ਪੀਲੂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੀਲੂ: ਪੀਲੂ ਮਾਝੇ ਦਾ ਰਹਿਣ ਵਾਲਾ ਸੀ। ਉਸ ਦਾ ਧਰਮ ਇਸਲਾਮ ਸੀ ਤੇ ਜਾਤ ਜੱਟ। ਬਚਪਨ ਤੋਂ ਹੀ ਸੁਭਾਅ ਫ਼ਕੀਰਾਂ ਵਾਲਾ ਸੀ। ਜ਼ਰਾ ਸੁਰਤ ਸੰਭਾਲੀ ਤਾਂ ਸ਼ੌਕ ਵਜੋਂ ਘਰੋਂ ਨਿਕਲ ਗਿਆ। ਪਹਿਲਾਂ ਗੁਰੂ ਅਰਜਨ ਦੇਵ ਦੇ ਦਰਸ਼ਨ ਕੀਤੇ ਅਤੇ ਫੇਰ ਦਰਵੇਸ਼ਾਂ ਕੋਲੋਂ ਸੂਫ਼ੀਆਨਾ ਕਲਾਮ ਸੁਣਿਆ। ਉਸ ਵਿੱਚ ਬਾਰ ਦਾ ਇਲਾਕਾ ਦੇਖਣ ਦੀ ਤੀਬਰ ਇੱਛਾ ਜਾਗੀ। ਰਾਵੀ ਦਰਿਆ ਪਾਰ ਕਰ ਕੇ ਦਾਨਾਬਾਦ ਖਰਲਾਂ ਵਿੱਚ ਗਿਆ। ਇਹ ਜਗ੍ਹਾ ਮਿੰਟਮੁਗਰੀ ਤੋਂ ਚਾਲੀ ਕੋਹ ਦੂਰ ਸੀ। ਇੱਥੇ ਉਸ ਨੇ ਮਿਰਜ਼ਾ ਸਾਹਿਬਾਂ ਦੇ ਇਸ਼ਕ ਦਾ ਚਰਚਾ ਸੁਣਿਆ। ਪੀਲੂ ਨੇ ਇਸ ਕਹਾਣੀ ਨੂੰ ਕਿੱਸੇ ਵਿੱਚ ਬੀੜ ਦਿੱਤਾ। ਉਸ ਦੀ ਬੋਲੀ ਬੜੀ ਠੇਠ ਸੀ ਤੇ ਬਿਆਨ ਵਿੱਚ ਕਹਿਰਾਂ ਦੀ ਰੋਚਕਤਾ। ਲੋਕੀਂ ਇਹ ਕਿੱਸਾ ਸੁਣ ਕੇ ਅਸ਼-ਅਸ਼ ਕਰ ਉੱਠੇ। ਚੁਫੇਰੇ ਉਸ ਦੀ ਸ਼ੁਹਰਤ ਫੈਲ ਗਈ। ਇਸ ਪਿੱਛੋਂ ਉਹ ਹੋਰ ਅਗੇਰੇ ਇਲਾਕੇ ਸਾਂਦਲ ਬਾਰ ਵੱਲ ਚੱਲਾ ਗਿਆ। ਉੱਥੇ ਹੀ ਉਸ ਦਾ ਦਿਹਾਂਤ ਹੋ ਗਿਆ।
ਪੀਲੂ ਦੇ ਕਿੱਸੇ ਅਨੁਸਾਰ ਸਾਹਿਬਾਂ ਮੰਗਲਵਾਰ ਨੂੰ ਖੀਵੇ ਖ਼ਾਨ ਦੇ ਘਰ ਜੰਮੀ। ਅੱਠ ਸਾਲ ਦੀ ਉਮਰ ਵਿੱਚ ਮਾਪਿਆਂ ਨੇ ਉਸ ਨੂੰ ਮਸੀਤੇ ਪੜ੍ਹਨ ਪਾ ਦਿੱਤਾ। ਉਧਰ ਮਿਰਜ਼ਾ ਦਾਨਾਬਾਦ ਵਿੱਚ ਵੰਝਲ ਦੇ ਘਰ ਜੰਮਿਆ। ਬਚਪਨ ਵਿੱਚ ਮਾਪਿਆਂ ਨੇ ਉਸ ਨੂੰ ਨਾਨਕੇ ਭੇਜ ਦਿੱਤਾ। ਸਾਹਿਬਾਂ ਮਿਰਜ਼ੇ ਦੇ ਮਾਪੇ ਦੀ ਧੀ ਸੀ। ਮਸੀਤੇ ਇਕੱਠੇ ਪੜ੍ਹਦਿਆਂ ਦੋਹਾਂ ਦਾ ਇਸ਼ਕ ਹੋ ਗਿਆ। ਜਦੋਂ ਸਾਹਿਬਾਂ ਦੇ ਮਾਪਿਆਂ ਨੂੰ ਇਸ ਗੱਲ ਦੀ ਕੰਨਸੋਅ ਪਈ ਤਾਂ ਉਹਨਾਂ ਨੇ ਮਿਰਜ਼ੇ ਨੂੰ ਫੌਰਨ ਦਾਨਾਬਾਦ ਭੇਜ ਦਿੱਤਾ ਤੇ ਧੀ ਦੀ ਮੰਗਣੀ ਚੰਧੜਾਂ ਦੇ ਪੁੱਤ, ਤਾਹਿਰ ਖ਼ਾਨ ਨਾਲ ਕਰ ਦਿੱਤੀ। ਸਾਹੇ-ਬੱਝੀ ਸਾਹਿਬਾਂ ਨੂੰ ਘਰੋਂ ਬਾਹਰ ਪੈਰ ਰੱਖਣ ਦੀ ਮਨਾਹੀ ਸੀ। ਚੌਵੀ ਘੰਟੇ ਸਿਰ ’ਤੇ ਪਹਿਰਾ। ਵਿਆਹ ਲਈ ਜੰਞ ਢੁੱਕਣ ਵਾਲੀ ਸੀ ਕਿ ਸਾਹਿਬਾਂ ਨੇ ਕਰਮੂੰ ਬਾਹਮਣ ਹੱਥ ਸੁਨੇਹਾ ਭੇਜਿਆ ਕਿ ਛੇਤੀ ਆ ਕੇ ਉਸ ਨੂੰ ਕੱਢ ਕੇ ਲੈ ਜਾਵੇ। ਸੁਨੇਹਾ ਮਿਲਦੇ ਸਾਰ ਮਿਰਜ਼ੇ ਨੇ ਸਾਹਿਬਾਂ ਦੇ ਪਿੰਡ ਜਾਣ ਦੀ ਤਿਆਰੀ ਕਰ ਲਈ। ਮਾਂ ਨੇ ਰੋਕਿਆ, ਬਾਪ ਨੇ ਸਮਝਾਇਆ ਤੇ ਭੈਣ ਨੇ ਹਾੜੇ ਕੱਢੇ। ਪਰ ਮਿਰਜ਼ਾ ਬਜ਼ਿਦ ਸੀ। ਉਹ ਆਪਣੀ ਬੱਕੀ ’ਤੇ ਸਵਾਰ ਹੋ ਕੇ ਖੀਵੇ ਚੱਲਾ ਗਿਆ। ਜੰਞ ਦਾ ਢੁਕਾਅ ਹੋ ਚੁੱਕਾ ਸੀ। ਨਿਕਾਹ ਦੀਆਂ ਤਿਆਰੀਆਂ ਹੋ ਰਹੀਆਂ ਸਨ। ਮਿਰਜ਼ੇ ਨੇ ‘ਬੀਬੋ’ ਰਾਹੀਂ ਸਾਹਿਬਾਂ ਨੂੰ ਸੁਨੇਹਾ ਭੇਜਿਆ। ਸਾਹਿਬਾਂ ਨੇ ਫੋਰਾ ਨਾ ਲਾਇਆ। ਦੋਵੇਂ ਜਾਣੇ ਬੱਕੀ ’ਤੇ ਸਵਾਰ ਹੋ ਕੇ ਭੱਜ ਨਿਕਲੇ। ਸਿਆਲਾਂ ਤੇ ਚੰਧੜਾਂ ਦੀ ਵਾਹਰ ਨੇ ਉਹਨਾਂ ਦਾ ਪਿੱਛਾ ਕੀਤਾ।
ਮਿਰਜ਼ੇ ਨੂੰ ਆਪਣੀ ਜਵਾਨੀ, ਬਹਾਦਰੀ ਤੇ ਤੀਰ- ਅੰਦਾਜ਼ੀ ਉੱਤੇ ਬੜਾ ਨਾਜ਼ ਸੀ। ਥੋੜ੍ਹਾ ਜਿਹਾ ਵਿਸਮਣ ਲਈ ਉਹ ਜੰਡ ਹੇਠ ਲੇਟ ਗਿਆ। ਵਾਹਰ ਨੇੜੇ ਆ ਗਈ। ਸਾਹਿਬਾਂ ਮਿਰਜ਼ੇ ਦੇ ਤਰਲੇ ਪਾਉਂਦੀ ਰਹੀ ਕਿ ਉੱਠ ਭੱਜ ਚਲੀਏ। ਮਾਣ-ਮੱਤੇ ਮਿਰਜ਼ੇ ਨੇ ਪ੍ਰਵਾਹ ਨਾ ਕੀਤੀ। ਏਨੇ ਨੂੰ ਸਿਆਲ ਅਤੇ ਚੰਧੜ ਮਿਰਜ਼ੇ ਉੱਤੇ ਟੁੱਟ ਪਏ। ਸਾਹਿਬਾਂ ਨੇ ਉਸ ਦਾ ਭੱਥਾ ਜੰਡ ਉੱਤੇ ਟੰਗ ਦਿੱਤਾ। ਉਸ ਨੂੰ ਡਰ ਸੀ ਕਿ ਮਿਰਜ਼ਾ ਇਹਨਾਂ ਤੀਰਾਂ ਨਾਲ ਉਸ ਦੇ ਭਰਾਵਾਂ ਨੂੰ ਵਿੰਨ੍ਹ ਸੁੱਟੇਗਾ। ਨਿਹੱਥਾ ਮਿਰਜ਼ਾ ਜੰਡ ਹੇਠਾਂ ਵੱਢਿਆ ਗਿਆ। ਸਾਹਿਬਾਂ ਨੇ ਵੈਣ ਪਾਏ। ਮਰਦੇ ਹੋਏ ਮਿਰਜ਼ੇ ਨੇ ਸਾਹਿਬਾਂ ਅੱਗੇ ਗਿਲਾ ਕੀਤਾ ਕਿ ਤੂੰ ਭੱਥਾ ਜੰਡ ਉੱਤੇ ਟੰਗ ਕੇ ਬਹੁਤ ਜ਼ੁਲਮ ਕਮਾਇਆ ਹੈ :
ਮੰਦਾ ਕੀਤਾ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ।
ਤਿੰਨ ਸੈ ਕਾਨੀ ਮਿਰਜ਼ੇ ਜਵਾਨ ਦੀ,
ਦੇਂਦਾ ਸਿਆਲਾਂ ਨੂੰ ਵੰਡ।
ਪਰ ਬਿਨ ਭਰਾਵਾਂ ਮਿਰਜ਼ਾ ਮਾਰਿਆ ਗਿਆ।
ਮਿਰਜ਼ਾ ਸਾਹਿਬਾਂ ਦੀ ਘਟਨਾ ਜਹਾਂਗੀਰ ਦੇ ਸਮੇਂ ਵਾਪਰੀ। ਸਭ ਤੋਂ ਪਹਿਲਾਂ ਪੀਲੂ ਨੇ ਹੀ ਇਸ ਨੂੰ ਆਪਣੇ ਕਿੱਸੇ ਵਿੱਚ ਬਿਆਨ ਕੀਤਾ। ਇਸ ਪਿੱਛੋਂ ਹਾਫ਼ਿਜ਼ ਬਰਖ਼ੁਰਦਾਰ ਨੇ ਵੀ ਇਸੇ ਕਹਾਣੀ ਨੂੰ ਕਿੱਸੇ ਦੇ ਰੂਪ ਵਿੱਚ ਲਿਖਿਆ, ਪਰ ਉਸ ਦੇ ਬਿਆਨ ਵਿੱਚ ਪੀਲੂ ਨਾਲੋਂ ਭਿੰਨਤਾ ਸੀ। ਹਾਫ਼ਿਜ਼ ਨੇ ਬਿਆਨ ਕੀਤਾ ਹੈ ਕਿ ਜਦ ਮਿਰਜ਼ਾ ਵੱਢਿਆ ਜਾਂਦਾ ਹੈ ਤਾਂ ਸਾਹਿਬਾਂ ਇੱਕ ਕਾਂ ਨੂੰ ਅਰਜ਼ ਕਰਦੀ ਹੈ ਕਿ ਉੱਡ ਕੇ ਪੀਲੂ ਕੋਲ ਜਾਵੇ ਤੇ ਉਸ ਨੂੰ ਇਹ ਕਿੱਸਾ ਲਿਖਣ ਲਈ ਆਖੇ। ਜਦ ਕਾਂ ਉੱਥੇ ਗਿਆ ਤਾਂ ਪੀਲੂ ਮਰ ਚੁੱਕਾ ਸੀ। ਉਹ ਪੀਲੂ ਦੀ ਕਬਰ ਉੱਤੇ ਵੈਣ ਪਾਉਂਦਾ ਹੈ :
ਜਾ ਰੁੱਨਾ ਪੀਲੂ ਦੀ ਗੋਰ ’ਤੇ ਬਾਣਾ ਬਤਰ ਸਿਆਹ।
ਅੱਗੋਂ ਪੀਲੂ ਮੂੰਹ ਚੜ੍ਹ ਬੋਲਿਆ ਕਾਗਾ ਮੁਸਲਮਾਨੀ ਜਾਹ।
ਫਿਰ ਸਾਹਿਬਾਂ ਦਾ ਇਹੋ ਕਾਸਦ ਪੰਛੀ ਹਾਫ਼ਿਜ਼ ਬਰਖ਼ੁਰਦਾਰ ਵੱਲ ਆਉਂਦਾ ਹੈ ਤੇ ਉਸ ਦੇ ਦੱਸਣ ਮੂਜਬ ਹਾਫ਼ਿਜ਼ ਉਸ ਕਿੱਸੇ ਨੂੰ ਲਿਖਦਾ ਹੈ। ਉਹ ਪੀਲੂ ਦੀ ਸ਼ਾਇਰੀ ਵੱਲ ਇਸ਼ਾਰਾ ਕਰਦਾ ਹੈ :
ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਣ
ਜਿਸ ਨੂੰ ਪੰਜਾਂ ਪੀਰਾਂ ਦੀ ਥਾਪਣਾ ਕੰਧੀ ਦਸਤ ਧਰੇਣ।
ਪੀਲੂ ਦੀ ਕਾਵਿ-ਕਲਾ ਦੇ ਸੰਬੰਧ ਵਿੱਚ ਵਰਣਨਯੋਗ ਗੱਲ ਇਹ ਹੈ ਕਿ ਉਸ ਨੇ ਕਿੱਸੇ ਨੂੰ ਦੁਖਾਂਤ ਵਿੱਚ ਬੰਨ੍ਹਿਆ ਹੈ। ਇਹ ਗੱਲ ਭਾਰਤੀ ਪਰੰਪਰਾ ਦੇ ਉਲਟ ਹੈ। ਪੀਲੂ ਨੇ ਇਸ ਪਰੰਪਰਾ ਨਾਲੋਂ ਟੁੱਟ ਕੇ ਜ਼ਿੰਦਗੀ ਦੇ ਯਥਾਰਥ ਨੂੰ ਪਕੜਿਆ ਤੇ ਕਿੱਸੇ ਦਾ ਅੰਤ ਦੁਖਾਂਤ ਵਿੱਚ ਕੀਤਾ। ਇਹ ਗੱਲ ਵਾਸਤਵਿਕਤਾ ਦੇ ਬਹੁਤ ਨੇੜੇ ਪ੍ਰਤੀਤ ਹੁੰਦੀ ਹੈ।
ਕਵੀ ਨੇ ਇਸ ਦੁਖਾਂਤ ਦੀ ਨੀਂਹ ਨਾਇਕ ਤੇ ਨਾਇਕਾ ਵਿੱਚ ਪਾਈਆਂ ਜਾਂਦੀਆਂ ਕਮਜ਼ੋਰੀਆਂ ਉੱਤੇ ਰੱਖੀ ਹੈ। ਨਾਇਕ ਵਿੱਚ ਹੰਕਾਰ ਹੈ ਅਤੇ ਨਾਇਕਾ ਵਿੱਚ ਭਰਾਵਾਂ ਲਈ ਪਿਆਰ ਦੀ ਕਮਜ਼ੋਰੀ। ਸਾਹਿਬਾਂ ਨੂੰ ਸ਼ਾਇਦ ਇਸ ਗੱਲ ਦਾ ਭਰੋਸਾ ਸੀ ਕਿ ਉਹ ਭਰਾਵਾਂ ਅੱਗੇ ਵਾਸਤਾ ਪਾ ਕੇ ਆਪਣੇ ਪ੍ਰੇਮੀ ਦੀ ਜਾਨ ਬਖ਼ਸ਼ਵਾ ਲਵੇਗੀ।
ਪੀਲੂ ਦੀ ਰਚਨਾ ਵਿੱਚ ਰੁਮਾਂਸ ਅਤੇ ਬੀਰ-ਰਸ ਦਾ ਬਹੁਤ ਵਧੀਆ ਸੁਮੇਲ ਹੈ। ਮਿਰਜ਼ੇ ਦੇ ਬੋਲਾਂ ਵਿੱਚ ਬਹਾਦਰੀ ਹੈ ਤੇ ਬਾਹੂ ਬਲ ਉੱਤੇ ਕਹਿਰਾਂ ਦਾ ਭਰੋਸਾ :
ਕੋਈ ਨਾ ਦੀਹਦਾ ਸੂਰਮਾ, ਜਿਹੜਾ ਮੈਨੂੰ ਹੱਥ ਕਰੇ।
ਕਟਕ ਭਿੜਾ ਦਿਆਂ ਟੱਕਰੀਂ, ਮੈਥੋਂ ਭੀ ਰਾਠ ਡਰੇ।
ਕਵੀ ਅਸਿੱਧੇ ਤੌਰ ’ਤੇ ਸ਼ਿੰਗਾਰ-ਰਸ ਦਾ ਪ੍ਰਭਾਵ ਉਜਾਗਰ ਕਰਦਾ ਹੈ :
ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ।
ਫੜ ਨਾ ਜਾਣੇ ਤਕੜੀ, ਹਾੜ ਨਾ ਜਾਣੇ ਵੱਟ।
ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਦ ਉੱਲਟ।
ਵਣਜ ਗੁਆ ਲਏ ਬਾਣੀਆਂ, ਬਲਦ ਗੁਆ ਲਏ ਜੱਟ।
ਰੂਪਮਤੀ ਸਾਹਿਬਾਂ ਦਾ ਮਿਰਜ਼ੇ ਉੱਤੇ ਜਾਦੂਮਈ ਅਸਰ:
ਕਢ ਕਲੇਜ਼ਾ ਲੈ ਗਈ, ਖਾਨ ਖੀਵੇ ਦੀ ਧੀ।
ਗਜ਼ ਗਜ਼ ਲੰਮੀਆਂ ਮੀਢੀਆਂ, ਰੰਗ ਜੋ ਗੋਰਾ ਸੀ।
ਜੇ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ।
ਪੀਲੂ ਦੇ ਕਿੱਸੇ ਵਿੱਚ ਵਰਤਿਆ ਗਿਆ ਛੰਦ ਪਹਿਲਾਂ ਹੀ ਲੋਕ-ਪ੍ਰਿਆ ਛੰਦਾਂ ਵਿੱਚੋਂ ਸੀ। ਮਿਰਜ਼ਾ ਸਾਹਿਬਾਂ ਦੇ ਰੁਮਾਂਸ ਦੀ ਪੇਸ਼ਕਾਰੀ ਲਈ ਇਹ ਛੰਦ ਬਹੁਤ ਢੁੱਕਵਾਂ ਸਾਬਤ ਹੋਇਆ ਹੈ। ਇਸ ਛੰਦ ਵਿਚਲੀ ਲੈਅ ਅਤੇ ਦਿਲ-ਟੁੰਬਵੀਂ ਸੰਗੀਤਾਤਮਿਕਤਾ ਨੇ ਇਸ ਨੂੰ ਪੰਜਾਬੀਆਂ ਦਾ ਮਕਬੂਲ ਛੰਦ ਬਣਾ ਦਿੱਤਾ ਹੈ।
ਇਸ ਕਿੱਸੇ ਦੀਆਂ ਅਨੇਕਾਂ ਪੰਕਤੀਆਂ ਅਖਾਣਾਂ ਵਿੱਚ ਵਟ ਗਈਆਂ ਹਨ :
ਲਿਖੀਆਂ ਡਾਢੇ ਰੱਬ ਦੀਆਂ, ਮੇਟਣ ਵਾਲਾ ਕੌਣ।
ਇਸ਼ਕ ਲਿਤਾੜੇ ਆਦਮੀ, ਬਰਫ਼ ਲਿਤਾੜੇ ਰੁੱਖ।
ਨੀਂਦ ਨਾ ਆਉਂਦੀ ਚੋਰ ਨੂੰ, ਆਸ਼ਿਕ ਨਾ ਲੱਗੇ ਭੁੱਖ।
ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖਲੀ।
ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ।
ਪੀਲੂ ਦਾ ਮਿਰਜ਼ਾ ਵਾਰਿਸ ਦੀ ਹੀਰ ਵਾਂਗ ਪੰਜਾਬ ਵਿੱਚ ਬੇਹੱਦ ਮਕਬੂਲ ਹੈ।
ਲੇਖਕ : ਬਖ਼ਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਪੀਲੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੀਲੂ. ਦੇਖੋ, ਪੀਲੁ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੀਲੂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪੀਲੂ : ਪੀਲੂ ਪੰਜਾਬੀ ਦਾ ਪ੍ਰਸਿੱਧ ਕਿੱਸਾਕਾਰ ਹੈ ਜਿਸ ਨੇ ਮਿਰਜ਼ਾ ਸਾਹਿਬਾਂ ਦੀ ਗਾਥਾ ਲਿਖੀ। ਇਸ ਦੇ ਜੀਵਨ ਬਾਰੇ ਭਰੋਸੇਯੋਗ ਵਾਕਫ਼ੀਅਤ ਨਹੀਂ ਮਿਲਦੀ। ਇਸ ਨੂੰ ਸ਼ਾਹਜਹਾਂ ਦਾ ਸਮਕਾਲੀ ਮੰਨਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ (1563-1606 ਈ.) ਵੇਲੇ ਵੀ ਇਕ ਪੀਲੂ ਭਗਤ ਹੋਏ ਹਨ ਜਿਨ੍ਹਾਂ ਦਾ ਕਿੱਸਾਕਾਰ ਪੀਲੂ ਨਾਲ ਕੋਈ ਸਬੰਧ ਨਹੀਂ ਹੈ। ਇਹ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਦੇ ਪਿੰਡ ਵੈਰੋਵਾਲ, ਦਾ ਵਸਨੀਕ ਦੱਸਿਆ ਜਾਂਦਾ ਹੈ। ਅਟਾਰੀ (ਜ਼ਿਲ੍ਹਾ ਅੰਮ੍ਰਿਤਸਰ) ਦੇ ਨੇੜੇ ਪੀਲੂ ਦਾ ਇਕ ਖੂਹ ਵੀ ਹੈ। ਹਾਫ਼ਜ਼ ਦੇ ਮਿਰਜ਼ਾ ਸਾਹਿਬਾਂ ਕਿੱਸੇ ਦੇ ਅੰਤ ਵਿਚ ਪੀਲੂ ਦੀ ਕਬਰ ਦਾ ਜ਼ਿਕਰ ਆਉਂਦਾ ਹੈ ਜਿਸ ਤੋਂ ਪੀਲੂ ਨੂੰ ਹਾਫ਼ਜ਼ ਤੋਂ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ।
ਪੀਲੂ ਦੁਆਰਾ ਰਚਿਤ ਕਿੱਸਾ ਮਿਰਜ਼ਾ ਸਾਹਿਬਾਂ ਦੀ ਪੰਜਾਬੀ ਸਾਹਿਤ ਵਿਚ ਇਕ ਨਵੇਕਲੀ ਥਾਂ ਹੈ। ਇਹ ਕਿੱਸਾ ਪੰਜਾਬੀ ਵਿਚ ਇਕ ਮੀਲ ਪੱਥਰ ਸਾਬਤ ਹੋਇਆ। ਇਹ ਕਿੱਸਾ ਪੰਜਾਬੀ ਮਹਿਫ਼ਲਾਂ, ਸੱਥਾਂ ਤੇ ਗਾਇਕ-ਸਰੋਤਿਆਂ ਦਾ ਹਰਮਨ ਪਿਆਰਾ ਬਣਿਆ ਹੋਇਆ ਹੈ। ਇਸ ਦਾ ਵਿਸ਼ਾ ਨੌਜਵਾਨ ਦਿਲਾਂ ਦੀ ਧੜਕਣ, ਮਰਦ ਔਰਤ ਦੇ ਪਰਸਪਰ ਪਿਆਰ, ਨਿਸ਼ਠਾ, ਵਫ਼ਾਈ, ਮਰਦਾਨਗੀ, ਧੋਖਾ ਧੜੀ, ਪੁਸ਼ਤ ਦਰ ਪੁਸ਼ਤ ਵਧਦੇ ਵੈਰ ਵਿਰੋਧ ਦੀ ਪਰੰਪਰਾ ਤੇ ਹੋਰ ਬਹੁਤ ਸਾਰੇ ਮਨੁੱਖੀ ਹਾਵਾਂ ਭਾਵਾਂ ਦੀ ਤਰਜਮਾਨੀ ਕਰਦਾ ਹੈ। ਸਵਿਨਰਟਨ ਨੇ 'ਰੋਮਾਂਟਿਕ ਟੇਲਜ਼ ਆਫ਼ ਦੀ ਪੰਜਾਬ' ਵਿਚ ਜੋ ਵਾਰਤਾ ਮਿਰਜ਼ਾ ਸਾਹਿਬਾਂ ਦੀ ਦਿੱਤੀ ਹੈ ਉਸ ਵਿਚ ਪੀਲੂ ਦਾ ਉਲੇਖ ਮਿਲਦਾ ਹੈ ਪਰ ਕਹਾਣੀ ਦਾ ਰੂਪ ਕਾਫ਼ੀ ਵੱਖਰਾ ਹੈ। ਉਕਤ ਪੁਸਤਕ ਵਿਚ ਲਿਖੀ ਕਹਾਣੀ ਜੋ ਕਿਸੇ ਮਰਾਸੀ/ਭੱਟ ਦੇ ਮੂੰਹੋਂ ਸੁਣੀ ਗਈ, ਪੀਲੂ ਦੀ ਰਚੀ ਕਹਾਣੀ ਹੋਣ ਦਾ ਦਾਅਵਾ ਕਰਦੀ ਹੈ। ਇਸ ਅਨੁਸਾਰ ਮਿਰਜ਼ਾ ਆਪਣੇ ਨਾਨਕੇ ਘਰ ਸਾਹਿਬਾਂ ਨਾਲ ਇਕੱਠਾ ਪੜ੍ਹਦਾ ਸੀ। ਰਿਸ਼ਤੇ ਵਿਚ ਸਾਹਿਬਾਂ ਮਿਰਜ਼ੇ ਦੇ ਮਾਮੇ ਦੀ ਧੀ ਸੀ। ਦੋਹਾਂ ਦਾ ਪਿਆਰ ਦੇਖ ਕੇ ਸਾਹਿਬਾਂ ਦੀ ਮਾਂ ਨੇ ਮਿਰਜ਼ੇ ਨੂੰ ਆਪਣੇ ਘਰ ਵਾਪਸ ਜਾਣ ਲਈ ਕਿਹਾ ਕਿਉਂਕਿ ਖਰਲਾਂ ਤੇ ਸਿਆਲਾਂ ਦੇ ਆਪਸ ਵਿਚ ਰਿਸ਼ਤੇ ਨਹੀਂ ਹੁੰਦੇ, ਦੂਜਾ ਸਾਹਿਬਾਂ ਪਹਿਲਾਂ ਹੀ ਚੰਧੜਾਂ ਦੇ ਮੰਗੀ ਹੋਈ ਸੀ। ਮਿਰਜ਼ਾ ਨਿਰਾਸ਼ ਹੋ ਕੇ ਘਰ ਪਰਤ ਆਉਂਦਾ ਹੈ। ਉਹ ਸਾਰਾ ਸਾਰਾ ਦਿਨ ਝਨਾਂ ਦੇ ਕੰਢੇ ਬੈਠਾ ਰਹਿੰਦਾ ਹੈ। ਉਸ ਨੂੰ ਘਰ ਦੇ ਬਹੁਤ ਸਮਝਾਉਂਦੇ ਹਨ ਕਿ ਉਹ ਖਰਲਾਂ ਵਿਚ ਵਿਆਹ ਕਰ ਲਵੇ। ਅਖ਼ੀਰ ਸਾਹਿਬਾਂ ਦਾ ਸੁਨੇਹਾ ਆਉਣ ਤੇ ਉਹ ਸਾਹਿਬਾਂ ਨੂੰ ਉਧਾਲਣ ਲਈ ਘਰੋਂ ਚਲ ਪੈਂਦਾ ਹੈ। ਮਿਰਜ਼ੇ ਤੇ ਚੰਧੜਾਂ ਦੀ ਲੜਾਈ ਵਿਚ ਮਿਰਜ਼ੇ ਦੀ ਮੌਤ ਹੋ ਜਾਂਦੀ ਹੈ ਤੇ ਸਾਹਿਬਾਂ ਵੀ ਆਪਣੇ ਆਪ ਨੂੰ ਕਟਾਰ ਮਾਰ ਕੇ ਮਰ ਜਾਂਦੀ ਹੈ। ਨਾਲੇ ਦੇ ਇਕ ਪਾਸੇ ਮਿਰਜ਼ੇ ਦੀ ਲੋਥ ਤੜਪਦੀ ਹੈ ਤੇ ਦੂਜੇ ਪਾਸੇ ਸਾਹਿਬਾਂ ਦੀ। ਦੋਹਾਂ ਦਾ ਲਹੂ ਵਗ ਕੇ ਇਕੱਠਾ ਨਾਲੇ ਵਿਚ ਆ ਮਿਲਦਾ ਹੈ।
ਇਸ ਕਿੱਸੇ ਵਿਚ ਵਾਰ ਨੂੰ ਕਾਵਿ ਰੂਪ ਵਿਚ ਵਰਤਿਆ ਗਿਆ ਹੈ ਜੋ ਪਿੱਛੋਂ ਜਾ ਕੇ ਮਿਰਜ਼ੇ ਦੀ ਸੱਦ ਦਾ ਰੂਪ ਕਹਾਇਆ। ਸੱਦ ਵੀ ਇਕ ਪ੍ਰਕਾਰ ਦਾ ਛੰਦ (ਗੀਤ) ਹੈ ਜੋ ਲੰਬੀ ਹੇਕ ਵਿਚ ਗਾਇਆ ਜਾਂਦਾ ਹੈ। ਸੱਦ ਕਰੁਣਾ ਰਸ ਪ੍ਰਧਾਨ ਕਾਵਿ ਰੂਪ ਹੈ। ਅੱਗੇ ਆ ਕੇ ਇਹ ਢਾਡੀਆਂ ਵਿਚ ਬੜਾ ਪ੍ਰਚਲਿਤ ਹੋਇਆ ਜੋ ਵਾਰਾਂ ਤੋਂ ਬਿਨਾਂ ਵਿਆਹ ਸ਼ਾਦੀਆਂ ਤੇ ਗਾਇਆ ਜਾਂਦਾ ਸੀ। ਮਿਰਜ਼ਾ ਸਾਹਿਬਾਂ ਪੂਰਬੀ ਪੰਜਾਬ ਦੇ ਪਿੰਡਾਂ ਵਿਚ ਵਧੇਰੇ ਕਰ ਕੇ ਇਸੇ ਰੂਪ ਵਿਚ ਗਾਇਆ ਜਾਂਦਾ ਰਿਹਾ ਹੈ।
ਘੱਟ ਤੋਂ ਘੱਟ ਸ਼ਬਦਾਂ ਵਿਚ ਭਾਵ ਭਰਪੂਰ ਗੱਲ ਕਰਨਾ ਇਸ ਕਿੱਸੇ ਵਿਚ ਖ਼ਾਸ ਕਰ ਕੇ ਵੇਖਣ ਵਿਚ ਆਉਂਦਾ ਹੈ।
ਮਿਰਜ਼ੇ ਤੇ ਸਾਹਿਬਾਂ ਦੀ ਖ਼ੂਬਸੂਰਤੀ ਦਾ ਬਿਆਨੀਆ ਢੰਗ:
'ਜਨਮ ਦਿੱਤਾ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ
ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ'
ਅਤੇ
'ਕਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ
ਗਜ਼ ਗਜ਼ ਲੰਮੀਆਂ ਮੀਢੀਆਂ ਰੰਗ ਦੀ ਗੋਰੀ ਸੀ।'
ਪੀਲੂ ਦੇ ਮਿਰਜ਼ੇ ਦੀ ਬੋਲੀ ਕੇਂਦਰੀ ਜਟਕੀ ਹੈ ਜੋ ਮੱਧ-ਪੰਜਾਬ ਦੇ ਲੋਕ ਵਾਰਕਾਰ ਆਪਣੀਆਂ ਰਚਨਾਵਾਂ ਵਿਚ ਵਰਤਦੇ ਸਨ। ਇਸ ਬੋਲੀ ਉੱਤੇ ਫ਼ਾਰਸੀ, ਸੰਸਕ੍ਰਿਤ ਤੇ ਬ੍ਰਜ ਭਾਸ਼ਾ ਦਾ ਕੋਈ ਅਸਰ ਨਹੀਂ। ਇਹ ਬੋਲੀ ਅੱਜਕੱਲ੍ਹ ਵੀ ਕੇਂਦਰੀ ਪੰਜਾਬ ਦੇ ਪਿੰਡਾਂ ਵਿਚ ਲਗਭਗ ਉਸੇ ਰੂਪ ਵਿਚ ਬੋਲੀ ਜਾਂਦੀ ਹੈ। ਬਨਾਉਟੀਪਣ ਤੇ ਅਲੰਕਾਰਾਂ ਦੀ ਘਾਟ ਇਸ ਦੀ ਖ਼ੂਬੀ ਹੈ। ਸੰਜਮੀ ਤੇ ਢੁੱਕਵਾਂ ਪ੍ਰਗਟਾਊਪਣ ਇਸ ਦਾ ਮੀਰੀ ਗੁਣ ਹੈ।
ਇਸ ਕਿੱਸੇ ਵਿਚ ਬੀਰ ਰਸ ਪ੍ਰਧਾਨ ਹੈ ਜੋ ਵਾਰ ਦਾ ਮੁੱਖ ਰਸ ਮੰਨਿਆ ਗਿਆ ਹੈ ਭਾਵੇਂ ਇਸ ਵਿਚ ਥੋੜ੍ਹੇ ਬਹੁਤ ਹੋਰ ਰਸ ਵੀ ਮਿਲਦੇ ਹਨ। ਇਸ ਕਹਾਣੀ ਦਾ ਅੰਤ ਦੁਖਾਂਤ ਭਰਿਆ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-20-11-52-19, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 774
ਵਿਚਾਰ / ਸੁਝਾਅ
Please Login First