ਦੋਹਰੇ ਸਵਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਦੋਹਰੇ ਸਵਰ: ਇਸ ਸੰਕਲਪ ਦੀ ਵਰਤੋਂ ਧੁਨੀ-ਵਿਉਂਤ ਵਿਚ ਕੀਤੀ ਜਾਂਦੀ ਹੈ। ਉਚਾਰਨ-ਵਿਧੀ ਅਤੇ ਉਚਾਰਨ-ਪਰਕਿਰਿਆ ਦੇ ਆਧਾਰ ’ਤੇ ਧੁਨੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਜਿਸ ਸਥਿਤੀ ਵਿਚ ਉਚਾਰਨ-ਅੰਗ ਅਤੇ ਉਚਾਰਨ-ਸਥਾਨ ਆਪਸ ਵਿਚ ਖਹਿੰਦੇ, ਸਪਰਸ਼ ਕਰਦੇ ਜਾਂ ਸੰਪਰਕ ਕਰਦੇ ਹਨ ਉਨ੍ਹਾਂ ਨੂੰ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ ਪਰੰਤੂ ਦੂਜੇ ਪਾਸੇ ਜਦੋਂ ਉਚਾਰਨ-ਅੰਗ ਅਤੇ ਉਚਾਰਨ-ਸਥਾਨਾਂ ਵਿਚਲਾ ਸੰਪਰਕ ਸੁਣਨ ਯੋਗ ਨਹੀਂ ਹੁੰਦਾ ਉਸ ਸਥਿਤੀ ਵਿਚ ਉਚਾਰੀਆਂ ਗਈਆਂ ਧੁਨੀਆਂ ਨੂੰ ਸਵਰ ਧੁਨੀਆਂ ਕਿਹਾ ਜਾਂਦਾ ਸੀ। ਸ਼ਬਦ (ਉਚਾਰ-ਖੰਡ) ਦੀ ਬਣਤਰ ਵਿਚ ਸਵਰਾਂ ਦੇ ਸੰਯੋਗ ਨੂੰ ਇਕਹਿਰੇ ਸਵਰ-ਸੰਯੋਗ, ਦੋਹਰੇ ਸਵਰ-ਸੰਯੋਗ ਅਤੇ ਤੀਹਰੇ ਸਵਰ-ਸੰਯੋਗ ਕਿਹਾ ਜਾਂਦਾ ਹੈ। ਉਚਾਰ-ਖੰਡ ਦੀ ਬਣਤਰ ਦਾ ਧੁਰਾ ਸਵਰ (Vocalic) ਹਨ ਜਦੋਂ ਕਿਸੇ ਉਚਾਰ-ਖੰਡ ਦੀ ਬਣਤਰ ਵਿਚ ਕੇਵਲ ਇਕੋ ਸਵਰ ਵਿਚਰਦਾ ਹੈ ਤਾਂ ਉਸ ਨੂੰ ਇਕਹਿਰਾ ਸਵਰ ਕਿਹਾ ਜਾਂਦਾ ਹੈ। ਪਰ ਜਦੋਂ ਇਕ ਉਚਾਰ-ਖੰਡ ਦੀ ਬਣਤਰ ਵਿਚ ਦੋ ਸਵਰ ਧੁਨੀਆਂ ਉਚਾਰ-ਖੰਡ ਦੇ ਕੇਂਦਰ ਬਿੰਦੂ ਵਜੋਂ ਵਿਚਰਦੀਆਂ ਹਨ ਤਾਂ ਇਸ ਪਰਕਾਰ ਦੇ ਸਵਰ-ਸੰਯੋਗ ਨੂੰ ਦੋਹਰੇ ਸਵਰ ਕਿਹਾ ਜਾਂਦਾ ਹੈ। ਦੋਹਰੇ ਸਵਰਾਂ ਦੇ ਉਚਾਰਨ ਵੇਲੇ ਜੀਭ ਕਿਸੇ ਇਕ ਸਥਿਤੀ ਤੋਂ ਇਕ ਸਵਰ ਉਚਾਰਨ ਲਈ ਹਰਕਤ ਵਿਚ ਆਉਂਦੀ ਹੈ ਅਤੇ ਉਚਾਰ-ਖੰਡ ਦੇ ਦੂਜੇ ਸਵਰ ਨੂੰ ਉਚਾਰਨ ਲਈ ਕਿਸੇ ਹੋਰ ਸਥਾਨ ਵੱਲ ਵੱਧਦੀ ਹੈ ਤਾਂ ਦੋਵੇਂ ਹੀ ਸਵਰ ਧੁਨੀਆ ਇਕੋ ਹੀ ਦਿਸ਼ਾ ਵਲੋਂ ਉਚਾਰੀਆਂ ਜਾਂਦੀਆਂ ਹਨ। ਪੰਜਾਬੀ ਵਿਚ ਦੋਹਰੇ ਸਵਰਾਂ ਦੇ ਉਚਾਰਨ ਦੀ ਤਰਤੀਬ ਵਿਚਲਾ ਪਹਿਲਾ ਮੈਂਬਰ ਅੰਦਰਲੇ ਗੁੱਟ ਦੇ ਸਵਰਾਂ ਵਿਚੋਂ (ਅ ਇ ੳ) ਹੁੰਦਾ ਹੈ ਜਦੋਂ ਕਿ ਦੂਜਾ ਮੈਂਬਰ ਬਾਹਰਲੇ ਗੁੱਟ ਦੇ ਸਵਰਾਂ (ਆ ਈ, ਊ ਐ ਏ ਓ) ਆਦਿ ਵਿਚੋਂ ਇਕ ਹੁੰਦਾ ਹੈ ਭਾਵ ਇਨ੍ਹਾਂ ਦਾ ਵਿਚਰਨ ਲਘੂ+ਦੀਰਘ ਹੁੰਦਾ ਹੈ ਜਿਵੇਂ : ਲਈ (ਲ ਅ ਈ) ਵਿਚ (ਅ) ਲਘੂ ਅਤੇ (ਈ) ਦੀਰਘ ਗੁੱਟ ਦੇ ਮੈਂਬਰ ਹਨ। ਲਏ (ਲ ਅ ਏ) ਵਿਚ (ਅ) ਤੇ (ਏ) ਇਸੇ ਪਰਕਾਰ ਬਾਕੀ ਲਘੂ ਅਤੇ ਦੀਰਘ ਵਿਚਰਨ ਨੂੰ ਵੇਖਿਆ ਜਾ ਸਕਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.