ਨਲੂਛੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਲੂਛੀ. ਰਿਆਸਤ ਜੰਮੂ, ਜਿਲਾ ਤਸੀਲ ਅਤੇ ਥਾਣਾ। ਮੁਜੱਫ਼ਰਾਬਾਦ ਵਿੱਚ ਇੱਕ ਪਿੰਡ , ਜੋ ਮੁਜੱਫ਼ਰਾਬਾਦ ਤੋਂ ਪੁਲੋਂ ਪਾਰ ਪੱਛਮ ਵੱਲ ਕ਼ਰੀਬ ਦੋ ਮੀਲ ਹੈ. ਰਾਵਲ-ਪਿੰਡੀ ਤੋਂ ਮੁਜੱਫਰਾਬਾਦ ਤੀਕ ਤਾਂਗੇ ਮੋਟਰਾਂ ਜਾਂਦੇ ਹਨ. ਇਸ ਪਿੰਡ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਇੱਥੇ ਕਸ਼ਮੀਰ ਨੂੰ ਕ੍ਰਿਤਾਰਥ ਕਰਨ ਵੇਲੇ ਆਕੇ ਵਿਰਾਜੇ ਹਨ. ਗੁਰੂ ਸਾਹਿਬ ਨੇ ਬਰਛਾ ਮਾਰਕੇ ਇਸ ਥਾਂ ਇੱਕ ਜਲ ਦਾ ਚਸ਼ਮਾ ਕੱਢਿਆ ਹੈ. ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦ੍ਵਾਰੇ ਦੇ ਨਾਲ ਤਿੰਨ ਹਜ਼ਾਰ ਦੀ ਜਾਗੀਰ ਲਗਾਈ ਸੀ, ਜੋ ਪੁਜਾਰੀ ਆਪਣੇ ਨਾਮ ਕਰਾਕੇ ਛਕ ਗਏ. ਪੁਜਾਰੀ ਸਿੰਘ ਹੈ. ਵੈਸਾਖੀ ਨੂੰ ਮੇਲਾ ਅਤੇ ਹਰ ਐਤਵਾਰ ਨੂੰ ਸਾਧਾਰਣ ਜੋੜ ਮੇਲ ਹੁੰਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਲੂਛੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਲੂਛੀ (ਪਿੰਡ): ਕਸ਼ਮੀਰ ਰਿਆਸਤ ਦੇ ਮੁਜ਼ਫ਼ਰਾਬਾਦ ਨਗਰ ਤੋਂ 2 ਕਿ.ਮੀ. ਦੀ ਵਿਥ ਉਤੇ ਪੱਛਮ ਦਿਸ਼ਾ ਵਿਚ ਵਸਿਆ ਇਕ ਪੁਰਾਤਨ ਪਿੰਡ ਜਿਥੇ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਨ 1620 ਈ. ਵਿਚ ਆਪਣੀ ਕਸ਼ਮੀਰ ਯਾਤ੍ਰਾ ਵੇਲੇ ਚਰਣ ਪਾਏ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ਗੁਰਦੁਆਰਾ ਬਣਾਇਆ ਗਿਆ। ਕਸ਼ਮੀਰ ਦੀ ਜਿਤ ਤੋਂ ਬਾਦ ਮਹਾਰਾਜਾ ਰਣਜੀਤ ਸਿੰਘ ਉਸ ਗੁਰੂ-ਧਾਮ ਦੇ ਦਰਸ਼ਨ ਕਰਨ ਲਈ ਗਿਆ ਅਤੇ ਤਿੰਨ ਹਜ਼ਾਰ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਗੁਰਦੁਆਰੇ ਦੇ ਨਾਂ ਲਗਵਾਈ। ਵਿਸਾਖੀ ਵਾਲੇ ਦਿਨ ਉਸ ਸਥਾਨ ਉਤੇ ਬਹੁਤ ਵੱਡਾ ਇਕੱਠ ਹੁੰਦਾ ਸੀ। ਪਰ ਅਕਤੂਬਰ 1947 ਈ. ਵਿਚ ਇਸ ਸਾਰੇ ਇਲਾਕੇ ਨੂੰ ਕਬਾਇਲੀਆਂ ਨੇ ਆਪਣੇ ਅਧੀਨ ਕਰ ਲਿਆ ਅਤੇ ਇਸ ਗੁਰਦੁਆਰੇ ਵਿਚ ਇਕੱਠੇ ਹੋਏ ਬਹੁਤ ਸਾਰੇ ਸਿੱਖਾਂ ਨੂੰ ਮਾਰ ਦਿੱਤਾ। ਉਦੋਂ ਤੋਂ ਸਿੱਖਾਂ ਨੂੰ ਇਸ ਗੁਰੂ- ਧਾਮ ਦਾ ਵਿਛੋੜਾ ਸਹਿਨ ਕਰਨਾ ਪੈ ਰਿਹਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First