ਤਕਨੀਕੀ ਭਾਸ਼ਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਤਕਨੀਕੀ ਭਾਸ਼ਾ: ਭਾਸ਼ਾ ਦੀ ਵਰਤੋਂ ਦੇ ਵਿਭਿੰਨ ਪਾਸਾਰ ਹਨ। ਕਈ ਭਾਸ਼ਾਈ ਸਥਿਤੀਆਂ ਵਿਚ ਬੁਲਾਰੇ ਅਤੇ ਸਰੋਤੇ ਦੀ ਇਕ ਭਾਸ਼ਾ ਹੁੰਦਿਆਂ ਹੋਇਆਂ ਵੀ ਦੋਹਾਂ ਵਿਚ ਸੰਚਾਰ ਸੰਭਵ ਨਹੀਂ ਹੁੰਦਾ। ਇਸ ਦਾ ਮੂਲ ਕਾਰਨ ਭਾਸ਼ਾਈ ਜਾਰਗਨ ਹੈ। ਜਾਰਗਨ ਜਾਂ ਤਕਨੀਕੀ ਭਾਸ਼ਾ ਇਕ ਖੇਤਰ, ਕਿੱਤੇ ਆਦਿ ਨਾਲ ਸਬੰਧਤ ਹੁੰਦੀ ਹੈ। ਜਦੋਂ ਡਾਕਟਰ ਜਾਂ ਵਕੀਲ ਆਪੋ ਵਿਚ ਗੱਲਬਾਤ ਕਰ ਰਹੇ ਹੁੰਦੇ ਹਨ ਭਾਵੇਂ ਉਨ੍ਹਾਂ ਦੀ ਗੱਲਬਾਤ ਦਾ ਮਾਧਿਅਮ ਵੀ ਸਥਾਨੀ ਭਾਸ਼ਾ ਹੋਵੇ ਪਰ ਫਿਰ ਵੀ ਉਸ ਗੱਲਬਾਤ ਵਿਚੋਂ ਇਕ ਸਧਾਰਨ ਵਿਅਕਤੀ ਕੋਈ ਅਰਥ ਨਹੀਂ ਕੱਢ ਸਕਦਾ ਕਿਉਂਕਿ ਉਹ ਦੋਵੇਂ ਆਪਸ ਵਿਚ ਤਕਨੀਕੀ ਭਾਸ਼ਾ ਦੀ ਵਰਤੋਂ ਕਰ ਰਹੇ ਹੁੰਦੇ ਹਨ। ਤਕਨੀਕੀ ਭਾਸ਼ਾ ਵਿਚਲੇ ਸੰਕਲਪ-ਸੂਚਕ ਸ਼ਬਦਾਂ ਨੂੰ ਉਹ ਵਿਅਕਤੀ ਹੀ ਸਮਝ ਸਕਣ ਦੀ ਸਮਰੱਥਾ ਰੱਖਦਾ ਹੈ ਜੋ ਉਸ ਕਿੱਤੇ ਨਾਲ ਜੁੜਿਆ ਹੋਇਆ ਹੁੰਦਾ ਹੈ ਪਰ ਆਮ ਵਿਅਕਤੀ ਲਈ ਇਹ ਗੱਲਬਾਤ ਉਲਝਣ ਵਿਚ ਪਾਉਣ ਵਾਲੀ ਹੈ। ਜਿਉਂ ਜਿਉਂ, ਜਿਸ ਕਿੱਤੇ ਦਾ ਵਿਸਥਾਰ ਜਨ-ਸਧਾਰਨ ਤੱਕ ਫੈਲਦਾ ਹੈ ਤਿਉਂ ਤਿਉਂ ਸਧਾਰਨ ਲੋਕ ਵੀ ਉਸ ਕਿੱਤੇ ਦੀ ਤਕਨੀਕੀ ਭਾਸ਼ਾ ਦੇ ਸ਼ਬਦਾਂ ਅਤੇ ਉਸ ਨਾਲ ਸਬੰਧਤ ਸੰਕਲਪਾਂ ਨੂੰ ਸਮਝਣ ਦੀ ਸਮਰੱਥਾ ਪੈਦਾ ਕਰ ਲੈਂਦੇ ਹਨ। ਪੰਜਾਬੀ ਵਿਚ ਖੇਤੀ-ਬਾੜੀ ਨੂੰ ਆਧੁਨਿਕ ਲੀਹਾਂ ’ਤੇ ਪਾਉਣ ਲਈ ਆਧੁਨਿਕ ਯੰਤਰਾਂ ਦੀ ਵਰਤੋਂ ਹੋਣ ਲੱਗ ਪਈ ਹੈ। ਅੱਜ ਖੇਤੀ-ਬਾੜੀ ਨਾਲ ਜੁੜਿਆ ਹੋਇਆ ਕੋਈ ਵੀ ਵਿਅਕਤੀ ਖੇਤੀ-ਬਾੜੀ ਨਾਲ ਸਬੰਧਤ ਤਕਨੀਕੀ ਸ਼ਬਦਾਵਲੀ ਤੋਂ ਭਲੀ ਭਾਂਤ ਜਾਣੂੰ ਹੈ। ਉਹ ਮਕੈਨਿਕ ਦੀ ਸ਼ਬਦਾਵਲੀ ਨੂੰ ਸਮਝਣ ਦੀ ਸਮਰੱਥਾ ਰੱਖਦਾ ਹੈ। ਇਸ ਪਰਕਾਰ ਹਰ ਇਕ ਵਿਸ਼ੇ ਦੀ ਆਪਣੀ ਇਕ ਤਕਨੀਕੀ ਸ਼ਬਦਾਵਲੀ ਹੁੰਦੀ ਹੈ। ਉਸ ਸ਼ਬਦਾਵਲੀ ਨੂੰ ਉਹ ਵਿਅਕਤੀ ਹੀ ਸਮਝ ਸਕਦਾ ਹੈ ਜਿਸ ਦਾ ਸਬੰਧ ਉਸ ਵਿਸ਼ੇ ਨਾਲ ਜੁੜਿਆ ਹੋਇਆ ਹੁੰਦਾ ਹੈ ਪਰ ਦੂਸਰੇ ਵਿਅਕਤੀ ਨੂੰ ਉਸ ਵਿਸ਼ੇ ਨੂੰ ਉਸੇ ਸ਼ਬਦਾਵਲੀ ਰਾਹੀਂ ਨਹੀਂ ਸਮਝਾਇਆ ਜਾ ਸਕਦਾ। ਭਾਸ਼ਾ ਵਿਗਿਆਨ ਦੇ ਸੰਕਲਪਾਂ ਨੂੰ ਭਾਸ਼ਾ ਵਿਗਿਆਨ ਦਾ ਵਿਦਿਆਰਥੀ ਹੀ ਸਮਝ ਸਕਦਾ ਹੈ, ਦੂਸਰਾ ਨਹੀਂ। ਇਸ ਪਰਕਾਰ ਹਰ ਕਿੱਤੇ, ਵਿਸ਼ੇ, ਖੇਤਰ ਆਦਿ ਦੀ ਆਪਣੀ ਤਕਨੀਕੀ ਸ਼ਬਦਾਵਲੀ ਹੁੰਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.