ਪ੍ਰਗਟਾਵਾਦ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰਗਟਾਵਾਦ: ਪ੍ਰਗਟਾਵਾਦ (Expressionism) ਆਧੁਨਿਕ ਕਲਾ ਅਤੇ ਸਾਹਿਤ ਵਿੱਚ ਉਪਜੀ ਉਹ ਲਹਿਰ ਹੈ, ਜਿਸ ਦਾ ਅਰੰਭ ਜਰਮਨੀ ਵਿੱਚ ਚਿੱਤਰਕਾਰੀ ਦੇ ਖੇਤਰ ਵਿੱਚ ਪਹਿਲੇ ਮਹਾਂ ਯੁੱਧ ਤੋਂ ਪਹਿਲਾਂ ਅਤੇ ਬਾਅਦ ਵਿੱਚ ਯਥਾਰਥਵਾਦ ਪ੍ਰਕਿਰਤੀਵਾਦ ਦੇ ਖਿਲਾਫ਼ ਵਿਦਰੋਹ ਵਜੋਂ ਹੋਇਆ। ਇਸ ਦਾ ਮੁੱਢ ਇਮਾਰਤਸਾਜ਼ੀ ਦੇ ਉਹਨਾਂ ਵਿਦਿਆਰਥੀਆਂ (ਕਰਸ਼ਨਰ, ਬਲੇਅਲ, ਹੈਕਲ ਅਤੇ ਸ਼ਮਿਤ ਰੌਤਲਫ) ਨੇ ਬੰਨ੍ਹਿਆ ਜਿਨ੍ਹਾਂ ਦਾ ਚਿੱਤਰਕਾਰੀ ਦੇ ਖੇਤਰ ਵਿੱਚ ਕੋਈ ਰਸਮੀ ਅਭਿਆਸ ਨਹੀਂ ਸੀ। ਪ੍ਰਕਿਰਤੀਵਾਦ ਸ਼ਬਦ ਦੀ ਵਰਤੋਂ ਪਹਿਲੀ ਵਾਰ ਬਰਲਿਨ ਵਿੱਚ 1911 ਵਿੱਚ ਫੋਵਿਸਟ ਅਤੇ ਕਿਊਬਿਸਟ ਨੁਮਾਇਸ਼ ਵਿੱਚ ਕੀਤੀ ਗਈ। ਪ੍ਰਗਟਾਵਾਦੀ ਕਲਾ ਮਨੁੱਖ ਦੇ ਵਿਚਾਰਾਂ ਅਤੇ ਤੀਬਰ ਅਨੁਭਵ ਨੂੰ ਯਥਾਰਥ ਦੇ ਤੋੜੇ-ਮਰੋੜੇ ਅਤੇ ਵਧਾਏ-ਚੜ੍ਹਾਏ ਰੂਪ ਰਾਹੀਂ ਪੇਸ਼ ਕਰਦੀ ਹੈ। ਇਸ ਕਲਾ ਨੇ ਬਾਹਰੀ ਯਥਾਰਥ ਦੀ ਤੋੜੀ-ਮਰੋੜੀ ਪੇਸ਼ਕਾਰੀ ਰਾਹੀਂ ਆਧੁਨਿਕ ਮਾਨਵ ਦੀਆਂ ਤਣਾਅਪੂਰਨ ਜਜ਼ਬਾਤੀ/ ਮਾਨਸਿਕ ਅਵਸਥਾਵਾਂ ਵੱਲ ਧਿਆਨ ਕੇਂਦਰਿਤ ਕੀਤਾ। ਇਹ ਕਲਾਤਮਿਕ ਆਧੁਨਿਕਤਾਵਾਦ ਅੰਦਰਲੀਆਂ ਦੂਜੀਆਂ ਲਹਿਰਾਂ ਜਿਵੇਂ ਕਿ ਪ੍ਰਤੀਕਵਾਦ, ਫਾਸੀਵਾਦ ਅਤੇ ਕਿਊਬਇਜ਼ਮ ਤੋਂ ਪ੍ਰਭਾਵਿਤ ਹੋਈ ਹੈ। ਚਿੱਤਰਕਲਾ ਦੇ ਖੇਤਰ ਵਿੱਚ ਵਾਂ ਗਾਗ ਪਾਲ ਗੋਗੁਇਨ ਅਤੇ ਐਡਵਰਡ ਮੰਚ ਇਸ ਦੇ ਪ੍ਰਮੁਖ ਪ੍ਰਤਿਨਿਧ ਸਨ। ਉਨ੍ਹੀਵੀਂ ਸਦੀ ਵਿੱਚ ਸਾਹਿਤ/ਦਰਸ਼ਨ ਸ਼ਾਸਤਰ ਦੇ ਖੇਤਰ ਵਿੱਚ ਇਸ ਦੇ ਪ੍ਰਮੁਖ ਮੋਢੀਆਂ ਵਿੱਚ ਫ਼੍ਰਾਂਸੀਸੀ ਕਵੀ ਬੋਦਲੇਅਰ ਅਤੇ ਰਿੰਬੋ, ਰੂਸੀ ਨਾਵਲਕਾਰ ਦੋਸਤੋਵਸਕੀ, ਜਰਮਨੀ ਦਰਸ਼ਨ ਸ਼ਾਸਤਰੀ ਨੀਤਸ਼ੇ ਅਤੇ ਸਵੀਡਿਸ਼ ਨਾਟਕਕਾਰ ਸਟਰਿੰਡਬਰਗ ਆਦਿ ਸ਼ਾਮਲ ਸਨ। ਇਸ ਨੇ ਦੂਜੀਆਂ ਆਧੁਨਿਕਤਾਵਾਦੀ ਲਹਿਰਾਂ ਵਾਂਗ ਯਥਾਰਥਵਾਦੀ/ ਪ੍ਰਕਿਰਤੀਵਾਦ ਪ੍ਰਗਟਾਅ ਵਿਧੀ ਨੂੰ ਮੂਲੋਂ ਰੱਦ ਕਰਦਿਆਂ ਕਲਾ ਦਾ ਵਿਸ਼ੇ-ਵਸਤੂ ਅਤੇ ਸ਼ੈਲੀ ਦੋਵਾਂ ਪੱਖੋਂ ਕਾਇਆ ਕਲਪ ਕਰ ਦਿੱਤਾ। ਇਸ ਲਹਿਰ ਨਾਲ ਜੁੜੀਆਂ ਕਲਾ- ਕ੍ਰਿਤਾਂ ਵਿੱਚ ਮਾਨਵ ਦੀਆਂ ਤੀਬਰ, ਨਿੱਜੀ ਜਜ਼ਬਾਤੀ/ ਤਣਾਅਪੂਰਨ ਪਰਿਸਥਿਤੀਆਂ ਅਤੇ ਝੱਟਪੱਟ ਬਦਲਦੀਆਂ ਅਵਸਥਾਵਾਂ ਵੱਲ ਧਿਆਨ ਕੇਂਦਰਿਤ ਕਰਦਿਆਂ ਵਸਤੂ- ਪਰਕ ਯਥਾਰਥ ਪ੍ਰਤਿ ਮਾਨਵੀ ਵਿਦਰੋਹ ਦਾ ਇਜ਼ਹਾਰ ਕੀਤਾ ਜਾਂਦਾ ਰਿਹਾ ਹੈ। ਇਸ ਵਿੱਚੋਂ ਇੱਕ ਆਧੁਨਿਕ (ਉਦਯੋਗਿਕ/ਤਕਨਾਲੋਜੀਕਲ) ਸੰਸਾਰ ਵਿੱਚ ਗ੍ਰਸੇ, ਵਿਯੋਗੇ ਹੋਏ ਮਾਨਵ ਦੀ ਤਸਵੀਰ ਉੱਭਰਦੀ ਹੈ। ਇਸ ਲਈ ਉਦਯੋਗਿਕ ਸ਼ਹਿਰ ਖ਼ਤਰਨਾਕ ਅਤੇ ਅਨੈਤਿਕ ਥਾਂ ਹੈ ਪਰ ਇਸ ਵਿੱਚ ਕਿਧਰੇ-ਕਿਧਰੇ ਇੱਕ ਗ਼ੈਰ-ਵਿਯੋਗੇ, ਯੂਟੋਪੀਆਈ ਮਾਨਵ ਅਤੇ ਸੰਸਾਰ ਦਾ ਤਸੱਵਰ ਲੁਪਤ ਰੂਪ ਵਿੱਚ ਮੌਜੂਦ ਹੁੰਦਾ ਹੈ। ਜਿੱਥੇ ਯਥਾਰਥਵਾਦੀ ਵਿਧੀ ਵਿੱਚ ਬਾਹਰੀ ਯਥਾਰਥ ਦੀ ਵਸਤੂ-ਪਰਕ ਪੇਸ਼ਕਾਰੀ ਕਰ ਕੇ ਮਾਨਵ ਦੀ ਮਾਨਸਿਕ ਤਣਾਅ ਦੀ ਸਥਿਤੀ ਨੂੰ ਦਰਸਾਇਆ ਜਾਂਦਾ ਹੈ, ਉੱਥੇ ਪ੍ਰਗਟਾਵਾਦੀ ਕਲਾ ਵਿੱਚ ਮਾਨਵ ਦੀ ਅੰਤਰਮੁਖੀ ਅਵਸਥਾ ਵੱਲ ਧਿਆਨ ਕੇਂਦਰਿਤ ਕਰ ਕੇ ਬਾਹਰੀ ਸੰਸਾਰ ਦੀ ਵਿਯੋਗਮਈ ਸਥਿਤੀ ਵੱਲ ਧਿਆਨ ਦਿਵਾਇਆ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਪ੍ਰਗਟਾਵਾਦ ਗਹਿਰੀ ਅੰਤਰਮੁਖਤਾ ਰਾਹੀਂ ਵਸਤੂਪਰਕ ਯਥਾਰਥ ਵੱਲ ਵਧਦਾ ਹੈ। ਚਿੱਤਰਕਾਰੀ ਵਿੱਚ ਫਰਾਂਜ ਮਾਰਕ, ਆਸਕਰ ਕਕੋਸ਼ਕਾ, ਵੈਸਲੀ ਕੈਂਡਿੰਸਕੀ ਨੇ ਇਸ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਕਵਿਤਾ ਦੇ ਖੇਤਰ ਵਿੱਚ ਗੌਟਫਰਾਈਡ ਬੈਨ, ਜਾਰਜ ਟਰੰਕਲ ਵਰਗੇ ਕਵੀਆਂ ਨੇ ਯਥਾਰਥਵਾਦੀ ਵਿਧੀ, ਭਾਸ਼ਾ, ਸ਼ੈਲੀ, ਵਾਕ-ਬਣਤਰ ਤੋਂ ਪਰ੍ਹੇ ਹਟਦਿਆਂ ਆਪਣੀ ਕਵਿਤਾ ਨੂੰ ਪ੍ਰਤੀਕੀ ਬਿੰਬਾਂ ਦੁਆਲੇ ਕੇਂਦਰਿਤ ਕੀਤਾ ਹੈ। ਇਸੇ ਤਰ੍ਹਾਂ ਵਾਰਤਕ ਦੇ ਖੇਤਰ ਵਿੱਚ ਕਾਫ਼ਕਾ ਯਥਾਰਥਵਾਦੀ ਪਾਤਰ ਉਸਾਰੀ ਅਤੇ ਪਲਾਟ ਨੂੰ ਤਿਆਗਦਿਆਂ ਅਜਿਹੇ ਪ੍ਰਤੀਕੀ ਪਾਤਰ ਉਸਾਰਦਾ ਹੈ ਜਿਹੜੇ ਖ਼ੌਫ਼ਮਈ ਸੰਸਾਰ ਵਿੱਚ ਬੌਖਲਾਏ ਹੋਏ ਮਨੁੱਖ ਦੀ ਤਸਵੀਰ ਪੇਸ਼ ਕਰਦੇ ਹਨ, ਪਰ ਸੰਸਾਰ ਦਾ ਇਹ ਦ੍ਰਿਸ਼ ਲੇਖਕ ਜਾਂ ਪਾਤਰ ਦੇ ਨਿੱਜੀ ਅਨੁਭਵ ਰਾਹੀਂ ਹੀ ਉੱਭਰਦਾ ਹੈ। ਮੰਚ ਆਪਣੀ ਪੇਂਟਿੰਗ ‘ਦੀ ਕਰਾਈ’ ਵਿੱਚ ਸ਼ਹਿਰੀ ਵਾਤਾਵਰਨ ਦੇ ਸੰਦਰਭ ਵਿੱਚ ਖ਼ੋਫ਼ਨਾਕ ਤਰੀਕੇ ਨਾਲ ਚੀਕਦੇ ਹੋਏ ਮਨੁੱਖ ਦੀ ਤਸਵੀਰ ਪੇਸ਼ ਕਰਦਾ ਹੈ। ਅਸਲ ਵਿੱਚ ਤਸਵੀਰ ਆਧੁਨਿਕ ਉਦਯੋਗਿਕ ਤਕਨਾਲੋਜੀਕਲ ਯੁੱਗ ਦੇ ਮਨੁੱਖੀ ਜੀਵਨ ਤੇ ਵਿਨਾਸ਼ਕਾਰੀ ਪ੍ਰਭਾਵਾਂ ਵੱਲ ਧਿਆਨ ਦਿਵਾਉਂਦੀ ਹੈ। ਪ੍ਰਗਟਾਵਾਦੀ ਲਹਿਰ ਆਧੁਨਿਕ ਵਿਕਾਸ ਅਤੇ ਤਕਨਾਲੋਜੀ `ਤੇ ਆਧਾਰਿਤ ਵਿਕਾਸ ਨੂੰ ਮਾਨਵਤਾ ਦੇ ਪੱਖੋਂ ਇੱਕ ਸਰਾਪ ਸਮਝਦੀ ਹੈ। ਇਹ ਇਸ ਸੱਭਿਅਤਾ ਦੇ ਅਣਮਨੁੱਖੀ ਖ਼ੌਫ਼ਨਾਕ ਕਿਰਦਾਰ ਵੱਲ ਇਸ਼ਾਰਾ ਕਰਦੀ ਹੈ ਅਤੇ ਵਿਯੋਗਮਈ ਮਨੁੱਖ-ਵਿਰੋਧੀ ਸੰਸਾਰ ਵਿੱਚ ਲਗਾਤਾਰ ਵਿਖੰਡਿਤ ਹੋ ਰਹੇ ਮਨੁੱਖੀ ਆਤਮ ਦੀ ਤਸਵੀਰ ਪੇਸ਼ ਕਰਦੀ ਹੈ। ਇਸੇ ਤਰ੍ਹਾਂ ਕਾਫ਼ਕਾ ਦੀ ਕਹਾਣੀ ‘ਮੈਟਾਮੌਰਫਸਿਸ’ ਵਿੱਚ ਇੱਕ ਨੌਜਵਾਨ ਗਰੈਗਰ ਸੈਮਸਾਂ ਇੱਕ ਸਵੇਰ ਨੂੰ ਉੱਠਦਿਆਂ ਇੰਞ ਮਹਿਸੂਸ ਕਰਦਾ ਹੈ ਕਿ ਉਹ ਇੱਕ ਭੱਦੇ ਕੀੜੇ ਵਾਂਗ ਹੈ ਜਿਸ ਦੇ ਕੋਈ ਹੱਥ ਨਹੀਂ, ਬਲਕਿ ਬਹੁਤ ਸਾਰੀਆਂ ਲੱਤਾਂ ਹਨ ਜਿਹੜੀਆਂ ਉਸ ਦਾ ਸਾਥ ਦਿੰਦੀਆਂ ਨਜ਼ਰ ਨਹੀਂ ਆਉਂਦੀਆਂ। ਉਹ ਉੱਠ ਕੇ ਦਰਵਾਜ਼ਾ ਨਹੀਂ ਖੋਲ੍ਹ ਸਕਦਾ। ਉਸ ਦੇ ਦੁਆਲੇ ਦੇ ਲੋਕ ਇਹ ਸਮਝਣ ਵਿੱਚ ਅਸਮਰਥ ਹਨ ਕਿ ਉਸ ਨਾਲ ਕੀ ਬੀਤ ਰਹੀ ਹੈ। ਇਸ ਤਰ੍ਹਾਂ ਦੂਜਿਆਂ ਨਾਲ ਆਪਣਾ ਸੰਪਰਕ ਜਾਂ ਸੰਚਾਰ ਸਥਾਪਿਤ ਕਰਨ ਦੇ ਉਸ ਦੇ ਸਾਰੇ ਯਤਨ ਅਸਫਲ ਹੋ ਜਾਂਦੇ ਹਨ। ਸਪਸ਼ਟ ਹੈ ਕਿ ਇਹ ਕਹਾਣੀ ਆਧੁਨਿਕ ਸੰਸਾਰ ਵਿੱਚ ਮਨੁੱਖ ਦੀ ਤਰਸਯੋਗ, ਲਾਚਾਰੀ ਅਤੇ ਇਕੱਲਤਾ ਦੀ ਅਵਸਥਾ ਅਤੇ ਜੀਵਨ ਦੀ ਵਿਅਰਥਤਾ ਦੇ ਅਨੁਭਵ ਨੂੰ ਬਿਆਨ ਕਰਦੀ ਹੈ। ਇਸੇ ਤਰ੍ਹਾਂ ਜਰਮਨ ਨਾਟਕਕਾਰ ਜਾਰਜ ਕੇਜ਼ਰ, ਅਰਨੈਸਟ ਟੌਲਰ ਅਤੇ ਬਰੈਖਤ ਅੰਤਰ-ਮੁਖੀ ਮਾਨਵੀ ਪਰਿ- ਸਥਿਤੀਆਂ ਦੀ ਪੇਸ਼ਕਾਰੀ ਰਾਹੀਂ ਵਿਯੋਗੇ ਸੰਸਾਰ ਵੱਲ ਧਿਆਨ ਖਿੱਚਦੇ ਹਨ। ਇਸ ਤਰ੍ਹਾਂ ਦੀ ਲੇਖਣੀ ਵਿੱਚ ਪਰੰਪਰਾਗਤ ਯਥਾਰਥਵਾਦੀ ਅਰਥਾਂ ਵਿੱਚ ਪਾਤਰ- ਉਸਾਰੀ ਅਤੇ ਪਲਾਟ ਦੀ ਵਿਧੀਵਤ ਉਸਾਰੀ ਨਹੀਂ ਹੁੰਦੀ। ਮਾਨਵ ਦੀ ਖਿੰਡਾਅਮਈ ਮਾਨਸਿਕ ਅਵਸਥਾ ਨੂੰ ਵਿਖੰਡਿਤ ਵਾਕ ਬਣਤਰ ਅਤੇ ਸੰਯੋਗੀ ਘਟਨਾਕ੍ਰਮ ਰਾਹੀਂ ਉਭਾਰਿਆ ਜਾਂਦਾ ਹੈ। ਅਮਰੀਕਾ ਵਿੱਚ ਓਨੀਲ, ਆਰਥਰ ਮਿਲਰ, ਐਲਮਰ ਰਾਈਸ ਵਰਗੇ ਨਾਟਕਕਾਰ ਇਸ ਤੋਂ ਗਹਿਰੇ ਰੂਪ ਵਿੱਚ ਪ੍ਰਭਾਵਿਤ ਹੋਏ। ਇਹ ਲਹਿਰ 1925 ਤੋਂ ਮਗਰੋਂ ਨਿਘਾਰ ਵੱਲ ਵਧੀ ਅਤੇ ਤੀਹਵਿਆਂ ਦੌਰਾਨ ਨਾਜ਼ੀਆਂ ਵੱਲੋਂ ਇਸ ਦੇ ਸਥਾਪਨਾ ਵਿਰੋਧੀ ਕਿਰਦਾਰ ਕਰ ਕੇ ਇਸ ਨੂੰ ਬੁਰੀ ਤਰ੍ਹਾਂ ਦਬਾਅ ਦਿੱਤਾ ਗਿਆ ਪਰ ਇਸ ਦਾ ਪ੍ਰਭਾਵ ਅੱਜ ਵੀ ਉੱਤਰ-ਆਧੁਨਿਕ ਕਲਾ ਵਿੱਚ ਵੇਖਣ ਨੂੰ ਮਿਲਦਾ ਹੈ ਅਤੇ ਇਸ ਦੀਆਂ ਉਪਲਬਧੀਆਂ ਨੂੰ ਜਜ਼ਬ ਕਰ ਲਿਆ ਗਿਆ ਹੈ। ਉੱਤਰ- ਆਧੁਨਿਕਤਾਵਾਦੀ ਕਲਾ ਭਾਵੇਂ ਆਧੁਨਿਕਤਾਵਾਦੀ ਕਲਾ ਵਾਂਗ ਗਹਿਰੀ ਅੰਤਰ-ਮੁਖਤਾ ਵੱਲ ਰੁਚਿਤ ਨਹੀਂ ਪਰ ਇਹ ਤੀਬਰ ਮਨੁੱਖੀ ਅਨੁਭਵ ਦੇ ਪਲਾਂ ਦੀ ਪੇਸ਼ਕਾਰੀ ਲਈ ਪ੍ਰਗਟਾਵਾਦੀ ਜੁਗਤਾਂ ਦਾ ਵਕਤੀ ਤੌਰ ਤੇ ਸਹਾਰਾ ਲੈ ਲੈਂਦੀ ਹੈ।
ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First