦਾ ਮੁਖਤਯਾਰ।

     ਝੇੜਿਆਂ ਦੇ ਅੰਤ ਤੇ ਕਵੀਸ਼ਰ ਆਪਣਾ ਨਾਂ ਅਤੇ ਪਤਾ-ਠਿਕਾਣਾ ਵੀ ਦਿੰਦੇ ਰਹੇ ਹਨ ਪਰ ਕਈ ਕਵੀਸ਼ਰ ਆਪਣੀ ਰਚਨਾ ਦੇ ਅੰਤ ਤੇ ਆਪਣੀ ਰਾਏ ਮੁਤਾਬਕ ਲੋਕਾਂ ਨੂੰ ਚੰਗੀ ਪ੍ਰੇਰਨਾ ਵੀ ਦਿੰਦੇ ਰਹੇ ਹਨ। ਨਗਾਹੀਆ ਰਾਮ ਕਵੀਸ਼ਰ ਨੇ ਕਿੱਸਾ ਦੇਬਰ ਭਾਬੀ ਵਿੱਚ ਆਪਣਾ ਥਹੁ-ਟਿਕਾਣਾ ਅਤੇ ਬਾਵਾ ਰਾਮਦਾਸ ਨੇ ਝਗੜਾ ਮੁੰਦਰੀ ਕਾ ਵਿੱਚ ਆਪਣੇ ਪਾਠਕਾਂ/ਸ੍ਰੋਤਿਆਂ ਨੂੰ ਰਾਧਾ-ਕ੍ਰਿਸ਼ਨ ਦਾ ਨਾਂ ਸਿਮਰਨ ਦੀ ਪ੍ਰੇਰਨਾ ਕ੍ਰਮਵਾਰ ਇਸ ਤਰ੍ਹਾਂ ਦਿੱਤੀ ਹੈ :

        -          ਨਗਰ ਨਗਾਈਏ ਰਾਮ ਦਾ, ਭਾਈ ਕੇ ਜਸਪਾਲ

          ਠਾਣਾ ਜ਼ਿਲ੍ਹਾ ਤਸੀਲ ਜੋ, ਲੁਦੇਹਾਣਾ ਭਾਲ॥

        -          ਜੋ ਮੁੰਦਰੀ ਇਹ ਸੁਨੇ ਸੁਨਾਵੇ,

          ਜਨਮ ਮਰਨ ਨਹੀਂ ਪਾਵਤ ਹੈਂ।

          ਬ੍ਰਹਮਾਦਿਕ ਮੁਨਿ ਸ਼ੇਖ ਸਾਰਧਾ,

          ਨਿਸਦਿਨ ਧਯਾਨ ਲਗਾਵਤ ਹੈਂ।

          ਰਾਧਾ ਕ੍ਰਿਸ਼ਨ ਕੋ ਪ੍ਰਾਣੀ ਸਿਮਰੋ,

          ਅੰਤ ਪਰਮਗਤਿ ਪਾਵਤ ਹੈਂ।

          ਬੁਰੀ ਖਰੀ ਸੋਧ ਲਓ ਕਵੀਓ,

          ਰਾਮਦਾਸ ਗੁਨ ਗਾਵਤ ਹੈਂ॥

     ਝੇੜਿਆਂ ਵਿੱਚ ਤੋਲ-ਤੁਕਾਂਤ ਪੂਰਾ ਕਰਨ ਲਈ ਕਵੀਸ਼ਰ ਸੁਰ ਅਤੇ ਲੈਅ ਮੁਤਾਬਕ ਆਪਣੇ ਛੰਦ ਘੜਦੇ ਸਨ। ਕੋਰੜਾ ਤੇ ਕਬਿੱਤ ਛੰਦ ਕਵੀਸ਼ਰਾਂ ਦੇ ਪਸੰਦੀਦਾ ਛੰਦ ਰਹੇ ਹਨ। ਇਹਨਾਂ ਦੋਵੇਂ ਛੰਦਾਂ ਦੀ ਚਾਲ ਲੋਕਾਂ ਦੇ ਜਜ਼ਬਾਤਾਂ ਦੀ ਚਾਲ ਨਾਲ ਮੇਲ ਖਾਂਦੀ ਹੈ।

     ਮਨੁੱਖ ਦੀ ਜ਼ਿੰਦਗੀ ਬੜੀ ਸੰਘਰਸ਼ਮਈ ਹੈ। ਉਸ ਨੂੰ ਪ੍ਰਕਿਰਤੀ ਅਤੇ ਸਮਾਜ ਨਾਲ ਸਮਤੋਲ ਬਣਾਈ ਰੱਖਣ ਲਈ ਬੜੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਸੰਸਾਰ ਦੇ ਸਾਰੇ ਜੀਵ ਦ੍ਵੰਦ ਵਿੱਚ ਜੀ ਰਹੇ ਹਨ। ਇਸੇ ਦ੍ਵੰਦ ਦੀ ਇੱਕ ਜ਼ਰੂਰੀ ਅਵਸਥਾ ‘ਟੱਕਰ’ ਦੀ ਹੈ। ਜਿਹੀ ਟੱਕਰ ਝੇੜਿਆਂ ਵਿੱਚੋਂ ਨਜ਼ਰ ਆਉਂਦੀ ਹੈ। ਸੋ ਇਸ ਕਾਵਿ-ਰੂਪ ਵਿੱਚ ਦੋ ਧਿਰਾਂ ਦਾ ਝਗੜਾ ਚੱਲਦਾ ਹੈ, ਜੋ ਕਾਨ੍ਹ-ਗੁਜਰੀ, ਨੂੰਹ-ਸੱਸ, ਲੌਂਗ-ਤੀਲੀ, ਦਾੜ੍ਹੀ-ਗੁੱਤ, ਜੀਜਾ-ਸਾਲੀ, ਕੈਂਚੀ-ਸੂਈ, ਨੇਕੀ-ਬਦੀ, ਕਾਂ-ਘੁੱਗੀ, ਸੂਮ-ਸਖੀ, ਛੜਾ-ਕਬੀਲਦਾਰ, ਕਣਕ-ਛੋਲੇ, ਚਾਹ-ਲੱਸੀ, ਜੱਟੀ ਤੇ ਖਤ੍ਰਾਣੀ, ਅਕਲ-ਪ੍ਰੇਮ, ਭੌਰ-ਬੁਲਬੁਲ, ਸ਼ਰਾਬੀ ਤੇ ਉਸ ਦੀ ਪਤਨੀ, ਕ੍ਰਿਸ਼ਨ-ਗੋਪੀਆਂ ਅਤੇ ਪਤੀ ਤੇ ਪਤਨੀ ਆਦਿ ਦਾ ਹੁੰਦਾ ਹੈ। ਟਾਕਰੇ ਸਮੇਂ ਦੋਵੇਂ ਧਿਰਾਂ ਲੜਾਈ ਨਹੀਂ ਕਰਦੀਆਂ ਸਗੋਂ ਪ੍ਰਤੱਖ ਰੂਪ ਵਿੱਚ ਆਪੋ-ਆਪਣੇ ਪੱਖ ਪੇਸ਼ ਕਰਦੀਆਂ ਹਨ। ਉਹ ਆਪਣੀ ਗੱਲ ਨੂੰ ਵਿਅੰਗ ਤੇ ਬੁੱਧੀ ਰਾਹੀਂ ਸਰਬੋਤਮ ਤੇ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਦੂਜੀ ਧਿਰ ਦੇ ਵਿਚਾਰਾਂ ਨੂੰ ਨਕਾਰਦੀਆਂ ਹਨ। ਅਜਿਹਾ ਕਰਨ ਲਈ ਦੋਵੇਂ ਧਿਰਾਂ ਦਿਮਾਗ਼ੀ ਸ਼ਕਤੀ ਅਤੇ ਦਲੀਲਾਂ ਦੀ ਵਰਤੋਂ ਕਰਦੀਆਂ ਹਨ। ਇੱਕ-ਦੂਜੇ ਦੀ ਗੱਲ ਮੰਨਣ ਦੀ ਥਾਂ ਉਹ ਬਹਿਸ ਤੇ ਝਗੜਾ ਕਰਦੀਆਂ ਹਨ। ਕਈ ਵਾਰੀ ਉਹ ਇੱਕ-ਦੂਜੇ ਨੂੰ ਤਾਅਨੇ-ਮਿਹਣੇ ਵੀ ਦੇਣ ਲੱਗਦੀਆਂ ਹਨ। ਦੋਵਾਂ ਦੇ ਝਗੜੇ ਨੂੰ ਏਨਾ ਰੋਚਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਝਗੜੇ ਵਿੱਚੋਂ ਗੀਤ ਗਾਉਣ ਤੇ ਸੁਣਨ ਵਾਲਿਆਂ ਨੂੰ ਅਨੰਦ ਮਿਲਦਾ ਹੈ। ਰਚਨਾ ਲਿਖਣ ਵਾਲਾ ਆਪ ਰਚਨਾ ਵਿੱਚੋਂ ਗ਼ਾਇਬ ਰਹਿੰਦਾ ਹੈ ਪਰ ਕਿਸੇ ਇੱਕ ਧਿਰ ਨਾਲ ਉਸ ਦੀ ਵੀ ਸਹਿਮਤੀ ਹੁੰਦੀ ਹੈ। ਇਹ ਧਿਰ ਸੱਚੀ ਤੇ ਨਿਆਂ ਵਾਲੀ ਹੁੰਦੀ ਹੈ। ਉਹ ਲੜਨ ਵਾਲੀਆਂ ਦੋਵੇਂ ਧਿਰਾਂ ਦੇ ਮੂੰਹੋਂ ਗੱਲਾਂ ਕਰਵਾਉਂਦਾ ਹੈ। ਦੋਵਾਂ ਧਿਰਾਂ ਵਿੱਚੋਂ ਇੱਕ ਧਿਰ ਦਾ ਬਹੁਤੀ ਵਾਰੀ ਪੁਰਾਤਨਤਾ ਨਾਲ ਸੰਬੰਧ ਹੁੰਦਾ ਹੈ ਤੇ ਦੂਜੀ ਧਿਰ ਦਾ ਨਵੀਨਤਾ ਨਾਲ।

     ਪੰਜਾਬੀ ਦੇ ਬਹੁਤੇ ਵਿਦਵਾਨਾਂ ਵੱਲੋਂ ਸਾਰੇ ਝੇੜਿਆਂ ਵਿੱਚੋਂ ਕਾਨ੍ਹ-ਗੁਜਰੀ ਦੇ ਝੇੜੇ ਸਭ ਤੋਂ ਵੱਧ ਪੁਰਾਣੇ ਮੰਨੇ ਗਏ ਹਨ। ਕਾਨ੍ਹ-ਗੁਜਰੀ ਦਾ ਸਭ ਤੋਂ ਪਹਿਲਾ ਪੰਜਾਬੀ ਵਿੱਚ ਲਿਖਤੀ ਝੇੜਾ ਕਵੀ ਦਾਨਾ ਵੱਲੋਂ ਲਿਖਿਆ ਮਿਲਦਾ ਹੈ, ਜੋ ਬਾਦਸ਼ਾਹ ਫਰਖੁਸਿਅਰ ਦੇ ਸਮੇਂ 1713-1719 ਵਿੱਚ ਭਾਵ ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਲਿਖਿਆ ਗਿਆ। ਇਹ ਝੇੜਾ ਸਾਰੇ ਝੇੜਿਆਂ ਨਾਲੋਂ ਵੱਡਾ ਹੈ। ਇਸ ਦੇ 1124 ਪਦੇ (ਪਹਿਰੇ) ਹਨ। ਪਿਆਰਾ ਸਿੰਘ ਪਦਮ ਨੇ ਗੋਰਖ ਨਾਥ ਦੀ ਰਚਨਾ ਦੁਆਦਸ ਮਾਤ੍ਰ’ ਨੂੰ ਪੰਜਾਬੀ ਦਾ ਸਭ ਤੋਂ ਪੁਰਾਣਾ ਝੇੜਾ ਮੰਨਿਆ ਹੈ। ਸ੍ਰੀ ਗੁਰੂ ਨਾਨਕ ਦੇਵ ਦੇ ਬੇਟੇ ਸ੍ਰੀ ਚੰਦ ਦੇ ਨਾਂ ਤੇ ਮਿਲਦੇ ਮਾਤ੍ਰਾ ਕਾ ਝਗੜਾ ਝੇੜੇ ਨੂੰ ਦੁਆਦਸ ਮਾਤ੍ਰਾ ਤੋਂ ਬਾਅਦ ਦਾ ਝੇੜਾ ਮੰਨਿਆ ਗਿਆ ਹੈ। ਕਾਨ੍ਹ-ਗੁਜਰੀ ਤੇ ਦਿਓਰ-ਭਰਜਾਈ ਦੇ ਝੇੜਿਆਂ ਵਿੱਚ ਦੋ ਹਾਣੀਆਂ ਦੀ ਕਸ਼ਮਕਸ਼ ਰਾਹੀਂ ਪਿਆਰ ਦੀ ਭਾਵਨਾ ਮੁੱਖ ਰੂਪ ਵਿੱਚ ਉੱਭਰਦੀ ਹੈ। ਕਾਨ੍ਹ-ਗੁਜਰੀ ਝੇੜਿਆਂ ਦਾ ਆਧਾਰ ਕ੍ਰਿਸ਼ਨ ਲੀਲ੍ਹਾ ਹੈ, ਜਿਸ ਵਿੱਚ ਪੇਂਡੂ ਕਵੀਸ਼ਰ ਕ੍ਰਿਸ਼ਨ ਤੇ ਗੋਪੀਆਂ ਦਾ ਸੰਵਾਦ ਦੇਖਦੇ ਸਨ। ਉਸੇ ਸੰਵਾਦ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਾਨ੍ਹ-ਗੁਜਰੀ ਦੇ ਝੇੜੇ ਲਿਖੇ। ਜੱਟੀ-ਖਤ੍ਰਾਣੀ ਝੇੜੇ ਵਿੱਚ ਦੋ ਵਰਗਾਂ ਦੇ ਸੰਘਰਸ਼ ਨੂੰ ਪੇਸ਼ ਕੀਤਾ ਗਿਆ ਹੈ। ਸ਼ਰਾਬੀ ਤੇ ਉਸ ਦੀ ਨਾਰ ਝੇੜੇ ਵਿੱਚ ਸ਼ਰਾਬ ਦੀਆਂ ਹਾਨੀਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

     ਪੰਜਾਬੀ ਦੇ ਪ੍ਰਮੁਖ ਝੇੜੇ ਦਾਨਾ, ਚਤੁਰ ਦਾਸ, ਬਾਹੂ ਬ੍ਰਾਹਮਣ, ਨਰੈਣ ਸਿੰਘ, ਅਰਜਨ ਸਿੰਘ ਮੈੜ ਰਾਜਪੂਤ, ਛੱਜੂ ਸਿੰਘ, ਗੁਰਦਿੱਤ ਸਿੰਘ, ਬੂਟਾ ਸਿੰਘ ਅਤੇ ਦੀਪ ਚੰਦ ਆਦਿ ਨੇ ਲਿਖੇ।

     ਸਮਾਜ ਵਿੱਚ ਹੋ ਰਹੇ ਝਗੜਿਆਂ ਤੋਂ ਮੁਕਤੀ ਦਿਵਾਉਣ ਲਈ ਕਵੀਸ਼ਰਾਂ ਨੇ ਸ਼ਬਦਾਂ ਦੇ ਝਗੜੇ ਸਿਰਜੇ। ਸਮਾਜ ਦੇ ਸੱਚ ਨੂੰ ਕੁਦਰਤੀ ਤੇ ਬੋਲ-ਚਾਲ ਦੀ ਭਾਸ਼ਾ ਵਿੱਚ ਢਾਲ ਕੇ, ਮਨੋਰੰਜਕ ਬਣਾ ਕੇ ਅਤੇ ਸਿੱਖਿਆ ਜਾਂ ਨਸੀਹਤ ਦਿੰਦਿਆਂ ਪੇਸ਼ ਕੀਤਾ।

     ਪਿੰਡਾਂ ਵਿੱਚ ਪੰਜਾਬੀ ਸਵਾਣੀਆਂ ਵੱਲੋਂ ਵੀ ਕਈ ‘ਝੇੜੇ’ ਚਰਖਾ ਕੱਤਦਿਆਂ, ਤ੍ਰਿੰਝਣਾਂ ਵਿੱਚ, ਵਿਆਹ ਦੀਆਂ ਗਾਉਣ ਮਹਿਫਲਾਂ ਵਿੱਚ ਗਾਏ ਜਾਂਦੇ ਹਨ। ਇਹਨਾਂ ਝੇੜਿਆਂ ਦਾ ਕੋਈ ਰਚਨਾਕਾਰ ਨਹੀਂ ਮਿਲਦਾ। ਇਹ ਝੇੜੇ ਮੂੰਹੋਂ-ਮੂੰਹ ਆਪਣਾ ਸਫ਼ਰ ਤਹਿ ਕਰ ਕੇ ਆਏ ਹਨ। ਇਹਨਾਂ ਵਿੱਚੋਂ ਮਰਦ-ਔਰਤ, ਬ੍ਰਾਹਮਣ-ਬ੍ਰਾਹਮਣੀ, ਹੀਰ ਤੇ ਉਸ ਦੀ ਨਨਾਣ, ਪਤੀ-ਪਤਨੀ ਅਤੇ ਫ਼ੌਜੀ-ਫ਼ੌਜਣ ਆਦਿ ਦੇ ਝੇੜੇ ਪ੍ਰਮੁਖ ਹਨ। ਇਹ ਝੇੜੇ ਵੀ ਲੰਮੇ ਕਾਵਿ- ਰੂਪਾਂ ਦੀ ਲੜੀ ਵਿੱਚ ਆਉਂਦੇ ਹਨ, ਜਿਨ੍ਹਾਂ ਨੂੰ ਦੋ ਜਾਂ ਦੋ ਤੋਂ ਵੱਧ ਸਵਾਣੀਆਂ ਵੱਲੋਂ ਲੰਮੀ ਹੇਕ ਨਾਲ ਗਾਇਆ ਜਾਂਦਾ ਹੈ।

     ਕਿਸੇ ਨਵਵਿਆਹੁਲੀ ਪੰਜਾਬਣ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਆਪਣੀ ਭਾਬੀ ਨੂੰ ਪਿਆਰ ਕਰਦਾ ਹੈ ਤਾਂ ਉਸ ਨੂੰ ਆਪਣਾ ਦੁੱਖ ਵੱਢ-ਵੱਢ ਖਾਣ ਲੱਗਦਾ ਹੈ। ਉਹ ਨਵਵਿਆਹੁਤਾ ਆਪਣੇ ਪਤੀ ਨੂੰ ਆਪਣੇ ਰੰਗਲੇ ਚੂੜੇ ਦਾ ਵਾਸਤਾ ਪਾਉਂਦੀ ਆਪਣਾ ਘਰ ਵਸਾਉਣ ਦੀ ਨਿਮਨ ਲਿਖਤ ਝੇੜੇ ਰਾਹੀਂ ਇਉਂ ਪ੍ਰੇਰਨਾ ਦਿੰਦੀ ਹੈ। ਦੋਵਾਂ ਦੀਆਂ ਦਲੀਲਾਂ ਨੂੰ ਕਿਸੇ ਮੁਟਿਆਰ ਨੇ ਝੇੜੇ ਰਾਹੀਂ ਰੂਪਮਾਨ ਕੀਤਾ ਹੈ :

ਹੱਥੀਂ ਤਾਂ ਚੂੜਾ ਰੰਗਲਾ ਵੇ ਸਿੰਘ ਜੀ

ਸਿਰ ਤੇ ਰੱਤੀ ਵੇ ਫੁਲਕਾਰੀ।

ਚੱਲ ਆਪਾਂ ਘਰ ਵਸੀਏ ਵੇ ਸਿੰਘ ਜੀ

ਵੇ ਤੇਰੀ ਕਿਨ ਮੱਤ ਮਾਰੀ ਵੇ...ਏ...।

ਤੂੰ ਮਹਿਲਾਂ ਵਿੱਚ ਵੱਸ ਨੀ ਨਾਜੋ

ਨੀ ਸਾਡੀ ਤਾਂ ਲਾਹੌਰ ਦੀ ਤਿਆਰੀ।

ਨੀ ਮੇਰੀ ਨੀ ਭਾਬੋ ਨਖਰੈਲੋ

ਨੀ ਮੇਰੀ ਉਨ ਮਤ ਮਾਰੀ ਨੀ...ਏ...।

ਪਹਿਲਾਂ ਸਾਨੂੰ ਦੱਸਦਾ ਵੇ ਸਿੰਘ ਜੀ

ਵੇ ਬਚੋਲਣ ਭੂਆ ਸੀ ਕਰਤਾਰੀ।

ਤੇਰੇ ਨਾਲ ਨਿੱਜ ਲੈਂਦੀ ਵੇ ਲਾਵਾਂ

ਵੇ ਪੇਕੇ ਰਹਿੰਦੀ ਮੈਂ ਕਮਾਰੀ ਵੇ...ਏ...।

ਤੂੰ ਵੀ ਵੱਸ ਮੇਰੀ ਭਾਬੋ ਵੀ ਵੱਸੇ

ਨੀ ਮੇਰੀ ਘਰੇ ਮੁਖਤਿਆਰੀ।

ਤੂੰ ਮੇਰੀ ਵਿਆਂਦੜ੍ਹ ਨਾਰ ਨੀ ਨਾਜੋ

          ਨੀ ਭਾਬੋ ਜਾਨ ਤੋਂ ਵੀ ਪਿਆਰੀ ਨੀ...ਏ...।

     ਇਸ ਤਰ੍ਹਾਂ ਝੇੜਾਕਾਰ ਦੋਵਾਂ ਧਿਰਾਂ ਵੱਲੋਂ ਆਪੋ- ਆਪਣੀਆਂ ਦਲੀਲਾਂ ਦਿਵਾ ਕੇ ਅਖੀਰ ਤੇ ਇੱਕ ਧਿਰ ਨਾਲ ਆਪਣੀ ਸਹਿਮਤੀ ਪ੍ਰਗਟ ਕਰਦਾ ਹੈ। ਕਦੇ ਉਸ ਦੀ ਸਹਿਮਤੀ ਠੀਕ ਧਿਰ ਨਾਲ ਹੁੰਦੀ ਹੈ ਤੇ ਕਦੇ ਸਮਾਜ ਦੀਆਂ ਪਰਿਸਥਿਤੀਆਂ ਤੋਂ ਪ੍ਰਾਪਤ ਕੌੜੇ/ਮਿੱਠੇ ਤਜਰਬਿਆਂ ਨਾਲ ਹੁੰਦੀ ਹੈ।


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਝੇੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੇੜਾ [ਨਾਂਪੁ] ਝਗੜਾ , ਬਖੇੜਾ, ਕਲੇਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੇੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੇੜਾ ਸੰਗ੍ਯਾ—ਮੁਕ਼ਦਮਾ. ਝਗੜਾ । ੨ ਫ਼ਿਸਾਦ. ਉਪਦ੍ਰਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.