ਪਟਿਆਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟਿਆਲਾ [ਨਾਂਪੁ] ਭਾਰਤੀ ਪੰਜਾਬ ਦਾ ਇੱਕ ਪ੍ਰਸਿੱਧ ਸ਼ਹਿਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਟਿਆਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟਿਆਲਾ. ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਫੂਲ ਮਿਸਲ ਦੀ ਪ੍ਰਧਾਨ ਸਿੱਖਰਿਆਸਤ ਦੀ ਰਾਜਧਾਨੀ ਦਾ ਨਗਰ, ਜਿਸ ਦੀ ਨਿਉਂ ਬਾਬਾ ਆਲਾ ਸਿੰਘ ਜੀ ਨੇ ਸੰਮਤ ੧੮੧੦ ਵਿੱਚ ਰੱਖੀ ਅਤੇ ਸੰਮਤ ੧੮੨੦ (ਸਨ ੧੭੬੩) ਵਿੱਚ ਪੱਕਾ ਕਿਲਾ ਬਣਾਕੇ ਸ਼ਹਿਰ ਆਬਾਦ ਕੀਤਾ. ਇਹ ਰਾਜਪੁਰੇ ਤੋਂ ਦੱਖਣ ਪੱਛਮ ੧੬ ਮੀਲ ਹੈ, ਅਰ ਰਾਜਪੁਰਾ ਭਟਿੰਡਾ ਸਮਾਸਟਾ ਰੇਲਵੇ ਲੈਨ ਦਾ, ਰਾਜਪੁਰੇ ਤੋਂ ਦੂਜਾ ਸਟੇਸ਼ਨ ਹੈ. ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੪੬, ੯੭੪ ਹੈ.
ਪਟਿਆਲੇ ਦਾ ਦੀਵਾਨਖ਼ਾਨਾ, ਮੋਤੀਬਾਗ, ਬਾਰਾਂਦਰੀ ਦਾ ਮਹਿਲ ਅਤੇ ਬਾਗ , ਮਹੇਂਦ੍ਰ ਕਾਲਿਜ ਅਤੇ ਰਾਜੇਂਦ੍ਰ ਹਸਪਤਾਲ ਆਦਿਕ ਅਸਥਾਨ ਦੇਖਣ ਲਾਇਕ ਹਨ.
ਪਟਿਆਲਾ ਰਿਆਸਤ
ਭਾਵੇਂ ਬਾਬਾ ਫੂਲ ਦੇ ਸੁਪੁਤ੍ਰ ਬਾਬਾ ਰਾਮ ਸਿੰਘ ਜੀ ਨੇ ਆਪਣੇ ਵੱਡੇ ਭਾਈ ਤਿਲੋਕ ਸਿੰਘ ਤੋਂ ਵੱਖ ਹੋਕੇ ਕਈ ਪਿੰਡ ਆਪਣੇ ਕਬਜੇ ਕੀਤੇ ਰਾਜਸੀ ਠਾਟ ਬਣਾ ਲਿਆ ਸੀ, ਪਰ ਪਟਿਆਲਾ ਰਾਜ ਦਾ ਮੂਲ ਬਾਬਾ ਆਲਾ ਸਿੰਘ ਜੀ ਨੂੰ ਕਹਿਣਾ ਚਾਹੀਏ, ਇਸੇ ਲਈ ਰਿਆਸਤ ਪਟਿਆਲੇ ਨੂੰ “ਬਾਬੇ ਆਲਾ ਸਿੰਘ ਦਾ ਘਰ” ਆਖਦੇ ਹਨ.
ਬਾਬਾ ਆਲਾ ਸਿੰਘ
ਮਾਈ ਸਾਬੀ1 ਦੇ ਉਦਰ ਤੋਂ ਬਾਬਾ ਰਾਮ ਸਿੰਘ ਜੀ ਦੇ ਘਰ ਰਾਜਾ ਆਲਾ ਸਿੰਘ ਜੀ ਦਾ ਜਨਮ ਸੰਮਤ ੧੭੪੮ ਵਿੱਚ ਫੂਲ ਨਗਰ ਹੋਇਆ.2 ਇਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਸ਼ੁਭ ਗੁਣਾਂ ਦੇ ਬਲ , ਲੋਕਾਂ ਦੇ ਦਿਲਾਂ ਤੇ ਪਿਆਰ ਅਤੇ ਦਬਦਬਾ ਬੈਠਾ ਦਿੱਤਾ ਸੀ. ਇਹ ਪਿਤਾ ਰਾਮ ਸਿੰਘ ਜੀ ਦੇ ਰਾਜ ਦੀ ਦਿਨੋ ਦਿਨ ਉੱਨਤੀ ਕਰਨ ਲੱਗੇ, ਕਈ ਇਲਾਕੇ ਸ਼ਮਸ਼ੇਰ ਦੇ ਜੋਰ ਅਧੀਨ ਕੀਤੇ ਅਰ ਬਰਨਾਲਾ, ਪਟਿਆਲਾ ਆਦਿ ਨਗਰ ਵਸਾਏ. ਸੰਮਤ ੧੮੨੦ (ਸਨ ੧੭੬੩) ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਨ ਨੂੰ ਜਿੱਤ ਕੇ ਸਰਹਿੰਦ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਗੁਰਦੁਆਰਿਆਂ ਦੀ ਸੇਵਾ ਕੀਤੀ.
ਰਾਜਾ ਆਲਾ ਸਿੰਘ ਜੀ ਉਦਾਰ, ਸੂਰਵੀਰ, ਗੁਰਬਾਣੀ ਦੇ ਪ੍ਰੇਮੀ, ਵਰਤਾਕੇ ਛਕਣ ਵਾਲੇ , ਨਿਰਅਭਿਮਾਨ ਅਤੇ ਨੀਤਿਨਿਪੁਣ ਸੇ, ਇਨ੍ਹਾਂ ਦੀ ਰਾਣੀ ਫਤੇ ਕੌਰ3 ਭੀ ਸਰਵਗੁਣ ਭਰਪੂਰ ਅਤੇ ਪਤੀ ਦੇ ਕੰਮਾਂ ਵਿੱਚ ਹੱਥ ਵਟਾਉਣ ਵਾਲੀ ਧਰਮਾਤਮਾ ਸੀ. ਇਹ ਆਪ ਲੰਗਰ ਵਰਤਾਇਆ ਕਰਦੀ ਅਤੇ ਅਨਾਥਾਂ ਦੀ ਪੁਤ੍ਰਾਂ ਵਾਂਙ ਪਾਲਨਾ ਕਰਦੀ ਸੀ.
੨੭ ਸਾਉਣ ਸੰਮਤ ੧੮੨੨ (੨੨ ਅਗਸਤ ਸਨ ੧੭੬੫) ਨੂੰ ਬਾਬਾ ਜੀ ਦਾ ਦੇਹਾਂਤ ਪਟਿਆਲੇ ਹੋਇਆ. ਇਨ੍ਹਾਂ ਦੀ ਸਮਾਧ ਤੇ ਲੰਗਰ ਜਾਰੀ ਹੈ ਅਤੇ ਕਥਾ ਕੀਰਤਨ ਦਾ ਉੱਤਮ ਪ੍ਰਬੰਧ ਹੈ. ਪੁਜਾਰੀ ਉਦਾਸੀ ਸਾਧੂ ਹਨ.
ਰਾਜਾ ਅਮਰ ਸਿੰਘ
ਰਾਣੀ ਹੁਕਮਾਂ ਦੇ ਉਦਰ ਤੋਂ ਬਾਬਾ ਆਲਾ ਸਿੰਘ ਜੀ ਦੇ ਵੱਡੇ ਸੁਪੁਤ੍ਰ ਸਰਦੂਲ ਸਿੰਘ ਦਾ ਪੁਤ੍ਰ, ਜਿਸ ਦਾ ਜਨਮ ਹਾੜ ਵਦੀ ੭ ਸੰਮਤ ੧੮੦੫ (ਸਨ ੧੭੪੮) ਨੂੰ ਹੋਇਆ. ਟਿੱਕਾ ਸਰਦੂਲ ਸਿੰਘ ਪਿਤਾ ਦੇ ਹੁੰਦੇ ਹੀ ਸਨ ੧੭੫੩ ਵਿੱਚ ਗੁਜ਼ਰ ਗਿਆ ਸੀ. ਇਸ ਲਈ ਦਾਦਾ ਜੀ ਦੇ ਦੇਹਾਂਤ ਹੋਣ ਪੁਰ ਸਨ ੧੭੬੫ (ਸੰਮਤ ੧੮੨੨) ਵਿੱਚ ਪਟਿਆਲੇ ਦੀ ਰਾਜਗੱਦੀ ਤੇ ਰਾਜਾ ਅਮਰ ਸਿੰਘ ਜੀ ਵਿਰਾਜੇ. ਪੰਥ ਦੇ ਪ੍ਰਸਿਧ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਅਮ੍ਰਿਤ ਛਕਿਆ.4 ਇਨ੍ਹਾਂ ਨੇ ਬਹੁਤ ਇਲਾਕੇ ਤਲਵਾਰ ਦੇ ਜ਼ੋਰ ਆਪਣੇ ਰਾਜ ਨਾਲ ਮਿਲਾਏ ਅਤੇ ਰਾਜਪ੍ਰਬੰਧ ਦੇ ਨਿਯਮ ਕਾਇਮ ਕੀਤੇ ਅਰ ਆਪਣਾ ਸਿੱਕਾ ਚਲਾਇਆ. ਸੰਮਤ ੧੮੨੪ (ਸਨ ੧੭੬੭) ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਮਰਦ ਇਸਤ੍ਰੀਆਂ ਨੂੰ ਕੈਦੋਂ ਛੁਡਵਾਕੇ “ਬੰਦੀਛੋੜ” ਪਦਵੀ ਪ੍ਰਾਪਤ ਕੀਤੀ. ਸੰਮਤ ੧੮੨੮ ਵਿਚੱ ਭਟਿੰਡਾ ਫਤੇ ਕੀਤਾ. ਸੰਮਤ ੧੮੩੧ ਵਿੱਚ ਸੈਫਾਬਾਦ (ਬਹਾਦਰਗੜ੍ਹ) ਆਪਣੇ ਰਾਜ ਨਾਲ ਮਿਲਾਇਆ.
ਫੱਗੁਣ ਵਦੀ ੮ ਸੰਮਤ ੧੮੩੮ (ਫਰਵਰੀ ਸਨ ੧੭੮੧) ਨੂੰ ਤੇਤੀ ਵਰ੍ਹੇ ਦੀ ਉਮਰ ਵਿੱਚ ਜਲੋਦਰ ਰੋਗ ਨਾਲ ਰਾਜਾ ਅਮਰ ਸਿੰਘ ਜੀ ਦਾ ਦੇਹਾਂਤ ਹੋਇਆ.
ਰਾਜਾ ਸਾਹਿਬ ਸਿੰਘ
ਰਾਣੀ ਰਾਜਕੌਰ ਦੇ ਉਦਰੋਂ ਰਾਜਾ ਅਮਰ ਸਿੰਘ ਜੀ ਦੇ ਘਰ ਰਾਜਕੁਮਾਰ ਸਾਹਿਬ ਸਿੰਘ ਜੀ ਦਾ ਜਨਮ ਭਾਦੋਂ ਵਦੀ ੧੫ ਸੰਮਤ ੧੮੩੦ (ਸਨ ੧੭੭੩) ਨੂੰ ਹੋਇਆ. ਛੀ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜੇ. ਰਾਜਪ੍ਰਬੰਧ ਮਾਈ ਹੁਕਮਾਂ ਦਾਦੀ , ਅਤੇ ਦੀਵਾਨ ਨਾਨੂ ਮੱਲ ਦੇ ਹੱਥ ਰਿਹਾ. ਰਾਣੀ ਹੁਕਮਾਂ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਰਾਜੇਂਦ੍ਰ ਕੌਰ (ਰਾਜਾ ਅਮਰਸਿੰਘ ਜੀ ਦੀ ਭੂਆ , ਜੋ ਕੌਰ ਭੂਮੀਆ ਸਿੰਘ ਦੀ ਸੁਪੁਤ੍ਰੀ ਅਤੇ ਫਗਵਾੜੇ ਵਿਆਹੀ ਹੋਈ ਸੀ) ਨਾਨੂਮੱਲ ਨੂੰ ਪੂਰੀ ਸਹਾਇਤਾ ਦਿੰਦੀ ਰਹੀ.
ਸੰਮਤ ੧੮੪੪ (ਸਨ ੧੭੮੭) ਵਿੱਚ ਰਾਜਾ ਸਾਹਿਬ ਸਿੰਘ ਜੀ ਦੀ ਸ਼ਾਦੀ ਭੰਗੀਆਂ ਦੀ ਮਿਸਲ ਦੇ ਰਤਨ ਸਰਦਾਰ ਗੰਡਾ ਸਿੰਘ ਦੀ ਸੁਪੁਤ੍ਰੀ ਰਤਨ ਕੌਰ ਨਾਲ ਵਡੀ ਧੂਮ ਧਾਮ ਸਾਥ ਅਮ੍ਰਿਤਸਰ ਹੋਈ.
ਸਨ ੧੭੯੧ ਵਿੱਚ ਬੀਬੀ ਰਾਜੇਂਦ੍ਰ ਕੌਰ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਸਾਹਿਬ ਕੌਰ (ਰਾਜਾ ਜੀ ਦੀ ਵੱਡੀ ਭੈਣ , ਜਿਸ ਦੀ ਸ਼ਾਦੀ ਸਰਦਾਰ ਹਕੀਕਤ ਸਿੰਘ ਦੇ ਪੁਤ੍ਰ ਸਰਦਾਰ ਜੈਮਲ ਸਿੰਘ ਕਨ੍ਹੈਯਾ ਮਿਸਲ ਦੇ ਸਰਦਾਰ ਨਾਲ ਫਤੇਗੜ੍ਹ ਹੋਈ ਸੀ), ਰਿਆਸਤ ਦੇ ਇੰਤਜਾਮ ਵਿੱਚ ਬਹੁਤ ਹਿੱਸਾ ਲੈਂਦੀ ਰਹੀ. ਰਾਜਾ ਸਾਹਿਬ ਸਿੰਘ ਜੀ ਵਡੇ ਸਿੱਧੇ ਸਭਾਉ ਵਾਲੇ, ਲਾਈਲੱਗ ਅਤੇ ਨੀਤਿਵਿਦ੍ਯਾ ਤੋਂ ਅਞਾਣ ਸਨ. ਜੇ ਕਿਤੇ ਬੀਬੀ ਸਾਹਿਬ ਕੌਰ ਰਾਜ ਦੀ ਰਖ੍ਯਾ ਨਾ ਕਰਦੀ, ਤਾਂ ਬਿਨਾ ਸੰਸੇ ਪਟਿਆਲੇ ਤੇ ਅਨੇਕ ਆਫਤਾਂ ਆ ਪੈਂਦੀਆਂ.
ਸਨ ੧੭੯੪ ਵਿੱਚ ਅਨੰਤਰਾਉ ਅਤੇ ਲਛਮਨਰਾਉ ਮਰਹਟੇ ਜਦ ਪਟਿਆਲੇ ਤੇ ਚੜ੍ਹ ਆਏ, ਤਾਂ ਮਰਦਾਨਪੁਰ ਦੇ ਮੈਦਾਨਜੰਗ ਵਿੱਚ ਸਿੱਖਾਂ ਦੇ ਪੈਰ ਹਿਲਦੇ ਦੇਖਕੇ ਬੀਬੀ ਸਾਹਿਬ ਕੌਰ ਰਥੋਂ ਉਤਰਕੇ ਤਲਵਾਰ ਧੂਹਕੇ ਘੋੜੇ ਤੇ ਚੜ੍ਹ ਬੈਠੀ ਅਤੇ ਫੌਜ ਦੀ ਆਗੂ ਬਣੀ, ਅਰ ਅੱਖ ਦੇ ਫੋਰ ਵਿੱਚ ਮੈਦਾਨ ਜਿੱਤਕੇ ਫਤੇ ਦਾ ਡੰਕਾ ਵਜਾਉਂਦੀ ਪਟਿਆਲੇ ਆਈ. ਸਨ ੧੭੯੬ ਵਿੱਚ ਨਾਹਨ ਰਾਜ ਅੰਦਰ ਜਦ ਅਸ਼ਾਂਤੀ ਫੈਲੀ, ਤਾਂ ਬੀਬੀ ਸਾਹਿਬ ਕੌਰ ਨੇ ਰਾਜੇ ਦੀ ਬੇਨਤੀ ਮੰਨਕੇ ਆਪਣੀ ਫੌਜ ਲੈਜਾਕੇ ਉੱਥੇ ਅਮਨ ਕਾਇਮ ਕੀਤਾ.
ਸਨ ੧੭੯੯ (ਸੰਮਤ ੧੮੫੬) ਵਿੱਚ ਬੀਬੀ ਸਾਹਿਬ ਕੌਰ ਦਾ ਦੇਹਾਂਤ ਹੋਣ ਪੁਰ ਰਾਣੀ ਆਸ ਕੌਰ (ਰਾਜਾ ਸਾਹਿਬ ਸਿੰਘ ਜੀ ਦੀ ਪਟਰਾਣੀ) ਰਾਜਕਾਜ ਚੰਗੀ ਤਰਾਂ ਚਲਾਉਂਦੀ ਰਹੀ.
ਰਾਜਾ ਸਾਹਿਬ ਸਿੰਘ ਜੀ ਦੇ ਵੇਲੇ ਹੀ ਦੂਰੰਦੇਸ਼ ਫੂਲਕੀਆਂ ਰਿਆਸਤਾਂ ਬ੍ਰਿਟਿਸ਼ਰਾਜ ਦੀ ਰਖ੍ਯਾ ਅੰਦਰ ਆਈਆਂ.1
ਚੇਤ ਵਦੀ ੯ ਸੰਮਤ ੧੮੬੯ (੨੬ ਮਾਰਚ ਸਨ ੧੮੧੩) ਨੂੰ ਰਾਜਾ ਸਾਹਿਬ ਸਿੰਘ ਜੀ ਦਾ ਦੇਹਾਂਤ ਪਟਿਆਲੇ ਹੋਇਆ.
ਮਹਾਰਾਜਾ ਕਰਮਸਿੰਘ
ਸਰਦਾਰ ਗੁਰਦਾਸਸਿੰਘ ਚੱਠੇ ਦੀ ਸੁਪੁਤ੍ਰੀ ਰਾਣੀ ਆਸ ਕੌਰ2 ਦੇ ਉਦਰ ਤੋਂ ਰਾਜਾ ਸਾਹਿਬਸਿੰਘ ਜੀ ਦੇ ਘਰ ਮਹਾਰਾਜਾ ਕਰਮ ਸਿੰਘ ਜੀ ਦਾ ਜਨਮ ਅੱਸੂ ਸੁਦੀ ੫ ਸੰਮਤ ੧੮੫੫ (੧੬ ਅਕਤੂਬਰ ਸਨ ੧੭੯੮) ਨੂੰ ਹੋਇਆ.
ਹਾੜ੍ਹ ਸੁਦੀ ੨ ਸੰਮਤ ੧੮੭੦ (੩੦ ਜੂਨ ੧੮੧੩) ਨੂੰ ਪਟਿਆਲੇ ਦੇ ਰਾਜ ਸਿੰਘਾਸਨ ਤੇ ਵਿਰਾਜੇ. ਰਿਆਸਤ ਦਾ ਪ੍ਰਬੰਧ ਰਾਣੀ ਆਸ ਕੌਰ ਅਤੇ ਮਿੱਸਰ ਨੌਧੇ (ਨੌਨਿਧਿਰਾਇ) ਦੇ ਸੁਪੁਰਦ ਰਿਹਾ.
ਮਹਾਰਾਜੇ ਦੀ ਸ਼ਾਦੀ ਸਰਦਾਰ ਭੰਗਾ ਸਿੰਘ ਰਈਸ ਥਨੇਸਰ ਦੀ ਸੁਪੁਤ੍ਰੀ ਰੂਪ ਕੌਰ ਨਾਲ ਹੋਈ. ਸਨ ੧੮੧੦ ਵਿੱਚ ਮਹਾਰਾਜਾ ਪਦਵੀ ਮਿਲੀ. ਸਨ ੧੮੧੪ ਦੇ ਗੋਰਖਾ ਜੰਗ ਵਿੱਚ ਮਹਾਰਾਜਾ ਕਰਮ ਸਿੰਘ ਜੀ ਨੇ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਪਹਾੜ ਦਾ ਇਲਾਕਾ ਪ੍ਰਾਪਤ ਕੀਤਾ. ਮਾਈ ਆਸ ਕੌਰ ਨੇ ਸਨ ੧੮੧੮ ਵਿੱਚ ਪੁਤ੍ਰ ਦੇ ਹੱਥ ਰਾਜ ਕਾਜ ਦਾ ਭਾਰ ਦਿੱਤਾ, ਜਿਸ ਨੂੰ ਉਸ ਨੇ ਉੱਤਮ ਰੀਤਿ ਨਾਲ ਨਿਬਾਹਿਆ.
ਸਨ ੧੮੨੭ ਵਿੱਚ ਮਹਾਰਾਜਾ ਨੇ ਗਵਰਨਮੈਂਟ ਨੂੰ ੨੦ ਲੱਖ ਰੁਪਯਾ ਕਰਜ ਦਿੱਤਾ. ਸਨ ੧੮੪੫ ਦੇ ਸਿੱਖ ਜੰਗ ਸਮੇਂ ਸਰਕਾਰ ਦੀ ਸਹਾਇਤਾ ਕੀਤੀ. ਮਹਾਰਾਜਾ ਕਰਮ ਸਿੰਘ ਜੀ ਪੂਰਣ ਗੁਰਸਿੱਖ, ਸ਼ੂਰਵੀਰ, ਨਿਰਵਿਕਾਰ ਅਤੇ ਰਾਜ ਦਾ ਪ੍ਰਬੰਧ ਕਰਨ ਵਿੱਚ ਵਡੇ ਚਤੁਰ ਸਨ. ਇਨ੍ਹਾਂ ਨੇ ਆਪਣੀ ਰਿਆਸਤ ਅੰਦਰ ਜਿਤਨੇ ਗੁਰਦ੍ਵਾਰੇ ਸਨ ਸਾਰੇ ਪਕੇ ਬਣਵਾਏ ਅਤੇ ਉਨ੍ਹਾਂ ਨਾਲ ਜਾਗੀਰਾਂ ਲਾਈਆਂ.
ਮਹਾਰਾਜਾ ਦਾ ਦੇਹਾਂਤ ੨੩ ਦਿਸੰਬਰ ਸਨ ੧੮੪੫ (ਸੰਮਤ ੧੯੦੨) ਨੂੰ ਪਟਿਆਲੇ ਹੋਇਆ.
ਮਹਾਰਾਜ ਨਰੇਂਦ੍ਰ ਸਿੰਘ
ਮਹਾਰਾਜਾ ਕਰਮ ਸਿੰਘ ਸਾਹਿਬ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਮੱਘਰ ਵਦੀ ੧੦ ਸੰਮਤ ੧੮੮੦ (੨੬ ਨਵੰਬਰ ਸਨ ੧੮੨੩) ਨੂੰ ਹੋਇਆ. ਆਪ ਤੇਈ ਵਰ੍ਹੇ ਦੀ ਉਮਰ ਵਿੱਚ ਮਾਘ ਵਦੀ ੬ ਸੰਮਤ ੧੯੦੨ (੧੮ ਜਨਵਰੀ ਸਨ ੧੮੪੬) ਨੂੰ ਪਟਿਆਲੇ ਦੇ ਤਖਤ ਤੇ ਵਿਰਾਜੇ ਅਰ ਰਾਜ ਦਾ ਪ੍ਰਬੰਧ ਬਹੁਤ ਯੋਗ੍ਯਤਾ ਨਾਲ ਕੀਤਾ. ਮਹਾਰਾਜਾ ਦਾ ਦਰਬਾਰ ਸ਼ੂਰਵੀਰ ਯੋਧਿਆਂ, ਪੰਡਿਤਾਂ, ਉੱਤਮ ਕਵੀਆਂ ਅਰ ਗਵੈਯਾਂ ਨਾਲ ਭਰਪੂਰ ਰਹਿਂਦਾ ਸੀ.
ਫਰਵਰੀ ਸਨ ੧੮੪੭ ਵਿੱਚ ਆਪ ਨੂੰ ਗਵਰਨਮੈਂਟ ਵੱਲੋਂ ਦਸ ਹਜ਼ਾਰ ਰੁਪਯੇ ਸਾਲਾਨਾ ਆਮਦਨ ਦਾ ਇਲਾਕਾ ਮਿਲਿਆ ਅਰ ਖਿਲਤ ੪੧ ਕਿਸ਼ਤੀ ਦਾ ਅਤੇ ਸਲਾਮੀ ੧੭ ਤੋਪਾਂ ਦੀ ਹੋਈ. ਸਿੱਖਜੰਗਾਂ ਵਿੱਚ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਨਵਾਂ ਇਲਾਕਾ ਪ੍ਰਾਪਤ ਕੀਤਾ.
ਸਨ ੧੮੫੭— ੫੮ (ਸੰਮਤ ੧੯੧੪) ਦੇ ਗਦਰ ਵੇਲੇ ਮਹਾਰਾਜਾ ਸਾਹਿਬ ਨੇ ਆਪਣੇ ਤਾਈਂ ਗਵਰਨਮੈਂਟ ਬਰਤਾਨੀਆਂ ਦਾ ਸੱਚਾ ਮਿਤ੍ਰ ਸਿੱਧ ਕੀਤਾ.3
ਸਨ ੧੮੫੮ ਵਿੱਚ ਧੌਲਪੁਰ, ਗਵਾਲੀਅਰ ਅਤੇ ਅਵਧ ਵਿੱਚ ਆਪਣੀ ਫੌਜ ਭੇਜਕੇ ਅਮਨ ਕਾਇਮ ਕੀਤਾ. ਸਰਕਾਰ ਅੰਗ੍ਰੇਜ਼ੀ ਨੇ ਮਹਾਰਾਜਾ ਸਾਹਿਬ ਦਾ ਉਪਕਾਰ ਮੰਨਕੇ ਨਵਾਬ ਝੱਜਰ ਦਾ ਜਬਤ ਕੀਤਾ ਇਲਾਕਾ ਨਾਰਨੌਲ, ਰਿਆਸਤ ਨੂੰ ਦਿੱਤਾ, ਅਰ ਮੁਤਬੰਨਾ ਕਰਨ, ਪ੍ਰਾਣਦੰਡ ਦੇਣ ਆਦਿਕ ਅਧਿਕਾਰ ਜੋ ਗਵਰਨਮੈਂਟ ਤੋਂ ਮੰਗ ਰੱਖੇ ਸਨ, ਉਹ ਪ੍ਰਾਪਤ ਹੋਏ.1
੧੮ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਨੇ ਅੰਬਾਲੇ ਦਰਬਾਰ ਕਰਕੇ ਸਰਕਾਰ ਵੱਲੋਂ ਮਹਾਰਾਜਾ ਦਾ ਧੰਨਵਾਦ ਕੀਤਾ.
ਸਨ ੧੮੬੧ ਵਿੱਚ ਮਹਾਰਾਜਾ ਨੂੰ ਕੇ. ਸੀ. ਐਸ. ਆਈ. ਦਾ ਖਿਤਾਬ ਮਿਲਿਆ, ਅਰ ਜਨਵਰੀ ਸਨ ੧੮੬੨ ਦੀ ਕੌਂਸਲ ਦੇ ਇਜਲਾਸ ਵਿੱਚ ਮੈਂਬਰ ਹੋਕੇ ਕਲਕੱਤੇ ਬੈਠੇ.
ਆਪ ਨੇ ਗਵਰਨਮੈਂਟ ਨਾਲ ਜੋ ਰਾਜਪ੍ਰਬੰਧ ਦੇ ਸੰਬੰਧ ਵਿੱਚ ਅਹਿਦੋਪੈਮਾਨ ਥਾਪੇ ਹਨ, ਉਨ੍ਹਾਂ ਤੋਂ ਆਪ ਦੀ ਨੀਤਿਵਿਦਯਾ ਦਾ ਪੂਰਾ ਗ੍ਯਾਨ ਹੁੰਦਾ ਹੈ.
ਖਾਲਸਾਪੰਥ ਦੇ ਹਿਤ ਲਈ ਆਪਨੇ ਸੰਮਤ ੧੯੧੮ ਵਿੱਚ ਨਿਰਮਲੇਸਿੰਘਾਂ ਦਾ ਅਖਾੜਾ “ਧਰਮਧੁਜਾ”, ਦੋ ਸਾਥੀ ਰਿਆਸਤਾਂ ਨਾਲ ਮਿਲਕੇ ਰਚਿਆ. ਗੁਰੂ ਤੇਗਬਹਾਦੁਰ ਸਾਹਿਬ ਦਾ ਸੁੰਦਰ ਗੁਰਦਸ਼ਾਰਾ, ਮੋਤੀਬਾਗ ਦੇ ਸਾਮ੍ਹਣੇ ਬਣਾਕੇ ਕਥਾਕੀਰਤਨ ਅਤੇ ਲੰਗਰ ਦੀ ਮਰਯਾਦਾ ਕਾਇਮ ਕੀਤੀ.
ਉਨਤਾਲੀ ਵਰ੍ਹੇ ਦੀ ਉਮਰ ਵਿੱਚ ੧੩ ਨਵੰਬਰ ਸਨ ੧੮੬੨ (ਸੰਮਤ ੧੯੧੯) ਨੂੰ ਆਪ ਦਾ ਦੇਹਾਂਤ ਪਟਿਆਲੇ ਹੋਇਆ.
ਫੂਲਕੀਆਂ ਰਿਆਸਤਾਂ ਵਿੱਚ ਇਹ ਪਹਿਲਾ ਸਮਾ ਸੀ, ਜਦ ਇੱਕ ਸਮੇਂ ਵਿੱਚ ਤਿੰਨੇ ਰਈਸ (ਮਹਾਰਾਜਾ ਨਰੇਂਦ੍ਰ ਸਿੰਘ ਜੀ, ਰਾਜਾ ਭਰਪੂਰਸਿੰਘ ਜੀ, ਰਾਜਾ ਸਰੂਪ ਸਿੰਘ ਜੀ) ਪੂਰੇ ਨੀਤਿਵੇੱਤਾ, ਪ੍ਰਜਾ ਦੇ ਪਿਆਰੇ ਅਤੇ ਹੋਰ ਰਾਜਿਆਂ ਲਈ ਉਦਾਹਣਰੂਪ ਹੋਏ, ਪਰ ਪ੍ਰਜਾ ਦੀ ਬਦਕਿਸਮਤੀ ਦੇ ਕਾਰਣ ਇਹ ਤਿੰਨੇ ਰਤਨ ਥੋੜੇ ਸਮੇ ਅੰਦਰ ਹੀ ਲੋਪ ਹੋ ਗਏ, ਜਿਸ ਤੋਂ ਫੇਰ ਅਜੇ ਤਕ ਉਹ ਸੁਭਾਗੀ ਸਮਾਂ ਨਹੀਂ ਆਇਆ.ਭਾਈ ਸਾਹਿਬ ਸਿੰਘ ਜੀ (ਮ੍ਰਿਗਿੰਦ) ਸੰਗਰੂਰ ਨਿਵਾਸੀ ਨੇ ਇਨ੍ਹਾਂ ਤੇਹਾਂ ਮਹਾਰਾਜਿਆਂ ਬਾਬਤ ਲਿਖਿਆ ਹੈ—
ਕੈਧੋ ਦੇਵ ਤ੍ਰਈ ਧਰਾ ਏਕਮਈ ਹੋਤ ਦੇਖ
ਧਾਏ ਅਵਤਾਰ ਧਾਰ ਹੱਦ ਹਿੰਦਵਾਨ ਕੀ,
ਨ੍ਰਿਪਤਿ ਨਰੇਂਦ੍ਰਸਿੰਘ ਸ੍ਰੀਪਤਿ ਸਰੂਪ ਸਿੰਘ
ਭੂਪਤਿ ਭ੍ਰਪੂਰ ਸਿੰਘ ਅਵਧ ਨ੍ਰਿਪਾਨ ਕੀ.
ਸੰਮਤ ਉਨੀ ਸੌ ਉੱਨੀਂ ਅਗਹਨ ਅਸਿਤ ਸਾਤੈਂ1
ਸ੍ਰੀ ਨਰੇਂਦ੍ਰ ਸਿੰਘ ਜੀ ਜੋ ਬੈਕੁਁਠ ਪਯਾਨ ਕੀ,
ਬੀਸੇ ਬਦੀ ਕਾਤਕ ਤ੍ਰ੍ਯੋਦਸ਼ੀ ਭ੍ਰਪੂਰ ਸਿੰਘ
ਮਾਘ ਬਦੀ ਤੀਜ ਸ੍ਰੀ ਸਰੂਪ ਸਿੰਘ ਯਾਨ2 ਕੀ.
ਜਗ ਉਜਿਆਰੇ ਭੁਜਭਾਰੇ ਨੀਤਿ ਨੇਮ ਵਾਰੇ
ਤੀਨੋ ਤ੍ਰਈਵੇਦ ਕੇ ਨਿਤਾਂਤ ਭੇਦਵਾਰੇ ਹੈਂ,
ਦਾਨਾ ਦੀਨਬੰਧੁ ਦਯਾਸਿੰਧੁ ਹੈਂ ਉਦਾਰ ਦਾਨੀ
ਸਾਫ ਇਨਸਾਫ ਕੇ ਔਸਾਫ ਵਪੁ ਧਾਰੇ ਹੈਂ,
ਤੀਨਹੁ ਤ੍ਰਿਵਿਕ੍ਰਮ ਤ੍ਰਿਬੇਨੀ ਕੀ “ਮ੍ਰਿਗਿੰਦ” ਧਾਰਾ
ਤੀਨਹੂੰ ਭੁਵਨ ਜਸ ਪੂਰ ਬਿਸਤਾਰੇ ਹੈਂ,
ਅਰਸੇ ਖ਼ਫ਼ੀਫ਼ ਮੇ ਸ਼ਰੀਫ਼ ਯੇ ਰਈਸ ਤੀਨੋ
ਦੇਖੀਏ! ਬੈਕੁੰਠ ਤਸ਼ਰੀਫ਼ ਲੇ ਪਧਾਰੇ ਹੈਂ.
ਮਹਾਰਾਜਾ ਮਹੇਂਦ੍ਰ ਸਿੰਘ
ਮਹਾਰਾਜਾ ਨਰੇਂਦ੍ਰ ਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੧੬ ਸਿਤੰਬਰ ਸਨ ੧੮੫੨ (ਸੰਮਤ ੧੯੧੦) ਨੂੰ ਹੋਇਆ. ਪਿਤਾ ਦੇ ਦੇਹਾਂਤ ਹੋਣ ਪੁਰ ਦਸ ਵਰ੍ਹੇ ਚਾਰ ਮਹੀਨੇ ਦੀ ਉਮਰ ਵਿੱਚ, ਮਾਘ ਸੁਦੀ ੧੦ ਸੰਮਤ ੧੯੧੯ (੨੯ ਜਨਵਰੀ ਸਨ ੧੮੬੨) ਨੂੰ ਮਸਨਦਨਸ਼ੀਨ ਹੋਏ. ਆਪਦੀ ਨਾਬਾਲਗੀ ਦੀ ਹਾਲਤ ਵਿੱਚ ਕੌਂਸਲ (The Council of Regency) ਨੇ ਰਾਜ ਦਾ ਪ੍ਰਬੰਧ ਕੀਤਾ3 ਫਰਵਰੀ ਸਨ ੧੮੭੦ ਵਿੱਚ ਮਹਾਰਾਜਾ ਸਾਹਿਬ ਨੇ ਰਾਜਕਾਜ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ.
ਮਹਾਰਾਜਾ ਮਹੇਂਦ੍ਰ ਸਿੰਘ ਜੀ ਦੀ ਅਮਲਦਾਰੀ ਵਿੱਚ ਸਰਹਿੰਦ ਕਨਾਲ (Canal) ਰੋਪੜ ਤੋਂ ਕੱਢਣੀ ਤਜਵੀਜ ਹੋਈ, ਜਿਸ ਤੇ ਇੱਕ ਕਰੋੜ ਤੇਈ ਲੱਖ ਰੁਪਯਾ ਰਿਆਸਤ ਦੇ ਹਿੱਸੇ ਦਾ ਖਰਚ ਹੋਇਆ।4
ਅੰਗ੍ਰੇਜ਼ੀਭਾ ਦੇ ਗ੍ਯਾਤਾ ਇਹ ਪਹਿਲੇ ਮਹਾਰਾਜਾ ਪਟਿਆਲਾ ਸਨ. ਆਪ ਨੂੰ ਵਿਦ੍ਯਾ ਨਾਲ ਅਪਾਰ ਪ੍ਰੇਮ ਸੀ. ਸਨ ੧੮੭੦ ਵਿੱਚ ਇਨ੍ਹਾਂ ਨੇ ਯੂਨੀਵਰਸਿਟੀ ਪੰਜਾਬ ਨੂੰ ੭੦੦੦੦) ਦਾਨ ਦਿੱਤਾ, ਸਨ ੧੮੭੧ ਵਿੱਚ ਗਵਰਨਮੈਂਟ ਵੱਲੋਂ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ. ਸਨ ੧੮੭੩ ਵਿੱਚ ਬੰਗਾਲ ਦੇ ਦੁਰਭਿੱਖਗ੍ਰਸੇ ਦੁਖੀਆਂ ਦੀ ਸਹਾਇਤਾ ਲਈ ਮਹਾਰਾਜਾ ਨੇ ਦਸ ਲੱਖ ਰੁਪਯਾ ਬਖਸ਼ਿਆ.
੨੯ ਮਾਰਚ ਸਨ ੧੮੭੫ ਨੂੰ ਵਾਇਸਰਾਇ ਹਿੰਦ (Earl Northbrook) ਦੇ ਪਟਿਆਲੇ ਆਉਣ ਸਮੇਂ ਮਹਾਰਾਜਾ ਸਾਹਿਬ ਨੇ ਮਹੇਂਦ੍ਰਕਾਲਿਜ ਦੀ ਨਿਉਂ ਰੱਖੀ, ਜਿਸ ਵਿੱਚ ਸਭ ਨੂੰ ਮੁਫ਼ਤ ਵਿਦ੍ਯਾ ਮਿਲਦੀ ਹੈ.
ਮਹਾਰਾਜਾ ਮਹੇਂਦ੍ਰ ਸਿੰਘ ਜੀ ਕੱਦਾਵਰ, ਦਿਲੇਰ, ਚਤੁਰ ਅਤੇ ਵੱਡੇ ਸ਼ਹਸਵਾਰ ਸਨ. ਆਪ ਨੂੰ ਸ਼ਿਕਾਰ ਅਤੇ ਸੈਰ ਦਾ ਭਾਰੀ ਸ਼ੌਕ ਸੀ. ਸ਼ੋਕ ਹੈ ਕਿ ਆਪ ਦੀ ਉਮਰ ਵਿੱਚ ਬਰਕਤ ਨਾ ਹੋਈ. ੧੪ ਅਪ੍ਰੈਲ ਸਨ ੧੮੭੬ (ਸੰਮਤ ੧੯੩੩) ਨੂੰ ਆਪ ਦੀ ਅਕਾਲ ਮ੍ਰਿਤ੍ਯੁ ਹੋਣ ਪੁਰ ਸਾਰੇ ਪੰਜਾਬ ਨੇ ਵਡਾ ਸ਼ੋਕ ਮਨਾਇਆ.
ਮਹਾਰਾਜਾ ਰਾਜੇਂਦ੍ਰ ਸਿੰਘ
ਮਹਾਰਾਜਾ ਮਹੇਂਦ੍ਰ ਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਜੇਠ ਵਦੀ ੪ ਸੰਮਤ ੧੯੨੯ (੨੫ ਮਈ ਸਨ ੧੮੭੨) ਨੂੰ ਹੋਇਆ. ੬ ਜਨਵਰੀ ਸਨ ੧੮੭੭ ਨੂੰ ਰਾਜ ਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਰਾਜ ਦਾ ਪ੍ਰਬੰਧ ਕੌਂਸਲ ਆਵ ਰੀਜੈਂਸੀ ਨੇ ਕੀਤਾ5. ਰਾਜਪੁਰਾ ਭਟਿੰਡਾ ਰੇਲਵੇ ਲੈਨ ਰਿਆਸਤ ਦੇ ਖ਼ਰਚ ਤੋਂ ਤਿਆਰ ਹੋਈ, ਜੋ ਸਨ ੧੮੮੯ ਵਿੱਚ ਖੋਲ੍ਹੀ ਗਈ.
ਸਨ ੧੮੭੯ ਦੇ ਕਾਬੁਲਜੰਗ ਵਿੱਚ ਫੌਜ ਭੇਜਕੇ ਮਹਾਰਾਜਾ ਸਾਹਿਬ ਨੇ ਸਰਕਾਰ ਅੰਗ੍ਰੇਜ਼ੀ ਨੂੰ ਪੂਰੀ ਸਹਾਇਤਾ ਦਿੱਤੀ.
ਮਹਾਰਾਜਾ ਸਾਹਿਬ ਨੇ ਸਨ ੧੮੯੦ ਵਿੱਚ ਰਾਜਪ੍ਰਬੰਧ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ, ੨੭ ਵੈਸਾਖ ਸੰਮਤ ੧੯੪੫ (ਸਨ ੧੮੮੮) ਨੂੰ ਆਪ ਦੀ ਸ਼ਾਦੀ ਸਰਦਾਰ ਕਿਸ਼ਨ ਸਿੰਘ ਰਈਸ ਚਕੇਰੀਆਂ ਦੀ ਸੁਪੁਤ੍ਰੀ ਨਾਲ ਵਡੀ ਧੂਮਧਾਮ ਨਾਲ ਹੋਈ, ਜਿਸ ਵਿੱਚ ਫੂਲਵੰਸ਼ੀ ਮਹਾਰਾਜੇ, ਵਾਇਸਰਾਇ ਹਿੰਦ ਅਤੇ ਲਾਟ ਸਾਹਿਬ ਪੰਜਾਬ ਸ਼ਾਮਿਲ ਸਨ.
ਸਨ ੧੮੯੭ ਦੇ ਤੀਰਾਹ ਜੰਗ ਵਿੱਚ ਪਟਿਆਲੇ ਦੀ ਫੌਜ ਨੇ ਸ਼ਲਾਘਾ ਯੋਗ੍ਯ ਕੰਮ ਕਰਕੇ ਸਰਕਾਰ ਤੋਂ ਧੰਨਵਾਦ ਪ੍ਰਾਪਤ ਕੀਤਾ. ਸਨ ੧੮੯੮ ਵਿੱਚ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ.
ਅਠਾਈ ਵਰ੍ਹੇ ਦੀ ਉਮਰ ਵਿੱਚ ਆਪ ਦਾ ਦੇਹਾਂਤ ਨਵੰਬਰ ਸਨ ੧੯੦੦ ਵਿੱਚ ਹੋਇਆ.
ਮਹਾਰਾਜਾ ਰਾਜੇਂਦ੍ਰ ਸਿੰਘ ਸਾਹਿਬ ਉਦਾਰ, ਵਡੇ ਕ੍ਰਿਪਾਲੁ, ਦਿਲੇਰ ਅਤੇ ਪੋਲੋ ਕ੍ਰਿਕਟ ਆਦਿ ਖੇਡਾਂ ਦੇ ਪ੍ਰੇਮੀ ਸਨ.
ਮਹਾਰਾਜ ਭੂਪੇਂਦ੍ਰ ਸਿੰਘ
ਮਹਾਰਾਜਾ ਰਾਜੇਂਦ੍ਰ ਸਿੰਘ ਜੀ ਦੇ ਘਰ ਮਹਾਰਾਣੀ ਜਸਮੇਰ ਕੌਰ ਦੇ ਉਦਰ ਤੋਂ ੧੨ ਅਕਤੂਬਰ ਸਨ ੧੮੯੧ (ਅੱਸੂ ਸੁਦੀ ੧੦ ਸੰਮਤ ੧੯੪੮) ਨੂੰ ਆਪ ਦਾ ਜਨਮ ਹੋਇਆ. ਪਿਤਾ ਜੀ ਦਾ ਦੇਹਾਂਤ ਹੋਣ ਪੁਰ ਨਵੰਬਰ ਸਨ ੧੯੦੦ ਵਿੱਚ ਪਟਿਆਲੇ ਦੇ ਰਾਜਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਕੌਂਸਲ ਆਵ ਰੀਜੈਂਸੀ ਦੇ ਹੱਥ ਰਿਆਸਤ ਦਾ ਪ੍ਰਬੰਧ ਰਿਹਾ, ਜਿਸ ਦੇ ਪ੍ਰਧਾਨ ਸਰਦਾਰ ਗੁਰਮੁਖ ਸਿੰਘ ਅਤੇ ਮੈਂਬਰ ਲਾਲਾ ਭਗਵਾਨਦਾਸ ਅਰ ਖ਼ਲੀਫ਼ਾ ਮੁਹੰਮਦਹੁਸੈਨ ਸਨ.
ਮਹਾਰਾਜਾ ਸਾਹਿਬ ਨੇ ਪ੍ਰਾਈਵੇਟ ਤਾਲੀਮ ਤੋਂ ਛੁੱਟ, ਐਚੀਸਨ ਕਾਲਿਜ ਲਾਹੌਰ ਵਿੱਚ ਬਾਕਾਇਦਾ ਵਿਦ੍ਯਾ ਪ੍ਰਾਪਤ ਕੀਤੀ.
੯ ਮਾਰਚ ਸਨ ੧੯੦੮ (੨੬ ਫੱਗੁਣ ੧੯੬੪) ਨੂੰ ਸਰਦਾਰ ਬਹਾਦੁਰ ਜਨਰਲ ਸਰਦਾਰ ਗੁਰਨਾਮ ਸਿੰਘ ਦੀ ਸੁਪੁਤ੍ਰੀ ਬਖਤਾਵਰ ਕੌਰ ਨਾਲ ਸ਼ਾਦੀ ਹੋਈ, ਜਿਸਦੀ ਕੁਖ ਤੋਂ ੭ ਜਨਵਰੀ, ੧੯੧੩ (੨੫ ਪੋਹ , ੧੯੬੬) ਨੂੰ ਟਿੱਕਾ ਯਾਦਵਇੰਦ੍ਰ ਸਿੰਘ ਜੀ ਜਨਮੇ.
ਸਨ ੧੯੦੮ ਦੇ ਮੋਹਮੰਦ ਅਤੇ ਜ਼ਕਾਖ਼ੇਲ ਦੀ ਅਸ਼ਾਂਤੀ ਸਮੇ ਸਰਹੱਦੀ ਜੰਗ ਵਿੱਚ ਮਹਾਰਾਜਾ ਨੇ ਸਰਕਾਰ ਨੂੰ ਸਭ ਤਰਾਂ ਸਹਾਇਤਾ ਦਿੱਤੀ.
੧ ਅਕਤੂਬਰ ਸਨ ੧੯੦੯ ਤੋਂ ਮਹਾਰਾਜਾ ਸਾਹਿਬ ਨੇ ਰਿਆਸਤ ਦਾ ਕੰਮ ਆਪਣੇ ਹੱਥ ਲਿਆ, ਜਿਸ ਦਾ ਐਲਾਨ ਲਾਰਡ ਮਿੰਟੋ ਨੇ ੩ ਨਵੰਬਰ ਸਨ ੧੯੧੦ ਨੂੰ ਪਟਿਆਲੇ ਦੇ ਦਰਬਾਰ ਵਿੱਚ ਕੀਤਾ.
ਸਨ ੧੯੧੧ ਵਿੱਚ ਮਹਾਰਾਜਾ ਨੇ ਯੂਰਪ ਦੀ ਯਾਤ੍ਰਾ ਕੀਤੀ. ਦਿਸੰਬਰ ਸਨ ੧੯੧੧ ਦੇ ਸ਼ਾਹੀ ਦਰਬਾਰ ਦਿੱਲੀ ਵਿੱਚ ਆਪ ਸ਼ਾਮਿਲ ਹੋਏ ਅਤੇ ਸਰਕਾਰ ਵਲੋਂ ਜੀ. ਸੀ. ਆਈ. ਈ. (G.C.I.E.) ਦਾ ਖਿਤਾਬ ਮਿਲਿਆ.
ਸਨ ੧੯੧੪ ਦੇ ਮਹਾਨਜੰਗ ਵਿੱਚ ਮਹਾਰਾਜਾ ਨੇ ਯੁੱਧਭੂਮੀ ਵਿੱਚ ਖੁਦ ਜਾਣ ਦਾ ਸੰਕਲਪ ਕੀਤਾ, ਪਰ ਸਖ਼ਤ ਬੀਮਾਰ ਹੋ ਜਾਣ ਦੇ ਕਾਰਣ ਡਾਕਟਰਾਂ ਨੇ ਅਦਨ ਤੋਂ ਵਾਪਿਸ ਕਰਦਿੱਤੇ. ਇਸ ਨਾਜੁਕ ਸਮੇਂ ਮਹਾਰਾਜਾ ਨੇ ਜੋ ਗਵਰਨਮੈਂਟ ਦੀ ਸਹਾਇਤਾ ਕੀਤੀ, ਉਹ ਸਨ ੧੮੫੭ ਦੇ ਗਦਰ ਦੀ ਸਹਾਇਤਾ ਤੋਂ ਘੱਟ ਨਹੀਂ ਸੀ. ਹਜਾਰਾਂ ਰੰਗਰੂਟ (recruits) ਭਰਤੀ ਕੀਤੇ, ਲੱਖਾਂ ਰੁਪਯਾ ਅਨੇਕ ਫੰਡਾਂ ਵਿੱਚ ਦਿੱਤਾ ਅਤੇ ਮਹਾਰਾਜਾ ਦੀ ਫੌਜ ਨੇ ਮਿਸਰ, ਮੈਸੋਪੋਟੇਮੀਆ ਅਤੇ ਬਲੋਚਿਸਤਾਨ ਆਦਿਕ ਅਸਥਾਨਾਂ ਵਿੱਚ ਬਹੁਤ ਸ਼ਲਾਘਾਯੋਗ੍ਯ ਕੰਮ ਕੀਤਾ.
ਸਨ ੧੯੧੭ ਵਿੱਚ ਮਹਾਰਾਜਾ ਸਾਹਿਬ ਅਤੇ ਉਨ੍ਹਾਂ ਦੇ ਜਾਨਸ਼ੀਨ ਹਮੇਸ਼ਾ ਲਈ ਵਾਇਸਰਾਇ ਦੇ ਦਰਬਾਰ ਵਿੱਚ ਨਰ ਪੇਸ਼ ਕਰਨ ਤੋਂ ਗਵਰਨਮੈਂਟ ਨੇ ਮੁਆਫ਼ ਕੀਤੇ.
੧ ਜਨਵਰੀ ਸਨ ੧੯੧੮ ਨੂੰ ਜੀ. ਬੀ. ਈ. (G.B.E.) ਦਾ ਖਿਤਾਬ ਮਿਲਿਆ ਅਤੇ ਸਲਾਮੀ ੧੯ ਤੋਪਾਂ ਦੀ ਕੀਤੀ ਗਈ ਅਰ ਮੇਜਰ ਜਨਰਲ (Major General) ਦੀ ਪਦਵੀ ਮਿਲੀ. ਇਸੇ ਸਾਲ (੧੯੧੮), ਇੰਪੀਰੀਅਲ ਵਾਰ ਕਾਨਫ੍ਰੈਂਸ (Imperial War Conference) ਵਿੱਚ ਹਿੰਦੁਸਤਾਨੀ ਰੂਲਿੰਗ ਪ੍ਰਿੰਸਜ਼ ਵੱਲੋਂ ਪ੍ਰਤਿਨਿਧਿ ਹੋਕੇ ਇੰਗਲੈਂਡ ਗਏ.
ਯੂਰਪਯਾਤ੍ਰਾ ਸਮੇਂ ਸਾਰੇ ਦੇਸ਼ਾਂ ਵਿੱਚ ਮਹਾਰਾਜਾ ਸਾਹਿਬ ਦਾ ਵਡਾ ਮਾਨ ਹੋਇਆ ਅਰ ਬਹੁਤ ਸਲਤਨਤਾਂ ਵੱਲੋਂ ਉੱਚ ਸਨਮਾਨ ਦੇ ਖ਼ਿਤਾਬ ਦਿੱਤੇ ਗਏ.1
ਸਨ ੧੯੧੯ ਦੇ ਅਫਗਾਨਜੰਗ ਵਿੱਚ ਮਹਾਰਾਜਾ ਸਾਹਿਬ ਖੁਦ ਸ਼ਾਮਿਲ ਹੋਏ. ੧ ਜਨਵਰੀ ੧੯੨੧ ਨੂੰ ਜੀ. ਸੀ. ਐਸ. ਆਈ. (G.C.S.I) ਦਾ ਖਿਤਾਬ ਮਿਲਿਆ. ੧੭ ਮਾਰਚ ਸਨ ੧੯੨੨ ਨੂੰ ਜੀ. ਸੀ. ਵੀ. ਓ. (G.C.V.O.) ਹੋਏ ਅਤੇ ਬਾਦਸ਼ਾਹ (King) ਦੇ ਏ. ਡੀ. ਸੀ. ਥਾਪੇ ਗਏ. ਸਨ ੧੯੨੩ ਵਿੱਚ ੧੫ ਲੁਦਿਆਨਾ ਸਿੱਖ ਪਲਟਨ ਦੇ ਆਨਰੇਰੀ ਕਰਨੈਲ ਹੋਏ. ਜਨਵਰੀ ਸਨ ੧੯੨੬ ਤੋਂ ਮਾਰਚ ੩੧ ਤਕ ਮਹਾਰਾਜਾ ਭੂਪੇਂਦ੍ਰ ਸਿੰਘ ਸਾਹਿਬ ਨਰੇਂਦ੍ਰਮੰਡਲ (The Chamber of Princes) ਦੇ ਚਾਂਸਲਰ (Chancellor) ਰਹੇ ਹਨ.
ਮਹਾਰਾਜਾ ਸਾਹਿਬ ਦਾ ਪੂਰਾ ਖ਼ਿਤਾਬ ਹੈ:—
ਮੇਜਰ ਜਨਰਲ ਹਿਜ਼ ਹਾਈਨੈਸ ਫ਼ਰਜ਼ੰਦੇ ਖ਼ਾ ਦੌਲਤੇ ਇੰਗਲਿਸ਼ੀਆ ਮਨਰੇ ਜ਼ਮਾਨ ਅਮੀਰੁਲ ਉਮਰਾ ਮਹਾਰਾਜਾਧਿਰਾਜ ਰਾਜੇਸ਼੍ਵਰ ਸ੍ਰੀ ਮਹਾਰਾਜਾਏਰਾਜਗਾਨ ਸਰ ਭੂਪੇਂਦ੍ਰ ਸਿੰਘ ਮਹੇਂਦ੍ਰ ਬਹਾਦੁਰ, ਪਟਿਆਲਾਪਤਿ, ਜੀ. ਸੀ. ਐਸ. ਆਈ.; ਜੀ. ਸੀ. ਆਈ. ਈ.; ਜੀ. ਸੀ. ਵੀ. ਓ.; ਜੀ. ਬੀ. ਈ.; ਏ. ਡੀ. ਸੀ.; ਐਫ਼. ਆਰ. ਜੀ. ਐਸ.; ਐਫ਼. ਜ਼ੈਡ. ਐਸ.; ਐਮ. ਆਰ. ਏ. ਐਸ.; ਐਮ. ਆਰ. ਐਸ. ਏ.; ਐਫ਼. ਆਰ. ਸੀ. ਆਈ.; ਐਫ਼. ਆਰ. ਐਚ. ਐਸ.2
ਰਿਆਸਤ ਪਟਿਆਲੇ ਦਾ ਨੰਬਰ ਪੰਜਾਬ ਵਿੱਚ ਪਹਿਲਾ ਹੈ. ਇਸ ਦਾ ਰਕਬਾ ੫੪੧੨ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੧੪੯੯੭੩੯ ਹੈ ਅਰ ਸਾਲਾਨਾ ਆਮਦਨ ੧, ੨੨, ੭੩, ੭੧੯ ਰੁਪਯਾ ਹੈ.
ਰਿਆਸਤ ਵਿੱਚ ੧੪ ਸ਼ਹਿਰ ਅਤੇ ੩੫੮੦ ਪਿੰਡ ਹਨ.
ਫੌਜ ਇੰਪੀਰੀਅਲ ਸਰਵਿਸ— ਰਾਜੇਂਦ੍ਰ ਰਸਾਲਾ (Lancers) ੫੨੬ ਸਵਾਰ.
ਪਲਟਨ ਪਹਿਲੀ ਦੇ ੭੪੦ ਅਤੇ ਦੂਜੀ ਦੇ ੭੪੦ ਸਿਪਾਹੀ.ਲੋਕਲ— ਰਸਾਲਾ ੧ ਅਤੇ ਪਲਟਨਾਂ ੨.
ਤੋਪਖਾਨਾ— ੮ ਤੋਪਾਂ, ਗੋਲੰਦਾਜ਼ ੧੫੦.
ਪੋਲੀਸ ਦੀ ਗਿਣਤੀ ੧੩੦੦ ਅਤੇ ਠਾਣੇ ੩੧ ਹਨ.
ਰਾਜਧਾਨੀ ਵਿੱਚ ਇੱਕ ਆਲੀਸ਼ਾਨ ਮਹੇਂਦ੍ਰ ਕਾਲਿਜ ਹੈ, ਜਿਸ ਵਿੱਚ ਬੀ. ਏ. ਤਕ ਬਿਨਾ ਫੀਸ ਵਿਦਯਾ ਦਿੱਤੀ ਜਾਂਦੀ ਹੈ. ਭੂਪੇਂਦ੍ਰ ਤਿੱਬੀਆ ਕਾਲਿਜ ਅਤੇ ਭੂਪੇਂਦ੍ਰ ਐਗ੍ਰੀਕਲਚਰਰਲ ਇਨਸ੍ਟੀਚਯੂਟ ਭੀ ਉੱਤਮ ਹਨ.
ਰਿਆਸਤ ਵਿੱਚ ੧੧ ਹਾਈ ਸਕੂਲ , ੩੦ ਮਿਡਲ ਸਕੂਲ, ੨੫੩ ਪ੍ਰਾਇਮਰੀ ਸਕੂਲ ਹਨ.
ਗਰਲਸਕੂਲ— ਇੱਕ ਹਾਈ, ਇੱਕ ਮਿਡਲ, ੪੪ ਪ੍ਰਾਇਮਰੀ ਹਨ.
ਰਾਜਧਾਨੀ ਵਿੱਚ ਰਾਜੇਂਦ੍ਰ ਹਸਪਤਾਲ, ਜਿਸ ਅੰਦਰ ੮੦ ਰੋਗੀ ਰਹਿ ਸਕਦੇ ਹਨ, ਲੇਡੀ ਡਫ਼ਰਿਨ ਜਨਾਨਾ ਹਸਪਤਾਲ, ਜਿਸ ਵਿੱਚ ੧੨ ਬਿਸਤਰ ਹਨ ਸ਼ਲਾਘਾ ਯੋਗ੍ਯ ਹਨ. ਇਲਾਕੇ ਵਿੱਚ ੯ ਹਸਪਤਾਲ ਅਤੇ ੨੮ ਡਿਸਪੈਨਸਰੀਆਂ ਹਨ.
ਪਟਿਆਲੇ ਦੇ ਕਿਲੇ ਅੰਦਰ “ਬਾਬਾ ਆਲਾ ਸਿੰਘ ਜੀ ਦੇ ਬੁਰਜ” ਵਿੱਚ ਇਹ ਗੁਰਵਸਤਾਂ ਹਨ:—
੧ ਹੁਕਮਨਾਮਾ ਦਸ਼ਮੇਸ਼ ਜੀ ਦਾ, ਇਸਦਾ ਪਾਠ ਤ੍ਰਿਲੋਕ ਸਿੰਘ ਸ਼ਬਦ ਵਿੱਚ ਦਿੱਤਾ ਗਿਆ ਹੈ.
੨ ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ ਫ਼ੌਲਾਦੀ, ਜਿਸ ਦਾ ਤੋਲ ੧੨ ਸੇਰ ਪੱਕਾ ਹੈ.
੩ ਗੁਰੂ ਤੇਗਬਹਾਦੁਰ ਸਾਹਿਬ ਦਾ ਦੁਧਾਰਾ ਖੰਡਾ.
੪ ਦਸ਼ਮੇਸ਼ ਦੀ ਸ਼ਿਕਾਰਗਾਹ ਤਲਵਾਰ.
੫ ਸ਼੍ਰੀ ਸਾਹਿਬ ਕਲਗੀਧਰ ਜੀ ਦਾ, ਜਿਸ ਤੇ ਲਿਖਿਆ ਹੈ— ਅਕਾਲ ਸਹਾਇ ਗੁਰੂ ਗੋਬਿੰਦਸਿੰਘ, ਜੋ ਦਰਸ਼ਨ ਕਰੇਗਾ ਸੋ ਨਿਹਾਲ ਹੋਇਗਾ.
੬ ਦਸ਼ਮੇਸ਼ ਦਾ ਦੋ ਫਾਂਕਾ ਤੀਰ , ਇਸ ਤੇ ਸੋਨੇ ਦੇ ਤਿੰਨ ਬੰਦ ਹਨ. ੭ ਦਸਮ ਗੁਰੂ ਜੀ ਦਾ ਬਰਛਾ , ਜਿਸ ਦਾ ਛੜ (ਦਸ੍ਤਾ) ਅਜੀਬ ਜੌਹਰਦਾਰ ਹੈ.
੮ ਕਲਗੀਧਰ ਜੀ ਦਾ ਸਫਾਜੰਗ.
੯ ਦਸ਼ਮੇਸ਼ ਜੀ ਦਾ ਗੁਟਕਾ , ਜਿਸ ਵਿੱਚ ਜਪੁਜੀ , ਰਹਿਰਾਸ— “ਸਰਨ ਪਰੇ ਕੀ ਰਾਖਹੁ ਸਰਮਾ—” ਤਕ, ਕੀਰਤਨਸੋਹਲਾ, ਗੁਰੂ ਤੇਗਬਹਾਦੁਰ ਜੀ ਦੇ ਸ਼ਬਦ ਅਤੇ ਸਲੋਕ , ਸਲੋਕ ਸਹਸਕਿਰਤੀ ਅਰ ਗਾਥਾ ਹੈ.
੧੦ ਕਲਗੀਧਰ ਜੀ ਦਾ ਸੁਨਹਿਰੀ ਸ਼ਿਕਾਰਗਾਹ ਕਟਾਰ.
੧੧ ਦਸ਼ਮੇਸ਼ ਦੇ ਪਊਏ , ਜੋ ਪਿੰਡੀਘੇਬ ਦੇ ਸੇਠ ਨੇ ਮਹਾਰਾਜਾ ਸਾਹਿਬ ਨੂੰ ਦਿੱਤੇ.
੧੨ ਦਸ਼ਮੇਸ਼ ਦਾ ਖੰਡਾ , ਜੋ ਭਾਈ ਸਾਹਿਬ ਬਾਗੜੀਆਂ ਨੇ ਮਹਾਰਾਜਾ ਨੂੰ ਦਿੱਤਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਟਿਆਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਟਿਆਲਾ (ਨਗਰ): ਪਟਿਆਲਾ ਜ਼ਿਲ੍ਹਾ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਆਪਣਾ ਹੀ ਇਤਿਹਾਸ ਅਤੇ ਸਭਿਆਚਾਰ ਹੈ। ਸੰਨ 1948 ਈ. ਤਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਉਸ ਤੋਂ ਬਾਦ ਸੰਨ 1956 ਈ. ਤਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ। ਹੁਣ ਭਾਵੇਂ ਇਹ ਕੇਵਲ ਪਟਿਆਲੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ, ਪਰ ਇਸ ਦਾ ਆਪਣਾ ਹੀ ਸਭਿਆਚਾਰਿਕ ਪਿਛੋਕੜ ਹੈ ਅਤੇ ਅਨੇਕ ਖੇਤਰਾਂ ਵਿਚ ਇਸ ਦੀ ਝੰਡੀ ਕਾਇਮ ਹੈ।
ਇਸ ਦੀ ਸਥਾਪਨਾ ਫੂਲਕੀਆਂ ਖ਼ਾਨਦਾਨ ਦੇ ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿਚ ਕੀਤੀ। ਇਸ ਸਥਾਨ ਉਤੇ ਪਹਿਲਾਂ ਪਟਾਂਵਾਲਾ ਥੇਹ ਹੁੰਦਾ ਸੀ। ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿਚ ਸਨੌਰ ਪਰਗਨਾਹ ਦੇ 84 ਪਿੰਡਾਂ ਨੂੰ ਆਪਣੇ ਅਧੀਨ ਕਰਕੇ ਥੇਹ ਵਾਲੀ ਥਾਂ ਉਤੇ ਪਹਿਲਾਂ ਕੱਚੀ ਗੜ੍ਹੀ ਬਣਵਾਈ ਅਤੇ ਦਸ ਸਾਲ ਬਾਦ ਸੰਨ 1763 ਈ. ਵਿਚ ਕਿਲ੍ਹਾ ਮੁਬਾਰਕ ਦੀ ਨੀਂਹ ਰਖੀ। ਉਸ ਦਿਨ ਤੋਂ ਇਹ ਨਗਰ ‘ਪਟਿਆਲਾ’ ਵਜੋਂ ਪ੍ਰਸਿੱਧ ਹੋ ਗਿਆ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨਾਂ ‘ਪਟੀ-ਆਲਾ’ ਦਾ ਸੰਯੁਕਤ ਸ਼ਬਦ ਹੈ। ਬਾਬਾ ਆਲਾ ਸਿੰਘ ਨੇ ਆਪਣੇ ਦੇਹਾਂਤ (ਸੰ. 1765 ਈ.) ਤੋਂ ਪਹਿਲਾਂ ਇਥੇ ਚੰਗਾ ਨਗਰ ਵਸਾ ਦਿੱਤਾ ਸੀ ਅਤੇ ਆਪਣੀ ਰਿਆਸਤ ਦੀ ਰਾਜਧਾਨੀ ਵੀ ਬਰਨਾਲੇ ਤੋਂ ਇਥੇ ਬਦਲ ਲਈ ਸੀ।
ਇਸ ਨਗਰ ਵਾਲੀ ਥਾਂ’ਤੇ ਗੁਰੂ ਤੇਗ ਬਹਾਦਰ ਜੀ ਨੇ ਚਰਣ ਪਾਏ ਸਨ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਸੈਫ਼ਾਬਾਦ (ਬਹਾਦਰਗੜ੍ਹ) ਵਿਚ ਠਹਿਰੇ ਹੋਏ ਸਨ, ਤਾਂ ਲਹਿਲ ਪਿੰਡ ਦਾ ਇਕ ਝੀਵਰ, ਭਾਗ ਰਾਮ, ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਉਸ ਦੇ ਪਿੰਡ ਵਿਚ ਪਧਾਰਨ ਅਤੇ ਨਿਵਾਸੀਆਂ ਨੂੰ ਇਕ ਭਿਆਨਕ, ਨਾਮੁਰਾਦ ਬੀਮਾਰੀ ਤੋਂ ਬਚਾਉਣ। ਗੁਰੂ ਜੀ ਲਹਿਲ ਪਿੰਡ ਆਏ ਅਤੇ ਇਕ ਟੋਭੇ ਦੇ ਕੰਢੇ ਬੋਹੜ ਦੇ ਬ੍ਰਿਛ ਹੇਠਾਂ ਬੈਠੇ। ਪਿੰਡ ਵਾਲਿਆਂ ਦੀ ਬੀਮਾਰੀ ਗੁਰੂ ਜੀ ਦੀ ਕ੍ਰਿਪਾ ਨਾਲ ਠੀਕ ਹੋ ਗਈ। ਗੁਰੂ ਜੀ ਦੀ ਬੈਠਣ ਵਾਲੀ ਥਾਂ ਉਤੇ ਹੁਣ ਗੁਰਦੁਆਰਾ ਦੂਖ- ਨਿਵਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਇਥੇ ਰਾਜਾ ਅਮਰ ਸਿੰਘ ਨੇ ਇਕ ਬਾਗ਼ ਲਗਵਾਇਆ ਅਤੇ ਨਿਹੰਗ ਸਿੰਘਾਂ ਦੇ ਸਪੁਰਦ ਕਰ ਦਿੱਤਾ। ਸੰਨ 1930 ਈ. ਵਿਚ ਮਹਾਰਾਜਾ ਭੂਪਿੰਦਰ ਸਿੰਘ ਨੇ ਇਥੇ ਗੁਰਦੁਆਰਾ ਬਣਵਾਇਆ ਅਤੇ ਉਸ ਦਾ ਪ੍ਰਬੰਧ ਪਟਿਆਲਾ ਸਰਕਾਰ ਦੇ ਹਵਾਲੇ ਕਰ ਦਿੱਤਾ। ਪੈਪਸੂ ਬਣਨ’ਤੇ ਇਸ ਦੀ ਵਿਵਸਥਾ ‘ਧਰਮ ਅਰਥ ਬੋਰਡ ’ ਨੂੰ ਸੌਂਪੀ ਗਈ। ਪੈਪਸੂ ਦੇ ਖ਼ਤਮ ਹੋਣ ਤੋਂ ਬਾਦ ਇਹ ਗੁਰੂ- ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋ ਗਿਆ। ਹੁਣ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਬਣ ਚੁਕੀ ਹੈ। ਗੁਰੂ ਕਾ ਲੰਗਰ , ਸਰੋਵਰ ਅਤੇ ਰਿਹਾਇਸ਼ੀ ਕਮਰੇ ਵੀ ਗੁਰਦੁਆਰਾ ਪਰਿਸਰ ਵਿਚ ਬਣੇ ਹੋਏ ਹਨ। ਬਸੰਤ ਪੰਚਮੀ ਵਾਲੇ ਦਿਨ ਇਥੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ।
ਇਸ ਨਗਰ ਵਿਚ ਦੂਜਾ ਗੁਰੂ-ਧਾਮ ਗੁਰਦੁਆਰਾ ਮੋਤੀ ਬਾਗ਼ ਹੈ। ਸਥਾਨਕ ਪਰੰਪਰਾ ਅਨੁਸਾਰ ਸੰਨ 1675 ਈ. ਨੂੰ ਦਿੱਲੀ ਜਾਂਦੇ ਹੋਇਆਂ ਗੁਰੂ ਜੀ ਕੁਝ ਦੇਰ ਲਈ ਇਸ ਥਾਂ ਉਤੇ ਠਹਿਰੇ ਸਨ। ਇਥੇ ਉਦੋਂ ਬਿਲਕੁਲ ਜੰਗਲ ਹੁੰਦਾ ਸੀ। ਮਹਾਰਾਜਾ ਨਰਿੰਦਰ ਸਿੰਘ ਨੇ ਜਦੋਂ ਮੋਤੀਬਾਗ਼ ਮਹੱਲ ਦਾ ਨਿਰਮਾਣ ਕਰਵਾਇਆ ਤਾਂ ਸੰਨ 1852 ਈ. ਵਿਚ ਇਹ ਗੁਰਦੁਆਰਾ ਵੀ ਬਣਵਾਇਆ। ਹੁਣ ਇਸ ਦੀ ਨਵੀਂ ਇਮਾਰਤ ਬਣ ਚੁਕੀ ਹੈ। ਉੱਚੇ ਥੜੇ ਉਤੇ ਬਣੇ ਇਸ ਗੁਰਦੁਆਰੇ ਵਿਚ ਪਹਿਲਾਂ ਦਸਮ ਗ੍ਰੰਥ ਦੀ ਇਕ ਇਤਿਹਾਸਿਕ ਬੀੜ ਵੀ ਸੰਭਾਲੀ ਹੋਈ ਸੀ। ਇਸ ਦਾ ਪ੍ਰਬੰਧ ਗੁਰਦੁਆਰਾ ਦੂਖ ਨਿਵਾਰਨ ਵਾਲੀ ਕਮੇਟੀ ਹੀ ਕਰਦੀ ਹੈ। ਇਥੇ ਹਰ ਸਾਲ ਗੁਰੂ ਤੇਗ ਬਹਾਦੁਰ ਜੀ ਦੇ ਜਨਮ ਅਤੇ ਸ਼ਹਾਦਤ ਵਾਲੇ ਦਿਨਾਂ ਉਤੇ ਭਾਰੀ ਦੀਵਾਨ ਸਜਦੇ ਹਨ। ਗੁਰੂ ਜੀ ਦੀ ਸ਼ਹਾਦਤ ਵਾਲੇ ਦਿਨ ਅਕਸਰ ਨਗਰ ਕੀਰਤਨ ਇਸ ਗੁਰਦੁਆਰੇ ਤੋਂ ਸ਼ੁਰੂ ਕਰਕੇ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰਾਂ ਵਿਚੋਂ ਗੁਜ਼ਾਰਦੇ ਹੋਇਆਂ ਗੁਰਦੁਆਰਾ ਦੂਖ ਨਿਵਾਰਨ ਵਿਚ ਸਮਾਪਤ ਕੀਤਾ ਜਾਂਦਾ ਹੈ।
ਇਸ ਨਗਰ ਵਿਚ ਨਿਰਮਲ ਸੰਪ੍ਰਦਾਇ ਦਾ ਧਰਮ-ਧੁਜਾ ਅਖਾੜਾ (ਵੇਖੋ) ਵੀ ਸਥਾਪਿਤ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਪਟਿਆਲਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪਟਿਆਲਾ : ਰਿਆਸਤ– ਫੂਲਕੀਆਂ ਮਿਸਲ ਨਾਲ ਸਬੰਧਤ ਇਸ ਰਿਆਸਤ ਦਾ ਸਥਾਨ, ਦੇਸੀ ਰਿਆਸਤਾਂ ਵਿਚੋਂ ਪ੍ਰਮੁੱਖ ਰਿਹਾ ਹੈ । ਸੰਨ 1763 ਵਿਚ ਬਾਬਾ ਆਲਾ ਸਿੰਘ ਨੇ ਪੱਕਾ ਕਿਲਾ ਬਣਵਾ ਕੇ ਰਿਆਸਤ ਪਟਿਆਲੇ ਦੀ ਨੀਂਹ ਰੱਖੀ । ਇਸ ਵਿਚ ਉਸ ਨੇ ਸਨੌਰ ਪਰਗਣਾ ਨੂੰ ਵੀ ਸ਼ਾਮਲ ਕਰ ਲਿਆ ਸੀ। ਬਾਬਾ ਫੂਲ ਦੇ ਪੁੱਤਰ ਰਾਮ ਸਿੰਘ ਨੇ ਭਾਵੇਂ ਆਪਣੇ ਵੱਡੇ ਭਰਾ ਤੋਂ ਵੱਖ ਹੋ ਕੇ ਕਈ ਪਿੰਡ ਆਪਣੇ ਕਬਜ਼ੇ ਵਿਚ ਕਰ ਲਏ ਸਨ ਪਰ ਪਟਿਆਲੇ ਦਾ ਮੋਢੀ ਬਾਬਾ ਆਲਾ ਸਿੰਘ ਨੂੰ ਹੀ ਕਹਿਣਾ ਬਣਦਾ ਹੈ । ਇਸੇ ਕਰ ਕੇ ਪਟਿਆਲੇ ਨੂੰ ‘ਬਾਬਾ ਆਲਾ ਸਿੰਘ ਦਾ ਘਰ ' ਵੀ ਸੱਦਿਆ ਜਾਂਦਾ ਹੈ। ਆਲਾ ਸਿੰਘ ਦਾ ਜਨਮ 1691 ਈ. ਨੂੰ ਫੂਲ ਨਗਰ ਵਿਖੇ ਹੋਇਆ । ਉਸ ਨੇ ਆਪਣੇ ਪਿਤਾ ਰਾਮ ਸਿੰਘ ਦੇ ਰਾਜ ਵਿਚ ਵੀ ਬਹੁਤ ਵਾਧਾ ਕੀਤਾ । ਆਲਾ ਸਿੰਘ ਨੇ ਬਰਨਾਲਾ ਅਤੇ ਭਦੌੜ ਨਗਰ ਵੀ ਆਬਾਦ ਕੀਤੇ । ਸੰਨ 1763 ਵਿਚ ਸਰਹੰਦ ਦੇ ਸੂਬੇ ਜ਼ੈਨ ਖਾਨ ਨੂੰ ਜਿੱਤ ਕੇ ਉਸ ਨੇ ਸਰਹਿੰਦ ਦਾ ਇਲਾਕਾ ਵੀ ਆਪਣੇ ਰਾਜ ਵਿਚ ਮਿਲਾ ਲਿਆ । ਸੰਨ 1765 ਵਿਚ ਆਲਾ ਸਿੰਘ ਦਾ ਪਟਿਆਲੇ ਵਿਖੇ ਦੇਹਾਂਤ ਹੋ ਗਿਆ ।
ਆਪਣੇ ਦਾਦੇ ਦੀ ਗੱਦੀ ਉੱਤੇ ਰਾਜਾ ਅਮਰ ਸਿੰਘ 1765 ਈ. ਵਿਚ ਬੈਠਿਆ । ਜੱਸਾ ਸਿੰਘ ਆਹਲੂਵਾਲੀਆ ਪਾਸੋਂ ਉਸ ਨੇ ਪਾਹੁਲ ਪ੍ਰਾਪਤ ਕੀਤਾ । ਬਹੁਤ ਸਾਰੇ ਹੋਰ ਇਲਾਕੇ ਉਸ ਨੇ ਰਿਆਸਤ ਪਟਿਆਲਾ ਵਿਚ ਸ਼ਾਮਲ ਕੀਤੇ । ਆਪਣਾ ਸਿੱਕਾ ਵੀ ਉਸ ਨੇ ਚਲਾਇਆ । ਸੰਨ 1767 ਵਿਚ ਅਹਿਮਦ ਸ਼ਾਹ ਅਬਦਾਲੀ ਪਾਸੋਂ ਵੀਹ ਹਜ਼ਾਰ ਹਿੰਦੂ ਮਰਦ-ਤੀਵੀਆਂ ਨੂੰ ਮੁਕਤ ਕਰਵਾ ਉਸ ਨੇ ‘ਬੰਦੀ ਛੋੜ ' ਦੀ ਉਪਾਧੀ ਵੀ ਹਾਸਲ ਕੀਤੀ ਬਠਿੰਡੇ ਅਤੇ ਸੈਫ਼ਾਬਾਦ (ਬਹਾਦਰਗੜ੍ਹ) ਨੂੰ ਫ਼ਤਹਿ ਕਰ ਕੇ ਉਸ ਨੇ ਰਿਆਸਤ ਪਟਿਆਲੇ ਵਿਚ ਸ਼ਾਮਲ ਕਰ ਲਿਆ ।
ਅਮਰ ਸਿੰਘ ਦੀ ਮੌਤ ਮਗਰੋਂ ਰਿਆਸਤ ਪਟਿਆਲੇ ਦੀ ਗੱਦੀ ਉੱਤੇ ਰਾਜਾ ਸਾਹਿਬ ਸਿੰਘ ਬੈਠਿਆ । ਸੰਨ 1787 ਵਿਚ ਉਸ ਦਾ ਵਿਆਹ ਭੰਗੀਆਂ ਮਿਸਲ ਦੀ ਰਤਨ ਕੌਰ ਨਾਲ ਹੋਇਆ । ਸਾਹਿਬ ਸਿੰਘ ਛੇ ਸਾਲਾਂ ਦੀ ਉਮਰ ਵਿਚ ਗੱਦੀ ਤੇ ਬੈਠਿਆ ਸੀ, ਇਸ ਲਈ ਰਾਜ ਦੇ ਕੰਮ ਵਿਚ ਰਾਜਾ ਅਮਰ ਸਿੰਘ ਦੀ ਭੂਆ ਰਾਜਿੰਦਰ ਕੌਰ ਮਦਦ ਕਰਦੀ ਰਹੀ । ਉਸ ਦੀ ਮੌਤ ਮਗਰੋਂ ਇਹ ਮਦਦ ਸਾਹਿਬ ਕੌਰ ਨੇ ਦੇਣੀ ਸ਼ੁਰੂ ਕਰ ਦਿੱਤੀ ਜੋ ਰਾਜੇ ਸਾਹਿਬ ਸਿੰਘ ਦੀ ਵੱਡੀ ਭੈਣ ਸੀ । ਰਿਆਸਤ ਦਾ ਸਾਰਾ ਇੰਤਜ਼ਾਮ ਉਹੀ ਕਰਦੀ ਸੀ । ਸਾਹਿਬ ਸਿੰਘ ਰਾਜਨੀਤੀ ਤੋਂ ਉੱਕਾ ਕੋਰਾ ਸੀ । ਸਾਹਿਬ ਕੌਰ ਨੇ ਰਿਆਸਤ ਨੂੰ ਬਿਖਰਣ ਤੋਂ ਬਚਾ ਲਿਆ। ਸੰਨ 1794 ਵਿਚ ਅਨੰਤ ਰਾਓ ਤੇ ਲਛਮਨ ਰਾਓ ਮਰਹੱਟਿਆਂ ਨੇ ਰਿਆਸਤ ਪਟਿਆਲਾ ਉੱਪਰ ਧਾਵਾ ਬੋਲ ਦਿੱਤਾ । ਮਰਦਾਂਪੁਰ ਦੀ ਜੰਗ ਵਿਚ ਸਿੱਖਾਂ ਦੇ ਪੈਰ ਉਖੜ ਗਏ । ਉਸ ਸਮੇਂ ਸਾਹਿਬ ਕੌਰ ਮੈਦਾਨੇ-ਜੰਗ ਵਿਚ ਜੂਝ ਪਈ । ਫ਼ੌਜਾਂ ਦੀ ਆਗੂ ਬਣ ਗਈ । ਮਰਹੱਟਿਆਂ ਨੂੰ ਫ਼ਤਿਹ ਕਰ ਕੇ ਹੀ ਪਟਿਆਲੇ ਮੁੜੀ । ਸੰਨ 1799 ਵਿਚ ਸਾਹਿਬ ਕੌਰ ਦੀ ਮੌਤ ਉਪਰੰਤ ਆਸ ਕੌਰ ਨੇ ਰਿਆਸਤ ਦਾ ਕੰਮ ਸਾਂਭ ਲਿਆ ।
ਸਾਹਿਬ ਸਿੰਘ ਦੇ ਸਮੇਂ ਫੂਲਕੀਆਂ ਰਿਆਸਤਾਂ ਬਰਤਾਨਵੀ ਰਾਜ ਦੀ ਰੱਖਿਆ ਵਿਚ ਆਈਆਂ । ਸੰਨ 1813 ਵਿਚ ਸਾਹਿਬ ਸਿੰਘ ਦੀ ਮੌਤ ਪਟਿਆਲੇ ਵਿਖੇ ਹੋਈ । ਸੰਨ 1813 ਨੂੰ ਮਹਾਰਾਜਾ ਕਰਮ ਸਿੰਘ ਵਾਲੀਏ-ਰਿਆਸਤ ਬਣਿਆ । ਸੰਨ 1814 ਵਿਚ ਗੋਰਖਾ ਜੰਗ ਵਿਚ ਮਹਾਰਾਜੇ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਅਤੇ ਇਵਜ਼ ਵੱਜੋਂ ਪਹਾੜੀ ਇਲਾਕਾ ਉਸ ਨੂੰ ਹਾਸਲ ਹੋ ਗਿਆ । ਸੰਨ 1827 ਵਿਚ ਕਰਮ ਸਿੰਘ ਨੇ ਬ੍ਰਿਟਿਸ਼ ਹਕੂਮਤ ਨੂੰ ਵੀਹ ਲੱਖ ਦਾ ਕਰਜ਼ਾ ਦਿੱਤਾ ਅਤੇ 1845 ਈ. ਦੀ ਸਿੱਖ ਜੰਗ ਸਮੇਂ ਉਨ੍ਹਾਂ ਦੀ ਮਦਦ ਵੀ ਕੀਤੀ । ਕਰਮ ਸਿੰਘ ਦੀ ਮੌਤ ਵੀ ਉਸ ਦੀ ਆਪਣੀ ਰਿਆਸਤ ਪਟਿਆਲੇ ਵਿਖੇ ਹੀ 1845 ਈ. ਵਿਚ ਹੋਈ । ਮਗਰੋਂ ਉਸ ਦਾ ਲੜਕਾ ਮਹਾਰਾਜਾ ਨਰਿੰਦਰ ਸਿੰਘ 1845 ਈ. ਵਿਚ ਰਿਆਸਤ ਪਟਿਆਲੇ ਦੇ ਤਖ਼ਤ ਤੇ ਬੈਠਿਆ । ਸੰਨ 1857 ਦੇ ਗਦਰ ਵੇਲੇ ਨਰਿੰਦਰ ਸਿੰਘ ਨੇ ਆਪਣੇ ਆਪ ਨੂੰ ਬਰਤਾਨੀਆ ਦਾ ਸੱਚਾ ਦੋਸਤ ਸਿੱਧ ਕੀਤਾ । 18 ਜਨਵਰੀ, 1860 ਨੂੰ ਲਾਰਡ ਕੈਨਿੰਗ ਨੇ ਅੰਬਾਲੇ ਵਿਖੇ ਦਰਬਾਰ ਕਰ ਕੇ ਸਰਕਾਰ ਵੱਲੋਂ ਮਹਾਰਾਜੇ ਦਾ ਧੰਨਵਾਦ ਕੀਤਾ ।
ਮਹਾਰਾਜਾ ਨਰਿੰਦਰ ਸਿੰਘ ਨੇ ਨਿਰਮਲੇ ਸਿੰਘਾਂ ਦਾ ਅਖਾੜਾ ‘ਧਰਮ ਧੁਜਾ' ਦੋ ਰਿਆਸਤਾਂ ਨਾਲ ਮਿਲ ਕੇ ਪਟਿਆਲੇ ਰਚਿਆ । ਉਸ ਨੇ ਹੀ ਮੋਤੀ ਬਾਗ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਬਣਵਾਇਆ । ਸੰਨ 1862 ਵਿਚ ਪਟਿਆਲੇ ਵਿਖੇ ਹੀ ਉਸ ਦਾ ਦੇਹਾਂਤ ਹੋ ਗਿਆ ।
ਮਹਾਰਾਜਾ ਨਰਿੰਦਰ ਸਿੰਘ ਦਾ ਲੜਕਾ ਮਹਿੰਦਰ ਸਿੰਘ 1862 ਈ. ਵਿਚ ਸਵਾ ਦਸ ਸਾਲਾਂ ਦੀ ਉਮਰ ਵਿਚ ਗੱਦੀ ਨਸ਼ੀਨ ਹੋਇਆ । ਨਾਬਾਲਗੀ ਕਰ ਕੇ ‘ਕੌਂਸਲ ਆਫ ਰੀਜੈਂਸੀ' ਨੇ ਰਾਜ-ਪ੍ਰਬੰਧ ਆਪਣੇ ਹੱਥ ਲੈ ਲਿਆ । ਇਸੇ ਰਾਜੇ ਦੇ ਸਮੇਂ ਦੌਰਾਨ ਸਰਹਿੰਦ ਨਦੀ ਰੋਪੜ ਤੋਂ ਕੱਢਣੀ ਤਜਵੀਜ਼ ਹੋਈ । ਇਹ ਪਹਿਲਾ ਰਿਆਸਤ ਨਰੇਸ਼ ਸੀ ਜਿਸ ਨੂੰ ਅੰਗਰੇਜ਼ੀ ਜ਼ਬਾਨ ਆਉਂਦੀ ਸੀ । 29 ਮਾਰਚ, 1875 ਨੂੰ ਅਰਲ ਨੌਰਥ ਬਰੁਕ, ਵਾਇਸਰਾਏ ਇੰਡੀਆ, ਦੇ ਪਟਿਆਲੇ ਆਉਣ ਤੇ ਮਹਾਰਾਜੇ ਨੇ ਮਹਿੰਦਰਾ ਕਾਲਜ, ਪਟਿਆਲਾ ਦੀ ਨੀਂਹ ਰੱਖੀ । ਸੰਨ 1876 ਵਿਚ ਉਸ ਦੀ ਮੌਤ ਮਗਰੋਂ ਉਸ ਦਾ ਲੜਕਾ ਮਹਾਰਾਜਾ ਰਾਜਿੰਦਰ ਸਿੰਘ ਗੱਦੀ ਤੇ ਬੈਠਿਆ । ਨਾਬਾਲਗੀ ਕਾਰਨ, ਰਾਜ-ਪ੍ਰਬੰਧ ਫਿਰ ਕੌਂਸਲ ਆਫ ਰੀਜੈਂਸੀ ਦੇ ਹੱਥ ਚਲਾ ਗਿਆ । ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਉਦੋਂ ਹੀ ਤਾਮੀਰ ਕੀਤੀ ਗਈ । ਸੰਨ 1897 ਦੀ ਕਾਬਲ ਜੰਗ ਵਿਚ ਮਹਾਰਾਜੇ ਨੇ ਅੰਗਰੇਜ਼ਾਂ ਦੀ ਪੂਰੀ ਮਦਦ ਕੀਤੀ । ਸੰਨ 1897 ਦੀ ਤੀਰਾਹ ਜੰਗ ਵਿਚ ਵੀ ਉਸ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ ।
ਸੰਨ 1891 ਵਿਚ ਰਾਜਿੰਦਰ ਸਿੰਘ ਦੇ ਘਰ ਮਹਾਰਾਜਾ ਭੁਪਿੰਦਰ ਸਿੰਘ ਪੈਦਾ ਹੋਇਆ ਤੇ 1900 ਈ. ਵਿਚ ਰਾਜ-ਸਿੰਘਾਸਨ ਤੇ ਬੈਠਿਆ । ਨਾਬਾਲਗੀ ਕਾਰਨ ਪਹਿਲਾਂ ਰਾਜ-ਪ੍ਰਬੰਧ ਰੀਜੈਂਸੀ ਦੇ ਹੱਥ ਹੀ ਰਿਹਾ । ਇਕ ਅਕਤੂਬਰ, 1909 ਨੂੰ ਭੁਪਿੰਦਰ ਸਿੰਘ ਨੇ ਰਿਆਸਤ ਦਾ ਕੰਮ ਪੂਰੀ ਤਰ੍ਹਾਂ ਆਪਣੇ ਹੱਥਾਂ ਵਿਚ ਲੈ ਲਿਆ । ਇਸ ਗੱਲ ਦਾ ਐਲਾਨ ਲਾਰਡ ਮਿੰਟੋ ਨੇ 3 ਨਵੰਬਰ, 1910 ਨੂੰ ਪਟਿਆਲਾ ਦਰਬਾਰ ਵਿਚ ਕੀਤਾ । ਸੰਨ 1911 ਵਿਚ ਮਹਾਰਾਜੇ ਨੇ ਯੂਰਪ ਯਾਤਰਾ ਕੀਤੀ ਅਤੇ 1914 ਈ. ਦੀ ਵੰਡੀ ਜੰਗ ਵਿਚ ਮਹਾਰਾਜੇ ਨੇ ਅੰਗਰੇਜ਼ਾਂ ਦੀ ਪੂਰੀ ਮਦਦ ਕੀਤੀ । ਮਹਾਰਾਜਾ ਦੀ ਫ਼ੌਜ, ਮਿਸਰ, ਮੈਸੋਪੋਟਾਮੀਆ ਅਤੇ ਬਲੋਚਿਸਤਾਨ ਵਿਚ ਮਾਅਰਕੇ ਮਾਰ ਕੇ ਪਰਤੀ । ਸੰਨ 1918 ਵਿਚ ਇੰਮਪੀਰੀਅਲ ਵਾਰ ਕਾਨਫ਼ਰੰਸ ਵਿਚ ਹਿੰਦੁਸਤਾਨੀ ਰੂਲਿੰਗ ਪਰਿੰਸਿਸ ਵੱਲੋਂ ਪ੍ਰਤੀਨਿਧ ਹੋ ਕੇ ਮਹਾਰਾਜਾ ਇੰਗਲੈਡ ਗਿਆ । ਸੰਨ 1926 ਵਿਚ ਮਹਾਰਾਜਾ ਭੂਪਿੰਦਰ ਸਿੰਘ ਚੈਂਬਰ ਆਫ਼ ਪਰਿੰਸਿਸ ਦਾ ਚਾਂਸਲਰ ਬਣ ਗਿਆ ।
ਮਹਾਰਾਜਾ ਭੁਪਿੰਦਰ ਸਿੰਘ ਦੀ ਮੌਤ (1938 ਈ.) ਮਗਰੋਂ ਮਹਾਰਾਜਾ ਯਾਦਵਿੰਦਰ ਸਿੰਘ ਗੱਦੀ-ਨਸ਼ੀਨ ਹੋਇਆ । ਸੰਨ 1947 ਵਿਚ ਦੇਸ਼ ਦੀ ਆਜ਼ਾਦੀ ਉਪਰੰਤ ਰਿਆਸਤਾਂ ਦਾ ਵਿਘਟਨ ਹੋ ਗਿਆ । ਉਸ ਤੋਂ ਬਾਅਦ ਰਿਆਸਤ ਪਟਿਆਲਾ, ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ) ਵਿਚ ਤਬਦੀਲ ਹੋ ਗਈ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਉਸ ਦੇ ਰਾਜਪ੍ਰਮੁੱਖ ਥਾਪੇ ਗਏ ।
ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼' ਮੁਤਾਬਕ, ਰਿਆਸਤ ਪਟਿਆਲਾ ਦਾ ਨੰਬਰ ਪੰਜਾਬ ਵਿਚ ਪਹਿਲਾ ਸੀ । ਇਸ ਦਾ ਰਕਬਾ 5412 ਵਰਗ ਮੀਲ ਸੀ । ਸੰਨ 1921 ਦੀ ਮਰਦਮਸ਼ੁਮਾਰੀ ਅਨੁਸਾਰ ਜਨਸੰਖਿਆ 1599739 ਸੀ ਅਤੇ ਸਾਲਾਨਾ ਆਮਦਨ 1,22,73,719 ਰੁਪਇਆ ਸੀ । ਰਿਆਸਤ ਵਿਚ 14 ਸ਼ਹਿਰ ਅਤੇ 3580 ਪਿੰਡ ਸਨ । ਭਾਈ ਸਾਹਿਬ ਦੇ ਇੰਦਰਾਜ ਅਨੁਸਾਰ, ਰਿਆਸਤ ਵਿਚ ਭੁਪਿੰਦਰ ਤਿਬੀਆ ਕਾਲਜ ਅਤੇ ਐਗਰੀਕਲਚਰ ਇੰਸਟੀਚਿਊਟ ਵੀ ਸਨ। ਰਿਆਸਤ ਵਿਚ 11 ਹਾਈ ਸਕੂਲ, 30 ਮਿਡਲ ਸਕੂਲ ਅਤੇ 253 ਪ੍ਰਾਇਮਰੀ ਸਕੂਲ ਸਨ। ਰਾਜਿੰਦਰਾ ਹਸਪਤਾਲ ਅਤੇ ਲੇਡੀ ਡਫਰਿਨ ਜ਼ਨਾਨਾ ਹਸਪਤਾਲ ਵੀ ਸਨ ਪਰ ਭਾਈ ਕਾਨ੍ਹ ਸਿੰਘ ਜੀ ਦਾ ਇਹ ਵੇਰਵਾ ਅਧੂਰਾ ਸਮਝਣਾ ਚਾਹੀਦਾ ਹੈ ਕਿਉਂ ਜੋ ਇਹ ਅੰਕੜੇ ਮਹਾਰਾਜਾ ਯਾਦਵਿੰਦਰ ਸਿੰਘ ਦੀ ਗੱਦੀ-ਨਸ਼ੀਨੀ ਤੋਂ ਪਹਿਲਾਂ ਦੇ ਹਨ। ਬਾਅਦ ਵਿਚ ਵੀ ਰਿਆਸਤ ਨੇ ਬਹੁਤ ਉੱਨਤੀ ਕੀਤੀ ਫਲਸਰੂਪ, ਯਾਦਵਿੰਦਰਾ ਪਬਲਿਕ ਸਕੂਲ ਜਿਹੇ ਹੋਰ ਕਿੰਨੇ ਹੀ ਅਦਾਰੇ ਹੋਂਦ ਵਿਚ ਆਏ । ਆਰਮੀ ਹੈਡਕੁਆਟਰਜ਼, ਜਿਮਖਾਨਾ ਕਲੱਬ, ਬੈਂਕ ਆਫ਼ ਪਟਿਆਲਾ ਅਤੇ ਸੋਲਜਰਸ ਕਲੱਬ ਦੀਆਂ ਇਮਾਰਤਾਂ ਦੀ ਤਾਮੀਰ ਵੀ ਮਹਾਰਾਜਾ ਯਾਦਵਿੰਦਰ ਸਿੰਘ ਦੇ ਸ਼ਾਸਨ-ਕਾਲ ਵਿਚ ਹੀ ਰਿਆਸਤ ਪਟਿਆਲਾ ਵਿਚ ਹੋਈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-10-11-40-17, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਪਟਿਆਲਾ ਐਂਡ ਇਟਸ ਸਰਾਉਂਡਿੰਗਜ਼-ਫ਼ੌਜਾ ਸਿੰਘ
ਵਿਚਾਰ / ਸੁਝਾਅ
ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ, ਰੂਪਨਗਰ ਅਤੇ ਚੰਡੀਗੜ ਨਾਲ, ਪੱਛਮ ਵਿੱਚ ਸੰਗਰੂਰ ਜਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । ਇਹ ਸ਼ਹਿਰ ਰਵਾਇਤੀ ਪੱਗ,ਪਰਾਂਦੇ,ਨਾਲੇ,ਪਟਿਆਲਾ ਸ਼ਾਹੀ ਸਲਵਾਰ,ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ।
ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲੇ ਦਾ ਜੰਮ-ਪਲ ਸੀ।
1947 ਵਿੱਚ ਅਜ਼ਾਦੀ ਤੋਂ ਬਾਅਦ ਪਟਿਆਲਾ ਸਿਖਿਆ ਦਾ ਕੇਂਦਰ ਬਣ ਗਿਆ। ਇਥੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਸਿਖਿਆ ਕੇਂਦਰ ਹਨ। ਯਾਦਵਿੰਦਰਾ ਪਬਲਿਕ ਸਕੂਲ, ਪੰਜਾਬੀ ਯੂਨੀਵਰਸਿਟੀ,ਥਾਪਰ ਯੂਨੀਵਰਸਿਟੀ,ਰਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ,ਜਰਨਲ ਸਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ,ਮਹਿੰਦਰਾ ਕਾਲਜ,ਮੁਲਤਾਨੀ ਮਲ ਮੋਦੀ ਕਾਲਜ,ਸਰਕਾਰੀ ਮੈਡੀਕਲ ਕਾਲਜ,ਸਰਕਾਰੀ ਕਾਲਜ ਲੜਕੀਆਂ,ਬਿਕਰਮ ਕਮਰਸ ਕਾਲਜ, ਨੇਤਾ ਜੀ ਸੁਭਾਸ ਨੈਸ਼ਨਲ ਸਪੋਰਟਸ ਅਥਾਰਟੀ ਮੋਜੂਦ ਹਨ।
ਖੇਡ ਦੇ ਮੈਦਾਨ
ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਉਡ,ਯਾਦਵਿੰਦਰਾ ਸਪੋਰਟਸ ਸਟੇਡੀਅਮ ਅਤੇ ਰਿੰਗ ਹਾਲ ਰੋਲਰ ਸਕੇਟਿੰਗ
ਰਾਜਿੰਦਰਾ ਕੋਠੀ ਪਟਿਆਲਾ ਜੋ ਬਾਰਾਂਦਰੀ 'ਚ ਸਥਿਤ ਹੈ ਜੋ ਕਿ ਹੈਰੀਟੇਜ ਹੋਟਲ ਹੈ
ਕਿਲਾ ਮੁਬਾਰਕ
ਵੰਡੇ ਗਏ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਲਾਹੌਰ ਤੇ ਅੰਮ੍ਰਿਤਸਰ ਮਗਰੋਂ ਕੇਵਲ ਪਟਿਆਲਾ ਹੀ ਅਜਿਹਾ ਹੈ ਜਿਸ ਦੀ ਵਿਰਾਸਤ ਅਨੋਖੀ ਤੇ ਅਮੀਰ ਦਿੱਖ ਵਾਲੀ ਹੈ। ਇਸ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੇ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਸੀ। ਸ਼ਹਿਰ ਦਾ ਮੁੱਢ ਬੰਨਣ ਵਾਲੇ ਦਿਹਾੜੇ ਨੂੰ ਅੱਜ ਕਿਸੇ ਨੇ ਯਾਦ ਨਹੀਂ ਰੱਖਿਆ। ਪਟਿਆਲਾ,ਜਿਹੜਾ ਵਿਕਾਸ ਤੇ ਸੁੰਦਰਤਾ ਦੀਆਂ ਕਈ ਪੁਲਾਂਘਾਂ ਮਗਰੋਂ ਅੱਜ ਵਿਰਾਸਤੀ ਦਿਖ ਦੀ ਮਿਸਾਲ ਹੈ, ਪਿੱਛੇ ਪਟਿਆਲਾ ਰਿਆਸਤ ਦਾ ਹੀ ਵੱਡਮੁਲਾ ਰੋਲ ਰਿਹਾ ਹੈ।ਬਾਬਾ ਆਲਾ ਸਿੰਘ ਦੀ ਦੂਰਅੰਦੇਸ਼ੀ ਦੀ ਬਦੌਲਤ ਪਟਿਆਲਾ ਸ਼ਹਿਰ ‘ਪਟਿਆਲਾ ਰਿਆਸਤ’ ਦੀ ਸੰਨ 1765 ਤੋਂ ਦੇਸ਼ ਆਜ਼ਾਦ ਹੋਣ ਤੱਕ ਰਾਜਧਾਨੀ ਰਿਹਾ ਹੈ। ਉਨ੍ਹਾਂ ਨੇ ਇਥੇ 1757 ‘ਚ ਇੱਕ ਕੱਚੀ ਗੜ੍ਹੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲਾ ਮੁਬਾਰਕ ਦੀ ਨੀਂਹ ਰੱਖੀ। ਪੱਟੀ ਦੇ ਆਲੇ ਦੀ ‘ਅੱਲ’ ਮਗਰੋਂ ਇਹ ਸ਼ਹਿਰ ਪਟਿਆਲਾ ਦੇ ਨਾਂ ’ਤੇ ਪ੍ਰਸਿੱਧ ਹੋਇਆ। ਪਹਿਲਾਂ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਕੁਝ ਚਿਰ ਬਰਨਾਲੇ ਵੀ ਰੱਖੀ, ਪਰ ਬਾਅਦ ’ਚ ਇਹ ਪਟਿਆਲਾ ਲੈ ਆਂਦੀ ਗਈ। ਦੇਸ਼ ਦੀਆਂ ਪ੍ਰਮੱਖ ਰਿਆਸਤਾਂ ’ਚੋਂ ਪਟਿਆਲਾ ਹੀ ਅਜਿਹੀ ਇਕੱਲੀ ਅਹਿਮ ਰਿਆਸਤ ਰਹੀ ਹੈ, ਜਿਸ ਦੇ ਕੌਮਾਂਤਰੀ ਪੱਧਰ ’ਤੇ ਬਾਕੀ ਰਿਆਸਤਾਂ ਨਾਲੋਂ ਵੱਧ ਤੇ ਮਿਆਰੀ ਸਬੰਧ ਰਹੇ ਹਨ। ਅੰਦਰੂਨੀ ਕਿਲ੍ਹੇ ਅੰਦਰ ਵੱਡ ਆਕਾਰੀ ਇਮਾਰਤਾਂ, ਜਿਹੜੀਆਂ ਭਵਨ ਉਸਾਰੀ ਦਾ ਕਮਾਲ ਸਨ। ਕਿਲ੍ਹਾ ਅੰਦਰੂਨ ’ਚ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰ ਹਨ। ਕਿਲੇ ’ਚ ਸਥਾਪਤ ਅਜਾਇਬਘਰ ਜਿੱਥੇ ਹਥਿਆਰਾਂ ਦੀ ਗੈਲਰੀ ਹੈ, ਦੇ ਵਿਲੱਖਣ ਮੀਨਾਕਾਰੀ ਨਾਲ ਲਬਰੇਜ਼ ਛੱਤ ਹੈ। ਕਿਲਾ ਮੁਬਾਰਕ: ਪਟਿਆਲਾ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੁਆਰਾ 1763 ਈ. ਵਿਚ ਕਿਲਾ ਮੁਬਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੇ ਆਲੇ ਦੁਆਲੇ ਹੀ ਪੂਰਾ ਸ਼ਹਿਰ ਵਸਿਆ ਹੋਇਆ ਹੈ। ਰਿਆਸਤਾਂ ਟੁੱਟਣ ਤੋਂ ਪਹਿਲਾਂ ਤੱਕ ਸ਼ਾਹੀ ਪਰਿਵਾਰ ਇਸ ਕਿਲੇ ਵਿਚ ਦੀ ਰਹਿੰਦਾ ਸੀ। ਕਿਲੇ ਅੰਦਰ ਬਣੇ ਰਿਆਸਤ ਦੇ ਦਰਬਾਰ ਹਾਲ ਵਿੱਚ ਇੱਕ ਮਿਊਜ਼ੀਅਮ ਬਣਾਇਆ ਹੋਇਆ ਹੈ ਜਿਸ ਵਿਚ ਰਿਆਸਤ ਨਾਲ ਸਬੰਧਤ ਪੁਰਾਣੀਆਂ ਯਾਦਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਹਥਿਆਰ ਵੀ ਸੁਸ਼ੋÎਭਿਤ ਹਨ। ਕਿਲਾ ਅੰਦਰੂਨ ਆਪਣੇ ਆਪ ਵਿਚ ਪੁਰਾਣੀ ਹਸਤ ਤੇ ਸ਼ਿਲਪ ਕਲਾ ਦਾ ਨਮੂਨਾ ਹੈ। ਕਿਲਾ ਅੰਦਰੂਨ ਦੇ ਅੰਦਰ ਹੀ ਬਣੀ ਉਹ ਜੋਤ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਉਹ ਜੋਤ ਜਲਦੀ ਰਹੇਗੀ ਉਦੋਂ ਤੱਕ ਹੀ ਪਟਿਆਲਾ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ, ਹਮੇਸ਼ਾ ਸੈਲਾਨੀਆਂ ਦੇ ਦਿਲ ਵਿਚ ਅਜੀਬ ਤਰ੍ਹਾਂ ਦੇ ਖਿਆਲ ਪੈਦਾ ਕਰਦੀ ਰਹੀ ਹੈ। ਕਿਲਾ ਮੁਬਾਰਕ ਪੁਰਾਣੀਆਂ ਰਿਆਸਤਾਂ ਦੇ ਕਿਲਿਆਂ ਵਿਚੋਂ ਇੱਕ ਹੈ। ਆਪਣੇ ਜ਼ਮਾਨੇ ਦੇ ਸੁਰੱਖਿਆ ਢਾਂਚੇ ਨੂੰ ਦੇਖਦੇ ਹੋਏ ਬਣਾਏ ਗਏ ਕਿਲਾ ਮੁਬਾਰਕ ਦੇ ਵੱਖ ਵੱਖ ਹਿੱਸੇ ਜਿਹੜੇ ਕਿ ਇੱਕ ਰਾਜ ਚਲਾਉਣ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਹਨ, ਉਹ ਇਥੇ ਪਹੁੰਚਣ ਵਾਲਿਆਂ ਦੇ ਦਿਲ ਵਿਚ ਹਮੇਸ਼ਾ ਉਤਸੁਕਤਾ ਪੈਦਾ ਕਰਦੇ ਹਨ। ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । ਇਹ ਸ਼ਹਿਰ ਰਵਾਇਤੀ ਪੱਗ,ਪਰਾਂਦੇ,ਨਾਲੇ,ਪਟਿਆਲਾ ਸ਼ਾਹੀ ਸਲਵਾਰ,ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ।
ਵੰਡੇ ਗਏ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਲਾਹੌਰ ਤੇ ਅੰਮ੍ਰਿਤਸਰ ਮਗਰੋਂ ਕੇਵਲ ਪਟਿਆਲਾ ਹੀ ਅਜਿਹਾ ਹੈ ਜਿਸ ਦੀ ਵਿਰਾਸਤ ਅਨੋਖੀ ਤੇ ਅਮੀਰ ਦਿੱਖ ਵਾਲੀ ਹੈ। ਇਸ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੇ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਸੀ। ਸ਼ਹਿਰ ਦਾ ਮੁੱਢ ਬੰਨਣ ਵਾਲੇ ਦਿਹਾੜੇ ਨੂੰ ਅੱਜ ਕਿਸੇ ਨੇ ਯਾਦ ਨਹੀਂ ਰੱਖਿਆ। ਪਟਿਆਲਾ,ਜਿਹੜਾ ਵਿਕਾਸ ਤੇ ਸੁੰਦਰਤਾ ਦੀਆਂ ਕਈ ਪੁਲਾਂਘਾਂ ਮਗਰੋਂ ਅੱਜ ਵਿਰਾਸਤੀ ਦਿਖ ਦੀ ਮਿਸਾਲ ਹੈ, ਪਿੱਛੇ ਪਟਿਆਲਾ ਰਿਆਸਤ ਦਾ ਹੀ ਵੱਡਮੁਲਾ ਰੋਲ ਰਿਹਾ ਹੈ।ਬਾਬਾ ਆਲਾ ਸਿੰਘ ਦੀ ਦੂਰਅੰਦੇਸ਼ੀ ਦੀ ਬਦੌਲਤ ਪਟਿਆਲਾ ਸ਼ਹਿਰ ‘ਪਟਿਆਲਾ ਰਿਆਸਤ’ ਦੀ ਸੰਨ 1765 ਤੋਂ ਦੇਸ਼ ਆਜ਼ਾਦ ਹੋਣ ਤੱਕ ਰਾਜਧਾਨੀ ਰਿਹਾ ਹੈ। ਉਨ੍ਹਾਂ ਨੇ ਇਥੇ 1757 ‘ਚ ਇੱਕ ਕੱਚੀ ਗੜ੍ਹੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲਾ ਮੁਬਾਰਕ ਦੀ ਨੀਂਹ ਰੱਖੀ। ਪੱਟੀ ਦੇ ਆਲੇ ਦੀ ‘ਅੱਲ’ ਮਗਰੋਂ ਇਹ ਸ਼ਹਿਰ ਪਟਿਆਲਾ ਦੇ ਨਾਂ ’ਤੇ ਪ੍ਰਸਿੱਧ ਹੋਇਆ। ਪਹਿਲਾਂ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਕੁਝ ਚਿਰ ਬਰਨਾਲੇ ਵੀ ਰੱਖੀ, ਪਰ ਬਾਅਦ ’ਚ ਇਹ ਪਟਿਆਲਾ ਲੈ ਆਂਦੀ ਗਈ। ਦੇਸ਼ ਦੀਆਂ ਪ੍ਰਮੱਖ ਰਿਆਸਤਾਂ ’ਚੋਂ ਪਟਿਆਲਾ ਹੀ ਅਜਿਹੀ ਇਕੱਲੀ ਅਹਿਮ ਰਿਆਸਤ ਰਹੀ ਹੈ, ਜਿਸ ਦੇ ਕੌਮਾਂਤਰੀ ਪੱਧਰ ’ਤੇ ਬਾਕੀ ਰਿਆਸਤਾਂ ਨਾਲੋਂ ਵੱਧ ਤੇ ਮਿਆਰੀ ਸਬੰਧ ਰਹੇ ਹਨ। ਅੰਦਰੂਨੀ ਕਿਲ੍ਹੇ ਅੰਦਰ ਵੱਡ ਆਕਾਰੀ ਇਮਾਰਤਾਂ, ਜਿਹੜੀਆਂ ਭਵਨ ਉਸਾਰੀ ਦਾ ਕਮਾਲ ਸਨ। ਕਿਲ੍ਹਾ ਅੰਦਰੂਨ ’ਚ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰ ਹਨ। ਕਿਲੇ ’ਚ ਸਥਾਪਤ ਅਜਾਇਬਘਰ ਜਿੱਥੇ ਹਥਿਆਰਾਂ ਦੀ ਗੈਲਰੀ ਹੈ, ਦੇ ਵਿਲੱਖਣ ਮੀਨਾਕਾਰੀ ਨਾਲ ਲਬਰੇਜ਼ ਛੱਤ ਹੈ। ਕਿਲਾ ਮੁਬਾਰਕ: ਪਟਿਆਲਾ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੁਆਰਾ 1763 ਈ. ਵਿਚ ਕਿਲਾ ਮੁਬਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੇ ਆਲੇ ਦੁਆਲੇ ਹੀ ਪੂਰਾ ਸ਼ਹਿਰ ਵਸਿਆ ਹੋਇਆ ਹੈ। ਰਿਆਸਤਾਂ ਟੁੱਟਣ ਤੋਂ ਪਹਿਲਾਂ ਤੱਕ ਸ਼ਾਹੀ ਪਰਿਵਾਰ ਇਸ ਕਿਲੇ ਵਿਚ ਦੀ ਰਹਿੰਦਾ ਸੀ। ਕਿਲੇ ਅੰਦਰ ਬਣੇ ਰਿਆਸਤ ਦੇ ਦਰਬਾਰ ਹਾਲ ਵਿੱਚ ਇੱਕ ਮਿਊਜ਼ੀਅਮ ਬਣਾਇਆ ਹੋਇਆ ਹੈ ਜਿਸ ਵਿਚ ਰਿਆਸਤ ਨਾਲ ਸਬੰਧਤ ਪੁਰਾਣੀਆਂ ਯਾਦਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਹਥਿਆਰ ਵੀ ਸੁਸ਼ੋÎਭਿਤ ਹਨ। ਕਿਲਾ ਅੰਦਰੂਨ ਆਪਣੇ ਆਪ ਵਿਚ ਪੁਰਾਣੀ ਹਸਤ ਤੇ ਸ਼ਿਲਪ ਕਲਾ ਦਾ ਨਮੂਨਾ ਹੈ। ਕਿਲਾ ਅੰਦਰੂਨ ਦੇ ਅੰਦਰ ਹੀ ਬਣੀ ਉਹ ਜੋਤ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਉਹ ਜੋਤ ਜਲਦੀ ਰਹੇਗੀ ਉਦੋਂ ਤੱਕ ਹੀ ਪਟਿਆਲਾ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ, ਹਮੇਸ਼ਾ ਸੈਲਾਨੀਆਂ ਦੇ ਦਿਲ ਵਿਚ ਅਜੀਬ ਤਰ੍ਹਾਂ ਦੇ ਖਿਆਲ ਪੈਦਾ ਕਰਦੀ ਰਹੀ ਹੈ। ਕਿਲਾ ਮੁਬਾਰਕ ਪੁਰਾਣੀਆਂ ਰਿਆਸਤਾਂ ਦੇ ਕਿਲਿਆਂ ਵਿਚੋਂ ਇੱਕ ਹੈ। ਆਪਣੇ ਜ਼ਮਾਨੇ ਦੇ ਸੁਰੱਖਿਆ ਢਾਂਚੇ ਨੂੰ ਦੇਖਦੇ ਹੋਏ ਬਣਾਏ ਗਏ ਕਿਲਾ ਮੁਬਾਰਕ ਦੇ ਵੱਖ ਵੱਖ ਹਿੱਸੇ ਜਿਹੜੇ ਕਿ ਇੱਕ ਰਾਜ ਚਲਾਉਣ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਹਨ, ਉਹ ਇਥੇ ਪਹੁੰਚਣ ਵਾਲਿਆਂ ਦੇ ਦਿਲ ਵਿਚ ਹਮੇਸ਼ਾ ਉਤਸੁਕਤਾ ਪੈਦਾ ਕਰਦੇ ਹਨ।
ਸ਼ੀਸ਼ ਮਹਿਲ ਪਟਿਆਲੇ ਦੀਆਂ ਪ੍ਰਮੁੱਖ ਵਿਰਾਸਤੀ ਇਮਾਰਤਾਂ ਵਿਚੋਂ ਇੱਕ ਹੈ। ਇਥੇ ਬਣਿਆ ਲਛਮਣ ਝੂਲਾ ਸੈਲਾਨੀਆਂ ਨੂੰ ਇੱਕ ਵਾਰ ਹਰਿਦੁਆਰ ਦੀ ਯਾਦ ਦਿਵਾ ਦਿੰਦਾ ਹੈ। ਕਲਾ ਪ੍ਰੇਮੀਮਹਾਰਾਜਾ ਨਰਿੰਦਰ ਸਿੰਘ ਨੇ ਸ਼ੀਸ਼ ਮਹਿਲ ਦੇ ਲਈ ਕਸ਼ਮੀਰ ਅਤੇ ਰਾਜਸਥਾਨ ਤੋਂ ਪੇਂਟਰ ਬੁਲਵਾ ਕੇ ਸ਼ੀਸ਼ ਮਹਿਲ ਦੀਆਂ ਕੰਧਾਂ ਪੇਂਟ ਕਰਵਾਈਆਂ ਸਨ। ਇਥੇ ਇੱਕ ਮੈਡਲ ਗੈਲਰੀ ਬਣੀ ਹੋਈ ਹੈ, ਜਿਸ ਵਿਚ ਵਿਰਾਸਤ ਨਾਲ ਸਬੰਧਤ ਸੈਂਕੜੇ ਮੈਡਲਾਂ ਅਤੇ ਹੋਰ ਪੁਰਾਤਨ ਸਿੱਕਿਆਂ ਦੀ ਕੁਲੈਕਸ਼ਨ ਮੌਜੂਦ ਹੈ। ਸ਼ੀਸ਼ ਮਹਿਲ ਵਿਚ ਬਣੀ ਬਨਾਸਰ ਆਰਟ ਗੈਲਰੀ ਆਪਣੇ ਆਪ ਵਿਚ ਰਿਆਸਤ ਦੀ ਕਲਾ ਨੂੰ ਸੰਭਾਲ ਕੇ ਰੱਖਣ ਵਿਚ ਸਮਰੱਥ ਹੈ।
ਆਪਣੇ ਜ਼ਮਾਨੇ ਦੀ ਖੂਬਸੂਰਤ ਕਲਾ ਦਾ ਨਮੂਨਾ ਮੋਤੀ ਬਾਗ ਪੈਲੇਸ ਵਿਖੇ ਅੱਜ ਏਸ਼ੀਆ ਦਾ ਸਭ ਤੋਂ ਵੱਡਾ ਖੇਡ ਸੰਸਥਾਨ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਖੁੱਲਿਆ ਹੋਇਆ ਹੈ ਜਿਸ ਨਾਲ ਇਸ ਮਹਿਲ ਦਾ ਹੁਣ ਦੋਹਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇੱਕ ਤਾਂ ਮਹਿਲ ਦੀ ਖੂਬਸੂਰਤੀ ਅਤੇ ਸ਼ਾਹੀ ਘਰਾਣੇ ਦੇ ਰਹਿਣ ਸਹਿਣ ਅਤੇ ਸ਼ਾਹੀ ਠਾਠ ਬਾਠ ਦੀ ਜਿਊਂਦੀ ਜਾਗਦੀ ਮਿਸਾਲ ਮਿਲਦੀ ਹੈ, ਉਥੇ ਅੰਤਰਾਸ਼ਟਰੀ ਪੱਧਰ ਦੇ ਖੇਡਾਂ ਦੇ ਮੈਦਾਨ ਆਪਣਾ ਵੱਖਰਾ ਹੀ ਨਜ਼ਾਰਾ ਬੰਨ੍ਹਦੇ ਹਨ। ਇਥੇ ਖੁਲ੍ਹੀ ਸੰਸਥਾ ਜਿਥੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਪੈਦਾ ਕਰਦੀ ਹੈ, ਉੱਥੇ ਦੇਸ਼ਾਂ ਵਿਦੇਸ਼ਾਂ ਵਿਚ ਭਾਰਤ ਦਾ ਨਾਮ ਚਮਕਾਉਣ ਵਾਲੇ ਖਿਡਾਰੀ ਵੀ ਅਭਿਆਸ ਕਰਦੇ ਹਨ। ਮੋਤੀ ਬਾਗ ਪੈਲੇਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਸੰਨ 1847 ਵਿਚ ਬਣਾਵਾਇਆ। ਇਹ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ਼ ‘ਤੇ ਬਣਾਇਆ ਗਿਆ ਸੀ।
ਬਾਰਾਂਦਰੀ ਦੇ ਨਾਲ ਪਟਿਆਲਾ ਦੀ ਵੱਖਰੀ ਹੀ ਪਹਿਚਾਣ ਹੈ। ਸ਼ਾਹੀ ਘਰਾਣੇ ਵੱਲੋਂ ਦੁਨੀਆਂ ਦੇ ਕੋਨੇ ਕੋਨੇ ਤੋਂ ਲਿਆ ਕੇ ਲਾਏ ਗਏ ਰੁੱਖ ਬੂਟੇ ਆਪਣਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਸਵੇਰੇ ਅਤੇ ਸ਼ਾਮ ਇਥੇ ਸੈਰ ਕਰਨ ਵਾਲਿਆਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
ਰਾਜਿੰਦਰਾ ਅਤੇ ਮਹਿੰਦਰਾ ਕੋਠੀ
ਕਿਸੇ ਸਮੇਂ ਬਾਹਰ ਤੋਂ ਆਉਣ ਵਾਲੇ ਖਾਸ ਮਹਿਮਾਨਾਂ ਲਈ ਬਣਾਈ ਗਈ ਰਾਜਿੰਦਰਾ ਕੋਠੀ ਵਿਖੇ ਅੱਜ ਕੱਲ੍ਹ ਵਿਰਾਸਤੀ ਹੋਟਲ ਬਣਿਆ ਹੋਇਆ ਹੈ, ਜਿਹੜਾ ਪਟਿਆਲਾ ਦੇਖਣ ਦੀ ਇੱਛਾ ਰੱਖਣ ਵਾਲਿਆਂ ਲਈ ਨਿਸ਼ਚਿਤ ਤੌਰ ‘ਤੇ ਖਿੱਚ ਦਾ ਕੇਂਦਰ ਰਹਿੰਦਾ ਹੈ। ਇਸੇ ਤਰ੍ਹਾਂ ਮਹਿੰਦਰਾ ਕੋਠੀ ਜਿਥੇ ਇਸ ਸਮੇਂ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਚੱਲ ਰਹੀ ਹੈ, ਦੀ ਦਿੱਖ ਵੀ ਕਿਸੇ ਤੋਂ ਘੱਟ ਨਹੀਂ ਹੈ।
ਸ਼ਾਹੀ ਘਰਾਣੇ ਵੱਲੋਂ ਕੋਲਕਾਤਾ ਤੋਂ ਸ੍ਰੀ ਕਾਲੀ ਮਾਤਾ ਦੀ ਜੋਤ ਲਿਆ ਕੇ ਬਣਾਇਆ ਗਿਆ ਸ੍ਰੀ ਕਾਲੀ ਮਾਤਾ ਮੰਦਰ ਨਾ ਕੇਵਲ ਸ਼ਹਿਰ ਨਿਵਾਸੀਆਂ ਲਈ, ਸਗੋਂ ਆਸ ਪਾਸ ਪਿੰਡਾਂ ਤੋਂ ਇਲਾਵਾ ਦੂਰ ਦੂਰ ਦੇ ਲੋਕਾਂ ਲਈ ਪੂਜਣਯੋਗ ਸਥਾਨ ਹੈ। ਮਾਤਾ ਦੇ ਨਵਰਾਤਰਿਆਂ ਦੇ ਦੌਰਾਨ ਇਥੇ ਭਗਤਾਂ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ।
ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ
ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਪੰਚਮੀ ਦਾ ਮੇਲਾ ਬੜੀ ਧੂਮ ਧਾਮ ਨਾਲ ਭਰਦਾ ਹੈ। ਸ਼ਹਿਰ ਨਿਵਾਸੀ ਸਵੇਰੇ-ਸ਼ਾਮ ਇਥੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਜਿਹੜੀ ਵੀ ਸ਼ਖਸ਼ੀਅਤ ਪਟਿਆਲਾ ਆਉਂਦੀ ਹੈ, ਉਹ ਇਥੇ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰਕੇ ਜਾਂਦੀ ਹੈ।
ਸ਼ਾਹੀ ਸ਼ਹਿਰ ਦੇ ਫੁਹਾਰਾ ਚੌਕ, ਲੀਲਾ ਭਵਨ ਚੌਂਕ, ਕੜਾਹ ਵਾਲਾ ਚੌਕ, ਅਨਾਰਦਾਨਾ ਚੌਕ, ਕਿਲਾ ਚੌਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਆਰੀਆ ਸਮਾਜ ਚੌਕਾਂ ਦਾ ਆਪਣਾ ਇਤਿਹਾਸ ਹੈ। ਹਰੇਕ ਦੀ ਆਪਣੀ ਨਿੱਜੀ ਪਛਾਣ ਹੈ।
ਦਰਵਾਜ਼ੇ ਅਤੇ ਸੈਂਟਰ ਸਟੇਟ ਲਾਇਬਰੇਰੀ
ਰਿਆਸਤ ਦੇ ਦਿਨਾਂ ਵਿਚ ਹਰੇਕ ਸ਼ਹਿਰ ਨੂੰ ਜਾਣ ਵਾਲੇ ਰਸਤੇ ‘ਤੇ ਇੱਕ ਗੇਟ ਬਣਿਆ ਹੋਇਆ ਸੀ। ਕੁਲ ਮਿਲਾ ਕੇ 10 ਦਰਵਾਜ਼ੇ ਹਨ ਅਤੇ ਹਰੇਕ ਨਾਮ ਸ਼ਹਿਰਾਂ ਦੇ ਨਾਮ ‘ਤੇ ਰੱਖਿਆ ਹੋਇਆ ਹੈ। ਪੁਰਾਣਾ ਸ਼ਹਿਰ ਇਨ੍ਹਾਂ ਦਰਵਾਜ਼ਿਆਂ ਦੇ ਅੰਦਰ ਹੀ ਵਸਿਆ ਹੋਇਆ ਸੀ। ਸ਼ਿਮਲਾ ਦੀ ਤਰਜ਼ ‘ਤੇ ਬਣੀ ਮਾਲ ਰੋਡ ‘ਤੇ ਸੈਂਟਰ ਸਟੇਟ ਲਾਇਬਰੇਰੀ ਵਿਚ ਪੁਰਾਣਾ ਅਤੇ ਅਧੁਨਿਕ ਇਤਿਹਾਸ ਭਰਿਆ ਪਿਆ ਹੈ।
ਇਸ ਅਜਾਇਬਘਰ, ਜਿਹੜਾ ਆਮ ਲੋਕਾਂ ਲਈ ਪੁਰਾਤਵ ਤੇ ਸੱਭਿਆਚਾਰਕ ਵਿਭਾਗ ਪੰਜਾਬ ਨੇ ਹਾਲ ਦੀ ਘੜੀ ਖੋਲ੍ਹਿਆ ਹੈ, ਵਿੱਚ ਪੁਰਾਣੀਆਂ ਇਤਿਹਾਸਕ ਬੰਦੂਕਾਂ, ਪਿਸਤੌਲ, ਭਾਲੇ, ਟੋਪ, ਢਾਲਾਂ, ਨੇਜੇ ਤੇ ਤਲਵਾਰਾਂ ਪ੍ਰਦਰਸ਼ਿਤ ਹਨ। ਇਸ ਵਿੱਚ ਬਾਦਸ਼ਾਹ ਨਾਦਰਸ਼ਾਹ ਦੀ ਤਲਵਾਰ ‘ਸ਼ਿਕਾਰਗਾਹ’ ਤੇ ਈਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਦੀ ਤਲਵਾਰ ਵੀ ਸ਼ਾਮਲ ਹੈ। ਗੁਰੂ ਗੋਬਿੰਦ ਸਿੰਘ ਦੀ ਤਲਵਾਰ ਸਮੇਤ ਹੋਰ ਹਥਿਆਰਾਂ ਦੀਆਂ ਦੁਰਲੱਭ ਨਿਸ਼ਾਨੀਆਂ ਇੱਥੇ ਹਨ। ਰਿਆਸਤ ਦੇ ਮਹਾਰਾਜਾ ਸਾਹਿਬ ਸਿੰਘ ਦੇ ਕਾਰਜਕਾਲ ਦੌਰਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਸੰਸਾਰ ’ਚੋਂ ਕਈ ਹੋਰ ਅਹਿਮ ਸ਼ਾਸਕ ਤੇ ਸ਼ਖਸੀਅਤਾਂ ਵੀ ਇਸ ਕਿਲ੍ਹੇ ‘ਚ ਆਈਆਂ ਦੱਸੀਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਕਿਲੇ ਅੰਦਰ ਸਥਾਪਿਤ ਤੇ ਖਸਤਾ ਹਾਲ ਦੇ ਸ਼ਿਕਾਰ ‘ਬੁਰਜ ਬਾਬਾ ਆਲਾ ਸਿੰਘ’ ਵਿਖੇ ਸਦੀਆਂ ਤੋਂ ਨਿਰੰਤਰ ਬਲ ਰਹੀ ਜੋਤ ਅੱਜ ਵੀ ਬਲ ਰਹੀ ਹੈ। ਇਹ ਜੋਤ ਕਿਲ੍ਹੇ ਦੀ ਉਸਾਰੀ ਤੋਂ ਪਹਿਲਾਂ ਹੀ ਇਥੇ ਟਿੱਬੇ ਦੀ ਬਣੀ ਇੱਕ ਝਿੜੀ ਅੰਦਰ ਬਲਦੀ ਸੀ। ਬਾਬਾ ਆਲਾ ਸਿੰਘ ਨੇ ਇਸ ਜੋਤ ਕੋਲ ਲੰਮੀ ਤਪੱਸਿਆ ਵੀ ਕੀਤੀ ਸੀ। ਇਥੇ ਉਨ੍ਹਾਂ ਦਾ ਤਪੱਸਵੀ ਥੜਾ ਵੀ ਮੌਜੂਦ ਹੈ।
1. ਰਾਜਾ ਆਲਾ ਸਿੰਘ (1743-1765)
2. ਰਾਜਾ ਅਮਰ ਸਿੰਘ (1765-1781)
3. ਰਾਜਾ ਸਾਹਿਬ ਸਿੰਘ (1781-1813)
4. ਮਹਾਰਾਜਾ ਕਰਮ ਸਿੰਘ (1813-1845)
5. ਮਹਾਰਾਜਾ ਨਰਿੰਦਰ ਸਿੰਘ (1845-1862)
6. ਮਹਾਰਾਜਾ ਮਹਿੰਦਰ ਸਿੰਘ (1862-1876)
7. ਮਹਾਰਾਜਾ ਰਜਿੰਦਰ ਸਿੰਘ (1876-1900)
8. ਮਹਾਰਾਜਾ ਭੂਪਿੰਦਰ ਸਿੰਘ (1900-1938)
9. ਮਹਾਰਾਜਾ ਯਾਦਵਿੰਦਰ ਸਿੰਘ (1938-1974)
10. ਅਮਰਿੰਦਰ ਸਿੰਘ (ਜਨਮ 1942) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ
· A History of Sikh Misals (Punjab University, Patiala)- Dr Bhagat Singh
· Official Website of Patiala
· Official Website of Patiala Heritage Festival
· Genealogy of the ruling chiefs of Patiala
· Erstwhile rulers of Patiala
· Early History of Patiala City Founding
· Mohindra College Patiala at cool and smart site
· Punjab State Archives
· National Institute of Sports, Patiala
gurpreet,
( 2014/09/24 12:00AM)
Please Login First