ਨਰਿੰਜਨ ਤਸਨੀਮ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਰਿੰਜਨ ਤਸਨੀਮ (1929): 1999 ਦਾ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨਰਿੰਜਨ ਤਸਨੀਮ ਪੰਜਾਬੀ ਗਲਪਕਾਰੀ ਵਿੱਚ ਇੱਕ ਵੱਖਰਾ ਤੇ ਵਿਸ਼ੇਸ਼ ਸਥਾਨ ਰੱਖਦਾ ਹੈ। ਉਹ ਮਨੁੱਖ ਉੱਤੇ ਲਗਾਤਾਰ ਵਧ ਰਹੇ ਮਾਨਸਿਕ ਦਬਾਉ ਨੂੰ ਮਨ ਦੀ ਡੂੰਘਾਈ ਤੋਂ ਪੇਸ਼ ਕਰਦਾ ਹੈ। ਮਨੁੱਖ ਦੀਆਂ ਸਮਾਜਿਕ/ਆਰਥਿਕ/ਭੂਗੋਲਿਕ ਸਥਿਤੀਆਂ ਨੂੰ ਚਿਤਰਨ ਦੀ ਜਗ੍ਹਾ ਉਹ ਮਨੁੱਖ ਦੇ ਮਾਨਸਿਕ ਵਾਤਾਵਰਨ ਨੂੰ ਮੁੱਖ ਤੌਰ ਤੇ ਉਭਾਰਦਾ ਹੈ ਮਨੁੱਖ ਦੇ ਅੰਤਰਮਨ ਦੀਆਂ ਰੀਝਾਂ/ਪੀੜਾਂ/ਅਤ੍ਰਿਪਤੀਆਂ ਤੇ ਇੱਛਾਵਾਂ ਦਾ ਯੋਗ ਪ੍ਰਗਟਾਅ ਉਸ ਦੀ ਗਲਪਕਾਰੀ ਵਿੱਚ ਮਨੋਵਿਸ਼ਲੇਸ਼ਣੀ ਹੋਂਦ ਦਾ ਪ੍ਰਮਾਣ ਪੇਸ਼ ਕਰਦਾ ਹੈ।

     ਪੱਛਮ ਦੀਆਂ ਬਿਰਤਾਂਤਕ ਜੁਗਤਾਂ ਨੂੰ ਆਪਣੇ ਨਾਵਲਾਂ ਵਿੱਚ ਸਮੇਟ ਕੇ ਵੱਖਰੀ ਥਾਂ ਬਣਾਉਣ ਵਾਲੇ ਇਸ ਗਲਪਕਾਰ ਦਾ ਜਨਮ ਆਪਣੇ ਨਾਨਕੇ ਤਰਨਤਾਰਨ ਵਿੱਚ 1 ਮਈ 1929 ਨੂੰ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਐਮ.ਏ. ਅੰਗਰੇਜ਼ੀ ਕਰ ਕੇ ਉਹ ਕਾਲਜ ਲੈਕਚਰਾਰ ਬਣ ਗਿਆ। ਨਰਿੰਜਨ ਤਸਨੀਮ ਦੇ ਘਰ ਦਾ ਮਾਹੌਲ ਸ਼ੁਰੂ ਤੋਂ ਹੀ ਸਾਹਿਤਿਕ ਸੀ। ਬਚਪਨ ਤੋਂ ਤਸਨੀਮ ’ਤੇ ਤਾਇਆ ਪੂਰਨ ਸਿੰਘ ‘ਹੁਨਰ` ਦਾ ਪ੍ਰਭਾਵ ਸੀ। ਉਹਨਾਂ ਨੂੰ ਉਰਦੂ ਮੁਸ਼ਾਇਰਿਆਂ ਦੀ ਜਾਨ ਸਮਝਿਆ ਜਾਂਦਾ ਸੀ। ਇਸੇ ਤਰ੍ਹਾ ਨਰਿੰਜਨ ਤਸਨੀਮ ਦੇ ਚਾਚਾ ਸ. ਮਹਿੰਦਰ ਸਿੰਘ ‘ਕੌਸਰ` ਵੀ ਉਰਦੂ ਸ਼ਾਇਰੀ ਵਿੱਚ ਗਹਿਰੀ ਦਿਲਚਸਪੀ ਰੱਖਦੇ ਸਨ। ਇਸੇ ਪ੍ਰਭਾਵ ਅਧੀਨ ਨਰਿੰਜਨ ਤਸਨੀਮ ਵੀ ਅੱਠਵੀਂ ਜਮਾਤ ਵਿੱਚ ਪੜ੍ਹਨ ਸਮੇਂ ਤੋਂ ਥੋੜ੍ਹਾ-ਬਹੁਤਾ ਲਿਖਣ ਲੱਗ ਪਿਆ ਸੀ। ਜਦੋਂ ਤੱਕ ਉਹ ਕਲਾਜ ਵਿੱਚ ਪੜ੍ਹਨ ਲੱਗਿਆ ਉਸ ਸਮੇਂ ਤੱਕ ਲਿਖਣ ਵਾਲਾ ਇਹ ਸ਼ੌਕ ਕਾਫ਼ੀ ਵਧ ਗਿਆ ਸੀ।

     ਸ਼ੁਰੂ ਵਿੱਚ ਤਸਨੀਮ ਨੇ ਗਜ਼ਲ ਦੇ ਨਾਲ-ਨਾਲ ਉਰਦੂ ਵਿੱਚ ਕਹਾਣੀਆਂ ਅਤੇ ਲੇਖ ਲਿਖੇ ਪਰੰਤੂ ਸ਼ਿਮਲੇ ਵਿੱਚ ਨੌਕਰੀ ਕਰਦਿਆਂ ਉਸ ਦੀ ਮੁਲਾਕਾਤ ਪ੍ਰਸਿੱਧ ਕਵੀ ਈਸ਼ਵਰ ਚਿੱਤਰਕਾਰ ਨਾਲ ਹੋਈ। ਉਸ ਦੇ ਸੰਪਰਕ ਵਿੱਚ ਆਉਣ ਨਾਲ ਤਸਨੀਮ ਦੇ ਸੋਚਣ ਢੰਗ ਵਿੱਚ ਮਹੱਤਵਪੂਰਨ ਤਬਦੀਲੀ ਆਈ। ਉਸ ਨੇ ਹੀ ਤਸਨੀਮ ਨੂੰ ਪੰਜਾਬੀ ਸਾਹਿਤ ਪੜ੍ਹਨ ਅਤੇ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਨਾ ਦਿੱਤੀ। ਉਸ ਨੇ ਪੰਜਾਬੀ ਸਾਹਿਤ ਦੀ ਝੋਲੀ ਕੁੱਲ ਦਸ ਨਾਵਲ-ਪਰਛਾਵੇ (1966), ਕਸਕ (1967), ਤ੍ਰੇੜਾਂ ਤੇ ਰੂਪ (1968), ਰੇਤਛਲ (1969), ਹਨੇਰਾ ਹੋਣ ਤੱਕ (1971), ਇੱਕ ਹੋਰ ਨਵਾਂ ਸਾਲ (1974), ਜਦੋਂ ਸਵੇਰ ਹੋਈ (1977), ਜੁਗਾਂ ਤੋਂ ਪਾਰ (1981), ਗੁਆਚੇ ਅਰਥ (1993), ਤਲਾਸ਼ ਕੋਈ ਸਦੀਵੀ (2008) ਤੇ ਕੁਝ ਆਲੋਚਨਾਤਮਿਕ ਪੁਸਤਕਾਂ ਪਾਈਆਂ। ਪੰਜਾਬੀ ਨਾਵਲ ਦਾ ਆਲੋਚਨਾਤਮਿਕ ਅਧਿਐਨ (1973), ਪੰਜਾਬੀ ਨਾਵਲ ਦਾ ਮੁਹਾਂਦਰਾ (1979), ਮੇਰੀ ਨਾਵਲ ਨਿਗਾਰੀ (1985), ਨਾਵਲ ਕਲਾ ਤੇ ਮੇਰਾ ਅਨੁਭਵ (1996)। ਇਸ ਤੋਂ ਇਲਾਵਾ ਤਸਨੀਮ ਨੇ ਆਪਣੀ ਸਾਹਿਤਿਕ ਸ੍ਵੈਜੀਵਨੀ ਆਇਨੈ ਦੇ ਰੂ-ਬਰੂ (2002) ਲਿਖੀ।

     ਤਸਨੀਮ ਨੇ ਆਪਣੀਆਂ ਗਲਪ ਰਚਨਾਵਾਂ ਵਿੱਚ ਦੱਸਿਆ ਹੈ ਕਿ ਸਾਨੂੰ ਯਥਾਰਥ (ਅਸਲੀਅਤ) ਨਾਲ ਸਮਝੌਤਾ ਕਰ ਕੇ ਜੀਵਨ ਨੂੰ ਖ਼ੁਸ਼ੀਆਂ ਭਰਪੂਰ ਬਣਾਉਣਾ ਚਾਹੀਦਾ ਹੈ। ਉਸ ਨੇ ਪਤੀ-ਪਤਨੀ ਦੇ ਪਿਆਰ ਤੇ ਸਮਝ ਨਾਲ ਰਹਿਣ ਨੂੰ ਸੁਖੀ ਜੀਵਨ ਦੀ ਕਸੌਟੀ ਮੰਨਿਆ ਹੈ। ਮਿਸਾਲ ਵਜੋਂ :

     ਇੱਕ ਹੋਰ ਨਵਾਂ ਸਾਲ ਨਾਵਲ ਵਿੱਚ ਰਿਕਸ਼ਾ ਚਾਲਕ ਬੰਤਾ ਸਿੰਘ ਦੀ ਜ਼ਿੰਦਗੀ ਦੇ ਇੱਕ ਦਿਨ ਦੇ ਸਮੁੱਚੇ ਵੇਰਵੇ ਪੇਸ਼ ਕੀਤੇ ਗਏ ਹਨ। ਬੰਤਾ ਸਿੰਘ ਸਾਰਾ ਦਿਨ ਰਿਕਸ਼ਾ ਚਲਾਉਂਦਾ ਹੈ ਤੇ ਉਸ ਦੇ ਰਿਕਸ਼ੇ ਉਪਰ ਵੱਖ-ਵੱਖ ਸਵਾਰੀਆਂ ਚੜ੍ਹਦੀਆਂ ਤੇ ਉੱਤਰਦੀਆਂ ਰਹਿੰਦੀਆਂ ਹਨ ਤੇ ਆਪਸ ਵਿੱਚ ਗੱਲਾਂ ਕਰਦੀਆਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦੀਆਂ ਹਨ। ਉਹਨਾਂ ਦੀਆਂ ਗੱਲਾਂ ਤੋਂ ਬੰਤਾ ਸਿੰਘ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਬਹੁਤ ਗ਼ਰੀਬ ਹੈ ਤੇ ਆਪਣੇ ਬੀਬੀ-ਬੱਚਿਆਂ ਦੀ ਦੇਖ- ਭਾਲ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ ਪਰੰਤੂ ਆਪਣੇ ਪੁੱਤਰ ਦੇ ਭਵਿੱਖ ਨੂੰ ਚੰਗੇਰਾ ਬਣਾਉਣ ਦੀ ਆਸ ਉਹ ਫਿਰ ਵੀ ਕਰਦਾ ਹੈ। ਇਸ ਤਰ੍ਹਾਂ ਬੇਸ਼ਕ ਉਹ ਜੀਵਨ ਦੀਆਂ ਔਕੜਾਂ ਨਾਲ ਜੂਝ ਰਿਹਾ ਪਾਤਰ ਹੈ ਪਰ ਉਹ ਕਦੇ ਵੀ ਹੌਸਲਾ ਨਹੀਂ ਹਾਰਦਾ ਤੇ ਹਰਦਮ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਉਸ ਦੇ ਮਨ ਵਿੱਚ ਸਧਰਾਂ ਹਨ, ਆਪਣੇ ਜੀਵਨ ਨੂੰ ਚੰਗੇ ਬਣਾਉਣ ਦੀ ਖ਼ਾਹਸ਼ ਹੈ, ਉਹ ਮਿਹਨਤ ਕਰਨ ਵਿੱਚ ਹੀ ਆਪਣੇ ਉੱਜਲੇ ਭਵਿੱਖ ਦੀ ਝਲਕ ਦੇਖਦਾ ਹੈ।

     ਜਦੋਂ ਸਵੇਰ ਹੋਈ ਨਾਵਲ ਵਿੱਚ ਦੇਸ਼ ਦੀ ਵੰਡ ਬਾਰੇ ਗੱਲ ਕੀਤੀ ਗਈ ਹੈ ਤੇ ਘਟਨਾ ਦਾ ਪ੍ਰਮੁਖ ਸਥਾਨ ਅੰਮ੍ਰਿਤਸਰ ਸ਼ਹਿਰ ਨੂੰ ਬਣਾਇਆ ਗਿਆ ਹੈ। ਲੇਖਕ ਦੱਸਦਾ ਹੈ ਕਿ ਦੇਸ ਦੀ ਵੰਡ ਤੋਂ ਪਹਿਲਾਂ ਹਿੰਦੂ, ਸਿੱਖ ਤੇ ਮੁਸਲਮਾਨ ਕਿਵੇਂ ਪਿਆਰ ਨਾਲ ਆਪਣਾ ਜੀਵਨ ਸੁਖੀ- ਸੁਖੀ ਬਤੀਤ ਕਰਦੇ ਹਨ ਪਰੰਤੂ ਮਾੜੀ ਸਿਆਸਤ ਇਹਨਾਂ ਵਿੱਚ ਫ਼ਿਰਕਾਪ੍ਰਸਤੀ ਦੇ ਬੀਜ ਬੀਜ ਦਿੰਦੀ ਹੈ ਤੇ ਉਹ ਆਪਸ ਵਿੱਚ ਲੜਨ ਲੱਗਦੇ ਹਨ।

     ਸਾਹਿਤ ਅਕਾਦਮੀ ਇਨਾਮ ਜੇਤੂ ਗਵਾਚੇ ਅਰਥ ਨਾਵਲ ਦਾ ਨਾਇਕ ਪ੍ਰੋ. ਬਲਬੀਰ ਕਿਸੇ ਕੰਮ ਲੁਧਿਆਣੇ ਤੋਂ ਅੰਮ੍ਰਿਤਸਰ ਜਾਂਦਾ ਹੈ ਅਤੇ ਆਪਣੇ ਜੱਦੀ ਮਕਾਨ ਵਿੱਚ ਕੁਝ ਦਿਨਾਂ ਲਈ ਠਹਿਰਦਾ ਹੈ। ਇਸ ਮੌਕੇ ਤੇ ਚੌਪੜਾ ਨਾਂ ਦੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਅਤੇ ਸ਼ਹਿਰ ਵਿੱਚ ਕਰਫ਼ਿਊ ਲੱਗ ਜਾਂਦਾ ਹੈ। ਬੇਸ਼ਕ ਇਹ ਨਾਵਲ ਸਤੰਬਰ 1985 ਦੇ ਪੰਜ ਦਿਨਾਂ ਤੱਕ ਸੀਮਿਤ ਹੈ ਪਰੰਤੂ ਨਾਵਲ ਦੇ ਕੇਂਦਰੀ ਪਾਤਰਾਂ ਨੇ ਚੇਤਨਾ ਰਾਹੀਂ ਪੰਜ ਦਿਨਾਂ ਦੇ ਛੋਟੇ ਜਿਹੇ ਸਮੇਂ ਨੂੰ ਸਮੁੱਚੀ ਵੀਹਵੀਂ ਸਦੀ ਤੱਕ ਦੇ ਵਕਫ਼ੇ ਵਿੱਚ ਵਾਪਰੀਆਂ ਸੰਪਰਦਾਇਕ ਸਿਆਸਤ ਦੀਆਂ ਅਨੇਕ ਸਥਿਤੀਆਂ ਤੱਕ ਫੈਲਾਇਆ ਹੈ। ਲੇਖਕ ਨੇ ਨਾਵਲ ਵਿੱਚ ਕਤਲੋਗਾਰਤ ਦਾ ਜ਼ਿਕਰ ਘੱਟ ਕੀਤਾ ਹੈ, ਨਿਤ ਵਿਹਾਰ ਵਿੱਚ ਉਸ ਤੋਂ ਪੈਦਾ ਹੋਣ ਵਾਲੀਆਂ ਦਿਕਤਾਂ ਦਾ ਵੱਧ। ਦੰਗਿਆਂ ਕਾਰਨ ਹਿੰਦੂ-ਸਿੱਖ ਦੋਸਤਾਂ ਤੇ ਆਂਢੀਆਂ-ਗੁਆਂਢੀਆਂ ਦੀ ਭਾਵੁਕ ਸਾਂਝ ਸੰਵੇਦਨਸ਼ੀਲ ਰੁੱਖ ਅਖ਼ਤਿਆਰ ਕਰ ਲੈਂਦੀ ਹੈ। ਜਿਸ ਦਾ ਸ਼ਿਕਾਰ ਕੇਂਦਰੀ ਪਾਤਰ ਪ੍ਰੋ. ਬਲਬੀਰ ਵੀ ਹੋ ਜਾਂਦਾ ਹੈ, ਜਦੋਂ ਉਸ ਦੀ ਮੁਲਾਕਾਤ ਆਪਣੇ ਇੱਕ ਪੁਰਾਣੇ ਵਿਦਿਆਰਥੀ ਨਾਲ ਹੁੰਦੀ ਹੈ ਤੇ ਉਹ ਵਿਦਿਆਰਥੀ ਯਕੀਨ ਦਿਵਾਉਂਦਾ ਹੈ ਕਿ ਉਹ ਬਲਬੀਰ ਦੇ ਦਰਸਾਏ ਚੰਗੇ ਰਸਤੇ ਤੇ ਚੱਲੇਗਾ ਤੇ ਆਪਣੇ ਅਧਿਆਪਕ ਵਾਂਗ ਆਪ ਇੱਕ ਦਿਨ ਅਧਿਆਪਕ ਬਣ ਕੇ ਭਾਰਤੀ ਲੋਕਾਂ ਵਿੱਚ ਮਜ਼੍ਹਬੀ ਪਿਆਰ ਤੇ ਆਪਸੀ ਸਾਂਝ ਦੇ ਬੀਜ ਬੀਜੇਗਾ। ਨਵੀਂ ਪੀੜ੍ਹੀ ਦਾ ਇਹ ਆਦਰਸ਼ ਪ੍ਰੋ. ਬਲਬੀਰ ਦੀ ਤਿੜਕੀ ਹੋਈ ਮਾਨਸਿਕਤਾ ਵਿੱਚ ਨਵੀਂ ਸੋਚ ਅਤੇ ਨਵੀਂ ਸੋਝੀ ਦੀਆਂ ਆਸ਼ਾਮਈ ਕਿਰਨਾਂ ਬਿਖੇਰ ਦਿੰਦੀ ਹੈ।

     ਤਲਾਸ਼ ਕੋਈ ਸਦੀਵੀ ਵਿੱਚ ਲੇਖਕ ਨੇ ਦੱਸਿਆ ਹੈ ਕਿ ਕਿਵੇਂ ਪਿਛਲੀ ਅੱਧੀ ਸਦੀ ਵਿੱਚ ਮਨੁੱਖੀ ਸੋਚ ਬਦਲੀ ਹੈ ਅਤੇ ਮਨੁੱਖੀ ਸੰਬੰਧਾਂ ਵਿੱਚ ਤ੍ਰੇੜਾਂ ਕਿਵੇਂ ਆਈਆਂ ਹਨ। ਇਸ ਤਰ੍ਹਾਂ ਨਰਿੰਜਨ ਤਸਨੀਮ ਨੇ ਆਪਣੇ ਨਾਵਲਾਂ ਵਿੱਚ ਮਨੋਵਿਗਿਆਨਿਕ ਵੇਰਵੇ ਤੇ ਬਰੀਕੀ ਨਾਲ ਆਪਣੇ ਪਾਤਰਾਂ ਦੀ ਮਨੋ-ਅਵਸਥਾ ਦੇ ਰੁਮਾਂਸ, ਅਕੇਵੇਂ, ਘੁਟਨ, ਉਦਾਸੀ, ਉਲਝਣ, ਤੜਪ ਨੂੰ ਰੂਪਮਾਨ ਕੀਤਾ ਹੈ। ਆਪਣੀ ਚੰਗੀ ਕਾਰਗੁਜ਼ਾਰੀ ਕਾਰਨ ਹੀ ਉਸ ਨੇ ਹੁਣ ਤੱਕ ਕਾਫ਼ੀ ਮਾਣ-ਸਨਮਾਨ ਪ੍ਰਾਪਤ ਕੀਤਾ ਹੈ। ਇਸ ਮਾਨਤਾ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਧਾਲੀਵਾਲ ਪੁਰਸਕਾਰ (1993), ਸਾਹਿਤ ਸੰਸਥਾਨ ਲੁਧਿਆਣਾ ਵੱਲੋਂ ਸਰਬੋਤਮ ਪੰਜਾਬੀ ਗਲਪਕਾਰ (1994), ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਸਟੇਟ ਪੁਰਸਕਾਰ (1995), ਇੰਡੀਅਨ ਇੰਟਰਨੈਸ਼ਨਲ ਫਰੈਂਡਸ਼ਿਪ ਸੁਸਾਇਟੀ, ਨਵੀਂ ਦਿੱਲੀ ਵੱਲੋਂ ਭਾਰਤ ਗੌਰਵ ਪੁਰਸਕਾਰ (1996), ਫ਼ੈਲੋ ਆਫ਼ ਯੂਨਾਈਟਿਡ ਰਾਈਟਰਜ਼ ਐਸੋਸੀਏਸ਼ਨ ਮਦਰਾਸ (FUWAI), ਫ਼ੈਲੋ ਆਫ਼ ਇੰਡੀਅਨ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀਜ਼ (IIAS) ਸ਼ਿਮਲਾ, ਸਾਹਿਤ ਅਕਾਦਮੀ ਪੁਰਸਕਾਰ ਤੇ ਹਸਰਤ ਯਾਦਗਾਰੀ ਪੁਰਸਕਾਰ (2003) ਸ਼ਾਮਲ ਹਨ।


ਲੇਖਕ : ਅਮਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.