ਪ੍ਰਭਾਤੀ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰਭਾਤੀ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 46 ਚਉਪਦੇ ਅਤੇ 12 ਅਸ਼ਟਪਦੀਆਂ ਹਨ। ਭਗਤ-ਬਾਣੀ ਪ੍ਰਕਰਣ ਵਿਚ ਨੌਂ ਸ਼ਬਦ ਦਰਜ ਹਨ ਜਿਨ੍ਹਾਂ ਵਿਚੋਂ ਪੰਜ ਸੰਤ ਕਬੀਰ ਦੇ, ਤਿੰਨ ਨਾਮਦੇਵ ਜੀ ਦੇ ਅਤੇ ਇਕ ਬੇਣੀ ਜੀ ਦਾ ਹੈ।

ਚਉਪਦੇ ਪ੍ਰਕਰਣ ਵਿਚ ਕੁਲ 46 ਚਉਪਦਿਆਂ ਵਿਚੋਂ 17 ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ 13 ਵਿਚ ਚਾਰ ਚਾਰ ਅਤੇ ਚਾਰ ਵਿਚ ਪੰਜ ਪੰਜ ਪਦਿਆਂ ਦੇ ਜੁਟ ਹਨ। ਗੁਰੂ ਜੀ ਨੇ ਦਸਿਆ ਹੈ ਕਿ ਮਨੁੱਖ ਦਾ ਸਭ ਕੁਝ ਹਰਿ-ਨਾਮ ਹੀ ਹੈ। ਗੁਰੂ ਅਮਰਦਾਸ ਜੀ ਦੇ ਸੱਤ ਚਉਪਦਿਆਂ ਵਿਚ ਇਕ ਪੰਚਪਦਾ ਵੀ ਹੈ। ਇਨ੍ਹਾਂ ਵਿਚ ਦਸਿਆ ਗਿਆ ਹੈ ਕਿ ਗੁਰੂ ਰਾਹੀਂ ਪ੍ਰਾਪਤ ਹੋਏ ਰਾਮ-ਨਾਮ ਨਾਲ ਪਾਪਾਂ ਦੀ ਮੈਲ ਕਟੀ ਜਾਂਦੀ ਹੈ। ਗੁਰੂ ਰਾਮਦਾਸ ਦੇ ਸੱਤ ਚਉਪਦਿਆਂ ਵਿਚ ਇਕ ਦੁਪਦਾ ਵੀ ਸ਼ਾਮਲ ਹੈ। ਗੁਰੂ ਜੀ ਨੇ ਦਸਿਆ ਹੈ ਕਿ ਗੁਰਮੁਖ ਹਰਿ ਦੀ ਆਰਾਧਨਾ ਕਰਕੇ ਉਜਲੇ ਹਨ ਅਤੇ ਮਨਮੁਖ ਮੋਹ ਮਾਇਆ ਵਿਚ ਗ੍ਰਸੇ ਹੋਏ ਹਨੇਰਾ ਢੋਹ ਰਹੇ ਹਨ। ਗੁਰੂ ਅਰਜਨ ਦੇਵ ਜੀ ਦੇ 15 ਚਉਪਦਿਆਂ ਵਿਚੋਂ ਤਿੰਨ ਵਿਚ ਦੋ ਦੋ ਅਤੇ 12 ਵਿਚ ਚਾਰ ਚਾਰ ਦੇ ਜੁਟ ਹਨ। ਇਨ੍ਹਾਂ ਵਿਚ ਗੁਰਮਤਿ ਦੇ ਕਈ ਸਿੱਧਾਂਤਾਂ ਦੀ ਵਿਆਖਿਆ ਹੋਈ ਹੈ। ਪਰਮਾਤਮਾ ਦੇ ਗੁਣ , ਉਸ ਦੇ ਗੁਣ ਗਾਉਣ ਤੋਂ ਹੋਣ ਵਾਲੀਆਂ ਪ੍ਰਾਪਤੀਆਂ ਬਾਰੇ ਦਸਦੇ ਹੋਇਆਂ ਹਰਿ-ਨਾਮ ਨੂੰ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ।

ਅਸ਼ਟਪਦੀਆਂ ਪ੍ਰਕਰਣ ਵਿਚ ਕੁਲ 12 ਅਸ਼ਟਪਦੀਆਂ ਵਿਚੋਂ ਸੱਤ ਗੁਰੂ ਨਾਨਕ ਦੇਵ ਜੀ ਦੀਆਂ ਹਨ ਜਿਨ੍ਹਾਂ ਵਿਚ ਮਨੁੱਖ ਨੂੰ ਮਾਇਆ ਦੀ ਜਕੜ ਅਤੇ ਦ੍ਵੈਤ- ਭਾਵ ਤੋਂ ਕਢਣ ਦਾ ਉਪਦੇਸ਼ ਹੈ। ਗੁਰੂ ਅਮਰਦਾਸ ਜੀ ਦੀਆਂ ਦੋ ਅਸ਼ਟਪਦੀਆਂ ਵਿਚ ਇਕ ਵਿਚ ਅੱਠ ਅਤੇ ਦੂਜੀ ਵਿਚ 11 ਪਦੀਆਂ ਹਨ। ਇਨ੍ਹਾਂ ਵਿਚ ਦਸਿਆ ਗਿਆ ਹੈ ਕਿ ਗੁਰੂ ਦੇ ਸ਼ਬਦ ਉਤੇ ਵਿਚਾਰ ਕਰਨ ਨਾਲ ਸ਼ਰੀਰ ਦੇ ਅੰਦਰ ਹੀ ਪਰਮਾਤਮਾ ਦੇ ਨਿਵਾਸ ਦਾ ਅਹਿਸਾਸ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਆਪਣੀਆਂ ਤਿੰਨ ਅਸ਼ਟਪਦੀਆਂ ਵਿਚ ਵਾਸਨਾਵਾਂ ਨੂੰ ਆਪਣੇ ਅਧੀਨ ਰਖ ਕੇ ਅਤੇ ਗੁਰੂ ਦੇ ਸ਼ਬਦ ਰਾਹੀਂ ਨਾਮ ਦਾ ਸਿਮਰਨ ਕਰਕੇ ਆਪਣਾ ਅਧਿਆਤਮਿਕ ਭਵਿਸ਼ ਉਜਲਾ ਕਰਨ ਦਾ ਉਪਦੇਸ਼ ਦਿੱਤਾ ਹੈ।

ਭਗਤ-ਬਾਣੀ ਪ੍ਰਕਰਣ ਵਿਚ ਕੁਲ ਨੌਂ ਸ਼ਬਦ ਹਨ। ਕਬੀਰ ਜੀ ਨੇ ਆਪਣੇ ਪੰਜ ਸ਼ਬਦਾਂ ਵਿਚ ਦਸਿਆ ਹੈ ਕਿ ਪਰਮਾਤਮਾ ਧਰਮ-ਧਾਮਾਂ ਦੀ ਥਾਂ ਮਨੁੱਖਾਂ ਦੇ ਹਿਰਦੇ ਵਿਚ ਵਸਦਾ ਹੈ। ਨਾਮਦੇਵ ਜੀ ਨੇ ਆਪਣੇ ਤਿੰਨ ਸ਼ਬਦਾਂ ਵਿਚ ਦਸਿਆ ਹੈ ਕਿ ਗੁਰੂ ਦੀ ਕ੍ਰਿਪਾ ਨਾਲ ਮਨ ਟਿਕਦਾ ਹੈ। ਬੇਣੀ ਭਗਤ ਨੇ ਆਪਣੇ ਇਕ ਸ਼ਬਦ ਵਿਚ ਵੈਸ਼ਣਵੀ ਕਰਮ-ਕਾਂਡਾਂ ਨੂੰ ਛਡ ਕੇ ਆਤਮ-ਤੱਤ੍ਵ ਨੂੰ ਹਿਰਦੇ ਵਿਚ ਦ੍ਰਿੜ੍ਹ ਕਰਨ ਦਾ ਉਪਦੇਸ਼ ਦਿੱਤਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.