ਨਿਰਮਲ ਪੰਚਾਇਤੀ ਅਖਾੜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਰਮਲ ਪੰਚਾਇਤੀ ਅਖਾੜਾ: ਉਦਾਸੀ ਸੰਪ੍ਰਦਾਇ ਵਾਲੇ ਸਾਧੂਆਂ ਦੁਆਰਾ ਆਪਣਾ ਵਖਰਾ ਅਖਾੜਾ ਬਣਾ ਲੈਣ ਦੇ ਉਦੇਸ਼ ਤੋਂ ਪ੍ਰੇਰਿਤ ਹੋ ਕੇ ਅਤੇ ਹੋਰਨਾਂ ਮਤਾਂ ਦੇ ਸਾਧੂਆਂ ਤੋਂ ਨਿਰਮਲ ਸੰਤਾਂ ਦੇ ਹੁੰਦੇ ਅਪਮਾਨ ਨੂੰ ਮੁਖ ਰਖ ਕੇ ਨਿਰਮਲ ਸੰਪ੍ਰਦਾਇ ਦੇ ਮੁਖੀ ਸੰਤਾਂ—ਭਾਈ ਤੋਤਾ ਸਿੰਘ , ਰਾਮ ਸਿੰਘ , ਮਤਾਬ ਸਿੰਘ, ਹੀਰਾ ਸਿੰਘ , ਗੁਲਾਬ ਸਿੰਘ , ਦਿਆਲ ਸਿੰਘ, ਨਾਰਾਇਨ ਸਿੰਘ ਅਤੇ ਮਸਤਾਨ ਸਿੰਘ ਨੇ ਆਪਣਾ ਸੁਤੰਤਰ ਅਖਾੜਾ ਸਥਾਪਿਤ ਕਰਨ ਦਾ ਮਨ ਬਣਾਇਆ। ਇਸ ਅਖਾੜੇ ਨੂੰ ਕਾਇਮ ਕਰਨ ਲਈ ਫੁਲਕੀਆ ਰਿਆਸਤਾਂ ਦੇ ਮਹਾਰਾਜਿਆਂ ਨੂੰ ਪ੍ਰੇਰਿਤ ਕੀਤਾ। ਮਹਾਰਾਜਾ ਨਰਿੰਦਰ ਸਿੰਘ (ਪਟਿਆਲਾ), ਮਹਾਰਾਜਾ ਭਰਪੂਰ ਸਿੰਘ (ਨਾਭਾ) ਅਤੇ ਮਹਾਰਾਜਾ ਸਰੂਪ ਸਿੰਘ (ਸੰਗਰੂਰ) ਨੇ ਧਨ ਅਤੇ ਜਾਗੀਰ ਦੇ ਕੇ ਪਟਿਆਲਾ ਨਗਰ ਵਿਚ ਸੰਨ 1861 ਈ. ਵਿਚ ਨਿਰਮਲ ਅਖਾੜਾ ਕਾਇਮ ਕੀਤਾ। ਇਸ ਅਖਾੜੇ ਦਾ ਨਾਂ ‘ਧਰਮਧੁਜਾ’ ਰਖਿਆ ਗਿਆ। ਇਸ ਦਾ ਪਹਿਲਾ ਸ੍ਰੀਮਹੰਤ ਭਾਈ ਮਤਾਬ ਸਿੰਘ ਨੂੰ ਥਾਪਿਆ ਗਿਆ। ਤਿੰਨਾਂ ਰਿਆਸਤਾਂ ਨੇ ਮਿਲ ਕੇ ਇਸ ਅਖਾੜੇ ਦੀ ਵਿਵਸਥਾ ਸੰਬੰਧੀ 30 ਮੱਦਾਂ ਦਾ ‘ਦਸਤੂਰੁਲ ਅਮਲ ’ ਤਿਆਰ ਕੀਤਾ ਜਿਸ ਦੀ ਪ੍ਰਵਾਨਗੀ 12 ਅਗਸਤ 1862 ਈ. ਨੂੰ ਹੋਈ। ਇਸ ਦੇ ਪਹਿਲੇ ਦੋ ਨਿਯਮ ਪੰਥਕ ਮਰਯਾਦਾ ਤੋਂ ਵਿਸ਼ੇਸ਼ ਧਿਆਨਯੋਗ ਹਨ, ਜਿਵੇਂ—(1) ਇਕ ਸ੍ਰੀਮਹੰਤ ਤਿੰਨਾਂ ਰਿਆਸਤਾਂ ਦੀ ਸਲਾਹ ਨਾਲ ਅਤੇ ਚਾਰ ਮਹੰਤ ਹੋਰ , ਜੋ ਪੰਜ ਕੱਕਿਆਂ ਦੀ ਰਹਿਤ ਵਾਲੇ ਹੋਣ , ਸ੍ਰੀਮਹੰਤ ਦੀ ਸਲਾਹ ਨਾਲ ਥਾਪੇ ਜਾਣਗੇ। (2) ਜੋ ਲਾਂਗਰੀ ਅਖਾੜੇ ਵਿਚ ਪ੍ਰਸਾਦ ਤਿਆਰ ਕਰਨ ਵਾਲੇ ਹੋਣ, ਉਹ ਭੀ ਇਸੇ ਰਹਿਤ ਵਾਲੇ ਹੋਣਗੇ। ਬਾਕੀ ਦੇ ਨਿਯਮ ਆਮਦਨ , ਖ਼ਰਚ ਅਤੇ ਪ੍ਰਬੰਧ ਸੰਬੰਧੀ ਹਨ।

ਕਾਲਾਂਤਰ ਵਿਚ ਇਸ ਅਖਾੜੇ ਦਾ ਸਦਰ ਮੁਕਾਮ ਕਨਖਲ ਵਿਚ ਬਣਾ ਦਿੱਤਾ ਗਿਆ। ਭਾਈ ਮਤਾਬ ਸਿੰਘ ਤੋਂ ਬਾਦ ਭਾਈ ਰਾਮ ਸਿੰਘ ਕੁਬੇਰੀਆ ਸ੍ਰੀਮਹੰਤ ਬਣੇ ਜਿਨ੍ਹਾਂ ਨੇ ਅਖਾੜੇ ਦਾ ਬਹੁਤ ਵਿਸਤਾਰ ਕੀਤਾ ਅਤੇ ਪ੍ਰਮੁਖ ਤੀਰਥਾਂ ਉਤੇ ਆਪਣੇ ਡੇਰੇ ਕਾਇਮ ਕੀਤੇ। ਸੰਨ 1935 ਈ. ਤੋਂ ਬੜੇ ਲੰਬੇ ਸਮੇਂ ਤਕ ਪੰਡਿਤ ਸੁੱਚਾ ਸਿੰਘ ਜੀ (ਵੇਖੋ) ਨਿਰਮਲ ਪੰਚਾਇਤੀ ਅਖਾੜੇ ਦੇ ‘ਸ਼੍ਰੀਮਹੰਤ’ ਰਹੇ। ਉਨ੍ਹਾਂ ਦੇ ਦੇਹਾਂਤ ਤੋਂ ਬਾਦ ਪਿਛਲੇ ਕੁਝ ਵਰ੍ਹਿਆਂ ਤੋਂ ਸੁਆਮੀ ਗਿਆਨ ਦੇਵ ਸਿੰਘ ਜੀ ‘ਸ਼੍ਰੀਮਹੰਤ’ ਚਲੇ ਆ ਰਹੇ ਹਨ।

ਨਿਰਮਲ ਪੰਚਾਇਤੀ ਅਖਾੜੇ ਵਲੋਂ ਧਰਮ ਪ੍ਰਚਾਰ ਲਈ ਇਕ ਰਮਤਾ ਅਖਾੜਾ ਵੀ ਕਾਇਮ ਕੀਤਾ ਗਿਆ, ਜੋ ਘੁੰਮ ਫਿਰ ਕੇ ਸਿੱਖੀ ਦਾ ਪ੍ਰਚਾਰ ਕਰਦਾ ਆ ਰਿਹਾ ਹੈ।

ਨਿਰਮਲ ਪੰਚਾਇਤੀ ਅਖਾੜੇ ਦੀਆਂ ਹੋਰ ਸ਼ਾਖਾਵਾਂ ਇਸ ਪ੍ਰਕਾਰ ਹਨ—

(1)    ਪਿੰਡ ਏਕੜ , ਜੋ ਕਨਖਲ ਤੋਂ 8 ਕਿ.ਮੀ. ਦੀ ਵਿਥ ਉਤੇ ਹੈ।

(2)    ਪ੍ਰਯਾਗ ਰਾਜ , ਪੀਲੀ ਕੋਠੀ , ਕੀਟਗੰਜ (ਅਲਾਹਾਬਾਦ)

(3)    ਗੁਰਦੁਆਰਾ ਪੱਕੀ ਸੰਗਤ , ਪ੍ਰਯਾਗ ਰਾਜ

(4)    ਗੁਰਦੁਆਰਾ ਬਾਲ ਲੀਲ੍ਹਾ (ਮੈਣੀ ਸੰਗਤ), ਪਟਨਾ

(5)    ਸੰਗਤ ਵੀਰ ਸਿੰਘ ਅਤੇ ਸੰਗਤ ਸ਼ੇਰ ਸਿੰਘ ਜੀ, ਕਾਸ਼ੀ

(6)    ਪੀਲੀਭੀਤ (ਉਤਰ ਪ੍ਰਦੇਸ਼)

(7)    ਉਜੈਨ

(8)    ਤ੍ਰਿਬੰਕ

(9)    ਧਰਮਧੁਜਾ, ਪਟਿਆਲਾ

(10)  ਧਰਮਧੁਜਾ, ਸੰਗਰੂਰ

(11)   ਧਰਮਧੁਜਾ, ਨਾਭਾ

(12)  ਹਵੇਲੀ ਸਿੰਘਪੁਰੀਆ, ਕੁਰੁਕੑਸ਼ੇਤ੍ਰ

(13)      ਡੇਰਾ ਸੰਤ ਕਲਿਆਣ ਸਿੰਘ ਜੀ, ਲਾਹੌਰ

ਮਹੰਤ ਦਿਆਲ ਸਿੰਘ ਨੇ ਆਪਣੇ ਇਤਿਹਾਸ ‘ਨਿਰਮਲ ਪੰਥ ਦਰਸ਼ਨ’ ਵਿਚ ਨਿਰਮਲ ਭੇਖ ਦੇ ਆਰੰਭ ਤੋਂ ਲੈ ਕੇ ਪਾਕਿਸਤਾਨ ਵਿਚ ਰਹੇ ਡੇਰਿਆਂ ਅਤੇ ਉਤਰ ਭਾਰਤ ਵਿਚ ਵਰਤਮਾਨ ਸਾਰੇ ਡੇਰਿਆਂ ਦੇ ਇਤਿਹਾਸ ਨੂੰ 33 ਸੰਪ੍ਰਦਾਵਾਂ ਵਿਚ ਵੰਡਿਆ ਹੈ, ਜਿਵੇਂ ਸੰਪ੍ਰਦਾਇ ਠਾਕੁਰਾਂ, ਨੌਰੰਗਾਬਾਦ , ਹੋਤੀ ਮਰਦਾਨ, ਦੁਭੇਰਨੀ, ਭਗੀਰਥੀ, ਗੰਧੀਆਂ, ਮੰਗਵਾਲ, ਪੰਡੋਰੀ ਨਿਝਰਾਂ, ਖਡੂਰੀਆਂ, ਕੁਬੇਰੀਆਂ, ਬਿਲੌਂਗੀ, ਠਾਕੁਰ ਬਹਾਲ ਸਿੰਘ, ਗੁਰੂਸਰੀਆਂ, ਗਿਰਵੜੀ, ਬਰਨਾਲਾ, ਡਰੌਲੀ, ਮੁਕਤਸਰੀਆਂ, ਮਹਿਮੇਸ਼ਾਹੀਆਂ, ਜਲਾਲ, ਸੇਖਵਾਂ ਦੋਦਾਂ , ਠੀਕਰੀਵਾਲਾ, ਦੌਦਰ, ਗੁਰੂ ਮਾਂਗਟ , ਨਗਾਲੀ ਸਾਹਿਬ, ਕਾਸ਼ੀ , ਰਾਮ ਤੀਰਥੀਆਂ, ਅੱਡਣਸ਼ਾਹੀ ਨਿਰਮਲੇ, ਬਾਬਾ ਗੁਰਮੁਖ ਸਿੰਘ , ਦਮਦਮੀਆਂ, ਬਾਬਾ ਕੂਮਾ ਸਿੰਘ, ਅਯੁਧਿਆ ਵਾਸੀ , ਬ੍ਰਿੰਦਾਬਨੀਏ, ਕਾਦੀਆਂ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.