ਡਾਰਵਿਨ, ਗੈਲਾਪੈਗਸ ਟਾਪੂ ਅਤੇ ਜੀਵਾਂ ਦਾ ਅਨੁਕੂਲਣਸ਼ੀਲ ਪ੍ਰਸਾਰ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾਰਵਿਨ ਨੇ ਪਹਿਲਾਂ ਪਹਿਲ ਤਾਂ ਵਿਕਾਸ ਬਾਰੇ ਕੇਵਲ ਗੱਲ ਹੀ ਕੀਤੀ ਸੀ , ਲਿਖਿਆ ਕੁਝ ਨਹੀਂ ਸੀ। ਫਿਰ ਪਿਛੋਂ ਇਸ ਬਾਰੇ ਜਦ ਲਿਖਿਆ ਤਾਂ ਬਹੁਤ ਲਿਖਿਆ। ਵਿਕਾਸ ਗੁੰਝਲਦਾਰ ਅਤੇ ਸੂਖਮਤਾ ਸਹਿਤ ਅਤੀ ਸਹਿਜ ਸੁਭਾਅ ਵਾਪਰਨ ਵਾਲੀ ਪ੍ਰਕਿਰਿਆ ਹੈ, ਇਸੇ ਲਈ ਇਸ ਦੀ ਬਹੁਤਿਆਂ ਨੂੰ ਸਮਝ ਨਹੀਂ ਸੀ ਆਈ। ਇਸ ਨੂੰ ਸਮਝਣ ਲਈ ਕਈ ਮਾਡਲ ਨਿਰਮਿਤ ਕੀਤੇ ਗਏ, ਪਰ ਕੋਈ ਮਾਡਲ ਅਜਿਹਾ ਸਿੱਧ ਨਾ ਹੋਇਆ, ਜਿਹੜਾ 4 ਅਰਬ ਵਰ੍ਹਿਆਂ ਤੋਂ ਪੁੰਗਰਦੀ ਆ ਰਹੀ ਇਸ ਪ੍ਰਕਿਰਿਆ ਨੂੰ ਭਲੀ ਪ੍ਰਕਾਰ ਦਰਸਾ ਸਕਦਾ। ਇਸੇ ਲਈ ਵਿਕਾਸ ਦੀ ਪ੍ਰਕਿਰਿਆ ਵਿਵਾਦਤ ਚਰਚਾ 'ਚ ਉਲਝੀ ਰਹੀ ਹੈ ਅਤੇ ਇਸੇ ਲਈ ਇਸ ਪ੍ਰਤੀ ਬੇਸਮਝੀ ਆਮ ਹੈ, ਅਸਪਸ਼ਟਤਾ ਆਮ ਹੈ। ਉਂਜ ਵੀ, ਸਾਡੀ ਬੋਲੀ 'ਚ ਕੁਦਰਤੀ ਪ੍ਰਕਿਆਵਾਂ ਦੇ ਵਰਣਨ ਲਈ ਸ਼ਬਦਾਂ ਦੀ ਘਾਟ ਹੈ। ਇਸ ਊਣਤਾਈ ਕਾਰਨ ਵੀ, ਸਮਾਜ ਵਿਖੇ ਵਿਕਾਸ ਪ੍ਰਤੀ ਉਦਾਸੀਨਤਾ ਅੱਜ ਤੱਕ ਬਣੀ ਹੋਈ ਹੈ।

ਕੁਦਰਤੀ ਨਸਲਕਸ਼ੀ ਦੌਰਾਨ ਕਈ ਵਾਰ ਇਹ ਹੁੰਦਾ ਹੈ ਕਿ ਇਕ ਨਸਲ ਦੋ 'ਚ ਨਹੀਂ, ਕਈਆਂ ਨਸਲਾਂ 'ਚ ਵਟ ਜਾਂਦੀ ਹੈ। ਇਸ ਪਰਿਸਥਿਤੀ ਨੂੰ ਅਡੈਪਟਿਵ ਰੇਡੀਏਸ਼ਨ (adaptive radiation) ਦਾ ਨਾਮ ਦਿੱਤਾ ਗਿਆ ਹੈ, ਭਾਵ ‘ਜੀਵਾਂ ਦਾ ਅਨੁਕੂਲਣਸ਼ੀਲ ਪ੍ਰਸਾਰ ’, ਜਿਸ ਦੌਰਾਨ, ਇਕ ਨਸਲ ਦੇ ਜੀਵ ਵੱਖ ਵੱਖ ਸਥਾਨਾਂ ਤੇ ਖਿੰਡ-ਪੁੰਡ ਜਾਂਦੇ ਹਨ ਅਤੇ ਥਾਓਂ-ਥਾਈਂ, ਇਨ੍ਹਾਂ ਦਾ ਵੱਖ–ਵੱਖ ਦਿਸ਼ਾਵਾਂ 'ਚ ਵਿਕਾਸ ਹੋਣ ਲੱਗਦਾ ਹੈ। ਲੰਬੇ ਸਮੇਂ ਉਪਰੰਤ, ਇਨ੍ਹਾਂ ਚੋਂ ਹਰ ਇਕ ਜੀਵ-ਸਮੂੰਹ ਵੱਖਰੀ ਨਸਲ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ। ਇਹ ਜੀਵ ਜਿੱਥੇ ਰਹਿਣ ਲੱਗਦੇ ਹਨ, ਉੱਥੇ ਵਿਆਪਕ ਹਾਲਾਤ ਅਨੁਕੂਲ ਢਲਦੇ ਹੋਏ ਇਹ, ਇਕ ਦੂਜੇ ਨਾਲੋਂ ਭਿੰਨ ਦਿਖਾਈ ਦੇਣ ਲੱਗਦੇ ਹਨ।

ਡਾਰਵਿਨ ਨੂੰ ਵੀ ਸਭ ਤੋਂ ਪਹਿਲਾਂ ਇਸੇ ਪ੍ਰਕਿਰਿਆ ਨੇ ਪ੍ਰਭਾਵਿਤ ਕੀਤਾ ਸੀ ਅਤੇ ਇਸੇ ਦੇ ਪ੍ਰਭਾਵ ਅਧੀਨ ਉਸ ਦੇ ਮਨ ਅੰਦਰ ਕੁਦਰਤੀ ਨਸਲਕਸ਼ੀ ਬਾਰੇ ਵਿਚਾਰਾਂ ਨੇ ਜਨਮ ਲਿਆ। ਡਾਰਵਿਨ ਨੇ ਆਪਣੀ ਯਾਤਰਾ ਦੌਰਾਨ ਗੈਲਾਪੈਗਸ (Galapagos) ਟਾਪੂਆਂ ਤੇ ਕੁਝ ਸਮਾਂ ਬਿਤਾਇਆ ਸੀ। ਛੋਟੇ– ਛੋਟੇ ਕਈ ਟਾਪੂਆਂ ਦਾ ਇਹ ਸਮੂਹ , ਇੱਕਅਡਰ (Ecuador) ਤਟ ਤੋਂ 1000 ਕਿਲੋਮੀਟਰ ਪੱਛਮ 'ਚ, ਸਾਗਰ ਅੰਦਰ ਸਥਿਤ ਹੈ। ਇਨ੍ਹਾਂ ਟਾਪੂਆਂ ਦਾ ਗੈਲਾਪੈਗਸ ਨਾਮ ਇਸ ਲਈ ਪਿਆ, ਕਿਉਂਕਿ ਇਹ ਟਾਪੂ ਵੱਡੇ ਆਕਾਰ ਦੇ ਕੱਛੂਆ ਦਾ ਵਾਸ ਹਨ ਅਤੇ ਕੱਛੂ ਨੂੰ ਹਿਸਪਾਨਵੀ (spanish) ਬੋਲੀ 'ਚ ਗੈਲਾਪੈਗਸ ਸੱਦਿਆ ਜਾਂਦਾ ਹੈ। ਜਦ ਇਹ ਟਾਪੂ 1535 'ਚ ਲੱਭੇ ਗਏ ਸਨ , ਤਦ ਵੱਡ-ਆਕਾਰੀ ਕੱਛੂਆਂ ਦੀ ਇਥੇ ਢਾਈ ਲੱਖ ਦੇ ਲਗਭਗ ਵਸੋਂ ਹੈ ਸੀ, ਜਿਹੜੀ ਕਿ ਅੱਜ ਘੱਟ ਕੇ ਕੇਵਲ 15000 ਰਹਿ ਗਈ ਹੈ।

ਅੱਜ ਭਾਵੇਂ ਅਸੀਂ ਇਹ ਜਾਣਦੇ ਹਾਂ ਕਿ ਦੀਪ ਅਤੇ ਮਹਾਂਦੀਪ ਹਰਕਤ ਕਰਨ ਯੋਗ ਹਨ, ਪਰ ਅੱਜ ਤੋਂ 50-60 ਸਾਲ ਪਹਿਲਾਂ ਇਹ ਵਿਸ਼ਾ ਹਾਲੀਂ ਵਿਵਾਦ ਅਧੀਨ ਸੀ, ਅਤੇ ਉਸ ਤੋਂ ਵੀ ਪਹਿਲਾਂ ਇਸ ਪ੍ਰਕਾਰ ਦੇ ਅਨੁਭਵ ਨੂੰ ਝੱਲ ਗਿਣਿਆ ਜਾਂਦਾ ਸੀ। 1912 ਵਿਚ, ਬਰਲਿਨ ਦੇ ਵਿਗਿਆਨੀ ਵੈਗਨਰ (Wegner) ਨੇ ਸਪਸ਼ਟ ਕੀਤਾ ਕਿ ਮਹਾਂਦੀਪ ਪ੍ਰਿਥਵੀ ਨਾਲ ਪੱਕੇ ਜੁੜੇ ਹੋਏ ਨਹੀਂ, ਜਿਸ ਕਰਕੇ ਇਹ ਮਾਮੂਲੀ ਹਰਕਤ ਸਦਾ ਕਰਦੇ ਰਹੇ ਹਨ ਅਤੇ ਅੱਜ ਵੀ ਕਰ ਰਹੇ ਹਨ। ਹਰਕਤ ਕਰਦਿਆਂ, ਦੱਖਣੀ ਅਮਰੀਕਾ, ਅਫਰੀਕਾ ਨਾਲੋਂ ਟੁੱਟ ਕੇ, ਕ੍ਰੋੜਾਂ ਵਰ੍ਹਿਆਂ 'ਚ ਇਥੇ ਪੁੱਜਾ , ਜਿਥੇ ਅੱਜ ਇਹ ਹੈ ਅਤੇ ਅਗਲੇ ਕ੍ਰੋੜਾਂ ਵਰ੍ਹਿਆਂ 'ਚ ਇਹ ਆਪਣਾ ਅੱਜ ਵਾਲਾ ਸਥਾਨ ਵੀ ਤਿਆਗ ਬੈਠਾ ਹੋਵੇਗਾ। ਹੋਰਨਾਂ ਦੀਪਾਂ ਨਾਲ ਵੀ ਇਹੋ ਬੀਤਿਆ ਹੈ ਅਤੇ ਬੀਤ ਰਿਹਾ ਹੈ। ਪਹਿਲਾਂ ਭਾਰਤ, ਅਫ਼ਰੀਕਾ, ਆਸਟ੍ਰੇਲੀਆਂ ਅਤੇ ਐਨਟਆਰਕਟਿਕਾ ਇਕ ਦੂਜੇ ਨਾਲ ਜੁੜੇ ਹੋਏ ਸਨ, ਜਿਹੜੇ ਵੱਖ ਹੋ ਕੇ, ਇਕ ਦੂਜੇ ਤੋਂ ਲਾਂਭੇ ਖਿਸਕਦੇ ਹੋਏ ਉਥੇ ਪੁੱਜ ਗਏ, ਜਿਥੇ ਜਿਥੇ ਇਹ ਅੱਜ ਹਨ। ਵੈਗਨਰ ਦੇ ਇਨ੍ਹਾਂ ਵਿਚਾਰਾਂ ਨੂੰ, 1960 ਤੱਕ, ਸੱਭ ਨੇ ਸਵੀਕਾਰ ਕਰ ਲਿਆ ਸੀ।

ਪ੍ਰਿਥਵੀ ਦੁਆਲੇ ਦਾ ਘੇਰ , ਜਿਸ ਉਪਰ ਸਾਗਰਾਂ ਦੇ ਤਲ ਅਤੇ ਦੀਪ ਟਿਕੇ ਹੋਏ ਹਨ, 8 ਵੱਡੀਆਂ ਵਿਸ਼ਾਲ ਪਲੇਟਾਂ ਦਾ ਬਣਿਆ ਹੋਇਆ ਹੈ। ਪ੍ਰਿਥਵੀ ਦੁਆਲੇ ਦੀਆਂ ਇਹ ਪਲੇਟਾਂ ਅਗੋਂ ਪਿਘਲੇ ਹੋਏ ਲਾਵੇ ਉਪਰ ਟਿਕੀਆਂ ਹੋਈਆਂ ਹਨ, ਜਿਸ ਉਪਰ ਇਹ ਤਿਲਕਵੀਂ ਹਰਕਤ ਕਰਨ ਯੋਗ ਹਨ। ਇਨ੍ਹਾਂ ਪਲੇਟਾਂ ਵਿਚਕਾਰਲੀਆਂ ਝੀਥਾਂ ਚੋਂ ਦੀ ਸਿੰਮਦਾ ਲਾਵਾ ਪਲੇਟਾਂ ਨੂੰ ਆਸੀਂ ਪਾਸੀਂ ਧੱਕ ਦਿੰਦਾ ਹੈ, ਜਿਸ ਕਾਰਨ ਇਨ੍ਹਾਂ ਵਿਚਕਾਰਲੀਆਂ ਝੀਥਾਂ ਚੌੜੀਆਂ ਹੋ ਜਾਂਦੀਆਂ ਹਨ। ਇਨ੍ਹਾਂ ਝੀਥਾਂ ਚੋਂ ਦੀ ਜਵਾਲਾ ਮੁਖੀਆਂ ਦੇ ਰੂਪ ’ਚ ਬਾਹਰ ਨਿਕਲਿਆ ਲਾਵਾ ਆਲੇ-ਦੁਆਲੇ ਪਸਰ ਕੇ ਜੰਮ ਜਾਂਦਾ ਹੈ। ਇਸ ਪ੍ਰਕਾਰ ਬਾਹਰ ਆਏ ਲਾਵੇ ਨੇ ਹੀ ਗੈਲਾਪੈਗਸ ਟਾਪੂਆਂ ਦਾ ਰੂਪ ਧਾਰਨ ਕਰ ਲਿਆ ਸੀ। ਇਹ ਘਟਨਾਂ ਅੱਜ ਤੋਂ 2 ਕਰੋੜ ਵਰ੍ਹੇ ਪਹਿਲਾਂ ਵਾਪਰੀ ਸੀ ਅਤੇ ਅੱਜ-ਕਲ੍ਹ ਇਹ ਟਾਪੂ ਦੱਖਣੀ ਅਮਰੀਕਾ ਦੇ ਤਟ ਵੱਲ ਨੂੰ ਖਿਸਕ ਰਹੇ ਹਨ। ਇਹ 60 ਕਿਲੋਮੀਟਰ ਪ੍ਰਤੀ ਲੱਖ ਵਰ੍ਹਾ ਹਰਕਤ ਕਰ ਰਹੇ ਹਨ। ਇੰਜ ਜਾਪਦਾ ਹੈ ਕਿ ਦੱਖਣੀ ਅਮਰੀਕਾ ਤੱਕ ਦਾ ਹਜ਼ਾਰ ਕਿਲੋਮੀਟਰ ਦਾ ਪੰਧ ਪਾਰ ਕਰਨ ਲਈ ਇਹ ਇਕ ਕਰੋੜ 20 ਕਰੋੜ ਵਰ੍ਹੇ ਲੈ ਲੈਣਗੇ ਅਤੇ ਜਿਸ ਉਪਰੰਤ ਇਹ ਉਸ ਨਾਲ ਤਾਂ ਹੀ ਜਾ ਮਿਲਣਗੇ, ਜੇਕਰ ਤਦ ਤੱਕ ਇਹ ਦੀਪ ਕਿਧਰੇ ਹੋਰ ਨਾ ਖਿਸਕ ਗਿਆ। ਇਨ੍ਹਾਂ ਟਾਪੂਆਂ ਦੇ ਦੱਖਣੀ ਅਮਰੀਕਾ ਨਾਲੋਂ ਹਟਵੇਂ ਸਥਿਤ ਹੋਣ ਕਾਰਨ, ਇਥੇ ਵਿਚਰਦੇ ਜੀਵ ਦੱਖਣੀ ਅਮਰੀਕਾ ਨਾਲੋਂ ਭਿੰਨ ਹਨ।

ਇਨ੍ਹਾਂ ਟਾਪੂਆਂ ਦਾ ਡਾਰਵਿਨ ਨਾਲ ਅਤੇ ਉਸ ਦੀ ਸੋਚ ਨਾਲ ਡੂੰਘਾ ਸਬੰਧ ਹੈ। ਅਸਲ 'ਚ ‘ਕੁਦਰਤੀ ਚੋਣ ’ ਦੇ ਸਿਧਾਂਤ ਲਈ ਪ੍ਰੇਰਣਾ ਇਥੇ ਵਿਚਰਦੇ ਜੀਵ ਹੀ ਬਣੇ ਸਨ। ਇਨ੍ਹਾਂ ਟਾਪੂਆਂ ਤੇ, ਚਿੜੀ ਜਿਹੇ ਫਿੰਚ ਨਾਮ ਦੇ ਪੰਛੀ ਦੀਆਂ ਭਿੰਨ–ਭਿੰਨ ਨਸਲਾਂ, ਭਿੰਨ–ਭਿੰਨ ਟਾਪੂਆਂ ਤੇ ਰਹਿ ਰਹੀਆਂ ਸਨ, ਜਿਨ੍ਹਾਂ ਦੇ ਡਾਰਵਿਨ ਨੇ ਨਮੂਨੇ, ਇਥੋਂ ਵਿਦਾ ਹੋਣ ਲੱਗਿਆਂ, ਨਾਲ ਲੈ ਲਏ ਸਨ। ਇਹ ਫਿੰਚ-ਨਸਲਾਂ, ਆਪਣੇ ਸਰੀਰਕ ਆਕਾਰ 'ਚ, ਆਪਣੇ ਰੰਗਾਂ 'ਚ ਅਤੇ ਆਪਣੀਆਂ ਚੁੰਝਾਂ ਦੀ ਨੁਹਾਰ ਅਤੇ ਆਕਾਰ 'ਚ ਇਕ ਦੂਜੀ ਨਾਲੋਂ ਭਿੰਨ ਹੈ। ਇਨ੍ਹਾਂ ਨੂੰ ਅੱਜ ਡਾਰਵਿਨ ਦੀਆਂ ਫਿੰਚਾਂ ਸੱਦਿਆ ਜਾ ਰਿਹਾ ਹੈ ਅਤੇ 1936 ਤੋਂ ਇਨ੍ਹਾਂ ਦਾ ਇਹੋ ਨਾਮ ਪ੍ਰਚਲਿਤ ਹੈ। ਆਪਣੇ ਇਕ ਵਰਣਨ 'ਚ, ਡਾਰਵਿਨ, ਇਸ ਪੰਛੀ ਦੀਆਂ ਗੈਲਾਪੈਗਸ ਟਾਪੂਆਂ ਵਿਖੇ ਵਿਚਰਦੀਆਂ ਨਸਲਾਂ ਬਾਰੇ ਲਿਖਦਾ ਹੈ ਕਿ ਕੁਦਰਤ ਨੇ ਫਿੰਚ ਦੀ ਇਕ ਨਸਲ ਨੂੰ ਕਈ ਨਸਲਾਂ 'ਚ ਕੁਝ ਕੁ ਇਸ ਪ੍ਰਕਾਰ ਬਦਲ ਦਿੱਤਾ ਕਿ ਜਿਸ ਟਾਪੂ ਤੇ ਜਿਹੜੀ ਨਸਲ ਰਹਿ ਰਹੀ ਹੈ, ਉਹ ਉੱਥੇ ਵਿਆਪਕ ਹਾਲਾਤ ਅਨੁਕੂਲ ਢਲੀ ਹੋਈ ਹੈ।

ਕੁਦਰਤੀ ਨਸਲਕਸ਼ੀ ਪ੍ਰਤੀ ਵਿਚਾਰ ਡਾਰਵਿਨ ਨੂੰ ਇਨ੍ਹਾਂ ਫਿੰਚਾਂ ਦੇ ਪ੍ਰਸੰਗ’ਚ ਹੀ ਫੁਰੇ ਸਨ, ਜਿਨ੍ਹਾਂ ਬਾਰੇ ਅੱਜ ਅਸੀਂ ਨਿਸ਼ਚੇ ਪੂਰਬਕ ਕਹਿ ਸਕਦੇ ਹਾਂ ਕਿ ਡਾਰਵਿਨ ਨੂੰ ਇਹ ਸਹੀ ਫੁਰੇ ਸਨ। ਆਪਣੇ ਫੁਰੇ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦੇ ਪ੍ਰਮਾਣ ਉਸ ਨੇ ਪਿਛੋਂ ਇਕੱਤਰ ਕੀਤੇ। ਫਿੰਚਾਂ ਦੇ ਜੀਨ ਵੀ ਇਹੋ ਦਰਸਾ ਰਹੇ ਹਨ ਕਿ ਗੈਲਾਪੈਗਸ ਵਿਖੇ ਵਿਚਰਦੀਆਂ ਫਿੰਚਾਂ ਦੀਆਂ ਸੱਭ ਨਸਲਾਂ, ਕੇਵਲ ਇਕ ਨਸਲ ਦੀ ਸੰਤਾਨ ਹਨ, ਜਿਸ ਦਾ ਵਿਕਾਸ, ਅੱਜ ਤੋਂ 50 ਲੱਖ ਸਾਲ ਪਹਿਲਾਂ, ਵੱਖ ਵੱਖ ਟਾਪੂਆਂ ਤੇ ਵੱਖਰੀਆਂ–ਵੱਖਰੀਆਂ ਦਿਸ਼ਾਵਾਂ 'ਚ ਹੋਣ ਲੱਗ ਪਿਆ ਸੀ। ਉਨ੍ਹਾਂ ਸਮਿਆਂ 'ਚ, ਫਿੰਚਾਂ ਦੀ ਪੂਰਵਜੀ ਨਸਲ, ਦੱਖਣੀ ਅਮਰੀਕਾ ਤੋਂ ਪ੍ਰਵਾਸ ਕਰਕੇ ਇਨ੍ਹਾਂ ਟਾਪੂਆਂ ਤੇ ਆਕੇ ਰਹਿਣ ਲੱਗ ਪਈ ਸੀ, ਜਿਸ ਦਾ ਫਿਰ ਵੱਖ ਵੱਖ ਟਾਪੂਆਂ ਤੇ ਅਨੁਕੂਲਣਸ਼ੀਲ ਵਿਕਾਸ ਹੋਇਆ। ਇਨ੍ਹਾਂ ਫਿੰਚਾਂ ਦੀਆਂ ਵੱਖਰੀਆਂ ਚੁੰਝਾਂ ਹਨ ਅਤੇ ਜਿਹੜੇ ਵੀ ਟਾਪੂ ਤੇ ਜਿਹੜੀ ਫਿੰਚ ਰਹਿ ਰਹੀ ਹੈ, ਉੱਥੇ ਉਪਲਬਧ ਖ਼ੁਰਾਕ ਅਨੁਕੂਲ ਉਸ ਦੀ ਚੁੰਝ ਢੱਲੀ ਹੋਈ ਹੈ। ਅਡੈਪਟਿਵ ਰੇਡੀਏਸ਼ਨ, ਭਾਵਅਨੁਕੂਲਣਸ਼ੀਲ ਪ੍ਰਸਾਰ ਦੀ ਪ੍ਰਕਿਰਿਆ ਦੀ, ਗੈਲਾਪੈਗਸ ਟਾਪੂਆਂ ਵਿਖੇ ਵਿਚਰ ਰਹੀਆਂ ਫਿੰਚਾਂ ਉਚਿਤ ਉਦਾਹਰਣ ਹਨ।


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.