ਨਿਗੁਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਗੁਰਾ [ਵਿਸ਼ੇ] ਜਿਸ ਦਾ ਕੋਈ ਗੁਰੂ ਨਾ ਹੋਵੇ, ਬੇਅਸੂਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1636, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਿਗੁਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਗੁਰਾ. ਵਿ—ਜਿਸ ਦਾ ਗੁਰੂ ਨਹੀਂ. ਮਨਮੁਖ । ੨ ਸਤਿਗੁਰੂ ਨਾਨਕਦੇਵ ਉੱਪਰ ਵਿਸ਼੍ਵਾਸ ਨਾ ਕਰਨ ਵਾਲਾ. “ਨਿਗੁਰੇ ਆਵਣ ਜਾਵਣਿਆ.” (ਮਾਝ ਅ: ਮ: ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿਗੁਰਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਿਗੁਰਾ (ਵਿਅਕਤੀ): ਸਿੱਖ ਧਰਮ-ਸਾਧਨਾ ਵਿਚ ਸਤਿਗੁਰੂ ਜਾਂ ਗੁਰੂ (ਵੇਖੋ) ਦੇ ਮਹੱਤਵ ਉਤੇ ਇਤਨਾ ਅਧਿਕ ਪ੍ਰਕਾਸ਼ ਪਾਇਆ ਗਿਆ ਹੈ ਕਿ ਗ੍ਰੰਥ ਸਾਹਿਬ ਦਾ ਕੋਈ ਵੀ ਪੰਨਾ ਗੁਰੂ ਨਾਲ ਸੰਬੰਧਿਤ ਕਿਸੇ ਤੱਥ ਤੋਂ ਖ਼ਾਲੀ ਨਹੀਂ ਹੈ। ਸਪੱਸ਼ਟ ਹੈ ਜਿਗਿਆਸੂ ਲਈ ਗੁਰੂ ਦੀ ਅਤਿ ਅਧਿਕ ਆਵੱਸ਼ਕਤਾ ਹੈ। ਜੋ ਵਿਅਕਤੀ ਗੁਰੂ ਵਾਲਾ ਨਹੀਂ ਬਣਦਾ ਅਤੇ ਗੁਰੂ ਤੋਂ ਬੇਮੁਖ ਰਹਿੰਦਾ ਹੈ, ਉਹ ‘ਨਿਗੁਰਾ’ ਹੈ। ਸਿੱਖ ਧਰਮ ਵਿਚ ਨਿਗੁਰੇ ਵਿਅਕਤੀ ਦਾ ਕੋਈ ਸਥਾਨ ਨਹੀਂ ਹੈ। ਸਿੱਖ ਇਤਿਹਾਸ ਤੋਂ ਭਲੀ-ਭਾਂਤ ਸਪੱਸ਼ਟ ਹੈ ਕਿ ਗੁਰੂ ਨ ਧਾਰਣ ਕਰਨ ਦੀ ਘਾਟ ਨੂੰ ਗੁਰੂ ਅਮਰਦਾਸ ਜੀ ਨੇ ਬਿਰਧ ਅਵਸਥਾ ਵਿਚ ਪੂਰਾ ਕੀਤਾ ਅਤੇ ਆਪਣੇ ਤੋਂ ਕਾਫ਼ੀ ਉਮਰ ਵਿਚ ਛੋਟੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਣ ਕਰਕੇ ਉਨ੍ਹਾਂ ਦੀ ਅਦੁੱਤੀ ਸੇਵਾ ਕੀਤੀ ਅਤੇ ਆਪ ਵੀ ਗੁਰੂ-ਰੂਪ ਹੋ ਗਏ।
ਗੁਰੂ ਗ੍ਰੰਥ ਸਾਹਿਬ ਵਿਚ ਨਿਗੁਰੇ ਵਿਅਕਤੀ ਬਾਰੇ ਵੀ ਕਈਆਂ ਪ੍ਰਸੰਗਾਂ ਵਿਚ ਟਿੱਪਣੀ ਕੀਤੀ ਗਈ ਮਿਲਦੀ ਹੈ। ਸਚ ਤਾਂ ਇਹ ਹੈ ਕਿ ਮਹਾਤਮਾ ਬੁੱਧ ਤੋਂ ਬਾਦ ਗੁਰੂ ਸੰਬੰਧੀ ਭਾਰਤੀ ਧਰਮ-ਸਾਧਨਾ ਵਿਚ ਜੋ ਸੰਕਲਪ ਵਿਕਸਿਤ ਹੋਇਆ, ਉਸ ਵਿਚ ਨਿਗੁਰੇ ਦਾ ਕੋਈ ਸਥਾਨ ਨਹੀਂ ਹੈ। ਭਰਥਰੀ ਯੋਗੀ ਦੇ ਮਤ ਅਨੁਸਾਰ ਗੁਰੂ ਦੇ ਗਿਆਨ ਤੋਂ ਵਾਂਝਿਆ ਯੋਗੀ ਵਿਅਰਥ ਵਿਚ ਸੰਸਾਰ ਵਿਚ ਭਟਕਦਾ ਰਹਿੰਦਾ ਹੈ— ਗੁਰ ਗਯਾਂਨ ਹੀਣਾਂ ਫਿਰੋ ਮੂੜ੍ਹ ਜੋਗੀ।
ਗੁਰੂ ਨਾਨਕ ਦੇਵ ਜੀ ਨੇ ਨਿਗੁਰੇ ਦਾ ਲੱਛਣ ਕਲਰੀ-ਭੂਮੀ ਵਾਲਾ ਦਸਿਆ ਹੈ ਜਿਸ ਵਿਚੋਂ ਕੁਝ ਵੀ ਪੈਦਾ ਨਹੀਂ ਹੁੰਦਾ—ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ। (ਗੁ.ਗ੍ਰੰ.1275)। ਉਹ ਬਿਨਾ ਜਲ ਦੇ ਡੁਬ ਮਰਦਾ ਹੈ। ‘ਆਸਾ ਕੀ ਵਾਰ ’ ਵਿਚ ਉਹ ਝੂਠੇ ਤਿੱਲਾਂ ਦੇ ਬੂਟਿਆਂ ਵਾਂਗ ਦਸਿਆ ਗਿਆ ਹੈ ਜਿਨ੍ਹਾਂ ਨੂੰ ਤਿਰਸਕਾਰ ਪੂਰਵਕ ਛਡ ਦਿੱਤਾ ਜਾਂਦਾ ਹੈ ਅਤੇ ਅੰਤ ਵਿਚ ਸਿਵਾਏ ਸੁਆਹ ਦੇ ਉਨ੍ਹਾਂ ਤੋਂ ਹੋਰ ਕੁਝ ਵੀ ਉਪਲਬਧ ਨਹੀਂ ਹੁੰਦਾ—ਨਾਨਕ ਗੁਰੂ ਨ ਚੇਤਨੀ ਮਨ ਆਪਣੈ ਸੁਚੇਤ। ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ। (ਗੁ.ਗ੍ਰੰ.463)।
ਗੁਰੂ ਅਮਰਦਾਸ ਜੀ ਨੇ ਨਿਗੁਰੇ ਦਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਸੰਭਵ ਨਹੀਂ ਮੰਨਿਆ। ਉਹ ਅਵਗੁਣਾਂ ਕਰਕੇ ਦੁਖ ਸਹਿਨ ਕਰਦਾ ਹੈ— ਨਿਗੁਰੇ ਕਉ ਗਤਿ ਕਾਈ ਨਾਹੀ। ਅਵਗਣਿ ਮੁਠੇ ਚੋਟਾ ਖਾਹੀ। (ਗੁ.ਗ੍ਰੰ.361)। ਗੁਰੂ ਜੀ ਨੇ ‘ਪਟੀ ’ ਨਾਂ ਦੀ ਰਚਨਾ ਵਿਚ ਨਿਗੁਰੇ ਨੂੰ ਬੁਰੇ ਨਾਂ ਵਾਲਾ ਕਿਹਾ ਹੈ—ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਰਗੁਰੇ ਕਾ ਹੈ ਨਾਉ ਬੁਰਾ। (ਗੁ.ਗ੍ਰੰ.435)। ਨਿਗੁਰਾ ਵਿਅਕਤੀ ਸਦਾ ਆਵਾਗਵਣ ਵਿਚ ਉਲਝਿਆ ਰਹਿੰਦਾ ਹੈ—ਸੋ ਨਿਗੁਰਾ ਜੋ ਮਰਿ ਮਰਿ ਜੰਮੇ ਨਿਗੁਰੇ ਆਵਣ ਜਾਵਣਿਆ। (ਗੁ.ਗ੍ਰੰ.117)। ਗੁਰੂ ਰਾਮਦਾਸ ਜੀ ਨੇ ਸਪੱਸ਼ਟ ਕਿਹਾ ਹੈ ਕਿ ਨਿਗੁਰਾ ਭਾਵੇਂ ਬਹੁਤ ਗੱਲਾਂ ਜਾਣਦਾ ਹੈ, ਪਰ ਅਸਲੋਂ ਉਹ ਈਸ਼ਵਰੀ ਦਰਗਾਹ ਤੋਂ ਭ੍ਰਸ਼ਟਿਆ ਹੋਇਆ ਹੈ— ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ। (ਗੁ.ਗ੍ਰੰ.528)।
ਗੁਰੂ ਨਾਨਕ ਦੇਵ ਜੀ ਨੇ ਸਾਰੰਗ ਰਾਗ ਵਿਚ ਰਾਗਾਂ, ਵੇਦਾਂ, ਚੰਦ੍ਰਮਾ , ਸੂਰਜ , ਅੰਨ , ਧਰਤੀ , ਜਲ ਆਦਿ ਵਿਚ ਕਿਸੇ ਪ੍ਰਕਾਰ ਦੀ ਜੂਠ ਦੀ ਕਲਪਨਾ ਨ ਕਰਕੇ, ਗੁਰੂ ਤੋਂ ਮੂੰਹ ਫੇਰਨ ਵਾਲੇ ਨਿਗੁਰੇ ਵਿਅਕਤੀ ਦਾ ਹੀ ਮੁਖ ਜੂਠਾ ਦਸਿਆ ਹੈ ਕਿਉਂਕਿ ਉਹ ਗੁਣਹੀਨ ਹੈ—ਨਾਨਕ ਨਿਗੁਰਿਆ ਗੁਣੁ ਨਾਹੀ ਕੋਇ। ਮੁਹਿ ਫੇਰਿਐ ਮੁਹੁ ਜੂਠਾ ਹੋਇ। (ਗੁ.ਗ੍ਰੰ. 1240)। ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਜਿਥੇ ਗੁਰੂ ਦੀ ਸਰਪ੍ਰਸਤੀ ਹਾਸਲ ਕਰਨ ਲਈ ਜਿਗਿਆਸੂ ਨੂੰ ਪ੍ਰੇਰਿਆ ਗਿਆ ਹੈ, ਉਥੇ ਗੁਰੂ ਨ ਧਾਰਣ ਕਰਨ ਵਾਲੇ ਨਿਗੁਰੇ ਵਿਅਕਤੀ ਨੂੰ ਨਕਾਰਿਆ ਵੀ ਗਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਨਿਗੁਰਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਨਿਗੁਰਾ ਜਿਸਦਾ ਕੋਈ ਗੁਰੂ ਨਹੀ ; ਗੁਰਹੀਣ- ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First