ਦੰਡੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੰਡੀ: ਸੰਸਕ੍ਰਿਤ ਸਾਹਿਤ ਦਾ ਪ੍ਰਸਿੱਧ ਗੱਦਕਾਰ ਦੰਡੀ ਹੋਇਆ ਹੈ। ਇਸ ਦਾ ਸਮਾਂ ਕਵੀ ਬਾਣ ਤੋਂ ਬਾਅਦ, ਜੋ ਸਮਰਾਟ ਹਰਸ਼ਵਰਧਨ ਦੇ ਰਾਜਕਾਲ (606 ਤੋਂ 648) ਦਾ ਸਮਕਾਲੀ ਮੰਨਿਆ ਗਿਆ ਹੈ।
ਦੰਡੀ ਦੇ ਪੂਰਵਜ ਗੁਜਰਾਤ ਦੇ ਅਨੰਦਪੁਰ ਦੇ ਵਸਨੀਕ ਸਨ। ਉਸ ਦੇ ਪਿਤਾ ਦਾ ਨਾਂ ਵੀਰਥ ਅਤੇ ਮਾਤਾ ਦਾ ਨਾਂ ਗੌਰੀ ਸੀ। ਬਚਪਨ ਵਿੱਚ ਹੀ ਉਸ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ। ਕਾਂਚੀ ਨਗਰੀ ਦੇ ਮਹਾਂ ਵਿਨਾਸ਼ ਕਾਰਨ ਦੰਡੀ ਨੇ ਕਾਂਚੀ ਛੱਡ ਕੇ ਕਈ ਸਥਾਨਾਂ ਤੇ ਘੁੰਮਦੇ-ਫਿਰਦੇ ਵਿੱਦਿਆ ਪ੍ਰਾਪਤ ਕੀਤੀ ਅਤੇ ਕਾਂਚੀ ਵਾਪਸ ਪਰਤ ਕੇ ਰਾਜਾ ਪੱਲਵ ਦੀ ਸਭਾ ਵਿੱਚ ਇੱਕ ਨਿਪੁੰਨ- ਸਾਹਿਤਕਾਰ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ।
ਦੰਡੀ ਦੀਆਂ ਤਿੰਨ ਰਚਨਾਵਾਂ ਪ੍ਰਸਿੱਧ ਹਨ :
ਕਾਵਿ-ਆਦਰਸ਼, ਦਸ਼ਕੁਮਾਰ ਚਰਿਤ ਅਤੇ ਅਵੰਤੀ ਸੁੰਦਰੀ ਕਥਾ।
ਇਹਨਾਂ ਵਿੱਚੋਂ ਤੀਜੀ ਰਚਨਾ ਅਵੰਤੀਸੁੰਦਰੀ ਕਥਾ ਬਾਰੇ ਆਲੋਚਕਾਂ ਦਾ ਮੱਤ-ਭੇਦ ਹੈ ਪਰ ਪਹਿਲੀਆਂ ਦੋਵਾਂ ਰਚਨਾਵਾਂ ਬਾਰੇ ਵਿਦਵਾਨ ਇੱਕਮਤ ਹਨ।
ਕਾਵਿ-ਆਦਰਸ਼ ਦੰਡੀ ਦਾ ਅਲੰਕਾਰ-ਸ਼ਾਸਤਰ ਹੈ। ਇਹ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਹੈ, ਜਿਨ੍ਹਾਂ ਨੂੰ ਪਰਿਛੇਦ ਕਿਹਾ ਜਾਂਦਾ ਹੈ।
ਪਹਿਲੇ ਪਰਿਛੇਦ ਵਿੱਚ ਕਾਵਿ-ਪਰਿਭਾਸ਼ਾ, ਕਾਵਿ- ਭੇਦ, ਰੀਤੀ ਅਤੇ ਦਸ ਗੁਣਾਂ ਦਾ ਵਰਣਨ ਹੈ, ਸਾਹਿਤ ਦੇ ਭਾਸ਼ਾਗਤ ਭੇਦਾਂ ਦੀ ਚਰਚਾ ਹੈ। ਦੂਜੇ ਪਰਿਛੇਦ ਵਿੱਚ ‘ਅਲੰਕਾਰ’ ਸ਼ਬਦ ਪਰਿਭਾਸ਼ਾ ਕਰ ਕੇ (35) ਅਰਥ- ਅਲੰਕਾਰ ਦੀ, ਪਰਿਭਾਸ਼ਾ ਅਤੇ ਉਦਾਹਰਨ ਆਦਿ ਸਹਿਤ ਵਿਵੇਚਨਾ ਕੀਤੀ ਹੈ। ਤੀਜੇ ਪਰਿਛੇਦ ਵਿੱਚ ਸ਼ਬਦਾਲੰਕਾਰ ਦੀ ਵਿਵੇਚਨਾ ਅਤੇ ਚੌਥੇ ਪਰਿਛੇਦ ਵਿੱਚ ਦੋਸ਼-ਵਿਵੇਚਨਾ ਹੈ।
ਕਈ ਵਿਦਵਾਨਾਂ ਨੇ ਇਸ ਗ੍ਰੰਥ ਦੇ ਤਿੰਨ ਪਰਿਛੇਦ ਹੀ ਮੰਨੇ ਹਨ। ਉਹ ਚੌਥੇ ਪਰਿਛੇਦ ਵਿਸ਼ਿਆਂ ਨੂੰ ਤੀਜੇ ਪਰਿਛੇਦ ਦਾ ਹੀ ਹਿੱਸਾ ਮੰਨਦੇ ਹਨ।
ਦੰਡੀ ਦੇ ਇਸ ਗ੍ਰੰਥ ਵਿੱਚ ਗੁਣਾਂ ਅਤੇ ਅਲੰਕਾਰਾਂ ਦੀ ਵਿਵੇਚਨਾ ਕਾਰਨ ਦੰਡੀ ਦੀ ਗਿਣਤੀ ਅਲੰਕਾਰਵਾਦੀ ਅਚਾਰੀਆਂ ਵਿੱਚ ਹੁੰਦੀ ਹੈ। ਦੰਡੀ ਦੇ ਇਸ ਗ੍ਰੰਥ ਦਾ ਅਲੰਕਾਰ ਸ਼ਾਸਤਰ ਦੇ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਸਥਾਨ ਹੈ ਅਤੇ ਦੰਡੀ ਦੀ ਗਿਣਤੀ ਅਤਿਅੰਤ ਪ੍ਰਤਿਭਾਵਾਨ ਕਾਵਿ-ਸ਼ਾਸਤਰੀਆਂ ਵਿੱਚ ਹੁੰਦੀ ਹੈ। ਦੰਡੀ ਦੀ ਦੂਜੀ ਰਚਨਾ ਦਸ਼ਕੁਮਾਰ ਚਰਿਤ ਸੰਸਕ੍ਰਿਤ ਸਾਹਿਤ ਦਾ ਪ੍ਰਸਿੱਧ ਗੱਦ-ਕਾਵਿ ਹੈ। ਇਸ ਗ੍ਰੰਥ ਦੇ ਦੋ ਭਾਗ ਪੂਰਵ-ਪੀਠਿਕਾ ਅਤੇ ਉੱਤਰ-ਪੀਠਿਕਾ ਹਨ। ਇਹਨਾਂ ਦੋਵਾਂ ਦੇ ਵਿਚਕਾਰ ਮੂਲ ਕਥਾ ਹੈ। ਇਹ ਕਥਾ ਦਸ ਰਾਜਕੁਮਾਰਾਂ ਦੇ ਜੀਵਨ ਨਾਲ ਸੰਬੰਧਿਤ ਹੈ।
ਦਸ਼ਕੁਮਾਰ ਚਰਿਤ ਦੀ ਮੂਲ ਕਥਾ ਅੱਠ ਖੰਡਾਂ ਵਿੱਚ ਵੰਡੀ ਗਈ ਹੈ। ਪੂਰਵ-ਪੀਠਿਕਾ ਵਿੱਚ ਪੰਜ ਖੰਡ ਹਨ, ਜਿਨ੍ਹਾਂ ਵਿੱਚ ਦੋ ਰਾਜਕੁਮਾਰਾਂ ਦੀ ਕਥਾ ਹੈ ਅਤੇ ਮੂਲ ਕਥਾ ਦੇ ਅੱਠ ਖੰਡਾਂ ਵਿੱਚ ਅੱਠ ਰਾਜਕੁਮਾਰਾਂ ਦਾ ਚਰਿਤ ਕਿਹਾ ਗਿਆ ਹੈ। ਇਹਨਾਂ ਵਿੱਚ ਇੱਕ ਮਗਧਰਾਜ ਰਾਜਹੰਸ ਦਾ ਪੁੱਤਰ ਰਾਜਵਾਹਕ ਹੈ, ਸੱਤ ਉਸ ਰਾਜਾ ਦੇ ਮੰਤਰੀਆਂ ਦੇ ਪੁੱਤਰ ਹਨ ਅਤੇ ਦੋ ਮਿਥਿਲਾ ਦੇ ਰਾਜਕੁਮਾਰ ਹਨ। ਸਾਰੇ ਵਿੱਦਿਆ ਪ੍ਰਾਪਤ ਕਰ ਕੇ ਆਪਣੇ-ਆਪਣੇ ਬਲ ਨੂੰ ਅਜ਼ਮਾਉਣ ਲਈ ਨਿਕਲਦੇ ਹਨ ਅਤੇ ਵਿਛੜ ਜਾਂਦੇ ਹਨ। ਅਨੇਕ ਚਮਤਕਾਰੀ ਅਤੇ ਅਦਭੁਤ ਘਟਨਾਵਾਂ ਤੋਂ ਬਾਅਦ ਸਾਰਿਆਂ ਦਾ ਫਿਰ ਮਿਲਣ ਹੁੰਦਾ ਹੈ। ਸਾਰੇ ਆਪੋ-ਆਪਣੇ ਬਿਰਤਾਂਤ ਇੱਕ ਦੂਜੇ ਨੂੰ ਸੁਣਾਉਂਦੇ ਹਨ। ਇਹਨਾਂ ਬਿਰਤਾਂਤਾਂ ਤੋਂ ਉਸ ਸਮੇਂ ਦੇ ਉਸ ਸਮਾਜ ਦਾ ਚਿੱਤਰ ਸਾਮ੍ਹਣੇ ਆਉਂਦਾ ਹੈ ਜਿਸ ਵਿੱਚ ਛਲ-ਕਪਟ, ਦੁਰਾਚਾਰ ਅਤੇ ਜੂਆ ਖੇਡਣ ਆਦਿ ਜਿਹੀਆਂ ਬੁਰਾਈਆਂ ਪੂਰੇ ਜ਼ੋਰਾਂ ਤੇ ਸਨ। ਇਸ ਗੱਦ-ਕਾਵਿ ਵਿੱਚ ਦੰਡੀ ਨੇ ਉਸ ਸਮੇਂ ਦੀ ਵਿਗੜੀ ਸਮਾਜਿਕ ਦਸ਼ਾ ਦਾ ਖੁੱਲ੍ਹ ਕੇ ਵਰਣਨ ਕੀਤਾ ਹੈ।
ਦੰਡੀ ਦੀ ਭਾਸ਼ਾ ਸਰਲ ਅਤੇ ਪ੍ਰਭਾਵਸ਼ਾਲੀ ਹੈ। ਲੰਬੇ ਸਮਾਸਾਂ ਦੀ ਵਰਤੋਂ ਨਹੀਂ ਕੀਤੀ ਗਈ। ਲਲਿਤ ਪਦਾਵਲੀ ਦੇ ਪ੍ਰਯੋਗ ਵਿੱਚ ਉਹ ਅਤਿਅੰਤ ਨਿਪੁੰਨ ਹੈ। ਦੰਡੀ ਦਾ ਦਸ਼ਕੁਮਾਰ ਚਰਿਤ, ਆਖਿਆਨ ਸਾਹਿਤ ਦੇ ਦੋ ਪ੍ਰਕਾਰ ਕਥਾ ਅਤੇ ਆਖਿਆਇਕਾ ਦੋਵਾਂ ਦਾ ਮਿਸ਼ਰਿਤ ਰੂਪ ਹੈ। ‘ਕਥਾ’ ਵਾਲੇ ਗੁਣ ਜ਼ਿਆਦਾ ਹਨ। ਅਵੰਤੀ ਸੁੰਦਰੀ ਕਥਾ, ਅਵੰਤੀ ਦੇਸ਼ ਦੀ ਰਾਜਕੁਮਾਰੀ ਦੀ ਕਥਾ ਹੈ। ਇਸ ਗੱਦ-ਕਾਵਿ ਨੂੰ ਦੰਡੀ ਰਚਨਾ ਮੰਨਣ ਲਈ ਵਿਦਵਾਨ ਇੱਕਮਤ ਨਹੀਂ ਹਨ। ਕਈ ਵਿਦਵਾਨ ਅਵੰਤੀ ਸੁੰਦਰੀ ਕਥਾ ਦਾ ਕਥਾਨਕ ਦੰਡੀ ਦੇ ਗੱਦ-ਕਾਵਿ ਦਸ਼ਕੁਮਾਰ ਚਰਿਤ ਨਾਲ ਮਿਲਦਾ-ਜੁਲਦਾ ਹੋਣ ਕਾਰਨ ਇਸ ਨੂੰ ਦੰਡੀ ਦੀ ਤੀਜੀ ਰਚਨਾ ਮੰਨ ਚੁੱਕੇ ਹਨ। ਇਹ ਇੱਕ ਅਧੂਰਾ ਗੱਦ-ਕਾਵਿ ਹੈ।
ਇਸ ਤਰ੍ਹਾਂ ਦੰਡੀ ਗੱਦ-ਕਾਵਿ ਦੀ ਰਚਨਾ ਕਰ ਕੇ ਇੱਕ ਪ੍ਰਤਿਭਾਵਾਨ ਕਵੀ ਅਤੇ ਅਲੰਕਾਰ-ਸ਼ਾਸਤਰ ਦੀ ਰਚਨਾ ਕਰ ਕੇ ਇੱਕ ਉੱਚ-ਕੋਟੀ ਦੇ ਅਚਾਰੀਆ ਰੂਪ ਵਿੱਚ ਸੰਸਕ੍ਰਿਤ ਸਾਹਿਤ ਦੇ ਖੇਤਰ ਵਿੱਚ ਪ੍ਰਸਿੱਧੀ ਪਾ ਚੁਕਿਆ ਹੈ। ਕਾਵਿ-ਆਦਰਸ਼ ਉਸ ਦੀ ਪਰਿਪੱਕ ਰਚਨਾ ਹੈ। ਉਸ ਵਿੱਚ ਕਾਵਿ-ਸ਼ਾਸਤਰ ਦੇ ਸਿਧਾਂਤ ਦੇ ਗਿਆਨ ਤੋਂ ਇਲਾਵਾ ਕਵੀ ਦੇ ਇਤਿਹਾਸਿਕ ਅਤੇ ਭੂਗੋਲਿਕ ਗਿਆਨ ਦੇ ਸਪਸ਼ਟ ਸੰਕੇਤ ਹਨ। ਕਾਵਿ-ਆਦਰਸ਼ ਦੇ ਉਦਾਹਰਨਾਂ ਵਿੱਚ ਕਾਵੇਰੀ, ਕਾਂਚੀ, ਕਲਿੰਗ, ਅਵੰਤੀ ਆਦਿ ਨਾਵਾਂ ਦੇ ਪ੍ਰਯੋਗ ਇਸ ਦੇ ਇਤਿਹਾਸ-ਗਿਆਤਾ ਹੋਣ ਦਾ ਪ੍ਰਮਾਣ ਹਨ। ਦਸ਼ਕੁਮਾਰ ਚਰਿਤ ਵਿੱਚ ਉਹ ਪੁਰਾਣੀਆਂ ਪਰੰਪਰਾਵਾਂ ਦੇ ਵਿਰੋਧੀ ਅਤੇ ਸਮਾਜਿਕ ਕ੍ਰਾਂਤੀਕਾਰੀ ਕਵੀ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ ਕਿਉਂਕਿ ਇਸ ਗੱਦ-ਕਾਵਿ ਵਿੱਚ ਉਸ ਨੇ ਘਮੰਡੀ ਤਪੱਸਵੀ, ਕਪਟੀ ਬ੍ਰਾਹਮਣ ਅਤੇ ਨਿਰਦਈ ਵੇਸ਼ਵਾ ਆਦਿ ਦੇ ਘਿਨੌਣੇ ਰੂਪ ਨੂੰ ਬੇਝਿਜਕ ਚਿਤਰਿਆ ਅਤੇ ਫਿਟਕਾਰਿਆ ਹੈ।
ਇਸ ਤਰ੍ਹਾਂ ਦੰਡੀ ਇੱਕ ਕੁਸ਼ਲ ਕਵੀ ਅਤੇ ਨਿਪੁੰਨ ਅਚਾਰੀਆ, ਦੋਵਾਂ ਰੂਪਾਂ ਵਿੱਚ ਖਰਾ ਉਤਰਿਆ ਹੈ।
ਲੇਖਕ : ਓਮਾਵਤੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਦੰਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੰਡੀ. ਸੰ. दणिडन्. ਵਿ—ਜਿਸ ਦੇ ਹੱਥ ਡੰਡਾ ਹੈ। ੨ ਸੰਗ੍ਯਾ—ਰਾਜਾ। ੩ ਯਮ । ੪ ਦਰਵਾਨ। ੫ ਚੋਬਦਾਰ। ੬ ਸੰਨ੍ਯਾਸੀ ਸਾਧੂ. ਦੇਖੋ, ਤ੍ਰਿਦੰਡੀ। ੭ ਸ਼ਿਵ। ੮ ਨਿਹੰਗ ਸਿੰਘ । ੯ ‘ਦਸ਼ਕੁਮਾਰ’ ਅਤੇ ‘ਕਾਵ੍ਯਾਦਰਸ਼’ ਦਾ ਕਰਤਾ ਇੱਕ ਸੰਸਕ੍ਰਿਤ ਦਾ ਪ੍ਰਸਿੱਧ ਕਵਿ, ਜੋ ਕਾਲਿਦਾਸ ਤੋਂ ਪਹਿਲਾਂ ਹੋਇਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First