ਨਿਰੁਕਤੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਰੁਕਤੀ: ਨਿਰੁਕਤੀ (Etymology) ਤੋਂ ਭਾਵ ਕਿਸੇ ਸ਼ਬਦ ਦੇ ਮੂਲ ਰੂਪ ਅਤੇ ਅਰਥਾਂ ਦੀ ਪਛਾਣ ਕਰਨੀ ਹੁੰਦੀ ਹੈ। ਕਿਸੇ ਵੀ ਭਾਸ਼ਾ/ਬੋਲੀ ਦੇ ਬੋਲੇ ਜਾਣ ਵਾਲੇ ਜੋ ਸ਼ਬਦ ਅੱਜ ਵਰਤੋਂ ਵਿੱਚ ਹਨ, ਉਹਨਾਂ ਦਾ ਸਰੂਪ ਹਮੇਸ਼ਾਂ ਅਜਿਹਾ ਨਹੀਂ ਸੀ। ਇਹ ਸਾਡੇ ਤੱਕ ਵੱਖ-ਵੱਖ ਸਮਿਆਂ ਵਿੱਚ ਰੂਪ ਬਦਲ-ਬਦਲ ਕੇ ਪਹੁੰਚੇ ਹਨ। ਜਿਹੜੀ ਬੋਲੀ ਵਰਤਮਾਨ ਵਿੱਚ ਬੋਲੀ ਜਾਂਦੀ ਹੈ, ਸਾਡੇ ਵੱਡੇ-ਵਡੇਰਿਆਂ (ਪੁਰਖਿਆਂ) ਕੋਲ ਇਸ ਤੋਂ ਪਹਿਲਾਂ ਦਾ ਕੋਈ ਹੋਰ ਰੂਪ ਸੀ। ਭਾਸ਼ਾ ਦਾ ਅਧਿਐਨ ਕਰਨ ਵਾਲੇ ਵਿਦਵਾਨਾਂ (ਭਾਸ਼ਾ-ਵਿਗਿਆਨੀਆਂ) ਨੇ ਇਤਿਹਾਸ ਵਿੱਚ ਸਮੇਂ-ਸਮੇਂ, ਵੱਖ-ਵੱਖ ਪੜਾਵਾਂ ਤੇ, ਬਦਲੇ ਹੋਏ ਇਹਨਾਂ ਭਾਸ਼ਾ ਰੂਪਾਂ ਨੂੰ ਵੱਖ-ਵੱਖ ਨਾਂ ਦਿੱਤੇ ਹਨ।

     ਬੋਲੀਆਂ ਆਪਣੇ ਮੂਲ ਤੋਂ ਦੋ ਪ੍ਰਕਾਰ ਦਾ ਵਿਸਤਾਰ ਗ੍ਰਹਿਣ ਕਰਦੀਆਂ ਹਨ। ਇੱਕ ਤਾਂ ਭਾਸ਼ਾ ਆਪ ਵੱਖ-ਵੱਖ ਪੀੜ੍ਹੀਆਂ ਉੱਤਰਦੀ ਹੁਣ ਤੱਕ ਦੀ ਵਰਤੋਂ ਵਾਲੀ ਬੋਲੀ ਤੱਕ ਪਹੁੰਚਦੀ ਹੈ। ਦੂਜਾ, ਮੂਲ ਤੋਂ ਵਿਛੜ ਕੇ ਕਿਸੇ ਵੱਖਰੀ ਸ਼ਾਖ ਰਾਹੀਂ ਕਿਸੇ ਹੋਰ ਭਾਸ਼ਾ ਦਾ ਰੂਪ ਧਾਰਨ ਕਰਦਿਆਂ, ਉਸ ਦਾ ਵੱਖਰਾ ਅਤੇ ਸੁਤੰਤਰ ਵਿਸਤਾਰ ਭਿੰਨ ਪੀੜ੍ਹੀਆਂ ਰਾਹੀਂ ਹੁੰਦਾ ਰਹਿੰਦਾ ਹੈ। ਜਿਵੇਂ ਅਸੀਂ ਆਪਣੇ ਪਰਿਵਾਰਾਂ ਦੇ ਦਾਦੇ-ਪੜਦਾਦੇ, ਨਕੜਦਾਦੇ ਆਦਿ ਤੋਂ ਪਿੱਛੇ ਵੱਲ ਜਾਂਦੇ ਹਾਂ ਅਤੇ ਨਾਲ ਹੀ, ਆਪਣੇ ਹੀ ਗੋਤ ਵਾਲੇ ਕਿਸੇ ਹੋਰ ਪਰਿਵਾਰ ਨਾਲ ਆਪਣਾ ਰਿਸ਼ਤਾ ‘ਗੋਤੀ’ ਕਹਿ ਕੇ ਸਥਾਪਿਤ ਕਰਦੇ ਹਾਂ, ਭਾਸ਼ਾਵਾਂ ਦਾ ਵੀ ਇਸੇ ਤਰ੍ਹਾਂ ਦਾ ਰਿਸ਼ਤਾ ਹੁੰਦਾ ਹੈ। ਇਸ ਪ੍ਰਕਾਰ ਦੇ ਸੰਬੰਧਾਂ ਵਾਲੀਆਂ ਭਾਸ਼ਾਵਾਂ ਨੂੰ ਅਸੀਂ ‘ਸਜਾਤੀ’ ਕਹਿੰਦੇ ਹਾਂ। ਉਦਾਹਰਨ ਲਈ ਸੰਸਕ੍ਰਿਤ ਸ਼ਬਦ ਮਾਤ੍ਰੀ (ਮਾਂ) ਜਰਮਨ ਵਿੱਚ mutter, ਪੁਰਾਤਨ ਆਇਰਿਸ਼ ਵਿੱਚ mathir, ਪੁਰਾਤਨ ਸਲਾਵਿਕ ਵਿੱਚ mati, ਲਾਤੀਨੀ ਵਿੱਚ mater, ਗ੍ਰੀਕ ਵਿੱਚ meter ਅਤੇ ਅੰਗਰੇਜ਼ੀ ਵਿੱਚ mother ਬਣਿਆ ਹੈ।

     ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਦੇ ਮੂਲ ਸ੍ਰੋਤ ਸੀਮਿਤ ਹਨ। ‘ਭਾਰਤੀ-ਯੂਰਪੀ ਭਾਸ਼ਾ ਪਰਿਵਾਰ` ਸੰਸਾਰ ਦੀਆਂ ਭਾਸ਼ਾਵਾਂ ਦਾ ਇੱਕ ਛੋਟਾ ਜਿਹਾ ਭਾਗ ਹੈ ਪਰ ਦੁਨੀਆ ਦੀ ਅੱਧੀ ਅਬਾਦੀ ਦੀਆਂ ਮਾਤ-ਭਾਸ਼ਾਵਾਂ ਇਸ ਨਾਲ ਸੰਬੰਧਿਤ ਹਨ। ਇਹਨਾਂ ਬੋਲੀਆਂ ਦੇ ਵਿਕਾਸ ਵਿੱਚ ਆਪਸੀ ਆਦਾਨ-ਪ੍ਰਦਾਨ ਰਾਹੀਂ ਅਨੇਕਾਂ ਸ਼ਬਦ ਇੱਕ- ਦੂਜੇ ਵਿੱਚ ਜਜ਼ਬ ਹੁੰਦੇ ਰਹੇ ਹਨ। ਅੰਗਰੇਜ਼ੀ ਬੋਲਦੇ ਫਿਰੰਗੀਆਂ ਨੇ ਸਾਰੇ ਸੰਸਾਰ ਵਿੱਚ ਪੈਰ ਪਸਾਰ ਲਏ ਸਨ, ਜਿਸ ਦੇ ਨਤੀਜੇ ਵਜੋਂ ਅਣਗਿਣਤ ਸ਼ਬਦ ਬਾਹਰਲੀਆਂ ਭਾਸ਼ਾਵਾਂ ਤੋਂ ਅੰਗਰੇਜ਼ੀ ਵਿੱਚ ਸ਼ਾਮਲ ਹੋ ਗਏ। (tobacco, banana, taro, mango, pajama, pagoda, tapioca ਆਦਿ ਅਨੇਕਾਂ ਸ਼ਬਦ ਅੰਗਰੇਜ਼ੀ ਦੇ ਨਹੀਂ ਹਨ।) ਇਸ ਤਰ੍ਹਾਂ ਦਾ ਸ਼ਬਦਾਂ ਦਾ ਰਲੇਵਾਂ ਇੱਕ ਭਾਸ਼ਾ ਪਰਿਵਾਰ ਵਿੱਚ ਵੀ ਹੋਇਆ ਹੈ ਅਤੇ ਮੂਲੋਂ ਹੀ ਦੁਰਾਡੇ ਦੇ ਭਾਸ਼ਾ ਪਰਿਵਾਰਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਆਰੀਆ ਭਾਸ਼ਾਵਾਂ ਵਿੱਚ, ਪੰਜਾਬੀ, ਹਿੰਦੀ, ਬੰਗਾਲੀ, ਗੁਜਰਾਤੀ, ਮਰਾਠੀ, ਉਰਦੂ ਅਤੇ ਰੋਮਾਨੀ ‘ਸੰਸਕ੍ਰਿਤ’ ਨਾਲ ਸੰਬੰਧਿਤ ਹਨ ਤੇ ਕਸ਼ਮੀਰੀ ਅਤੇ ਕਸ਼ਮੀਰੀ ਵਿੱਚ ਬੋਲੀਆਂ ਜਾਂਦੀਆਂ ਕੁਝ ਹੋਰ ਬੋਲੀਆਂ ‘ਦਰਦ’ ਤੋਂ ਵਿਕਸਿਤ ਹੋਈਆਂ ਹਨ। ਇਸੇ ਤਰ੍ਹਾਂ ‘ਇਰਾਨੀ’ ਤੋਂ ਫ਼ਾਰਸੀ ਅਤੇ ਪਸ਼ਤੋ ਬੋਲੀਆਂ ਦਾ ਵਿਕਾਸ ਹੋਇਆ ਹੈ। ਜਿਵੇਂ ‘ਲੈਟਿਨ’ ਤੋਂ ਫ਼੍ਰਾਂਸੀਸੀ, ਇਤਾਲਵੀ, ਸਪੇਨੀ, ਪੁਰਤਗਾਲੀ ਆਦਿ ਭਾਸ਼ਾਵਾਂ ਦਾ ਉਦੈ ਹੋਇਆ ਹੈ, ਓਵੇਂ ‘ਜਰਮੈਨਿਕ’ ਤੋਂ ਸਵੀਡਿਸ਼, ਨਾਰਵੇਜ਼ੀਅਨ, ਡੱਚ, ਅੰਗਰੇਜ਼ੀ ਆਦਿ ਭਾਸ਼ਾਵਾਂ ਉਪਜੀਆਂ ਹਨ। ਇਹਨਾਂ ਭਾਸ਼ਾਵਾਂ ਦੇ ਰਿਸ਼ਤਿਆਂ ਦੀ ਪਛਾਣ ਕਰ ਕੇ ਸ਼ਬਦ ਦੇ ਮੂਲ ਤੱਕ ਪਹੁੰਚਣਾ ਹੀ ਨਿਰੁਕਤੀ ਹੈ। ਮੁੱਕਦੀ ਗੱਲ, ਕਿਸੇ ਸ਼ਬਦ ਦਾ ਇਤਿਹਾਸ ਜਾਣਨਾ ਨਿਰੁਕਤੀ ਹੈ। ਅੰਗਰੇਜ਼ੀ ਵਿੱਚ ‘ਨਿਰੁਕਤੀ’ ਦਾ ਸਮਤੁੱਲ ਸ਼ਬਦ etymo-logy ਹੈ। Etymology ਦੇ ਮੂਲ ਵਿੱਚ ਯੂਨਾਨੀ etymon ਸ਼ਬਦ ਹੈ, ਜਿਸ ਦਾ ਭਾਵ ਵੀ ‘ਸੱਚ ਜਾਂ ਅਸਲ ਅਰਥ’ ਹੈ।

     ਕਿਸੇ ਵੀ ਭਾਸ਼ਾ ਅਧਿਐਨ ਵਿੱਚ ਧੁਨੀ, ਰੂਪ ਅਤੇ ਅਰਥ ਨਿਰੁਕਤੀ ਦੇ ਮੂਲ ਆਧਾਰ ਹੁੰਦੇ ਹਨ। ਭਾਸ਼ਾ ਦੇ ਕਿਸੇ ਵੀ ਸ਼ਬਦ ਦੇ ਬਦਲਦੇ ਰੂਪਾਂ ਦੇ ਨਾਲ-ਨਾਲ ਉਸ ਦੇ ਅਰਥਾਂ ਵਿੱਚ ਪਰਿਵਰਤਨ ਆਉਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਜਿਵੇਂ-ਜਿਵੇਂ ਕਿਸੇ ਸਮਾਜ ਵਿੱਚ ਵਿਕਾਸ ਹੁੰਦਾ ਹੈ, ਉਸ ਸਮਾਜ ਦੀ ਭਾਸ਼ਾ ਦੇ ਸ਼ਬਦਾਂ ਅਤੇ ਉਹਨਾਂ ਦੇ ਅਰਥਾਂ ਵਿੱਚ ਲੋੜ ਅਨੁਸਾਰ ਤਬਦੀਲੀ ਆਉਂਦੀ ਹੈ। ਇਸੇ ਤਰ੍ਹਾਂ ਦੂਜੀਆਂ ‘ਸਜਾਤੀ’ ਭਾਸ਼ਾਵਾਂ ਵਿੱਚ ਵੀ ਸਮਾਜਿਕ ਵਾਤਾਵਰਨ ਦੀ ਆਵਸ਼ਕਤਾ ਅਨੁਸਾਰ ਪਰਿਵਰਤਨ ਆਉਣਾ ਸੁਭਾਵਿਕ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਨਿਰੁਕਤੀ ਸ਼ਬਦਾਂ ਅਤੇ ਉਹਨਾਂ ਦੇ ਅਰਥਾਂ/ਭਾਵਾਂ ਦੇ ਇਤਿਹਾਸਿਕ ਸੱਚ ਨੂੰ ਜਾਣਨ/ ਸਮਝਣ ਦਾ ਉਪਰਾਲਾ/ਸ਼ਾਸਤਰ/ਗਿਆਨ ਹੈ।

     ਭਾਰਤੀ ਸੰਸਕ੍ਰਿਤੀ ਵਿੱਚ ਵੇਦ ਦੇ ਅਧਿਐਨ ਲਈ ਨਿਸ਼ਚਿਤ ਕੀਤੇ ਛੇ ‘ਵੇਦਾਂਗ’, ਸ਼ਿਕਸਾ (ਅੱਖਰਾਂ ਦੇ ਉਚਾਰਨ ਅਤੇ ਪਾਠ ਦਾ ਗਿਆਨ), ਕਲਪ (ਮੰਤਰ ਜਾਪ ਦੀ ਵਿਧੀ ਅਤੇ ਪ੍ਰਕਾਰ ਦਾ ਗਿਆਨ), ਵਿਆਕਰਨ (ਸ਼ਬਦਾਂ ਦੀ ਸ਼ੁੱਧੀ ਅਤੇ ਪ੍ਰਯੋਗ ਦਾ ਗਿਆਨ), ਜੋਤਸ਼ (ਗ੍ਰਹਿ-ਨਛੱਤਰਾਂ, ਤਿੱਥਾਂ ਆਦਿ ਦਾ ਗਿਆਨ), ਛੰਦ (ਪਦਾਂ ਦੇ ਵਿਸ਼ਰਾਮ, ਮੰਤਰਾਂ ਦੀ ਚਾਲ ਅਤੇ ਛੰਦਾਂ ਦੇ ਨਾਮ ਆਦਿ ਦਾ ਗਿਆਨ), ਨਿਰੁਕਤ (ਸ਼ਬਦਾਂ ਦੇ ਅਰਥਾਂ ਦੀ ਵਿਆਖਿਆ/ਵਿਉਤਪਤੀ ਆਦਿ ਦਾ ਗਿਆਨ) ਵਿੱਚੋਂ ਚਾਰ ਨਿਰੋਲ ਭਾਸ਼ਾ ਅਧਿਐਨ ਨਾਲ ਸੰਬੰਧਿਤ ਹਨ। ਇਹਨਾਂ ਵਿੱਚ ‘ਨਿਰੁਕਤੀ’ ਭਾਸ਼ਾ ਗਿਆਨ ਦਾ ਇੱਕ ਮਹੱਤਵਪੂਰਨ ਸ੍ਰੋਤ ਹੈ।

     ਵੇਦਾਂ ਵਿਚਲੇ ਵਿਸ਼ੇਸ਼ ਸ਼ਬਦਾਂ ਦੀਆਂ ਸੂਚੀਆਂ ਨੂੰ ਨਿਘੰਟੂ ਕਹਿੰਦੇ ਹਨ। ਇਹਨਾਂ ਨਿਘੰਟੂਆਂ ਵਿਚਲੇ ਸ਼ਬਦਾਂ ਦੇ ਅਰਥਾਂ ਦੀ ਵਿਆਖਿਆ ਕਰਨ ਵਾਲੇ ਗ੍ਰੰਥ ਨਿਰੁਕਤ ਅਖਵਾਉਂਦੇ ਹਨ। ਸੰਸਕ੍ਰਿਤ ਵਿੱਚ ਸਭ ਤੋਂ ਪੁਰਾਣਾ ਉਪਲਬਧ ਨਿਰੁਕਤ ਯਾਸਕ ਮੁਨੀ ਦਾ ਹੈ। ਉਸ ਨੇ ਆਪਣੇ ਤੋਂ ਪਹਿਲਾਂ ਲਿਖੇ ਗਏ ਨਿਰੁਕਤਾਂ ਦਾ ਹਵਾਲਾ ਤਾਂ ਦਿੱਤਾ ਹੈ ਪਰ ਅਜੇ ਤੱਕ ਉਹਨਾਂ ਵਿੱਚੋਂ ਕੋਈ ਪ੍ਰਾਪਤ ਨਹੀਂ ਹੋ ਸਕਿਆ।

     ਵਰਤਮਾਨ ਵਿੱਚ ਵੱਡੀਆਂ ਡਿਕਸ਼ਨਰੀਆਂ/ਕੋਸ਼ਾਂ ਵਿੱਚ ਸ੍ਰੋਤ ਭਾਸ਼ਾ ਦੇ ਸ਼ਬਦਾਂ ਦੀ ਨਿਰੁਕਤੀ ਵੀ ਦਰਜ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਕੋਸ਼ ਵਿਚਲੇ ਸ਼ਬਦ ਦੇ ਭਿੰਨ-ਭਿੰਨ ਪੜਾਵਾਂ ਨੂੰ ਪਛਾਣਦਿਆਂ ‘ਸਜਾਤੀ’ ਭਾਸ਼ਾਵਾਂ ਵਿੱਚ ਬਦਲੇ ਰੂਪਾਂ ਦਾ ਗਿਆਨ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ। ਉਂਞ ਨਿਰੁਕਤੀਆਂ ਤੇ ਆਧਾਰਿਤ ਭਾਸ਼ਾ ਦੇ ਨਿਰੋਲ ‘ਨਿਰੁਕਸ਼ ਕੋਸ਼’ ਸਿਰਜਣ ਦਾ ਚਲਨ ਅਜੇ ਬਹੁਤ ਸੀਮਿਤ ਹੈ। ਪੰਜਾਬੀ ਵਿੱਚ ਨਿਰੁਕਤੀ ਬਾਰੇ ਸਿਧਾਂਤ-ਪੁਸਤਕ, ਗੁਰਬਚਨ ਸਿੰਘ ਰਿਆਲ ਦੀ ਪੰਜਾਬੀ ਨਿਰੁਕਤੀ ਹੈ।


ਲੇਖਕ : ਅਜਮੇਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6773, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਿਰੁਕਤੀ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਨਿਰੁਕਤੀ: ਨਿਰੁਕਤੀ ਸ਼ਾਸਤਰ ਆਪਣੇ ਆਪ ਵਿਚ ਇਕ ਸੰਪੂਰਨ ਵਿਸ਼ਾ ਹੈ। ਨਿਰੁਕਤੀ ਸੰਕਲਪ ਦੀ ਵਰਤੋਂ ਪਰੰਪਰਕ ਤੌਰ ’ਤੇ ਸ਼ਬਦਾਂ ਦੇ ਰੂਪ ਅਤੇ ਉਨ੍ਹਾਂ ਦੇ ਅਰਥਾਂ ਨਾਲ ਸਬੰਧਤ ਸੀ ਇਸ ਕਰਕੇ ਨਿਰੁਕਤੀ ਸ਼ਾਸਤਰ ਵਿਚ ਸ਼ਾਬਦਕ ਇਕਾਈਆਂ ਦੇ ਅਧਿਅਨ ਦੀ ਵਿਧੀ ਭਾਸ਼ਾ ਵਿਗਿਆਨ ਤੋਂ ਲਈ ਜਾਂਦੀ ਹੈ। ਭਾਸ਼ਾ ਵਿਗਿਆਨ ਦੇ ਖੇਤਰ ਵਿਚ ਇਸ ਸੰਕਲਪ ਨੂੰ ਇਤਿਹਾਸਕ ਭਾਸ਼ਾ ਵਿਗਿਆਨ ਦੇ ਘੇਰੇ ਵਿਚ ਰੱਖਿਆ ਜਾਂਦਾ ਹੈ ਅਤੇ ਇਸ ਦਾ ਸਬੰਧ ਇਤਿਹਾਸਕ ਭਾਸ਼ਾ ਵਿਗਿਆਨ ਦੇ ਇਕ ਪਹਿਲੂ ਅਰਥ ਵਿਗਿਆਨ ਨਾਲ ਹੈ। ਭਾਸ਼ਾ ਵਿਗਿਆਨੀ ਸ਼ਬਦ ਦੇ ਅਰਥ ਅਤੇ ਰੂਪ ਦਾ ਅਧਿਅਨ ਅਜੋਕੀ ਵਰਤੋਂ ਦੇ ਅਧਾਰ ’ਤੇ ਕਰਦੇ ਹਨ ਜਦੋਂ ਕਿ ਨਿਰੁਕਤੀ ਸ਼ਾਸਤਰੀ ਸ਼ਬਦ ਅਰਥ ਅਤੇ ਰੂਪ ਨੂੰ ਸ਼ਬਦ ਦੇ ਇਤਿਹਾਸ ਭਾਵ ਵਿਉਂਤਪਤੀ ਦੇ ਅਧਾਰ ’ਤੇ ਕਰਦੇ ਹਨ। ਸਮਾਸ ਸ਼ਬਦਾਂ ਦੀ ਸਿਰਜਨਾ ਵੇਲੇ ਕਈ ਵਾਰ ਦੋ ਵੱਖਰੇ ਸਰੋਤਾਂ ਦੇ ਸ਼ਬਦ ਇਕ ਸ਼ਾਬਦਕ ਇਕਾਈ ਵਜੋਂ ਵਿਚਰਦੇ ਹਨ, ਜਿਵੇਂ : ਸ਼ਾਹ+ਸਵਾਰ=ਸ਼ਾਹ-ਸਵਾਰ। ਇਸ ਸ਼ਬਦ ਵਿਚਲੇ ਦੋ ਰੂਪਾਂ ਦਾ ਸਰੋਤ ਭਿੰਨ ਹੈ। ਭਾਰਤੀ ਅਰਥ ਪਰੰਪਰਾ ਵਿਚ ਨਿਰੁਕਤੀ ਦਾ ਸੰਕਲਪ ਬਹੁਤ ਪੁਰਾਣਾ ਹੈ। ਸ਼ਬਦ ਅਤੇ ਅਰਥ ਦੇ ਸਬੰਧਾਂ ਨੂੰ ਖੰਡ ਪੱਖ ਅਤੇ ਅਖੰਡ ਪੱਖ ਵਜੋਂ ਜਾਣਿਆ ਜਾਂਦਾ ਹੈ। ਖੰਡ ਪੱਖ ਦੇ ਅਨੁਸਾਰ ਸ਼ਬਦ ਨੂੰ ਇਕ ਬੁਨਿਆਦੀ ਇਕਾਈ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਇਸ ਸਿਧਾਂਤ ਨਾਲ ਮੂਲ ਰੂਪ ਵਿਚ ਪਾਣਿਨੀ, ਪਤੰਜਲੀ ਅਤੇ ਕਾਤਿਆਇਨ ਆਦਿ ਵਿਆਕਰਨਕਾਰ ਸਹਿਮਤ ਹਨ। ਇਸ ਸਿਧਾਂਤ ਨੂੰ ਵਿਉਂਤਪਤੀ ਦੇ ਘੇਰੇ ਵਿਚ ਲਿਆ ਜਾਂਦਾ ਹੈ। ਭਾਰਤੀ ਅਰਥ ਸ਼ਾਸਤਰੀ ਯਾਸਕ ਨੇ ਸ਼ਬਦ ਦੀ ਵਿਉਂਤਪਤੀ ਦਾ ਅਧਿਅਨ ਕੀਤਾ ਅਤੇ ਸੰਸਕ੍ਰਿਤ ਭਾਸ਼ਾ ਦਾ ਨਿਰੁਕਤ ਸ਼ਾਸਤਰ ਲਿਖਿਆ ਦੂਜੇ ਪਾਸੇ ਸ਼ਬਦ ਵਰਤੋਂ ਨੂੰ ਵਾਕ ਦੀ ਇਕਾਈ ਵਜੋਂ ਸਵੀਕਾਰ ਕੀਤਾ ਜਾਂਦਾ ਹੈ ਅਤੇ ਅਖੰਡ ਪੱਖੀਆਂ ਅਨੁਸਾਰ ਸ਼ਬਦ ਦੀ ਥਾਂ ਸਮੁੱਚੇ ਵਾਕ ਦੇ ਇਕ ਵਿਸ਼ੇਸ਼ ਅਰਥ ਹਨ। ਇਸ ਸਿਧਾਂਤ ਦੀ ਪ੍ਰੋੜ੍ਹਤਾ ਭਾਰਤੀ ਅਰਥ ਸ਼ਾਸਤਰੀ ਭਰਥਰੀ ਹਰੀ ਨੇ ਕੀਤੀ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 6773, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਨਿਰੁਕਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰੁਕਤੀ [ਨਾਂਇ] ਸ਼ਬਦਾਂ ਦੀ ਉਤਪਤੀ ਤੇ ਵਿਕਾਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.