ਨੌਂ ਨਿਧੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨੌਂ ਨਿਧੀਆਂ: ‘ਨਿੱਧੀ’ ਤੋਂ ਭਾਵ ਹੈ ਖ਼ਜ਼ਾਨਾ। ਯੌਗਿਕ ਜਾਂ ਤਾਂਤ੍ਰਿਕ ਸਾਧਨਾ ਵਿਚ ਸਿੱਧੀ ਦੀ ਸਥਿਤੀ ਵਿਚ ਪਹੁੰਚਣ ਵਾਲਿਆਂ ਲਈ ਨੌਂ ਪ੍ਰਕਾਰ ਦੀਆਂ ਨਿੱਧੀਆਂ ਦੀ ਪ੍ਰਾਪਤੀ ਦੀ ਕਲਪਨਾ ਕੀਤੀ ਗਈ ਹੈ।

ਹਿੰਦੂ ਮਤ ਦੇ ਪੁਰਾਤਨ ਗ੍ਰੰਥਾਂ ਵਿਚ ਇਨ੍ਹਾਂ ਨੌਂ ਨਿੱਧੀਆਂ ਦੇ ਨਾਂ ਇਸ ਪ੍ਰਕਾਰ ਹਨ—ਪਦਮ, ਮਹਾਪਦਮ, ਸ਼ੰਖ , ਮਕਰ , ਕੱਛਪ, ਮੁਕੁੰਦ, ਕੁੰਦ , ਨੀਲ ਅਤੇ ਵਰਚ। ਗੰਭੀਰਤਾ ਨਾਲ ਘੋਖਿਆਂ ਇਹ ਨਿੱਧੀਆਂ ਅਮੁੱਲੇ ਰਤਨਾਂ ਦੀਆਂ ਵਾਚਕ ਸਿੱਧ ਹੁੰਦੀਆਂ ਹਨ ਜੋ ਪ੍ਰਕਾਰਾਂਤਰ ਨਾਲ ਹਰ ਪ੍ਰਕਾਰ ਦੀ ਧਨ-ਸੰਪਦਾ ਦੀਆਂ ਪ੍ਰਤੀਕ ਹਨ। ਇਨ੍ਹਾਂ ਨਿਧੀਆਂ ਦਾ ਸੁਆਮੀ ਕੁਬੇਰ ਨੂੰ ਮੰਨਿਆ ਜਾਂਦਾ ਹੈ। ‘ਮਾਰਕੰਡੇਯ-ਪੁਰਾਣ’ (ਅ.68) ਵਿਚ ਇਨ੍ਹਾਂ ਨਿੱਧੀਆਂ ਨੂੰ ‘ਪਦਮਿਨੀ’ ਨਾਂ ਦੀ ਵਿਦਿਆ ਦੇਵੀ ਦੇ ਅਧੀਨ ਦਸਿਆ ਗਿਆ ਹੈ। ਇਨ੍ਹਾਂ ਨਿੱਧੀਆਂ ਦੇ ਵਖ ਵਖ ਗੁਣਾਂ ਅਤੇ ਪ੍ਰਭਾਵਾਂ ਵਲ ਵੀ ਸੰਕੇਤ ਹੈ।

ਮੱਧ-ਯੁਗ ਦੇ ਸੰਤਾਂ ਨੇ ਜਿਗਿਆਸੂਆਂ ਨੂੰ ਸਹਿਜ- ਸਾਧਨਾ ਵਲ ਰੁਚਿਤ ਕਰਕੇ ਅਧਿਆਤਮਿਕ ਖੇਤਰ ਵਿਚ ਇਨ੍ਹਾਂ ਨਿੱਧੀਆਂ ਦੀ ਪ੍ਰਾਪਤੀ ਦੇ ਲੋਭ ਤੋਂ ਵਰਜਿਆ ਹੈ। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਨਾਂ ਦੀ ਬਾਣੀ ਵਿਚ ਪਰਮਾਤਮਾ ਦੇ ਨਾਮ ਦੇ ਸਿਮਰਨ ਵਿਚ ਹੀ ਰਿੱਧੀਆਂ, ਸਿੱਧੀਆਂ ਅਤੇ ਨਿਧੀਆਂ ਦੀ ਸਮਾਈ ਮਨ ਕੇ ਨਾਮ-ਸਾਧਨਾ ਦੀ ਮਹੱਤਵ-ਸਥਾਪਨਾ ਕੀਤੀ ਹੈ— ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉਨਿਧਿ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ (ਗੁ.ਗ੍ਰੰ.262)। ਸਪੱਸ਼ਟ ਹੈ ਕਿ ਸਿੱਖ ਮਤ ਵਿਚ ਨੌਂ -ਨਿਧੀਆਂ ਦੀ ਮਾਨਤਾ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.