ਦਰਸ਼ਨ ਸਿੰਘ ਫੇਰੂਮਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਰਸ਼ਨ ਸਿੰਘ ਫੇਰੂਮਾਨ (1885-1969 ਈ.): ਸਿੱਖ ਲੀਡਰਾਂ ਦੁਆਰਾ ਪ੍ਰਤਿਗਿਆ ਦੀ ਪਾਲਨਾ ਨ ਕਰਨ ਕਰਕੇ ਹੋਈ ਸਿੱਖ ਧਰਮ ਦੀ ਹੇਠੀ ਦੇ ਪ੍ਰਾਸਚਿਤ ਵਜੋਂ ਆਪਣਾ ਬਲਿਦਾਨ ਦੇਣ ਵਾਲੇ ਸ. ਦਰਸ਼ਨ ਸਿੰਘ ਦਾ ਜਨਮ 1 ਅਗਸਤ 1885 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਫੇਰੂਮਾਨ ਪਿੰਡ ਵਿਚ ਸ. ਚੰਦਾ ਸਿੰਘ ਦੇ ਘਰ ਮਾਈ ਰਾਜ ਕੌਰ ਦੀ ਕੁੱਖੋਂ ਹੋਇਆ। ਦਸਵੀਂ ਦਾ ਇਮਤਿਹਾਨ ਪਾਸ ਕਰਕੇ ਇਹ ਸੰਨ 1912 ਈ. ਵਿਚ ਫ਼ੌਜ ਵਿਚ ਸਿਪਾਹੀ ਭਰਤੀ ਹੋ ਗਿਆ, ਪਰ ਦੋ ਸਾਲਾਂ ਤੋਂ ਬਾਦ ਫ਼ੌਜ ਦੀ ਨੌਕਰੀ ਛਡ ਕੇ ਹਿਸਾਰ ਵਿਚ ਠੇਕੇਦਾਰੀ ਕਰਨ ਲਗ ਗਿਆ। ਆਪਣੀ ਮਾਤਾ ਦੁਆਰਾ ਪ੍ਰੇਰਿਤ ਹੋਣ ’ਤੇ ਇਸ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਸੰਨ 1921 ਈ. ਵਿਚ ਚਾਬੀਆਂ ਦੇ ਮੋਰਚੇ ਵਿਚ ਪਕੜਿਆ ਗਿਆ ਅਤੇ ਇਕ ਸਾਲ ਕੈਦ ਕਟਣੀ ਪਈ। ਦਸੰਬਰ 1924 ਈ. ਵਿਚ ਜੈਤੋ ਦੇ ਮੋਰਚੇ ਦੇ ਚੌਦਵੇਂ ਜੱਥੇ ਦੀ ਸਰਦਾਰੀ ਕੀਤੀ ਅਤੇ ਦਸ ਮਹੀਨੇ ਕੈਦ ਭੁਗਤੀ। ਫਿਰ ਕਾਂਗ੍ਰਸ ਵਲੋਂ ਚਲਾਈ ‘ਨਾ-ਮਿਲਵਰਤਨ ਲਹਿਰ ’ ਵਿਚ ਸ਼ਾਮਲ ਹੋ ਕੇ 14 ਮਹੀਨੇ ਜੇਲ੍ਹ ਅੰਦਰ ਕਟੇ। ਸੰਨ 1926 ਈ. ਵਿਚ ਮਲਾਇਆ ਗਿਆ, ਪਰ ਉਥੇ ਵੀ ਪਕੜਿਆ ਗਿਆ ਅਤੇ ਜੇਲ੍ਹ ਵਿਚ ਕਛਹਿਰਾ ਪਹਿਨਣ ਦਾ ਹੱਕ ਹਾਸਲ ਕਰਨ ਲਈ 21 ਦਿਨ ਭੁਖ ਹੜਤਾਲ ਕੀਤੀ ਅਤੇ ਆਪਣੀ ਗੱਲ ਮੰਨਵਾ ਕੇ ਰਿਹਾ। ਦੇਸ਼ ਪਰਤਣ ਤੇ ਇਸ ਨੇ ਕਾਂਗ੍ਰਸ ਵਲੋਂ ਚਲਾਈ ‘ਸਿਵਲ ਨਾ-ਫੁਰਮਾਨੀ ਲਹਿਰ’ ਅਤੇ ‘ਭਾਰਤ ਛੋੜੋ ਲਹਿਰ’ ਵਿਚ ਹਿੱਸਾ ਲਿਆ।

            ਇਹ ਕਈ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਿਹਾ ਅਤੇ ਦੋ ਵਾਰ ਜਨਰਲ ਸਕੱਤਰ ਵੀ ਬਣਿਆ। ਕਾਂਗ੍ਰਸ ਵਲੋਂ ਨਾਮਜ਼ਦ ਹੋ ਕੇ ਇਹ ਸੰਨ 1964 ਈ. ਤਕ ਰਾਜ ਸਭਾ ਦਾ ਮੈਂਬਰ ਰਿਹਾ, ਪਰ ਕਾਂਗ੍ਰਸ ਪਾਰਟੀ ਵਿਚ ਇਖ਼ਤਲਾਫ਼ ਹੋ ਜਾਣ ਕਾਰਣ ਉਸ ਨੂੰ ਛਡ ਕੇ ਸੁਤੰਤਰ ਪਾਰਟੀ ਵਿਚ ਸ਼ਾਮਲ ਹੋ ਗਿਆ ਅਤੇ ਪੰਜਾਬ ਵਿਚ ਉਸ ਦੇ ਪ੍ਰਸਾਰ ਲਈ ਮੋਢੀਆਂ ਵਾਲੀ ਭੂਮਿਕਾ ਨਿਭਾਈ।

ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਦ ਉਸ ਵਿਚ ਚੰਡੀਗੜ੍ਹ ਅਤੇ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਨੂੰ ਸ਼ਾਮਲ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਅਕਾਲ ਤਖ਼ਤ ਦੇ ਸਾਹਮਣੇ ਕੀਤੇ ਪ੍ਰਣਾਂ ਤੋਂ ਟਲਣ ਦੇ ਪ੍ਰਾਸਚਿਤ ਵਜੋਂ ਇਸ ਨੇ 15 ਅਗਸਤ 1969 ਈ. ਨੂੰ ਮਰਨ ਬਰਤ ਰਖ ਦਿੱਤਾ ਅਤੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਹੋਣ’ਤੇ ਹੀ ਬਰਤ ਤੋੜਨ ਦਾ ਸੰਕਲਪ ਲਿਆ। 27 ਅਕਤੂਬਰ 1969 ਈ. ਨੂੰ ਬਰਤ ਦੇ 74ਵੇਂ ਦਿਨ ਇਸ ਨੇ ਪ੍ਰਾਣ ਤਿਆਗ ਦਿੱਤੇ ਪਰ ਪ੍ਰਤਿਗਿਆ ਦੀ ਆਭਾ ਨੂੰ ਮਲੀਨ ਨ ਹੋਣ ਦਿੱਤਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.