ਧੁਨੀ-ਵਿਉਂਤ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਧੁਨੀ-ਵਿਉਂਤ: ਧੁਨੀ ਵਿਗਿਆਨ ਅਤੇ ਧੁਨੀ-ਵਿਉਂਤ ਦੋ ਸੰਕਲਪ ਹਨ ਜੋ ਧੁਨੀਆਂ ਦੇ ਉਚਾਰਨ, ਸੰਚਾਰਨ ਅਤੇ ਸ਼੍ਰਵਣ ਨਾਲ ਸਬੰਧਤ ਹਨ। ਧੁਨੀ ਵਿਗਿਆਨ ਰਾਹੀਂ ਧੁਨੀਆਂ ਦੇ ਇਸ ਤਿੰਨ ਪੱਧਰੇ ਵਰਤਾਰੇ ਦਾ ਅਧਿਅਨ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ-ਵਿਉਂਤ ਰਾਹੀਂ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਦੀ ਵਰਗ-ਵੰਡ ਕੀਤੀ ਜਾਂਦੀ ਹੈ ਅਤੇ ਵਰਤੋਂ ਦਾ ਅਧਿਅਨ ਕੀਤਾ ਜਾਂਦਾ ਹੈ। ਧੁਨੀ ਵਿਗਿਆਨ ਵਿਚ ਸਾਹ ਪਰਨਾਲੀ, ਧੁਨੀ ਪਰਨਾਲੀ ਅਤੇ ਉਚਾਰਨ ਪਰਨਾਲੀ ਦਾ ਅਧਿਅਨ ਕੀਤਾ ਜਾਂਦਾ ਹੈ। ਇਨ੍ਹਾਂ ਦੋਹਾਂ ਸੰਕਲਪਾਂ ਦੇ ਨਾਲ ਇਕ ਹੋਰ ਸੰਕਲਪ ਧੁਨੀਮਿਕਸ (Phonemics) ਹੈ। ਇਸ ਰਾਹੀਂ ਕਿਸੇ ਭਾਸ਼ਾ ਦੀਆਂ ਧੁਨੀਆਂ ਦੀ ਪਛਾਣ ਸਾਰਥਕ ਪੱਖ ਤੋਂ ਕੀਤੀ ਜਾਂਦੀ ਹੈ। ਇਸ ਪੱਖ ਤੋਂ ਹਰ ਇਕ ਭਾਸ਼ਾ ਦੀਆਂ ਧੁਨੀਆਂ ਦੀ ਸਥਿਤੀ ਉਸ ਦੇ ਆਪਣੇ ਧੁਨਾਤਮਕ ਵਖਰੇਵੇਂ ਕਰਕੇ ਦੂਜੀ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਕਿਸੇ ਭਾਸ਼ਾ ਦੀਆਂ ਧੁਨੀਆਂ ਦੀ ਦੂਜੀ ਭਾਸ਼ਾ ਦੀਆਂ ਧੁਨੀਆਂ ਨਾਲ ਸਮਾਨਤਾ ਤਾਂ ਹੋ ਸਕਦੀ ਹੈ ਪਰ ਇਹ ਸਮਾਨਤਾ ਧੁਨਾਤਮਕ ਹੋ ਸਕਦੀ ਹੈ ਧੁਨੀਮਿਕ ਨਹੀਂ। ਧੁਨੀ-ਵਿਉਂਤ ਵਿਚ ਭਾਸ਼ਾ ਦੀਆਂ ਧੁਨੀਆਂ ਦੇ ਕਾਰਜਾਤਮਕ ਲੱਛਣਾਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸ ਰਾਹੀਂ ਭਾਸ਼ਾ ਦੀਆਂ ਧੁਨੀਆਂ ਵਿਚਲੇ ਸਬੰਧ, ਵਿਰੋਧ ਆਦਿ ਪੱਖਾਂ ਤੋਂ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਧੁਨੀਆਂ ਦੀ ਵੰਡ ਦੋ ਭਾਗਾਂ ਵਿਚ ਕੀਤੀ ਜਾਂਦੀ ਹੈ। ਇਸ ਵੰਡ ਨੂੰ (i) ਖੰਡੀ ਧੁਨੀ ਵਿਗਿਆਨ ਅਤੇ (ii) ਅਖੰਡੀ ਧੁਨੀ ਵਿਗਿਆਨ ਦਾ ਨਾਂ ਦਿੱਤਾ ਜਾਂਦਾ ਹੈ। ਖੰਡੀ ਧੁਨੀ ਵਿਗਿਆਨ ਦੇ ਘੇਰੇ ਵਿਚ ਉਨ੍ਹਾਂ ਧੁਨੀਆਂ ਨੂੰ ਲਿਆ ਜਾਂਦਾ ਹੈ, ਜਿਹੜੀਆਂ ਧੁਨੀਆਂ ਸੁਤੰਤਰ ਤੌਰ ’ਤੇ ਵਰਤੀਆਂ ਜਾਂਦੀਆਂ ਹਨ। ਇਸ ਪੱਖ ਤੋਂ ਪੰਜਾਬੀ ਵਿਚ ਸਵਰ ਅਤੇ ਵਿਅੰਜਨ ਧੁਨੀਆਂ, ਖੰਡੀ ਧੁਨੀਆਂ ਹਨ। ਕਿਸੇ ਵੀ ਧੁਨੀ ਸਮੂਹ ਵਿਚੋਂ ਇਨ੍ਹਾਂ ਨੂੰ ਵੱਖਰਿਆਂ ਕੀਤਾ ਜਾ ਸਕਦਾ ਹੈ। ਇਸ ਲਈ ਧੁਨੀ-ਵਿਉਂਤ ਦੇ ਅਧਿਅਨ ਦੇ ਘੇਰੇ ਵਿਚ ਸਵਰਾਂ ਅਤੇ ਵਿਅੰਜਨਾਂ ਦੀ ਵਰਤੋਂ\ਕਾਰਜ ਦਾ ਅਧਿਅਨ ਕੀਤਾ ਜਾਂਦਾ ਹੈ। ਦੂਜੇ ਪਾਸੇ ਉਨ੍ਹਾਂ ਧੁਨੀਆਂ ਨੂੰ ਅਖੰਡੀ ਧੁਨੀਆਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਜਿਨ੍ਹਾਂ ਦਾ ਆਪਣਾ ਕੋਈ ਸੁਤੰਤਰ ਵਜੂਦ ਨਾ ਹੋਵੇ ਇਸ ਪਰਕਾਰ ਦੀਆਂ ਧੁਨੀਆਂ, ਸੁਤੰਤਰ ਧੁਨੀਆਂ ਨਾਲ ਮਿਲ ਕੇ ਹੀ ਆਪਣਾ ਕਾਰਜ ਕਰਦੀਆਂ ਹਨ। ਪੰਜਾਬੀ ਵਿਚ ਸੁਰ, ਬਲ, ਅਨੁਨਾਸਿਕਤਾ ਆਦਿ ਅਖੰਡੀ ਧੁਨੀਆਂ ਹਨ। ਇਸ ਪਰਕਾਰ ਦੇ ਧੁਨੀ ਵਿਗਿਆਨ ਨੂੰ ਅਖੰਡੀ ਧੁਨੀ-ਵਿਉਂਤ ਕਿਹਾ ਜਾਂਦਾ ਹੈ। ਯੋਰਪੀ ਭਾਸ਼ਾ ਵਿਗਿਆਨੀ ਇਸ ਨੂੰ Prosody ਵੀ ਕਹਿੰਦੇ ਹਨ। ਧੁਨੀਆਂ ਦਾ ਅਧਿਅਨ ਕੜੀਦਾਰ ਅਤੇ ਲੜੀਦਾਰ ਸਬੰਧਾਂ\ਵਿਰੋਧਾਂ ਰਾਹੀਂ ਵੀ ਕੀਤਾ ਜਾਂਦਾ ਹੈ। ਕੜੀਦਾਰ ਪੱਧਰ ਦੇ ਸਬੰਧ ਰਾਹੀਂ ਧੁਨੀਆਂ ਦੇ ਆਪਸ ਵਿਚ ਨੇੜਲੇ ਸਬੰਧਾਂ ਦਾ ਕੜੀਦਾਰ ਅਧਿਅਨ ਕੀਤਾ ਜਾਂਦਾ ਹੈ ਜਦੋਂ ਕਿ ਲੜੀਦਾਰ ਪੱਧਰ ਦੇ ਸਬੰਧਾਂ ਰਾਹੀਂ ਧੁਨੀਆਂ ਦੀ ਬਦਲੀ ਦਾ ਅਤੇ ਇਤਿਹਾਸਕ ਧੁਨੀ-ਵਿਉਂਤ ਦਾ ਅਧਿਅਨ ਕੀਤਾ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 17969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.