ਪਿਜਿਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਿਜਿਨ: ਜਦੋਂ ਦੋ ਵੱਖ-ਵੱਖ ਨਾ ਸਮਝੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਬੁਲਾਰੇ ਇੱਕ-ਦੂਜੇ ਨਾਲ ਗੱਲ-ਬਾਤ ਕਰਨ ਲਈ ਮਜ਼ਬੂਰ ਹੁੰਦੇ ਹਨ ਤਾਂ ਉਹ ਇੱਕ ਅਜਿਹੀ ਭਾਸ਼ਾ ਦੀ ਸਿਰਜਣਾ ਕਰ ਲੈਂਦੇ ਹਨ ਜਿਸ ਨੂੰ ਕੰਮ-ਟਪਾਊ ਭਾਸ਼ਾ ਕਿਹਾ ਜਾਂਦਾ ਹੈ। ਅਕਸਰ ਅਜਿਹੀ ਸਥਿਤੀ ਓਦੋਂ ਹੋਂਦ ਵਿੱਚ ਆਉਂਦੀ ਹੈ, ਜਦੋਂ ਵਪਾਰੀ ਜਾਂ ਸੈਲਾਨੀ ਜਿਹੜੇ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਆਏ ਹੁੰਦੇ ਹਨ ਅਤੇ ਉਹਨਾਂ ਦਾ ਆਪਸੀ ਮੇਲ ਥੋੜ੍ਹੇ ਸਮੇਂ ਲਈ ਹੁੰਦਾ ਹੈ। ਅਜਿਹੇ ਮੌਕੇ ਸਥਾਨਿਕ ਅਤੇ ਆਪਣੀ ਭਾਸ਼ਾ ਦੀ ਸ਼ਬਦਾਵਲੀ ਨੂੰ ਰਲਾ-ਮਿਲਾ ਕੇ ਵਰਤ ਲਿਆ ਜਾਂਦਾ ਹੈ। ਬਾਹਰੋਂ ਆਏ ਵਿਅਕਤੀ ਸਥਾਨਿਕ ਲੋਕਾਂ ਦੇ ਉਚਾਰਨ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਤਰ੍ਹਾਂ ਸਥਾਨਿਕ ਬੁਲਾਰਾ ਵੀ ਉਹਨਾਂ ਨੂੰ ਟੁੱਟੇ-ਫੁੱਟੇ ਉਚਾਰਨ ਵਿੱਚ ਹੀ ਜਵਾਬ ਦਿੰਦਾ ਹੈ। ਸਿੱਟੇ ਵਜੋਂ ਦੋਹਾਂ ਭਾਸ਼ਾਈ ਉਚਾਰਨਾਂ ਦੇ ਮਿਸ਼ਰਨ ਨਾਲ ਇੱਕ ਨਵੀਂ ਭਾਸ਼ਾ ਹੋਂਦ ਵਿੱਚ ਆਉਂਦੀ ਹੈ। ਇਸ ਨੂੰ ਅਸੀਂ ਕੰਮ ਟਪਾਊ ਭਾਸ਼ਾ ਕਹਿੰਦੇ ਹਾਂ। ਇਹ ਭਾਸ਼ਾਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ :

          1. ਪਿਜਿਨ ਭਾਸ਼ਾਵਾਂ

          2. ਕਰਿਓਲ ਭਾਸ਼ਾਵਾਂ

     ਬਰਤਾਨਵੀ ਵਪਾਰੀ ਜਦੋਂ ਸਤਾਰ੍ਹਵੀਂ ਸਦੀ ਵਿੱਚ ਚੀਨ ਦੀਆਂ ਬੰਦਰਗਾਹਾਂ ’ਤੇ ਗਏ ਤਾਂ ਉਹਨਾਂ ਅਤੇ ਚੀਨੀਆਂ ਦਾ ਆਪਸ ਵਿੱਚ ਮੇਲ ਹੋਇਆ। ਕਿਉਂਕਿ ਇਹ ਮੇਲ ਥੋੜ੍ਹੇ ਸਮੇਂ ਲਈ ਹੋਇਆ, ਇਸ ਮੇਲ ਸਦਕਾ ਸਿਰਜੀ ਗਈ ਭਾਸ਼ਾ ਨੂੰ ‘ਪਿਜਿਨ ਅੰਗਰੇਜ਼ੀ’ ਕਿਹਾ ਜਾਂਦਾ ਹੈ। ਅੰਗਰੇਜ਼ਾਂ ਨੇ ਚੀਨੀਆਂ ਨੂੰ ਆਪਣੀ ਭਾਸ਼ਾ ਸਿਖਾਉਣ ਦੀ ਥਾਂ ਅੰਗਰੇਜ਼ੀ ਸ਼ਬਦਾਵਲੀ ਨੂੰ ਚੀਨੀ ਲਹਿਜੇ ਵਿੱਚ ਬੋਲ ਕੇ ਕੰਮ ਚਲਾ ਲਿਆ। ਇਸ ਲਈ ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਉਸ ਸਮੇਂ ਅੰਗਰੇਜ਼ੀ ਸ਼ਬਦ ‘business’ ਨੂੰ ਚੀਨੀਆਂ ਦੁਆਰਾ ਵਿਗਾੜ ਕੇ ਉਚਾਰਨ ਨਾਲ ਪਿਜਿਨ ਬਣ ਗਿਆ। ਦੋ ਓਪਰੀਆਂ ਭਾਸ਼ਾਵਾਂ ਦੇ ਆਪਸੀ ਸੰਪਰਕ ਸਦਕਾ ਹੀ ਪਿਜਿਨ ਹੋਂਦ ਵਿੱਚ ਆਉਂਦੀ ਹੈ। ਇਸ ਲਈ ਇਹਨਾਂ ਵਿੱਚ ਦੋਹਾਂ ਭਾਸ਼ਾਵਾਂ ਦੇ ਮੁਕਾਬਲੇ ਘੱਟ ਧੁਨੀਆਂ, ਭਾਵਾਂਸ਼, ਵਿਆਕਰਨਿਕ ਰੂਪ ਅਤੇ ਸ਼ਬਦਾਵਲੀ ਹੁੰਦੀ ਹੈ।

     ਪਿਜਿਨ ਭਾਸ਼ਾ ਦੋ ਭਾਸ਼ਾਈ ਸਮੂਹਾਂ ਦੇ ਮੇਲ-ਮਿਲਾਪ ਸਦਕਾ ਹੋਂਦ ਵਿੱਚ ਆਉਂਦੀ ਹੈ। ਇਸ ਲਈ ਇਹ ਕਿਸੇ ਇੱਕ ਭਾਸ਼ਾਈ ਫ਼ਿਰਕੇ ਦੀ ਭਾਸ਼ਾ ਨਹੀਂ ਹੁੰਦੀ, ਸਗੋਂ ਦੋ ਫ਼ਿਰਕਿਆਂ ਦੇ ਵਿਅਕਤੀ ਇਸ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਦੇ ਸੰਬੰਧ ਕਈ ਤਰ੍ਹਾਂ ਦੇ ਹੋ ਸਕਦੇ ਹਨ, ਜਿਵੇਂ ਵਪਾਰੀਆਂ ਵਿਚਕਾਰ, ਸੈਲਾਨੀਆਂ ਅਤੇ ਗਾਈਡਾਂ ਵਿਚਕਾਰ, ਮਾਲਕਾਂ ਅਤੇ ਨੌਕਰਾਂ ਵਿਚਕਾਰ ਆਦਿ। ਥੋੜ੍ਹੇ ਸਮੇਂ ਹੋਂਦ ਵਿੱਚ ਆਉਣ ਕਰ ਕੇ ਜੈਸਪਰਸਨ ਪਿਜਿਨ ਨੂੰ ਅਲਪਤਮ ਭਾਸ਼ਾ (minimal language) ਵੀ ਕਹਿੰਦਾ ਹੈ।

     ਪਿਜਿਨ ਨੂੰ ਕਈਆਂ ਨਾਂਵਾਂ ਨਾਲ ਦਰਸਾਇਆ ਜਾਂਦਾ ਹੈ। ਕੋਈ ਇਸ ਨੂੰ ਸੰਖਿਪਤ ਭਾਸ਼ਾ (reduced language), ਕੋਈ ਮਿਸ਼ਰਿਤ ਭਾਸ਼ਾ (mixed language), ਕੋਈ ਭ੍ਰਿਸ਼ਟ ਰੂਪ (corrupt) ਕਹਿੰਦਾ ਹੈ।

     ਸਥਾਨਿਕ ਭਾਸ਼ਾਈ ਉਚਾਰਨ ਨੂੰ ਓਪਰੀ ਭਾਸ਼ਾ ਦੇ ਬੁਲਾਰੇ ਦੀ ਹੂ-ਬਹੂ ਉਚਾਰਨ ਦੀ ਕੋਸ਼ਿਸ਼ ਸਦਕਾ ਪਿਜਿਨ ਭਾਸ਼ਾ ਬਣਦੀ ਹੈ। ਓਪਰੀ ਭਾਸ਼ਾ ਦਾ ਬੁਲਾਰਾ ਸਥਾਨਿਕ ਬੁਲਾਰਿਆਂ ਦੇ ਸ਼ਬਦਾਂ ਨੂੰ ਸੁਣਦਾ ਹੈ ਤੇ ਉਹਨਾਂ ਸ਼ਬਦਾਂ ਨੂੰ ਉਹਨਾਂ ਵਾਂਗ ਬੋਲਣ ਦਾ ਯਤਨ ਕਰਦਾ ਹੈ। ਸਿੱਟੇ ਵਜੋਂ ਵਿਆਕਰਨਿਕ ਰੂਪਾਂ ਤੋਂ ਬਿਨਾਂ ਸ਼ਬਦਾਂ ਨਾਲ ਸੰਚਾਰ ਕੀਤਾ ਜਾਂਦਾ ਹੈ ਜਿਵੇਂ (money back, ticket back) ਉਚਾਰਨ ਨਾਲ ਬਰਤਾਨਵੀ ਬੱਸ ਕੰਡਕਟਰ ਸਮਝ ਜਾਂਦਾ ਹੈ ਕਿ ਏਸ਼ੀਅਨ ਸਵਾਰੀ ਟਿਕਟ ਵਾਪਸ ਕਰ ਕੇ ਪੈਸੇ ਵਾਪਸ ਲੈਣਾ ਚਾਹੁੰਦੀ ਹੈ। ਇਸ ਤਰ੍ਹਾਂ ਨਿਸ਼ਚਿਤ ਵਿਆਕਰਨਿਕ ਨਿਯਮਾਂ ਦੀ ਵਰਤੋਂ ਤੋਂ ਬਿਨਾਂ ਹੀ ਆਪਣੀ ਗੱਲ ਸਮਝਾ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਓਪਰੀ ਭਾਸ਼ਾ ਵਾਲੇ ਇਹਨਾਂ ਟੁੱਟੇ-ਫੁੱਟੇ ਉਦਾਹਰਨਾਂ ਨੂੰ ਹੀ ਸਥਾਨਿਕ ਭਾਸ਼ਾ ਸਮਝ ਲੈਂਦੇ ਹਨ ਕਿਉਂਕਿ ਉਹ ਇਸ ਨਾਲ ਹੀ ਆਪਣਾ ਡੰਗ-ਟਪਾ ਰਹੇ ਹੁੰਦੇ ਹਨ ਦੂਜੇ ਪਾਸੇ ਸਥਾਨਿਕ ਬੁਲਾਰੇ ਓਪਰੀ ਭਾਸ਼ਾ ਦੇ ਬੁਲਾਰਿਆਂ ਨੂੰ ਅਲਪ ਬੁੱਧੀ ਵਾਲੇ ਸਮਝਣ ਲੱਗ ਪੈਂਦੇ ਹਨ ਕਿਉਂਕਿ ਉਹ ਉਹਨਾਂ ਦੀ ਭਾਸ਼ਾ ਨੂੰ ਸਹੀ ਤਰ੍ਹਾਂ ਨਹੀਂ ਸਿੱਖ ਸਕਦੇ। ਅਜਿਹੀ ਸਥਿਤੀ ਵਿੱਚ ਦੋਵੇਂ ਹੀ ਆਪਣੀਆਂ ਭਾਸ਼ਾਵਾਂ ਵਿੱਚ ਪਿਜਿਨ ਵੱਖਰੇਵੇਂ ਦਾ ਪ੍ਰਗਟਾਵਾ ਨਹੀਂ ਕਰ ਰਹੇ ਹੁੰਦੇ, ਇਸ ਲਈ ਇੱਕ ਦੂਜੇ ਨੂੰ ਗ਼ਲਤ ਸਮਝਦੇ ਹਨ।


ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.