ਪੂਰਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੂਰਨ: ਪੂਰਨ, ਪੰਜਾਬੀ ਸਮਾਜ ਦਾ ਹਰਮਨ ਪਿਆਰਾ ਨਾਇਕ ਹੈ। ਪੰਜਾਬੀ ਸਮਾਜ ਦੇ ਲੋਕਾਂ ਵਿੱਚ ਪੂਰਨ ਭਗਤ ਕਰ ਕੇ ਮਸ਼ਹੂਰ ਕਿੱਸਾ ਕਾਦਰਯਾਰ ਦਾ ਲਿਖਿਆ ਹੈ। ਪੂਰਨ ਅਤੇ ਲੂਣਾ ਦਾ ਇਹ ਕਿੱਸਾ ਬਹੁਤ ਪ੍ਰਚਲਿਤ ਹੈ। ਮਤੇਈ ਮਾਂ ਦੇ ਮਤੇਏ ਪੁੱਤਰਾਂ ਨਾਲ ਮਾੜੇ ਰਵੱਈਏ ਦੀਆਂ ਹੋਰ ਵੀ ਕਿੱਸੇ ਕਹਾਣੀਆਂ ਪੰਜਾਬੀ ਸਮਾਜ ਵਿੱਚ ਮਿਲਦੀਆਂ ਹਨ ਪਰ ਵਧੇਰੇ ਪ੍ਰਸਿੱਧੀ ਪੂਰਨ ਅਤੇ ਲੂਣਾ ਦੇ ਕਿੱਸੇ ਨੂੰ ਮਿਲੀ ਹੈ। ਪੂਰਨ ਰਾਜੇ ਸਲਵਾਨ ਅਤੇ ਰਾਣੀ ਇੱਛਰਾਂ ਦਾ ਪੁੱਤਰ ਹੋਇਆ ਹੈ। ਸਲਵਾਨ ਸਿਆਲਕੋਟ ਦਾ ਰਾਜਾ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਜੋਤਸ਼ੀਆਂ ਨੇ ਪੂਰਨ ਨੂੰ ਬਾਰਾਂ ਸਾਲਾਂ ਲਈ ਭੋਰੇ ਵਿੱਚ ਪਾਉਣ ਦੀ ਭਵਿੱਖਬਾਣੀ ਰਾਜੇ ਸਲਵਾਨ ਨੂੰ ਦੱਸੀ। ਜੋਤਸ਼ੀਆਂ ਦੀ ਭਵਿੱਖ ਬਾਣੀ ਅਨੁਸਾਰ ਪੂਰਨ ਬਾਰਾਂ ਸਾਲਾਂ ਲਈ ਭੋਰੇ ਵਿੱਚ ਰਿਹਾ। ਇਸ ਦੌਰਾਨ ਰਾਜੇ ਸਲਵਾਨ ਨੇ ਦੂਜੀ ਰਾਣੀ ਲੂਣਾ ਵਿਆਹ ਲਿਆਂਦੀ। ਕਾਦਰਯਾਰ ਅਤੇ ਲੋਕਾਂ ਵਿੱਚ ਪ੍ਰਚਲਿਤ ਕਥਾ-ਕਹਾਣੀਆਂ ਅਨੁਸਾਰ ਬਾਰਾਂ ਵਰ੍ਹਿਆਂ ਬਾਅਦ ਪੂਰਨ ਜਦੋਂ ਭੋਰੇ ਵਿੱਚੋਂ ਬਾਹਰ ਆਇਆ ਤਾਂ ਮਰਯਾਦਾ ਅਨੁਸਾਰ ਮਤੇਈ ਮਾਂ ਲੂਣਾ ਦੇ ਮਹਿਲ ਵੀ ਅਸ਼ੀਰਵਾਦ ਲੈਣ ਗਿਆ। ਲੂਣਾ ਜਵਾਨ ਪੂਰਨ ’ਤੇ ਮੋਹਿਤ ਹੋ ਗਈ ਅਤੇ ਪੂਰਨ ਨੂੰ ਆਪਣੀ ਇੱਛਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ। ਪੂਰਨ ਨਾ ਮੰਨਿਆ। ਲੂਣਾ ਨੇ ਪੂਰਨ ਨੂੰ ਸਮਝਾਇਆ। ਪਰ ਉਹ ਆਪਣੇ ਅਸੂਲਾਂ ਅਤੇ ਧਰਮ ’ਤੇ ਕਾਇਮ ਰਿਹਾ ਅਤੇ ਮਹਿਲ ਤੋਂ ਚਲਾ ਗਿਆ। ਲੂਣਾ ਘਬਰਾ ਗਈ ਅਤੇ ਉਸ ਨੇ ਰਾਜੇ ਸਲਵਾਨ ਕੋਲ ਪੂਰਨ ਦੇ ਖਿਲਾਫ਼ ਝੂਠੀ ਕਹਾਣੀ ਬਣਾ ਕੇ ਸ਼ਿਕਾਇਤ ਕੀਤੀ। ਸਲਵਾਨ ਨੇ ਬਿਨਾਂ ਜਾਚ-ਪੜਤਾਲ ਕੀਤਿਆਂ ਪੂਰਨ ਦੇ ਹੱਥ ਪੈਰ ਕੱਟ ਕੇ ਅੰਨੇ ਖੂਹ ਵਿੱਚ ਸੁੱਟ ਆਉਣ ਦਾ ਹੁਕਮ ਦੇ ਦਿੱਤਾ। ਪੂਰਨ ਦੇ ਹੱਥ ਪੈਰ ਕੱਟ ਕੇ ਖੂਹ ਵਿੱਚ ਸੁੱਟ ਦਿੱਤਾ ਗਿਆ।
ਬਾਰਾਂ ਸਾਲਾਂ ਬਾਅਦ ਗੁਰੂ ਗੋਰਖ ਨਾਥ ਨੇ ਪੂਰਨ ਨੂੰ ਅੰਨੇ ਖੂਹ ਵਿੱਚੋਂ ਕੱਢ ਕੇ ਜੋਗੀ ਬਣਾਇਆ। ਪੂਰਨ ਭਿੱਖਿਆ ਲੈਣ ਸੁੰਦਰਾਂ ਦੇ ਮਹਿਲ ਗਿਆ। ਪੂਰਨ ਦੇ ਵਾਪਸ ਮਹਿਲਾਂ ਪਰਤਣ ਤੇ ਮਹਿਲ ਦੇ ਬਾਗ਼ ਦੇ ਹਰੇ-ਭਰੇ ਹੋ ਜਾਣ ਦੀ ਕਰਾਮਾਤ ਦੀ ਖ਼ਬਰ ਪੂਰੇ ਸਿਆਲਕੋਟ ਵਿੱਚ ਫੈਲ ਗਈ। ਇੱਛਰਾਂ ਅੱਖਾਂ ਦਾ ਦਾਰੂ ਲੈਣ ਜੋਗੀ ਪਾਸ ਗਈ। ਪੂਰਨ ਪੁੱਤਰ ਨੂੰ ਮਿਲ ਕੇ ਸੁਜਾਖੀ ਹੋ ਗਈ। ਸਲਵਾਨ ਅਤੇ ਲੂਣਾ ਨੂੰ ਆਪਣੇ ਗੁਨਾਹ ਬਖ਼ਸ਼ਾਉਣ ਦਾ ਮੌਕਾ ਮਿਲ ਗਿਆ ਅਤੇ ਬੇਔਲਾਦ ਰਾਜੇ ਨੂੰ ਪੁੱਤਰ ਦਾ ਅਸ਼ੀਰਵਾਦ ਦੇ ਕੇ ਪੂਰਨ ਸਿਆਲਕੋਟ ਤੋਂ ਚਲਾ ਗਿਆ।
ਪੂਰਨ ਦੇ ਜਨਮ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਫਿਰ ਵੀ ਇਤਿਹਾਸਕਾਰਾਂ ਮੁਤਾਬਕ ਉਹ ਪਹਿਲੀ ਦੂਜੀ ਸਦੀ ਵਿੱਚ ਹੋਇਆ ਹੈ। ਬਾਵਾ ਬੁੱਧ ਸਿੰਘ, ਸਰ ਕਨਿੰਘਮ ਅਤੇ ਸਮਿੱਥ ਦੀਆਂ ਖੋਜਾਂ ਨੂੰ ਆਧਾਰ ਬਣਾ ਕੇ ਇਸ ਨਤੀਜੇ ’ਤੇ ਪੁੱਜਦੇ ਹਨ ਕਿ ਪੂਰਨ ਦੇ ਪਿਤਾ ਰਾਜਾ ਸਲਵਾਨ ਨੇ ਸਾਕਿਆਂ ਨੂੰ ਹਰਾ ਕੇ ਸੰਮਤ ਚਲਾਇਆ, ਜਿਸ ਨੂੰ ਹੁਣ ਬਿਕਰਮੀ ਕਹਿੰਦੇ ਹਨ। ਪੂਰਨ ਦੇ ਜੀਵਨ ਨਾਲ ਸੰਬੰਧਿਤ ਕੁਝ ਇਤਿਹਾਸਿਕ ਥਾਂਵਾਂ ਅੱਜ ਵੀ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਮੌਜੂਦ ਹਨ। ਸਿਆਲਕੋਟ ਸ਼ਹਿਰ, ਪੂਰਨ ਦਾ ਭੋਰਾ, ਪੂਰਨ ਦਾ ਖੂਹ, ਪੂਰਨ ਦੀ ਮੱਠ ਰੋਹਤਕ ਦੇ ਕੋਲ ਬੈਹਰ ਵਿੱਚ ਹੈ। ਪੰਜਾਬੀ ਸਾਹਿਤ ਵਿੱਚ ਪੂਰਨ ਦੀ ਰਚਨਾ ਚੌਰੰਗੀ ਨਾਥ ਦੇ ਨਾਮ ਹੇਠ ਲਿਖੀ ਮੰਨੀ ਜਾਂਦੀ ਹੈ। ਪੱਛਮੀ ਪੰਜਾਬ ਵਿੱਚ ਉਹ ਔਰਤਾਂ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਜਾਂ ਪੁੱਤਰ ਨਹੀਂ ਹੁੰਦਾ, ਉਹ ਪੂਰਨ ਦੇ ਖੂਹ ਤੋਂ ਜਲ ਲੈਂਦੀਆਂ ਹਨ। ਇਹ ਵਿਸ਼ਵਾਸ ਅੱਜ ਵੀ ਪ੍ਰਚਲਿਤ ਹੈ।
ਪੂਰਨ ਅਤੇ ਲੂਣਾ ਦੇ ਬਾਰੇ ਪ੍ਰਚਲਿਤ ਕਥਾ ਨੂੰ ਆਧੁਨਿਕ ਯੁੱਗ ਵਿੱਚ ਵੀ ਲੇਖਕਾਂ ਨੇ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਪੂਰਨ ਸਿੰਘ ਦੀ ਲੰਮੀ ਕਵਿਤਾ, ਸ਼ਿਵ ਕੁਮਾਰ ਰਚਿਤ ਲੂਣਾ, ਨਾਟਕਕਾਰ ਆਤਮਜੀਤ ਦੁਆਰਾ ਲਿਖਿਆ ਨਾਟਕ ਪੂਰਨ ਇਸ ਗੱਲ ਦਾ ਪ੍ਰਮਾਣ ਹਨ ਕਿ ਪੂਰਨ, ਪੰਜਾਬੀ ਸਮਾਜ ਦਾ ਹਰਮਨਪਿਆਰਾ ਭਗਤ ਨਾਇਕ ਹੋਇਆ ਹੈ।
ਲੇਖਕ : ਅਮਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 22542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਪੂਰਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰਨ (ਨਾਂ,ਪੁ) ਰਾਜੇ ਸਲਵਾਨ ਅਤੇ ਰਾਣੀ ਇੱਛਰਾਂ ਦਾ ਪੁੱਤਰ ਜੋ ਜੋਤਸ਼ੀਆਂ ਦੇ ਕਹਿਣ ਤੇ ਬਾਲ ਅਵਸਥਾ ਸਮੇਂ ਭੋਰੇ ਵਿੱਚ ਅਤੇ ਮਤਰੇਈ ਮਾਂ ਦੀ ਝੂਠੀ ਤੋਹਮਤ ਕਾਰਨ ਖੂਹ ਵਿਚ ਸੁੱਟੇ ਜਾਣ ਤੇ ਗੋਰਖ ਨਾਥ ਨੇ ਕੱਢਿਆ ਅਤੇ ਰਾਜ-ਇੱਛਾ ਤਿਆਗ ਕੇ ਜੋਗੀ ਹੋਇਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੂਰਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰਨ [ਵਿਸ਼ੇ] ਪੂਰਾ , ਮੁਕੰਮਲ, ਸਾਰਾ; ਸਮਾਪਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੂਰਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰਨ. ਦੇਖੋ, ਪੂਰਣ. “ਪੂਰਨ ਆਸ ਕਰੀ ਖਿਨ ਭੀਤਰਿ.” (ਮਾਝ ਮ: ੫) ੨ ਸੰਗ੍ਯਾ—ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ , ਜੋ ਰਾਜ ਦੀ ਇੱਛਾ ਤਿਆਗਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੂਰਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੂਰਨ (ਗੁ.। ਸੰਸਕ੍ਰਿਤ ਪੁਰੑਣ) ੧. ਪੂਰਾ , ਭਰਪੂਰ। ਯਥਾ-‘ਪੂਰਨ ਭੋ ਮਨ ਠਉਰ ਬਸੋ ’ ਭਰਪੂਰ ਹੋਕੇ ਮਨ ਥਾਂ ਵਿਚ ਵਸਿਆ।
੨. ਜਿਸ ਵਿਚ ਕੋਈ ਕਸਰ ਨਾ ਹੋਵੇ, ਸਰਬ ਅੰਗਾਂ ਕਰਕੇ ਮੁਕੰਮਲ। ਯਥਾ-‘ਪੂਰਾ ਤਪੁ ਪੂਰਨ ਰਾਜੁ ਜੋਗੁ ’।
੩. ਮੁਕੰਮਲ (ਪਰਮਾਤਮਾ)। ਯਥਾ-‘ਪੂਰਨ ਪੁਰਖ ਅਚੁਤ ਅਬਿਨਾਸੀ ’।
੪. ਵਿਆਪਕ। ਯਥਾ-‘ਪੂਰਨ ਪੂਰਿ ਰਹੇ ਕਿਰਪਾਨਿਧਿ’।
੫. ਪੂਰਾ ਭਾਵ ਪੂਰਨ ਗਿਆਨ। ਯਥਾ-‘ਜਨ ਕਉ ਪੂਰਨੁ ਦੀਜੈ’।
੬. ਸਿਰੇ ਚਾੜ੍ਹ ਦਿੱਤਾ ਜਾਏ ਜੋ , ਸਫਲ। ਯਥਾ-‘ਜਿਨਿ ਜਨ ਕਾ ਕੀਨੋ ਪੂਰਨ ਵਾਕੁ ’।
੭. ਸਮਾਪਤ, ਪੂਰੇ , ਕਾਮਯਾਬ। ਯਥਾ-‘ਜਨ ਕੇ ਪੂਰਨ ਹੋਏ ਕਾਮ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First