ਪਰਮਾਤਮਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਮਾਤਮਾ (ਨਾਂ,ਪੁ) ਪਾਰਬ੍ਰਹਮ; ਰੱਬ; ਕੁੱਲ ਦੁਨੀਆਂ ਦਾ ਮਾਲਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਰਮਾਤਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਮਾਤਮਾ [ਨਾਂਪੁ] ਈਸ਼ਵਰ , ਵਾਹਿਗੁਰੂ, ਪਰਮੇਸ਼ਰ, ਰੱਬ , ਪ੍ਰਭੂ, ਖ਼ੁਦਾ , ਅੱਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਰਮਾਤਮਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਮਾਤਮਾ. ਸੰ. परमात्मन्. ਸੰਗ੍ਯਾ—ਪਰਮ-ਆਤਮਾ. ਪਾਰਬ੍ਰਹਮ. ਵਾਹਗੁਰੂ. ਦੇਖੋ, ਪਰਾਤਮਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਰਮਾਤਮਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਰਮਾਤਮਾ: ਇਸ ਤੋਂ ਭਾਵ ਹੈ ਸ੍ਰੇਸ਼ਠ ਆਤਮਾ। ਇਹ ਪਾਰਬ੍ਰਹਮ , ਪਰਮੇਸ਼ਵਰ, ਕਰਤਾਰ , ਵਾਹਿਗੁਰੂ, ਪਰਮ-ਸੱਤਾ ਦਾ ਵਾਚਕ ਸ਼ਬਦ ਹੈ। ਆਤਮਾ ਨਾਲ ‘ਪਰਮ ’ ਸ਼ਬਦ ਲਗਾਉਣ ਦੀ ਸ਼ਾਇਦ ਇਸ ਲਈ ਲੋੜ ਪਈ ਹੋਵੇਗੀ ਕਿ ਆਤਮਾ ਦਾ ਇਕ ਰੂਪ ਜੀਵਾਤਮਾ ਵੀ ਹੈ। ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਸਪੱਸ਼ਟ ਕਿਹਾ ਹੈ ਜੋ ਆਪਣੇ ਆਪ ਨੂੰ ਪਛਾਣਦਾ ਹੈ, ਉਹੀ ‘ਪਰਮਾਤਮ’ ਹੈ—ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ। ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ। (ਗੁ.ਗ੍ਰੰ.421)।
ਡਾ. ਰਾਜਬਲੀ ਪਾਂਡੇਯ (‘ਹਿੰਦੂ ਧਰਮਕੋਸ਼’) ਨੇ ਦਸਿਆ ਹੈ ਕਿ ਵੈਸ਼ੇਸ਼ਿਕ ਸ਼ਾਸਤ੍ਰ ਅਨੁਸਾਰ ਨਿੱਤ ਗਿਆਨ , ਨਿੱਤ ਇੱਛਾ ਅਤੇ ਨਿੱਤ ਸੰਕਲਪ ਵਾਲਾ, ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪਰਮਾਤਮਾ ਜੀਵਾਤਮਾ ਤੋਂ ਭਿੰਨ ਹੈ। ਅਰਥਾਤ ਪਰਮਾਤਮਾ ਅਤੇ ਜੀਵਾਤਮਾ ਦੇ ਭੇਦ ਕਰਕੇ ਆਤਮਾ ਦੋ ਪ੍ਰਕਾਰ ਦਾ ਹੈ। ਪਰਮਾਤਮਾ ਇਕ ਹੈ, ਜੀਵਾਤਮਾ ਅਣਗਿਣਤ ਹਨ। ਪਰਮਾਤਮਾ ਜਿਵੇਂ ਪਹਿਲੇ ਕਲਪ ਵਿਚ ਸ੍ਰਿਸ਼ਟੀ ਕਰਦਾ ਹੈ, ਉਸੇ ਤਰ੍ਹਾਂ ਹੀ ਇਸ ਕਲਪ ਵਿਚ ਪ੍ਰਿਥਵੀ , ਸਵਰਗ ਅਤੇ ਆਕਾਸ਼ ਨੂੰ ਰਚਦਾ ਹੈ। ਇਸ ਕਰਕੇ ਸ੍ਰਿਸ਼ਟੀ-ਕਰਤਾ ਈਸ਼ਵਰ ਨਿੱਤ ਸਿੱਧ ਹੁੰਦਾ ਹੈ। ਵੈਸ਼ੇਸ਼ਿਕ ਮਤ ਵਿਚ ਜੀਵਾਤਮਾ ਅਤੇ ਪਰਮਾਤਮਾ ਦੋਵੇਂ ਅਨਾਤਮ ਪਦਾਰਥਾਂ ਤੋਂ ਵਖਰੇ ਹਨ, ਇਹ ਗੱਲ ਮਨਨ ਦੁਆਰਾ ਸਿੱਧ ਹੁੰਦੀ ਹੈ। ਵੇਦਾਂਤ ਅਨੁਸਾਰ ਪਰਮਾਤਮਾ ਜੀਵਾਤਮਾ ਨਾਲੋਂ ਵਿਵਹਾਰ ਵਿਚ ਭਿੰਨ, ਪਰ ਮੂਲੋਂ ਅਭਿੰਨ ਹੈ।
ਸਪੱਸ਼ਟ ਹੈ ਕਿ ਜੀਵਾਤਮਾ ਤੋਂ ਵਿਵਹਾਰਿਕ ਰੂਪ ਵਿਚ ਭਿੰਨ ਸ਼ੁੱਧ ਆਤਮ-ਰੂਪ ਹੀ ਪਰਮਾਤਮਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਪਰਮਾਤਮਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਰਮਾਤਮਾ (ਸੰ.। ਸੰਸਕ੍ਰਿਤ ਪਰਮ+ਆਤਮਨੑ=ਸ੍ਰੇਸ਼ਟ ਯਾ ਵੱਡਾ ਆਤਮਾ) ਪਰਮੇਸ਼ਰ, ਵਾਹਿਗੁਰੂ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਪਰਮਾਤਮਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਪਰਮਾਤਮਾ : ਪਰਮਾਤਮਾ, ਪਰਮ ਸੱਤਾ ਦਾ ਇੱਕ ਨਾਂ ਹੈ, ਜੋ ਇਸ ਸੰਸਾਰ ਅਤੇ ਇਸ ਸੰਸਾਰ ਦੇ ਸਾਰੇ ਜੀਵਾਂ, ਵਸਤਾਂ, ਆਦਿ ਦੀ ਰਚਨਹਾਰ ਵੀ ਹੈ, ਪਾਲਣਹਾਰ ਵੀ ਅਤੇ ਅੰਤ ਕਰਨ ਵਾਲੀ ਵੀ। ਇਸ ਨੂੰ ਵੱਖ-ਵੱਖ ਧਰਮਾਂ ਵਿੱਚ ਵੱਖ-ਵੱਖ ਨਾਂ ਦਿੱਤੇ ਗਏ ਹਨ ਜਿਹਾ ਕਿ ਇਸਲਾਮ ਵਿੱਚ ਅੱਲਾ, ਸਿੱਖ ਧਰਮ ਵਿੱਚ ਅਕਾਲਪੁਰਖ ਜਾਂ ਵਾਹਿਗੁਰੂ, ਈਸਾਈ ਮੱਤ ਵਿੱਚ ਗੌਡ ਅਤੇ ਯਹੂਦੀ ਮੱਤ ਵਿੱਚ ਯਾਹੋਵਾ। ਸ਼ੁਰੂ ਤੋਂ ਹੀ ਇਨਸਾਨ ਸੱਚ ਦੀ ਭਾਲ ਵਿੱਚ ਰਿਹਾ ਹੈ। ਉਹ ਸੋਚਦਾ ਸੀ ਕਿ ਜੋ ਕੁਝ ਨਜ਼ਰ ਆਉਂਦਾ ਹੈ ਉਸ ਤੋਂ ਉੱਪਰ ਜਾਂ ਉਸ ਤੋਂ ਪਰ੍ਹੇ ਕੀ ਹੈ। ਇਸ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਅਤੇ ਚਲਾਉਣ ਵਾਲਾ ਕੌਣ ਹੈ? ਸਾਰੇ ਮਨੁੱਖਾਂ ਵਿੱਚ ਸਭ ਤੋਂ ਵੱਡਾ ਮਨੁੱਖ ਜਿਸ ਤੋਂ ਹੋਰ ਵੱਡਾ ਕੋਈ ਨਾ ਹੋਵੇ, ਉਹ ਕੌਣ ਹੈ? ਧਰਤੀ, ਅਕਾਸ਼ ਅਤੇ ਪਾਣੀ ਦੇ ਸਾਰੇ ਜੀਵਾਂ ਵਿੱਚੋਂ ਸਭ ਤੋਂ ਵੱਡਾ ਜੀਵ ਕੌਣ ਹੈ, ਜਿਸ ਤੋਂ ਵੱਡਾ ਹੋਰ ਕੋਈ ਨਾ ਹੋਵੇ? ਸਭ ਤੋਂ ਵਿਸ਼ਾਲ ਜਿਸ ਤੋਂ ਵਿਸ਼ਾਲ ਹੋਰ ਕੋਈ ਨਾ ਹੋਵੇ, ਉਹ ਕੀ ਹੈ ਜਾਂ ਕੌਣ ਹੈ? ਸਦੀਆਂ ਤੋਂ ਇਨਸਾਨ ਅਜਿਹੇ ਸਵਾਲਾਂ ਦੇ ਜਵਾਬ ਦੀ ਭਾਲ ਵਿੱਚ ਕਈ ਤਰ੍ਹਾਂ ਦੇ ਅੰਦਾਜ਼ੇ ਲਾਉਂਦਾ ਰਿਹਾ ਹੈ। ਸ਼ੁਰੂ-ਸ਼ੁਰੂ ਵਿੱਚ ਉਹ ਜਿਸ ਵੀ ਸ਼ਕਤੀ ਤੋਂ ਡਰਦਾ ਸੀ ਉਸੇ ਨੂੰ ਹੀ ਸਭ ਤੋਂ ਵੱਡਾ ਮੰਨ ਕੇ ਉਸ ਦੀ ਪੂਜਾ ਸ਼ੁਰੂ ਕਰ ਦਿੰਦਾ ਸੀ। ਉਹ ਕਦੇ ਅੱਗ, ਕਦੇ ਹਵਾ, ਕਦੇ ਪਾਣੀ ਨੂੰ ਸਭ ਤੋਂ ਵੱਡੀ ਸ਼ਕਤੀ ਮੰਨ ਕੇ ਉਸ ਤੋਂ ਡਰ ਕੇ ਉਸ ਦੀ ਪੂਜਾ ਕਰਦਾ ਰਿਹਾ। ਹੌਲੀ-ਹੌਲੀ ਉਹ ਸੋਚਣ ਲੱਗਾ ਕਿ ਜਿਸ ਸ਼ਕਤੀ ਨੂੰ ਉਹ ਸਭ ਤੋਂ ਵੱਡੀ ਮੰਨ ਕੇ ਉਸ ਦੀ ਪੂਜਾ ਕਰਦਾ ਹੈ, ਉਸ ਤੋਂ ਵੀ ਵੱਡੀ ਸ਼ਕਤੀ ਕੋਈ ਹੋਰ ਹੈ। ਇਸ ਤਰ੍ਹਾਂ ਅੱਗੇ ਵੱਧਦਾ-ਵੱਧਦਾ ਉਹ ਇਸ ਨਤੀਜੇ ਤੇ ਪਹੁੰਚਿਆ ਕਿ ਕੋਈ ਇੱਕ ਐਸੀ ਸ਼ਕਤੀ ਹੈ ਜੋ ਇਹਨਾਂ ਸਾਰੀਆਂ ਸ਼ਕਤੀਆਂ ਨੂੰ ਬਣਾਉਣ ਵਾਲੀ ਹੈ ਅਤੇ ਜਿਸ ਤੋਂ ਹੋਰ ਵੱਡੀ ਸ਼ਕਤੀ ਨਹੀਂ ਹੈ। ਅੱਗੇ ਚੱਲ ਕੇ ਇਸੇ ਸ਼ਕਤੀ ਨੂੰ ਪਰਮ-ਸੱਤਾ ਜਾਂ ਪਰਮਾਤਮਾ ਵੱਜੋਂ ਜਾਣਿਆ ਗਿਆ। ਪਰਮਾਤਮਾ ਦੋ ਲਫ਼ਜ਼ਾਂ ਦੇ ਸੁਮੇਲ ਤੋਂ ਬਣਿਆ ਹੈ। ਇਹ ਦੋ ਲਫ਼ਜ਼ ਹਨ-ਪਰਮ ਅਤੇ ਆਤਮਾ। ਪਰਮ ਦਾ ਮਤਲਬ ਹੈ ਸੱਚ ਜਾਂ ਸੱਚਾ ਅਤੇ ਆਤਮਾ ਦਾ ਮਤਲਬ ਹੈ ਉਹ ਸ਼ਕਤੀ ਜੋ ਸੰਸਾਰ ਦੇ ਜੀਵਾਂ ਨੂੰ ਜਿੰਦਾ ਰੱਖਦੀ ਹੈ ਅਤੇ ਸਾਰੇ ਸੰਸਾਰ ਨੂੰ ਚਲਾਉਂਦੀ ਹੈ। ਪਰਮਾਤਮਾ ਲਫ਼ਜ਼ ਦਾ ਪੂਰਾ ਮਤਲਬ ਹੈ ਉਹ ਸੱਚੀ ਸ਼ਕਤੀ ਜਿਸ ਕਰਕੇ ਇਹ ਸੰਸਾਰ ਹੈ, ਜੋ ਜਿੰਦਾ ਰਹਿੰਦਾ ਹੈ ਅਤੇ ਚੱਲਦਾ ਰਹਿੰਦਾ ਹੈ।
ਸੰਸਾਰ ਵਿੱਚ ਕਈ ਤਰ੍ਹਾਂ ਦੇ ਜੀਵ ਪੈਦਾ ਹੁੰਦੇ ਹਨ ਪਰ ਉਹ ਸਦਾ ਰਹਿਣ ਵਾਲੇ ਨਹੀਂ ਹੁੰਦੇ। ਹਰ ਕੋਈ ਕਦੇ ਨਾ ਕਦੇ ਖ਼ਤਮ ਜ਼ਰੂਰ ਹੁੰਦਾ ਹੈ। ਕੇਵਲ ਪਰਮਾਤਮਾ ਹੀ ਹੈ ਜੋ ਸਦਾ ਰਹਿਣ ਵਾਲਾ ਹੈ। ਪਰਮਾਤਮਾ ਨਾ ਤਾਂ ਪੈਦਾ ਹੁੰਦਾ ਹੈ ਅਤੇ ਨਾ ਹੀ ਉਸ ਦੀ ਮੌਤ ਹੁੰਦੀ ਹੈ। ਉਸ ਦਾ ਇੱਕੋ ਹੀ ਰੂਪ ਰਹਿੰਦਾ ਹੈ। ਉਹ ਕਦੇ ਵੀ ਬਦਲਦਾ ਨਹੀਂ। ਇਸ ਕਰਕੇ ਉਸ ਨੂੰ ਪਰਮ-ਸੱਤ ਜਾਂ ਸੱਚ ਕਿਹਾ ਜਾਂਦਾ ਹੈ। ਪਰਮਾਤਮਾ ਹੀ ਸਾਰਿਆਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਉਸ ਤੋਂ ਵੱਧ ਤਾਕਤ ਵਾਲਾ ਹੋਰ ਕੋਈ ਨਹੀਂ ਹੈ। ਪਰਮਾਤਮਾ ਉਹ ਸਦਾ ਰਹਿਣ ਵਾਲੀ ਸੱਚੀ ਸ਼ਕਤੀ ਹੈ ਜੋ ਅੰਦਰੋਂ ਹਰ ਇੱਕ ਨੂੰ ਚਲਾ ਰਹੀ ਹੈ। ਪਰਮਾਤਮਾ ਬਾਰੇ ਜਾਣਕਾਰੀ ਸੰਬੰਧੀ ਕਈ ਤਰ੍ਹਾਂ ਦੇ ਵਿਚਾਰ ਹਨ। ਧਰਮ ਗ੍ਰੰਥਾਂ ਅਨੁਸਾਰ ਪਰਮਾਤਮਾ ਬਾਰੇ ਵਿਚਾਰ ਮਨੁੱਖ ਨੂੰ ਆਪਣੇ-ਆਪ ਹੀ ਪਰਮਾਤਮਾ ਪਾਸੋਂ ਪ੍ਰਾਪਤ ਹੋਏ। ਇਸ ਜਾਣਕਾਰੀ ਨੂੰ ਇਲਹਾਮ ਜਾਂ ਦੈਵੀ ਇਲਹਾਮ ਕਿਹਾ ਜਾਂਦਾ ਹੈ।
ਪਰਮਾਤਮਾ ਨੇ ਵੱਖ-ਵੱਖ ਸਮਿਆਂ ਵਿੱਚ ਮਨੁੱਖ ਨੂੰ ਕਈ ਤਰੀਕਿਆਂ ਨਾਲ ਆਪਣੇ ਬਾਰੇ ਦੱਸਿਆ। ਵੇਦ, ਬਾਈਬਲ, ਕੁਰਾਨ ਸ਼ਰੀਫ਼, ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦੁਨੀਆ ਦੇ ਹੋਰ ਬਹੁਤ ਸਾਰੇ ਗ੍ਰੰਥ ਅਜਿਹਾ ਇਲਹਾਮ ਹਨ, ਜਿਨ੍ਹਾਂ ਦੁਆਰਾ ਪਰਮਾਤਮਾ ਆਪਣੇ- ਆਪ ਬਾਰੇ ਦੱਸਦਾ ਹੈ। ਆਪਣੇ ਦੁਆਰਾ ਦਿੱਤੇ ਗਏ ਗਿਆਨ ਨਾਲ ਪਰਮਾਤਮਾ ਮਨੁੱਖਾਂ ਨੂੰ ਸਮਝਾਉਂਦਾ ਹੈ ਕਿ ਉਹ ਹੀ ਸਭ ਤੋਂ ਵੱਡਾ, ਸਭ ਤੋਂ ਮਹਾਨ ਗੁਣ ਵਾਲਾ, ਸਭ ਤੋਂ ਵੱਧ ਸ਼ਕਤੀਸ਼ਾਲੀ ਅਤੇ ਸਦਾ ਸਥਿਰ ਰਹਿਣ ਵਾਲਾ ਹੈ। ਉਹ ਹੀ ਸਾਰੇ ਸੰਸਾਰ ਦਾ ਇੱਕੋ ਇੱਕ ਸਹਾਰਾ ਹੈ। ਉਹ ਨਿਰ-ਸਾਕ ਅਤੇ ਨਿਰ-ਸਰੀਕ ਹੈ। ਉਸ ਦੀ ਬਰਾਬਰੀ ਕਰ ਸਕਣ ਵਾਲਾ ਉਸ ਤੋਂ ਵੱਡਾ, ਉਸ ਤੋਂ ਮਹਾਨ ਅਤੇ ਉਸ ਤੋਂ ਵੱਧ ਸਥਿਰ ਰਹਿਣ ਵਾਲਾ ਹੋਰ ਕੋਈ ਨਹੀਂ। ਉਹ ਹੀ ਸਾਰੇ ਸੰਸਾਰ ਦੇ ਪ੍ਰਬੰਧ ਦਾ ਅਤੇ ਉਸ ਦੇ ਜੀਵਾਂ ਦਾ ਸੱਚਾ ਸਹਾਰਾ ਹੈ।
ਪਰਮਾਤਮਾ ਇੱਕੋ ਹਸਤੀ ਦਾ ਨਾਮ ਹੈ। ਉਸ ਦੇ ਅਨੇਕ ਨਾਮ ਹਨ-ਹਰੀ, ਰਾਮ, ਅੱਲਾ, ਈਸ਼ਵਰ, ਰੱਬ, ਵਾਹਿਗੁਰੂ, ਗੌਡ ਆਦਿ ਸਭ ਇੱਕੋ ਪਰਮਾਤਮਾ ਦੇ ਹੀ ਨਾਮ ਹਨ। ਉਸ ਦਾ ਕੋਈ ਸਾਥੀ ਜਾਂ ਵਿਰੋਧੀ ਨਹੀਂ ਹੈ। ਉਸ ਦੀ ਸ਼ਕਤੀ ਨੂੰ ਉਹਦੇ ਨਾਲ ਵੰਡਣ ਵਾਲਾ ਵੀ ਕੋਈ ਨਹੀਂ ਹੈ। ਉਹ ਇਕੱਲਾ ਹੀ ਸੰਸਾਰ ਦੀ ਰਚਨਾ ਕਰਦਾ ਹੈ। ਇਕੱਲਾ ਹੀ ਉਸ ਨੂੰ ਚਲਾਉਂਦਾ ਹੈ, ਇਕੱਲਾ ਹੀ ਉਸ ਨੂੰ ਪਾਲਦਾ ਹੈ ਅਤੇ ਇਕੱਲਾ ਉਸ ਦਾ ਅੰਤ ਵੀ ਆਪ ਹੀ ਕਰਦਾ ਹੈ। ਜੋ ਕੁਝ ਵੀ ਨਜ਼ਰ ਆਉਂਦਾ ਹੈ ਉਹ ਸਭ ਕੁਝ ਉਸ ਪਰਮਾਤਮਾ ਦਾ ਬਣਾਇਆ ਹੋਇਆ ਹੈ। ਵੱਖ-ਵੱਖ ਧਰਮ ਗ੍ਰੰਥਾਂ ਵਿੱਚ ਇਹੀ ਦੱਸਿਆ ਹੋਇਆ ਹੈ ਕਿ ਪਰਮਾਤਮਾ ਨੇ ਆਪਣੀ ਸ਼ਕਤੀ ਨਾਲ ਇਕੱਲੇ ਹੀ ਇਸ ਸਾਰੇ ਸੰਸਾਰ ਨੂੰ ਬਣਾਇਆ। ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਉਸ ਤੋਂ ਵੱਡਾ ਕੋਈ ਨਹੀਂ ਹੈ। ਉਸ ਜਿੱਡਾ ਵੀ ਕੋਈ ਨਹੀਂ ਹੈ। ਉਸ ਦੇ ਬਰਾਬਰ ਵੀ ਕੋਈ ਹੋਰ ਸ਼ਕਤੀ ਨਹੀਂ ਹੈ। ਉਸ ਤੱਕ ਪਹੁੰਚਿਆ ਨਹੀਂ ਜਾ ਸਕਦਾ। ਉਸ ਨੂੰ ਜਾਣਿਆ ਨਹੀਂ ਜਾ ਸਕਦਾ ਪਰ ਉਹੀ ਪਰਮਾਤਮਾ ਸਾਰੇ ਜੀਵਾਂ ਅਤੇ ਸਾਰੀ ਸ੍ਰਿਸ਼ਟੀ ਦੇ ਅੰਦਰ ਵੱਸਿਆ ਹੋਇਆ ਹੈ।
ਸੰਸਾਰ ਨੂੰ ਬਣਾਉਣ ਤੋਂ ਪਹਿਲਾਂ ਪਰਮਾਤਮਾ ਇਕੱਲਾ ਸੀ। ਵਿਸ਼ਵਾਸ ਕੀਤਾ ਜਾਂਦਾ ਹੈ ਫਿਰ ਅਚਾਨਕ ਉਸ ਨੂੰ ਇੱਕ ਫੁਰਨਾ ਫੁਰਿਆ ਤਾਂ ਉਸ ਨੇ ਸਾਰੇ ਸੰਸਾਰ ਦੇ ਜੀਵ-ਜੰਤੂ, ਬਨਸਪਤੀ, ਨਦੀਆਂ-ਪਹਾੜ, ਚੰਦ-ਸੂਰਜ, ਤਾਰੇ ਗ੍ਰਹਿ ਆਦਿ ਪੈਦਾ ਕਰ ਦਿੱਤੇ। ਪਰਮਾਤਮਾ ਨੇ ਕੇਵਲ ਸੰਸਾਰ ਦੀ ਰਚਨਾ ਹੀ ਨਹੀਂ ਕੀਤੀ ਬਲਕਿ ਉਸ ਨੂੰ ਠੀਕ ਢੰਗ ਨਾਲ ਚਲਾਉਣ ਲਈ ਪ੍ਰਬੰਧ ਵੀ ਕੀਤਾ। ਸੰਸਾਰ ਦੇ ਸਾਰੇ ਜੀਵ, ਬਨਸਪਤੀ, ਚੰਦ, ਸੂਰਜ, ਤਾਰੇ ਆਦਿ ਸਭ ਪਰਮਾਤਮਾ ਦੁਆਰਾ ਦੱਸੇ ਹੋਏ ਨਿਯਮਾਂ ਨਾਲ ਹੀ ਚੱਲ ਰਹੇ ਹਨ। ਪਰਮਾਤਮਾ ਦੁਆਰਾ ਬਣਾਏ ਗਏ ਨਿਯਮਾਂ ਕਰਕੇ ਹੀ ਸਾਰਾ ਸੰਸਾਰ ਆਪਸ ਵਿੱਚ ਜੁੜਿਆ ਹੋਇਆ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਵਿੱਚ ਏਨੀ ਸ਼ਕਤੀ ਨਹੀਂ ਕਿ ਉਹ ਏਨੇ ਵੱਡੇ ਸੰਸਾਰ ਨੂੰ ਚਲਾ ਸਕੇ। ਪਰਮਾਤਮਾ ਆਪਣੀ ਆਤਮਾ ਜਾਂ ਸ਼ਕਤੀ ਕਰਕੇ ਸਾਰੇ ਸੰਸਾਰ ਵਿੱਚ ਵੱਸਿਆ ਹੋਇਆ ਹੈ। ਉਹ ਸਭ ਦੇ ਬਾਰੇ ਸਭ ਕੁਝ ਜਾਣਦਾ ਹੈ। ਉਸ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ ਹੁੰਦਾ। ਸਭ ਜੀਵਾਂ ਦੇ ਦੁੱਖ-ਸੁੱਖ ਬਾਰੇ ਗਿਆਨ ਪਰਮਾਤਮਾ ਨੂੰ ਹੁੰਦਾ ਹੈ। ਹਜ਼ਾਰਾਂ ਲੱਖਾਂ ਸਾਲਾਂ ਤੋਂ ਇਹ ਸੰਸਾਰ ਨਿਰਵਿਘਨ ਚੱਲ ਰਿਹਾ ਹੈ ਕਿਉਂਕਿ ਇਸ ਨੂੰ ਚਲਾਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਪਰਮਾਤਮਾ ਆਪ ਹੈ। ਜੇਕਰ ਅਸੀਂ ਵਿਗਿਆਨਿਕ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਹੈਰਾਨ ਕਰਨ ਵਾਲੇ ਸੱਚ ਸਾਮ੍ਹਣੇ ਆਉਂਦੇ ਹਨ। ਅਸੀਂ ਸਮਝ ਸਕਦੇ ਹਾਂ ਕਿ ਜੀਵ-ਜੰਤੂ, ਬਨਸਪਤੀ ਅਤੇ ਗ੍ਰਹਿ ਆਦਿ ਕਿਸ ਤਰ੍ਹਾਂ ਇੱਕ ਦੂਜੇ ਨੂੰ ਜਿੰਦਾ ਰੱਖਦੇ ਹਨ।
ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਉਸ ਨੂੰ ਇੱਕ ਪ੍ਰਬੰਧ ਵਿੱਚ ਪਰੋਇਆ ਅਤੇ ਆਪ ਉੱਪਰ ਬੈਠਾ ਇਸ ਨੂੰ ਚੱਲਦਿਆਂ ਦੇਖ ਕੇ ਖ਼ੁਸ਼ ਹੋ ਰਿਹਾ ਹੈ। ਪਰਮਾਤਮਾ ਸਿਰਫ਼ ਇਸ ਸ੍ਰਿਸ਼ਟੀ ਨੂੰ ਪੈਦਾ ਹੀ ਨਹੀਂ ਕਰਦਾ ਜਾਂ ਉਸ ਦੇ ਪ੍ਰਬੰਧ ਨੂੰ ਹੀ ਨਹੀਂ ਚਲਾਉਂਦਾ ਬਲਕਿ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਵੀ ਹੈ। ਪਰਮਾਤਮਾ ਦੇ ਰਚੇ ਹੋਏ ਸੰਸਾਰ ਵਿੱਚ ਸਭ ਦੇ ਜਿਊਂਦੇ ਰਹਿਣ ਲਈ ਭੋਜਨ ਮੌਜੂਦ ਹੈ। ਸ੍ਰਿਸ਼ਟੀ ਵਿੱਚ ਐਸਾ ਕੋਈ ਵੀ ਜੀਵ ਜਾਂ ਪੇੜ-ਪੌਦਾ ਨਹੀਂ ਜਿਸ ਲਈ ਪਰਮਾਤਮਾ ਨੇ ਭੋਜਨ ਪੈਦਾ ਨਾ ਕੀਤਾ ਹੋਵੇ।
ਪਰਮਾਤਮਾ ਸੰਸਾਰ ਦੀ ਰਚਨਾ ਕਰਦਾ ਹੈ। ਉਸ ਨੂੰ ਇੱਕ ਪ੍ਰਬੰਧ ਵਿੱਚ ਪਰੋ ਕੇ ਜੀਵਾਂ ਦੀ ਪਾਲਣਾ ਕਰਦਾ ਹੈ ਪਰ ਇਹ ਸਭ ਉਸ ਦੀ ਸਿਰਫ਼ ਇੱਕ ਖੇਡ ਹੀ ਹੈ। ਇਸ ਤਰ੍ਹਾਂ ਉਹ ਕਈ ਵਾਰ ਰਚਨਾ ਕਰਦਾ ਹੈ। ਉਸ ਵਿੱਚ ਕਈ ਤਰ੍ਹਾਂ ਅਤੇ ਰੰਗਾਂ ਦੇ ਜੀਵ, ਬਨਸਪਤੀ, ਗ੍ਰਹਿ ਆਦਿ ਪੈਦਾ ਕਰਦਾ ਹੈ। ਉਹਨਾਂ ਨੂੰ ਦੇਖ-ਦੇਖ ਕੇ ਖ਼ੁਸ਼ ਹੁੰਦਾ ਹੈ ਅਤੇ ਫਿਰ ਉਹਨਾਂ ਨੂੰ ਆਪ ਹੀ ਢਾਹ ਕੇ ਦੁਬਾਰਾ ਬਣਾ-ਬਣਾ ਕੇ ਉਹਨਾਂ ਨਾਲ ਖੇਡਦਾ ਰਹਿੰਦਾ ਹੈ। ਇਸੇ ਕਰਕੇ ਉਸ ਦੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਜੀਵ ਪੈਦਾ ਵੀ ਹੁੰਦੇ ਰਹਿੰਦੇ ਹਨ ਅਤੇ ਮਰਦੇ ਵੀ ਰਹਿੰਦੇ ਹਨ ਪਰ ਜਦੋਂ ਵੀ ਉਸ ਦਾ ਦਿਲ ਕਰਦਾ ਹੈ ਉਹ ਆਪਣੇ ਇਸ ਖੇਡ ਨੂੰ ਬੰਦ ਕਰਕੇ ਫਿਰ ਤੋਂ ਇਕੱਲਾ ਹੋ ਜਾਂਦਾ ਹੈ ਅਤੇ ਆਪਣੀ ਸਮਾਧੀ ਵਿੱਚ ਲੀਨ ਹੋ ਜਾਂਦਾ ਹੈ। ਫਿਰ ਸੰਸਾਰ ਵਰਗੀ ਕੋਈ ਚੀਜ਼ ਮੌਜੂਦ ਨਹੀਂ ਰਹਿੰਦੀ।
ਕੇਵਲ ਪਰਮਾਤਮਾ ਹੀ ਐਸੀ ਹਸਤੀ ਹੈ, ਜੋ ਸਭ ਤੋਂ ਵੱਧ ਪੂਜਣਯੋਗ ਹੈ। ਮਾਤਾ-ਪਿਤਾ, ਅਧਿਆਪਕ, ਗੁਰੂ, ਪੀਰ ਆਦਿ ਬੇਸ਼ਕ ਪੂਜਣਯੋਗ ਹੁੰਦੇ ਹਨ ਪਰ ਭਗਤੀ ਕੇਵਲ ਪਰਮਾਤਮਾ ਦੀ ਹੀ ਹੋ ਸਕਦੀ ਹੈ ਕਿਉਂਕਿ ਉਸ ਤੋਂ ਵੱਡਾ ਹੋਰ ਕੋਈ ਨਹੀਂ। ਉਸ ਤੋਂ ਵੱਧ ਦਿਆਲੂ ਹੋਰ ਕੋਈ ਨਹੀਂ। ਉਸ ਤੋਂ ਸ਼ਕਤੀਸ਼ਾਲੀ ਹੋਰ ਕੋਈ ਨਹੀਂ। ਪਰਮਾਤਮਾ ਦੀ ਭਗਤੀ ਕਰਨ ਦਾ ਤਰੀਕਾ ਹੈ ਗੁਰੂ ਦੇ ਕਹਿਣੇ ਵਿੱਚ ਰਹਿ ਕੇ ਚੰਗੇ ਕੰਮ ਕਰਨੇ ਅਤੇ ਉਸ ਨੂੰ ਹਮੇਸ਼ਾ ਆਪਣੇ ਮਨ ਵਿੱਚ ਯਾਦ ਰੱਖਣਾ। ਭਗਤੀ ਕਰਦੇ-ਕਰਦੇ ਇਨਸਾਨ ਹੌਲੀ-ਹੌਲੀ ਪਰਮਾਤਮਾ ਦੇ ਨੇੜੇ ਹੋਈ ਜਾਂਦਾ ਹੈ ਅਤੇ ਅਖ਼ੀਰ ਵਿੱਚ ਉਸੇ ਵਿੱਚ ਸਮਾ ਜਾਂਦਾ ਹੈ।
ਲੇਖਕ : ਰਾਜਿੰਦਰ ਕੌਰ ਰੋਹੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 6815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-12-46-34, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First