ਨੀਤੀ ਕਥਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨੀਤੀ ਕਥਾ: ਭਾਰਤੀ ਸਾਹਿਤ ਵਿੱਚ ਨੀਤੀ ਕਥਾ ਦੀ ਇੱਕ ਲੰਬੀ ਪੁਰਾਤਨ ਪਰੰਪਰਾ ਰਹੀ ਹੈ। ਇਹਨਾਂ ਨੀਤੀ ਕਥਾਵਾਂ ਨੇ ਭਾਰਤੀ ਸਮਾਜ ਅਤੇ ਭਾਰਤੀ ਜਨ-ਮਾਨਸ ਦੀ ਮਾਨਸਿਕ ਬਣਤਰ ਦੀ ਉਸਾਰੀ, ਸਮਾਜ ਪ੍ਰਬੰਧ ਦੀ ਕਲਿਆਣਕਾਰੀ, ਮੁੱਲ-ਆਧਾਰਿਤ ਸਿਰਜਣਾ ਵਿੱਚ ਆਧਾਰੀ ਯੋਗਦਾਨ ਦਿੱਤਾ। ਨੀਤੀ ਕਥਾਵਾਂ ਦੀ ਪਰੰਪਰਾ ਏਨੀ ਬਲਸ਼ਾਲੀ ਅਤੇ ਕਲਾਤਮਿਕ ਮਹੱਤਵ ਵਾਲੀ ਸੀ, ਨੇ ਭਾਰਤੀ ਸਾਹਿਤ ਪਰੰਪਰਾ ਉਪਰ ਆਪਣੀ ਅਮਿੱਟ ਛਾਪ ਛੱਡੀ। ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਮਹਾਨ ਕੋਸ਼ ਦੇ ਪੰਨਾ 716 ਉਪਰ ਨੀਤੀ ਬਾਰੇ ਲਿਖਿਆ ਹੈ ਕਿ “ਉਹ ਰੀਤੀ ਜਿਸ ਦੁਆਰਾ ਆਦਮੀ ਸੁਮਾਰਗ ਚੱਲ ਸਕੇ। ਧਰਮ ਅਤੇ ਸਮਾਜ ਦੇ ਚਲਾਉਣ ਦੇ ਨਿਯਮ ਦੱਸੇ ਹੋਣ।" ਨੀਤੀ ਨਾਲ ਹੀ ਸੰਬੰਧਿਤ ਸ਼ਬਦ ਨੀਤੀ-ਸ਼ਾਸਤਰ ਹੁੰਦਾ ਹੈ। ਨੀਤੀ-ਸ਼ਾਸਤਰ ਉਸ ਗ੍ਰੰਥ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸਮਾਜ ਅਤੇ ਰਾਜ ਨੂੰ ਉੱਤਮ ਰੀਤੀ ਨਾਲ ਚਲਾਉਣ ਦੇ ਨਿਯਮ ਦੱਸੇ ਹੋਣ। ਨੀਤੀ ਕਥਾਵਾਂ ਦਾ ਅਰੰਭ ਈਸਵੀ ਸੰਨ ਤੋਂ ਵੀ ਪਹਿਲਾਂ ਤੋਂ ਹੀ ਮੰਨਣਾ ਪਵੇਗਾ ਕਿਉਂ ਜੋ ਪਤੰਜਲੀ ਦੇ ‘ਅਜਾਕ੍ਰਿਪਾਣੀਯ’ ਅਤੇ ‘ਕਾਕਾਤਾਲੀਯ’ ਸ਼ਬਦ ਵੀ ਕਿਸੇ ਨਾ ਕਿਸੇ ਢੰਗ ਨਾਲ ਨੀਤੀ ਕਥਾ ਨਾਲ ਹੀ ਸੰਬੰਧਿਤ ਲੱਗਦੇ ਹਨ। ਨੀਤੀ ਕਥਾਵਾਂ ਦਾ ਉੱਭਰਵਾਂ ਲੱਛਣ ਇਹ ਰਿਹਾ ਕਿ ਇਹਨਾਂ ਵਿੱਚ ਆਦਮੀ ਦੀ ਥਾਂਵੇਂ ਪਸ਼ੂ, ਪੰਛੀਆਂ ਅਤੇ ਦਰਖ਼ਤਾਂ ਦਾ ਮਾਨਵੀਕਰਨ ਕਰ ਕੇ ਪਾਤਰਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹਨਾਂ ਨੂੰ ਮਾਨਵੀ ਗੁਣਾਂ ਨਾਲ ਭਰਪੂਰ ਕਰ ਕੇ ਪੇਸ਼ ਕੀਤਾ ਹੈ। ਇਹ ਪਸ਼ੂ, ਪੰਛੀ, ਇਹਨਾਂ ਕਹਾਣੀਆਂ ਵਿੱਚ ਮਨੁੱਖਾਂ ਵਾਂਗੂੰ ਹੀ ਵਿਚਰਦੇ, ਵਿਚਾਰ ਕਰਦੇ ਅਤੇ ਵਿਵਹਾਰ ਕਰਦੇ ਹਨ। ਇਸੇ ਕਰ ਕੇ ਇਹ ਕਹਾਣੀਆਂ ਵੱਡਿਆਂ ਦੇ ਨਾਲ ਬੱਚਿਆਂ ਦੇ ਮਨ ਉਪਰ ਆਪਣਾ ਬੜਾ ਹੀ ਮਨੋਹਰ ਪ੍ਰਭਾਵ ਛੱਡਦੀਆਂ ਹਨ। ਇਹ ਕਹਾਣੀਆਂ ਸ਼ੈਲੀ-ਪ੍ਰਧਾਨ ਨਾ ਹੋ ਕੇ ਵਿਸ਼ੇ-ਪ੍ਰਧਾਨ ਹਨ। ਇਹਨਾਂ ਵਿੱਚ ਕਹਾਣੀ ਅੰਦਰ ਕਹਾਣੀ ਦੀ ਵਿਧੀ ਨੂੰ ਅਪਣਾਇਆ ਮਿਲਦਾ ਹੈ। ਕਹਾਣੀ ਸ਼ੁਰੂ ਕਿਸੇ ਵਿਸ਼ੇ ਬਾਰੇ ਨੀਤੀ ਨਾਲ ਹੁੰਦੀ ਹੈ ਅਤੇ ਅੰਤ ਹੋਣ ਲੱਗਦਾ ਹੈ ਤਾਂ ਕੋਈ ਇੱਕ ਪਾਤਰ ਕਿਸੇ ਦੂਸਰੇ ਪਾਤਰ ਨੂੰ ਨਵੀਂ ਕਹਾਣੀ ਦਾ ਸੰਕੇਤ ਕਰ ਦਿੰਦਾ ਹੈ। ਇਹ ਕਹਾਣੀਆਂ ਵਾਰਤਕ ਵਿੱਚ ਹਨ। ਕਹਾਣੀਆਂ ਵਿੱਚ ਸਲੋਕਾਂ ਦਾ ਪ੍ਰਯੋਗ ਮਿਲਦਾ ਹੈ। ਮਨੋਰੰਜਨ ਭਰਪੂਰ ਸ਼ੈਲੀ ਅਤੇ ਉਤੇਜਨਾ ਭਰਪੂਰ ਬਿਆਨ ਕਰ ਕੇ ਇਹ ਕਹਾਣੀਆਂ ਬਹੁਤ ਹੀ ਲੋਕ-ਪ੍ਰਿਆ ਹੋਈਆਂ। ਵਿਦੇਸ਼ਾਂ ਵਿੱਚ ਵੀ ਅਰੇਬੀਅਨ ਨਾਈਟਸ ਵਰਗੇ ਕਥਾ-ਗ੍ਰੰਥ ਹੋਂਦ ਵਿੱਚ ਆਏ। ਭਾਰਤ ਵਿੱਚ ਇਸ ਕਥਾ-ਸ਼ੈਲੀ ਦਾ ਸਭ ਤੋਂ ਪ੍ਰਮਾਣਿਕ ਗ੍ਰੰਥ ਪੰਚਤੰਤਰ ਹੈ। ਇਸ ਗ੍ਰੰਥ ਵਿੱਚ ਭਾਰਤੀ ਸੰਸਕ੍ਰਿਤੀ, ਰੀਤੀ ਨੀਤੀ ਅਤੇ ਪ੍ਰਾਚੀਨ ਪਰੰਪਰਾਵਾਂ ਦੀ ਬਹੁਤ ਵਿਸਤ੍ਰਿਤ ਅਤੇ ਦਿਲਕਸ਼ ਪੇਸ਼ਕਾਰੀ ਕੀਤੀ ਹੈ। ਇਸ ਗ੍ਰੰਥ ਦੀਆਂ ਸਿੱਖਿਆਵਾਂ ਅੱਜ ਵੀ ਓਨੀਆਂ ਹੀ ਪ੍ਰਸੰਗਕ ਹਨ। ਦੁੱਖ-ਸੁੱਖ, ਖ਼ੁਸ਼ੀ, ਸ਼ੋਕ, ਭੈਅ, ਵਿਰਾਗ ਆਦਿ ਪਰਿਸਥਿਤੀਆਂ ਵਿੱਚ ਇਹ ਗ੍ਰੰਥ ਹਮੇਸ਼ਾਂ ਇੱਕ ਸੱਚੇ ਮਿੱਤਰ ਵਾਂਗ ਮਾਰਗ-ਦਰਸ਼ਨ ਕਰਦਾ ਆ ਰਿਹਾ ਹੈ। ਆਪਣੇ ਮਾਰਗ ਤੋਂ ਭਟਕੇ ਮਨੁੱਖਾਂ ਲਈ ਇਹ ਗ੍ਰੰਥ ਇੱਕ ਸੱਚਾ-ਸੁੱਚਾ ਮਾਰਗ-ਦਰਸ਼ਨ ਕਰਦਾ ਆ ਰਿਹਾ ਹੈ। ਕਠਨ ਅਤੇ ਭੈਅਦਾਇਕ ਸਥਿਤੀਆਂ ਵਿੱਚ ਫਸੇ ਮਨੁੱਖ ਦੇ ਮਨ ਵਿੱਚ ਇਹ ਗ੍ਰੰਥ ਉਤਸ਼ਾਹ ਦਾ ਸੰਚਾਰ ਕਰਦਾ ਹੈ। ਪਿਛਲੇ ਅਨੇਕਾਂ ਸਾਲਾਂ ਤੋਂ ਇਹ ਗ੍ਰੰਥ ਭਾਰਤੀ ਜਨਤਾ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਇਹ ਗ੍ਰੰਥ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ।

     ਪੰਚਤੰਤਰ ਕਥਾ-ਗ੍ਰੰਥਾਂ ਦੀ ਪਰੰਪਰਾ ਵਿੱਚ ਹੀ ਤੰਤਰਆਖਿਆ, ਬ੍ਰਿਹਤ-ਕਥਾ ਮੰਜਰੀ, ਨਾਰਾਇਣ ਕ੍ਰਿਤ ਹਿਤੋਉਪਦੇਸ਼, ਜੈਨ ਸਿਧਾਰਥ ਦਾ ਉਪਮਿਤਿ ਭਾਵ ਪ੍ਰਪੰਚ ਕਥਾ, ਹੇਮ ਚੰਦ੍ਰ ਦਾ ਤ੍ਰਿਸ਼ਟਾਸ਼ਲਾਕਾਪੁਰਸ਼ਚਰਿਤ ਆਦਿ ਗ੍ਰੰਥ ਆਉਂਦੇ ਹਨ।

     ਨੀਤੀ ਕਥਾਵਾਂ ਦੇ ਨਾਲ ਹੀ ਬੌਧ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਲਈ ਸੰਸਕ੍ਰਿਤ ਵਾਰਤਕ ਵਿੱਚ ਅਵਦਾਨ ਗ੍ਰੰਥਾਂ ਦੀ ਵੀ ਪਰੰਪਰਾ ਰਹੀ ਹੈ। ਇਹਨਾਂ ਵਿੱਚ ਅਵਦਾਨਸਤਕ ਪ੍ਰਮੁਖ ਹੈ। ਇਸ ਦਾ ਉਦੇਸ਼ ਪੂਰਵ ਜਨਮ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਨਾ ਹੈ।

     ‘ਨੀਤੀ’ ਸ਼ਬਦ ਦਾ ਸੰਬੰਧ ਸੰਸਕ੍ਰਿਤ ਦੀ ‘ਣੀਯ’ ਧਾਤੂ ਨਾਲ ਹੈ ਜਿਸ ਦਾ ਅਰਥ ‘ਲੈ ਜਾਣਾ’ ਜਾਂ ‘ਪੱਥ-ਪ੍ਰਦਰਸ਼ਨ’ ਕਰਨਾ ਹੁੰਦਾ ਹੈ। ਇਸ ਪ੍ਰਕਾਰ ਨੀਤੀ ਉਹ ਹੈ ਜਿਹੜੀ ‘ਅੱਗੇ ਲੈ ਜਾਵੇ’। ਸਮਾਜ ਨੂੰ ਸ੍ਵਸਥ ਅਤੇ ਸੰਤੁਲਿਤ ਪਥ ਉੱਤੇ ਅੱਗੇ ਵਧਣ ਅਤੇ ਇਨਸਾਨਾਂ ਨੂੰ ਅਰਥ, ਧਰਮ, ਕਾਮ ਅਤੇ ਮੋਕਸ਼ ਦੀ ਉਚਿਤ ਰੀਤੀ ਨਾਲ ਪ੍ਰਾਪਤੀ ਕਰਨ ਵਾਸਤੇ ਪ੍ਰੇਰਿਤ ਕਰਨ ਦੀ ਨੀਤੀ ਦੱਸਣ ਵਾਲੇ ਗ੍ਰੰਥ ਨੂੰ ਹੀ ਨੀਤੀ ਗ੍ਰੰਥ ਕਿਹਾ ਜਾਂਦਾ ਹੈ। ਨੀਤੀ ‘ਸ਼ਬਦ’ ਦਾ ਪ੍ਰਾਚੀਨ ਪ੍ਰਯੋਗ ਮਹਾਂਭਾਰਤ ਅਤੇ ਮਨੂੰਸਮ੍ਰਿਤੀ ਆਦਿ ਵਿੱਚ ਮਿਲਦਾ ਹੈ। ‘ਨੀਤੀ’ ਦੇ ਅੰਤਰਗਤ ਆਉਣ ਵਾਲੀਆਂ ਇਸ ਪ੍ਰਕਾਰ ਦੀਆਂ ਗੱਲਾਂ ਨਾਲ ਭਰਪੂਰ ਕਾਵਿ ਨੂੰ ਨੀਤੀ ਕਾਵਿ ਕਿਹਾ ਜਾਂਦਾ ਹੈ। ਨੀਤੀ-ਕਾਵਿ ਨੂੰ ਉਪਦੇਸ਼ਾਤਮਿਕ ਕਾਵਿ ਵੀ ਕਿਹਾ ਜਾਂਦਾ ਹੈ।

     ਸੰਸਕ੍ਰਿਤ ਸਾਹਿਤ ਵਿੱਚ ਨੀਤੀ-ਪ੍ਰਧਾਨ ਸਾਹਿਤ ਦੇ ਅੰਤਰਗਤ ਨੀਤੀ-ਮੰਜਰੀ ਇੱਕ ਲਾਜਵਾਬ ਗ੍ਰੰਥ ਹੈ। ਵੈਦਿਕ ਸਲੋਕਾਂ ਵਿੱਚ ਅਨੇਕਾਂ ਉਪਦੇਸ਼ਾਤਮਿਕ ਵਚਨ ਮਿਲਦੇ ਹਨ, ਜਿਹੜੇ ਸਧਾਰਨ ਮਾਨਵ ਲਈ ਕਲਿਆਣ- ਕਾਰੀ ਅਤੇ ਸਿੱਖਿਆਦਾਇਕ ਹਨ। ਅਜਿਹੇ ਅਨੂਪਮ ਵਚਨਾਂ ਨੂੰ ਇੱਕ ਥਾਂ ਪ੍ਰਸਤੁਤ ਕਰਨ ਵਾਲਾ ਇਹ ਇੱਕੋ- ਇੱਕ ਮੁੱਲਵਾਨ ਗ੍ਰੰਥ ਹੈ। ਇਸ ਦੀ ਭਾਸ਼ਾ ਸਰਲ ਅਤੇ ਸ਼ੈਲੀ ਗਿਆਨ ਵਰਧਕ ਹੈ। ਇਸ ਗ੍ਰੰਥ ਵਿੱਚ ਰਿਗਵੇਦ ਵਿੱਚੋਂ ਅਨੇਕਾਂ ਸਿੱਖਿਆਦਾਇਕ ਕਥਾਵਾਂ ਨੂੰ ਵਿਸਤਾਰ ਸਹਿਤ ਬਿਆਨ ਕੀਤਾ ਗਿਆ ਹੈ।

     ਸ਼ੇਖ਼ ਸਾਅਦੀ ਦੀਆਂ ਨੀਤੀ ਕਥਾਵਾਂ ਜਿਹੜੀਆਂ ਉਸ ਦੀ ਪੁਸਤਕ ਗੁਲਿਸਤਾਂ ਬੋਸਤਾਂ ਵਿੱਚ ਦਰਜ਼ ਹਨ; ਵਿਸ਼ਵ ਭਰ ਵਿੱਚ ਪ੍ਰਸਿੱਧ ਹਨ। ਨੀਤੀ ਕਥਾਵਾਂ ਦੀ ਸ਼੍ਰੇਣੀ ਵਿੱਚ ਹੀ ਚਾਣਕਯ ਨੀਤੀ ਅਤੇ ਵਿਦੁਰ ਨੀਤੀ ਗ੍ਰੰਥ ਵੀ ਆਉਂਦੇ ਹਨ।


ਲੇਖਕ : ਸੁਦਰਸ਼ਨ ਗਾਸੋ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4776, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.