ਪੁਰਾਤਨ ਜਨਮ-ਸਾਖੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੁਰਾਤਨ ਜਨਮ-ਸਾਖੀ: ਪੁਰਾਤਨ ਜਨਮ-ਸਾਖੀ ਮੱਧ-ਕਾਲੀ ਪੰਜਾਬੀ ਵਾਰਤਕ ਦੀ ਅਤਿਅੰਤ ਮਹੱਤਵਪੂਰਨ ਵਾਰਤਕ ਰਚਨਾ ਹੈ। ਇਸਦੀ ਦੱਸ ਸਭ ਤੋਂ ਪਹਿਲਾਂ ਇੱਕ ਜਰਮਨ ਈਸਾਈ ਮਿਸ਼ਨਰੀ ਅਰਨੈਸਟ ਟ੍ਰੰਪ ਨੇ ਪਾਈ ਸੀ, ਜਿਸ ਨੂੰ ਇਹ ਇੰਡੀਆ ਆਫਿਸ ਲਾਇਬ੍ਰੇਰੀ ਲੰਦਨ ਵਿੱਚੋਂ ਮਿਲੀ। 1872 ਵਿੱਚ ਪ੍ਰਾਪਤ ਹੋਈ ਇਹ ਪੋਥੀ ਵਲਾਇਤ ਵਾਲੀ ਜਨਮ-ਸਾਖੀ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਇਸ ਜਨਮ-ਸਾਖੀ ਵੱਲ ਸਿੱਖ ਵਿਦਵਾਨਾਂ ਵਿੱਚੋਂ ਸਭ ਤੋਂ ਪਹਿਲਾਂ ਕਰਮ ਸਿੰਘ ਹਿਸਟੋਰੀਅਨ ਦਾ ਧਿਆਨ ਗਿਆ, ਜਿਸ ਨੇ 1913 ਵਿੱਚ ਇਸ ਰਚਨਾ ’ਤੇ ਆਧਾਰਿਤ ਕੱਤਕ ਕਿ ਵਿਸਾਖ ਨਾਮੀ ਪੁਸਤਕ ਲਿਖੀ। 1926 ਵਿੱਚ ਭਾਈ ਵੀਰ ਸਿੰਘ ਨੇ ਇਸ ਜਨਮ-ਸਾਖੀ ਦੀ ਸੰਪਾਦਨਾ ਕੀਤੀ ਅਤੇ ਇਸ ਨੂੰ ਪ੍ਰਕਾਸ਼ਿਤ ਵੀ ਕੀਤਾ।
ਇਸ ਜਨਮ-ਸਾਖੀ ਵਿੱਚ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਜੁੜੀਆਂ 57 ਸਾਖੀਆਂ ਸ਼ਾਮਲ ਹਨ। ਪਹਿਲਾਂ ਪਹਿਲ ਇਸ ਵਿੱਚ ਕੇਵਲ 15-20 ਸਾਖੀਆਂ ਹੀ ਸਨ। ਉਸ ਤੋਂ ਮਗਰੋਂ ਕੁਝ ਹੋਰ ਸਾਖੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਅਤੇ ਇਹ ਪੋਥੀ ਪਹਿਲਾਂ 25 ਅਤੇ ਫੇਰ 30 ਸਾਖੀਆਂ `ਤੇ ਆਧਾਰਿਤ ਹੋ ਗਈ।
ਇਹ ਨਿਸ਼ਚਿਤ ਹੈ ਕਿ ਲੋਕ-ਕਹਾਣੀਆਂ ਵਾਂਗ ਇਹ ਸਾਖੀਆਂ ਅਰੰਭ ਵਿੱਚ ਮੌਖਿਕ ਪਰੰਪਰਾ ਦਾ ਹਿੱਸਾ ਰਹੀਆਂ ਹੋਣਗੀਆਂ। ਮਗਰੋਂ ਕਿਸੇ ਨੇ ਇਹਨਾਂ ਨੂੰ ਲਿਖਤੀ ਰੂਪ ਦੇ ਦਿੱਤਾ। ਇਹਨਾਂ ਸਾਖੀਆਂ ਦਾ ਸੰਗ੍ਰਹਿ-ਕਰਤਾ ਜਾਂ ਇਹਨਾਂ ਨੂੰ ਲਿਪੀਬੱਧ ਕਰਨ ਵਾਲਾ ਵਿਅਕਤੀ ਕੌਣ ਹੈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਪੁਰਾਤਨ ਜਨਮ-ਸਾਖੀ ਦਾ ਵਿਸ਼ਾ ਗੁਰੂ ਨਾਨਕ ਦੇਵ ਦੀ ਅਦੁੱਤੀ ਸ਼ਖ਼ਸੀਅਤ ਨੂੰ ਪੇਸ਼ ਕਰਨਾ ਹੈ। ਪਰ ਪੋਥੀ ਵਿਚਲਾ ਗੁਰੂ ਨਾਨਕ ਪੂਰਨ ਰੂਪ ਵਿੱਚ ਇਤਿਹਾਸਿਕ ਵਿਅਕਤੀ ਨਹੀਂ ਰਹਿੰਦਾ। ਉਸ ਉੱਤੇ ਪੌਰਾਣਿਕ ਤੇ ਮਿਥਿਹਾਸਿਕ ਰੰਗਣ ਬੜੀ ਗੂੜ੍ਹੀ ਚੜ੍ਹ ਗਈ ਹੈ। ਉਹ ਜੇ ਇੱਕ ਪਾਸੇ ਦਲੀਲ ਨਾਲ ਦੂਜੇ ਬੰਦੇ ਨੂੰ ਕਾਇਲ ਕਰ ਸਕਦਾ ਹੈ ਤਾਂ ਦੂਜੇ ਪਾਸੇ ਕਰਾਮਾਤੀ ਸ਼ਕਤੀ ਦਰਸਾ ਕੇ ਵਿਰੋਧੀ ਨੂੰ ਆਪਣਾ ਮੁਰੀਦ ਬਣਾ ਸਕਦਾ ਹੈ। ਗੁਰੂ ਨਾਨਕ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਭਾਰਤ ਤੋਂ ਬਾਹਰ ਵੀ ਕਈ ਸਾਲ ਯਾਤਰਾ ਉੱਤੇ ਰਹੇ। ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਆਖਿਆ ਜਾਂਦਾ ਹੈ। ਪੁਰਾਤਨ ਜਨਮ-ਸਾਖੀ ਵਿੱਚ ਗੁਰੂ ਸਾਹਿਬ ਦੀਆਂ ਪੰਜ ਉਦਾਸੀਆਂ ਦਾ ਵਰਣਨ ਹੈ। ਪੁਸਤਕ ਵਿੱਚ 15 ਸਾਖੀਆਂ, ਉਦਾਸੀਆਂ ਤੋਂ ਪਹਿਲਾਂ ਦੀਆਂ ਹਨ, 26 ਸਾਖੀਆਂ ਪਹਿਲੀ ਉਦਾਸੀ ਨਾਲ, ਸੱਤ ਸਾਖੀਆਂ ਦੂਜੀ ਉਦਾਸੀ ਨਾਲ, ਦੋ ਸਾਖੀਆਂ ਤੀਜੀ ਉਦਾਸੀ ਨਾਲ, ਇੱਕ ਸਾਖੀ ਚੌਥੀ ਉਦਾਸੀ ਨਾਲ ਅਤੇ ਛੇ ਸਾਖੀਆਂ ਪੰਜਵੀਂ ਉਦਾਸੀ ਨਾਲ ਸੰਬੰਧ ਰੱਖਦੀਆਂ ਹਨ।
ਇਸ ਪੋਥੀ ਵਿਚਲੀਆਂ ਸਾਖੀਆਂ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਹੈ। ਇੱਕ ਤਾਂ ਨਿਰੋਲ ਸਾਖੀ ਦਾ ਰੂਪ ਹੈ, ਜਿਸ ਵਿੱਚ ਕੇਵਲ ਕਥਾ ਦਾ ਬਿਰਤਾਂਤ ਪੇਸ਼ ਹੋਇਆ ਹੈ। ਦੂਜੀ ਪ੍ਰਕਾਰ ਦੀਆਂ ਸਾਖੀਆਂ ਗੋਸ਼ਟਾਂ (ਵਾਰਤਾਲਾਪ) ਦੇ ਰੂਪ ਵਿੱਚ ਹਨ ਅਤੇ ਤੀਜੀ ਕਿਸਮ ਦੀਆਂ ਸਾਖੀਆਂ ਮਿਸ਼ਰਿਤ ਰੂਪ ਵਾਲੀਆਂ ਹਨ ਅਰਥਾਤ ਵਾਰਤਾਲਾਪੀ ਢੰਗ ਵੀ ਵਰਤਿਆ ਗਿਆ ਹੈ ਅਤੇ ਬਿਰਤਾਂਤ ਵਰਣਨ ਵੀ।
ਪੁਰਾਤਨ ਜਨਮ-ਸਾਖੀ ਵਿੱਚ ਗੁਰੂ ਨਾਨਕ ਦੇਵ ਦੇ ਸਮੇਂ ਦੇ ਸਮਾਜ ਦੀ ਝਲਕ ਵੀ ਮਿਲਦੀ ਹੈ। ਪਤਾ ਲੱਗਦਾ ਹੈ ਕਿ ਲੋਕ ਵਹਿਮਾਂ-ਭਰਮਾਂ ਦਾ ਸ਼ਿਕਾਰ ਸਨ। ਅੰਧ- ਵਿਸ਼ਵਾਸ ਦਾ ਬੋਲ-ਬਾਲਾ ਸੀ। ਜਾਦੂ-ਟੂਣਿਆਂ ਦੀ ਜਕੜ ਬੜੀ ਪੱਕੀ ਸੀ। ਵਰਨ ਵਿਵਸਥਾ ਨੇ ਸਮਾਜ ਨੂੰ ਜਾਤ- ਪਾਤ ਵਿੱਚ ਵੰਡਿਆ ਹੋਇਆ ਸੀ। ਰਾਜ ਅਤੇ ਧਰਮ ਦਾ ਪਤਨ ਹੋ ਚੁੱਕਾ ਸੀ। ਹਰ ਪਾਸੇ ਅਗਿਆਨ ਦਾ ਪਹਿਰਾ ਸੀ। ਇਹਨਾਂ ਹਾਲਾਤਾਂ ਦਾ ਚਿੱਤਰ ਪੁਰਾਤਨ ਜਨਮ-ਸਾਖੀ ਵਿੱਚੋਂ ਬੜੇ ਉਘੜਵੇਂ ਰੂਪ ਵਿੱਚ ਸਾਮ੍ਹਣੇ ਆਉਂਦਾ ਹੈ। ਇਸ ਤਰ੍ਹਾਂ ਪੁਰਾਤਨ ਜਨਮ-ਸਾਖੀ ਵਿੱਚੋਂ ਸਮਾਜਿਕ, ਰਾਜਨੀਤਿਕ, ਧਾਰਮਿਕ, ਇਤਿਹਾਸਿਕ ਅਤੇ ਭਾਈਚਾਰਿਕ ਜੀਵਨ ਦੀ ਭਰਪੂਰ ਝਲਕ ਮਿਲਦੀ ਹੈ।
ਪੁਰਾਤਨ ਜਨਮ ਸਾਖੀ ਦੀ ਭਾਸ਼ਾ ਦਾ ਸਰੂਪ ਗੁਰਬਾਣੀ ਦੀ ਭਾਸ਼ਾ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਹੈ। ਇਸ ਨੂੰ ‘ਹਿੰਦਵੀ’, ‘ਸਾਧ ਭਾਸ਼ਾ’ ਜਾਂ ‘ਸਧੁੱਕੜੀ’ ਭਾਸ਼ਾ ਆਖਿਆ ਜਾਂਦਾ ਹੈ। ਇਹ ਭਾਸ਼ਾ ਉਸ ਸਮੇਂ ਸਾਰੇ ਭਾਰਤ ਵਿੱਚ ਸਮਝੀ ਜਾਂਦੀ ਸੀ ਕਿਉਂਕਿ ਇਹ ਬਹੁਤ ਸਾਰੀਆਂ ਭਾਸ਼ਾਵਾਂ ਦਾ ਮਿਲਗੋਭਾ ਸੀ। ਉਸ ਸਮੇਂ ਦੀ ਰਾਜ ਦਰਬਾਰ ਦੀ ਭਾਸ਼ਾ ਫ਼ਾਰਸੀ ਸੀ। ਇਸ ਵਿੱਚ ਫ਼ਾਰਸੀ ਦੇ ਸ਼ਬਦ ਆਪਣੇ ਅਸਲੀ ਰੂਪ ਵਿੱਚ ਜਾਂ ਬਦਲਵੇਂ ਰੂਪ ਵਿੱਚ ਮਿਲਦੇ ਹਨ। ਭਾਰਤ ਦੀਆਂ ਮੂਲ ਧਾਰਮਿਕ ਪਰੰਪਰਾਵਾਂ ਭਾਰਤੀ ਸੋਮਿਆਂ ਵਿੱਚੋਂ ਆਈਆਂ ਭਾਸ਼ਾਵਾਂ ਨਾਲ ਜੁੜੀਆਂ ਹੋਈਆਂ ਸਨ। ਇਸ ਲਈ ਸਾਧ ਭਾਸ਼ਾ ਵਿੱਚ ਜਿੱਥੇ ਸੰਸਕ੍ਰਿਤ ਦੀ ਸ਼ੁੱਧ ਅਤੇ ਅਸ਼ੁੱਧ ਸ਼ਬਦਾਵਲੀ ਵਰਤੀ ਜਾਂਦੀ ਸੀ ਉੱਥੇ ਨਾਲ ਹੀ ਆਧੁਨਿਕ ਭਾਰਤੀ ਭਾਸ਼ਾਵਾਂ ਦੀ ਸੰਘਣੀ ਰੰਗਣ ਵੀ ਇਸ ਭਾਸ਼ਾ ਉੱਤੇ ਚੜ੍ਹੀ ਹੋਈ ਸੀ। ਇਸ ਲਈ ਆਪਣੇ ਪ੍ਰਸੰਗ ਵਿੱਚ ਇਸ ਭਾਸ਼ਾ ਨੂੰ ਅਸੀਂ ਪੁਰਾਤਨ ਪੰਜਾਬੀ ਵੀ ਆਖ ਸਕਦੇ ਹਾਂ।
ਵਾਕ ਬਣਤਰ ਦੀ ਦ੍ਰਿਸ਼ਟੀ ਤੋਂ ਇਹ ਭਾਸ਼ਾ ਇੱਕ ਪਾਸੇ ਸੰਜੋਗਾਤਮਿਕ ਹੈ, ਦੂਜੇ ਪਾਸੇ ਇਹ ਸ਼ੈਲੀ ਦੇ ਪੱਖੋਂ ਲੋਕ-ਭਾਸ਼ਾ ਦੇ ਰੂਪ ਵਿੱਚ ਢਲਣ ਦੀ ਪ੍ਰਵਿਰਤੀ ਰੱਖਦੀ ਹੈ। ਇਸ ਤਰ੍ਹਾਂ ਸੰਜਮ ਇਸ ਪੁਸਤਕ ਦੀ ਭਾਸ਼ਾ-ਸ਼ੈਲੀ ਦਾ ਬੜਾ ਵੱਡਾ ਲੱਛਣ ਹੈ। ਸਮੁੱਚੇ ਤੌਰ `ਤੇ ਪੁਰਾਤਨ ਜਨਮ-ਸਾਖੀ ਦੀ ਵਾਰਤਕ ਗੁਰਬਾਣੀ ਦੀ ਸ਼ਬਦਾਵਲੀ, ਸ਼ਬਦ-ਜੋੜ ਅਤੇ ਵਾਕ-ਬਣਤਰ ਦੀ ਰੰਗਤ ਵਿੱਚ ਭਿੱਜੀ ਹੋਈ ਹੈ। ਇਸ ਕਾਰਨ ਇਹ ਵਾਰਤਕ ਕੇਵਲ ਕਲਾਮਈ ਤੇ ਰਸਦਾਇਕ ਹੀ ਨਹੀਂ ਸਗੋਂ ਸੰਗੀਤਕ ਵੀ ਹੋ ਨਿਬੜੀ ਹੈ।
ਲੇਖਕ : ਕਰਨਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First