ਬਹੁ-ਅਰਥਕਤਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬਹੁ-ਅਰਥਕਤਾ: ਅਰਥਾਂ ਦੀ ਸਮਾਨਤਾ ਨੂੰ ਸਮਝਣਾ ਕੋਈ ਸੌਖਾ ਮਸਲਾ ਨਹੀਂ ਬਲਕਿ ਇਹ ਇੱਕ ਗੁੰਝਲਦਾਰ ਸਮੱਸਿਆ ਹੈ, ਜਦੋਂ ਕਿ ਅਰਥਾਂ ਵਿੱਚ ਵਖਰੇਵੇਂ ਨੂੰ ਸਮਝਣਾ ਅਤੇ ਉਹਨਾਂ ਦੀ ਵਰਤੋਂ ਕੋਈ ਮੁਸ਼ਕਲ ਕੰਮ ਨਹੀਂ ਹੈ। ਵੱਖਰੇ-ਵੱਖਰੇ ਸ਼ਬਦਾਂ ਦੇ ਵੱਖਰੇ-ਵੱਖਰੇ ਅਰਥਾਂ ਨੂੰ ਸਮਝਣ ਵਿੱਚ ਕੋਈ ਔਕੜ ਨਹੀਂ ਬਲਕਿ ਔਕੜ ਉਦੋਂ ਆਉਂਦੀ ਹੈ ਜਦੋਂ ਇੱਕੋ ਸ਼ਬਦ ਵੱਖਰੇ-ਵੱਖਰੇ ਅਰਥਾਂ ਦੇ ਸਮੂਹ ਨੂੰ ਪ੍ਰਗਟਾਉਂਦਾ ਹੈ। ਇਸ ਨੂੰ ਬਹੁ-ਅਰਥਕ ਸ਼ਬਦ ਨਾਲ ਜਾਣਿਆ ਜਾਂਦਾ ਹੈ, ਜਿਵੇਂ ਪੰਜਾਬੀ ਦੇ ਸ਼ਬਦ ਅੱਡਾ ਅਤੇ ਗੱਡੀ ਆਦਿ ਦੇ ਬਹੁ-ਅਰਥਕ ਰੂਪਾਂ ਨੂੰ ਦੇਖਿਆ ਜਾ ਸਕਦਾ ਹੈ:
ਅੱਡਾ: ਬੱਸਾਂ ਦਾ ਅੱਡਾ, ਹਵਾਈ ਅੱਡਾ, ਚੋਰਾਂ ਦਾ ਅੱਡਾ, ਨਾਲੇ-ਪਰਾਂਦੀਆਂ ਬਣਾਉਣ ਲਈ ਅੱਡਾ, ਦਰੀਆਂ- ਖੇਸ ਬਣਾਉਣ ਵਾਲਾ ਅੱਡਾ, ਆਦਿ।
ਗੱਡੀ: ਰੇਲ ਗੱਡੀ, ਰਿਕਸ਼ਾ ਗੱਡੀ, ਕਾਰ ਲਈ ਗੱਡੀ, ਖੱਚਰ ਗੱਡੀ, ਟਰੱਕ ਲਈ ਗੱਡੀ, ਬੱਸ ਲਈ ਗੱਡੀ, ਰੇਹੜਾ ਗੱਡੀ, ਆਦਿ।
ਸਮੱਸਿਆ ਉਦੋਂ ਆਉਂਦੀ ਹੈ ਜਦੋਂ ਇੱਕ ਰੂਪ ਬਹੁਤ ਸਾਰੇ ਅਰਥਾਂ ਦਾ ਪ੍ਰਗਟਾਵਾ ਕਰਦਾ ਹੈ ਜਿਸ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਇਹ ਉਦਾਹਰਨ ਬਹੁ- ਅਰਥਕਤਾ ਦੀ ਹੈ (ਇੱਕ ਸ਼ਬਦ ਦੇ ਅਨੇਕ ਅਰਥ) ਜਾਂ ਸਮਰੂਪਤਾ ਦੀ ਹੈ। ਜਿਵੇਂ ਉਪਰੋਕਤ ਸ਼ਬਦਾਂ ਤੋਂ ਇਲਾਵਾ ਸ਼ਬਦ ‘ਡੁੱਬ` ਨੂੰ ਲਿਆ ਜਾ ਸਕਦਾ ਹੈ। ਸ਼ਬਦ-ਕੋਸ਼ ‘ਡੁੱਬ` ਸ਼ਬਦ ਨੂੰ ਇੱਕ ਬਹੁ-ਅਰਥਕ ਸ਼ਬਦ ਮੰਨਦਾ ਹੈ ਪਰੰਤੂ ਦੂਜੇ ਪਾਸੇ ਇਸਦੀ ਪਹਿਚਾਣ ਚਾਰ ਸ਼ਬਦਾਂ (ਚਾਰ ਸਮਰੂਪਕਾਂ) ਤੋਂ ਕੀਤੀ ਜਾ ਸਕਦੀ ਹੈ, ਜਿਵੇਂ :
ਡੁੱਬ : ਸੂਰਜ ਡੁੱਬ ਗਿਆ।
ਮੁੰਡਾ ਡੁੱਬ ਗਿਆ।
ਪੈਸਾ ਡੁੱਬ ਗਿਆ।
ਸ਼ਰਮ ਨਾਲ ਡੁੱਬ ਗਿਆ।
ਅਜਿਹੀ ਸਥਿਤੀ ਵਿੱਚ ਇਹਨਾਂ ਦੀ ਮੱਦ ਬਾਰੇ ਫ਼ੈਸਲਾ ਕਰਨਾ ਇੱਕ ਜ਼ਰੂਰੀ ਨੁਕਤਾ ਹੈ ਜਿਸਦਾ ਫ਼ੈਸਲਾ ਸ਼ਬਦ- ਕੋਸ਼ ਹੀ ਕਰ ਸਕਦਾ ਹੈ ਕਿ ਇਸ ਨੂੰ ਬਹੁ-ਅਰਥਕਤਾ ਕਿਹਾ ਜਾਵੇ ਜਾਂ ਸਮਰੂਪਤਾ। ਕਿਉਂਕਿ ਜਿਵੇਂ ਅਕਸਰ ਭਾਸ਼ਾ-ਵਿਗਿਆਨੀ ਆਖਦੇ ਹਨ ਕਿ ਹਰ ਇੱਕ ਬਹੁ- ਅਰਥਕ ਵਸਤੂ ਦਾ ਇੰਦਰਾਜ ਸ਼ਬਦ-ਕੋਸ਼ ਵਿੱਚ ਇੱਕ ਅਤੇ ਇਕੱਲੇ ਤੌਰ ਤੇ ਹੋਵੇਗਾ ਜਦੋਂ ਕਿ ਹਰ ਸਮਰੂਪਕ ਸ਼ਬਦ ਜਾਂ ਸਮਨਾਮ ਸ਼ਬਦ ਲਈ ਵੱਖਰਾ ਇੰਦਰਾਜ ਹੋਵੇਗਾ। ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਬਹੁ-ਅਰਥਕਤਾ ਇੱਕ ਸ਼ਬਦ ਦੇ ਇੱਕ ਤੋਂ ਵੱਧ ਅਰਥਾਂ ਵਿੱਚ ਵਰਤੇ ਜਾਣ ਦੀ ਸਮਰੱਥਾ ਹੁੰਦੀ ਹੈ ਜਦੋਂ ਕਿ ਸਮਰੂਪ ਉਹ ਸ਼ਬਦ ਹੁੰਦੇ ਹਨ ਜਿਹੜੇ ਵੱਖਰੇ-ਵੱਖਰੇ ਅਰਥ ਪ੍ਰਗਟਾਉਂਦੇ ਹੋਏ ਵੀ ਰੂਪ ਪੱਖੋਂ ਬਿਲਕੁਲ ਸਮਾਨ ਹੁੰਦੇ ਹਨ। ਇਹ ਨਿਖੇੜ ਕੇ ਦੱਸਣਾ ਬਹੁਤ ਹੀ ਕਠਨ ਹੁੰਦਾ ਹੈ ਕਿ ਕੋਈ ਸ਼ਬਦ ਬਹੁ-ਅਰਥਕ ਸ਼ਬਦ ਹੈ ਜਾਂ ਸਮਰੂਪ ਸ਼ਬਦ ਹੈ। ਉਦਾਹਰਨ ਵਜੋਂ ਸ਼ਬਦ ‘ਅਰਥ ਵਿਗਿਆਨ` ਇੱਕੋ ਸ਼ਬਦ ਹੈ ਜੋ ਬਹੁ-ਅਰਥਕ (ਇਕਨਾਮਿਕਸ ਅਤੇ ਸੀਮੈਂਟਿਕਸ) ਹੈ ਜਾਂ ਇਹ ਦੋ ਵੱਖਰੇ-ਵੱਖਰੇ ਸ਼ਬਦ ਹਨ ਜੋ ਰੂਪ ਪੱਖੋਂ ਇੱਕੋ ਜਿਹੇ ਹਨ। ਇਹੋ ਜਿਹੀ ਸਮੱਸਿਆ ਨੂੰ ਸ਼ਬਦ-ਕੋਸ਼ ਦੀ ਮਦਦ ਨਾਲ ਹੱਲ ਕੀਤਾ ਜਾ ਸਕਦਾ ਹੈ।
ਹਰ ਇੱਕ ਭਾਸ਼ਾ ਵਿੱਚ ਅਜਿਹੇ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਇੱਕ ਨਾਲੋਂ ਵੱਧ ਅਰਥ ਹੁੰਦੇ ਹਨ। ਮਿਸਾਲ ਵਜੋਂ ਅਸੀਂ ਪੰਜਾਬੀ ਦੇ ਸ਼ਬਦ ‘ਅਰਥ` ਨੂੰ ਹੀ ਲੈਂਦੇ ਹਾਂ, ਇਸਦੇ ਦੋ ਅਰਥ ਹਨ-ਭਾਵ ਜਾਂ ਮਤਲਬ ਅਤੇ ਧਨ- ਦੌਲਤ ਜਾਂ ਪਦਾਰਥ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਸ਼ਬਦ ‘ਸ਼ਬਦ` ਨੂੰ ਲਿਆ ਜਾ ਸਕਦਾ ਹੈ। ਸ਼ਬਦ ਦਾ ਇੱਕ ਅਰਥ ਤਾਂ ਉਹ ਹੈ ਜਿਸ ਅਰਥ ਵਿੱਚ ਇਸ ਸ਼ਬਦ ਨੂੰ ਅੱਜ ਤੱਕ ਵਰਤ ਰਹੇ ਹਾਂ। ਸ਼ਬਦ ਦਾ ਦੂਜਾ ਅਰਥ ਧਾਰਮਿਕ ਕਾਵਿ ਨਾਲ ਸੰਬੰਧਿਤ ਹੈ, ਜਿਵੇਂ ਜਿਸਕੇ ਸਿਰ ਉਪਰ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ ਗੁਰਬਾਣੀ ਵਿੱਚ ਅੰਕਿਤ ਹੈ।
ਬਹੁ-ਅਰਥਕ ਸ਼ਬਦਾਂ ਦੇ ਅਧਿਐਨ ਲਈ ਸਮਰੂਪ ਸ਼ਬਦਾਂ ਦਾ ਅਧਿਐਨ ਕਰ ਲੈਣਾ ਜ਼ਰੂਰੀ ਹੈ। ਪਹਿਲਾਂ ਸਾਨੂੰ ਬਹੁ-ਅਰਥਕ ਸ਼ਬਦਾਂ ਅਤੇ ਸਮਰੂਪ ਸ਼ਬਦਾਂ ਦੇ ਅੰਤਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਬਹੁ-ਅਰਥਕ ਸ਼ਬਦਾਂ ਦਾ ਸ਼ਬਦ-ਕੋਸ਼ ਵਿੱਚ ਇੱਕ ਹੀ ਇੰਦਰਾਜ ਹੁੰਦਾ ਹੈ ਜਦੋਂ ਕਿ ਸਮਰੂਪ/ਸਮਨਾਮ ਸ਼ਬਦਾਂ ਦੇ ਜਿੰਨੇ ਉਹ ਰੂਪ ਹੁੰਦੇ ਹਨ, ਓਨੇ ਹੀ ਇੰਦਰਾਜ ਹੁੰਦੇ ਹਨ ਪਰ ਇਹ ਗੱਲ ਤਸੱਲੀਬਖ਼ਸ਼ ਨਹੀਂ ਜਾਪਦੀ। ਇਸ ਸਵਾਲ ਦਾ ਜਵਾਬ ਸ਼ਬਦ-ਕੋਸ਼ ਨਿਰਮਾਤਾ ਸਾਮ੍ਹਣੇ ਇੱਕ ਪ੍ਰਸ਼ਨ ਚਿੰਨ੍ਹ ਦੇ ਤੌਰ ਤੇ ਸਾਮ੍ਹਣੇ ਆਉਂਦਾ ਹੈ ਕਿ ਉਹ ਇਹਨਾਂ ਨੂੰ ਬਹੁ- ਅਰਥਕ ਕਹੇ ਜਾਂ ਸਮਰੂਪ ਕਹੇ। ਆਖ਼ਰਕਾਰ ਸ਼ਬਦ- ਕੋਸ਼ ਦਾ ਲੇਖਕ ਇਹ ਨਿਰਣਾ ਸ਼ਬਦਾਂ ਦੀ ਨਿਰੁਕਤੀ ਦੇ ਅਧਿਐਨ ਨੂੰ ਆਧਾਰ ਬਣਾ ਕੇ ਕਰਦਾ ਹੈ।ਜੇਕਰ ਇਹਨਾਂ ਸ਼ਬਦਾਂ ਦੀ ਨਿਰੁਕਤੀ ਵੱਖਰੇ-ਵੱਖਰੇ ਮੂਲ ਤੋਂ ਹੋਈ ਹੈ ਤਾਂ ਇਹ ਇੱਕ ਨਹੀਂ ਬਲਕਿ ਬਹੁਤੇ ਸ਼ਬਦ ਹਨ ਅਤੇ ਇਹ ਸ਼ਬਦ ਸਮਰੂਪ/ਸਮਨਾਮ ਸ਼ਬਦ ਹਨ।
ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 28839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਬਹੁ-ਅਰਥਕਤਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਬਹੁ-ਅਰਥਕਤਾ: ਇਸ ਸੰਕਲਪ ਦੀ ਵਰਤੋਂ ਅਰਥ ਵਿਗਿਆਨ ਵਿਚ ਕੀਤੀ ਜਾਂਦੀ ਹੈ। ਅਰਥ ਵਿਗਿਆਨ, ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ। ਅਰਥ ਵਿਗਿਆਨ ਵਿਚ ਸ਼ਬਦ ਰੂਪਾਂ ਦੇ ਨਾਲ ਜੁੜੇ ਹੋਏ ਅਰਥਾਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸ ਸ਼ਾਖਾ ਦੇ ਘੇਰੇ ਵਿਚ ਸ਼ਬਦ ਦੇ ਅਰਥਾਂ ਦਾ ਸਮਾਨਾਰਥਕਤਾ, ਵਿਰੋਧਾਰਥਕ, ਬਹੁ-ਅਰਥਕ ਆਦਿ ਦੇ ਨਾਲ ਨਾਲ ਸ਼ਬਦਾਂ ਦੇ ਘੇਰੇ ਵਿਚ ਅਰਥ ਪਰਿਵਰਤਨ ਨੂੰ ਰੱਖਿਆ ਜਾਂਦਾ ਹੈ। ਕਈ ਵਾਰ ਇਕੋ ਸ਼ਬਦ ਦੇ ਅਰਥ ਦਾ ਵਿਸਥਾਰ ਹੋ ਜਾਂਦਾ ਹੈ ਅਤੇ ਵਿਸਤਰਿਤ ਅਰਥਾਂ ਵਾਲੇ ਸ਼ਬਦਾਂ ਦੇ ਅਰਥਾਂ ਦਾ ਘੇਰਾ ਸੀਮਤ ਹੋ ਜਾਂਦਾ ਹੈ। ਬਹੁ-ਅਰਥਕਤਾ ਇਕ ਅਜਿਹਾ ਸੰਕਲਪ ਹੈ ਜਦੋਂ ਇਸ ਸ਼ਬਦ ਨੂੰ ਵਿਭਿੰਨ ਸਥਿਤੀਆਂ ਵਿਚ ਵਰਤਿਆ ਜਾਵੇ ਭਾਵ ਸ਼ਬਦ ਇਕ ਹੁੰਦਾ ਹੈ ਪਰ ਉਸ ਦੀ ਵਰਤੋਂ ਵਧੇਰੇ ਅਰਥਾਂ ਲਈ ਕੀਤੀ ਜਾਂਦੀ ਹੈ ਜਿਵੇਂ : ‘ਮਾਤਾ’ ਇਕ ਸ਼ਬਦ ਹੈ ਪਰ ਵੱਖੋ ਵਖਰੇ ਸੰਦਰਭਾਂ ਵਿਚ ਇਸ ਦੀ ਵਰਤੋਂ ਵੱਖੋ ਵੱਖਰੀ ਹੁੰਦੀ ਹੈ, ਜਿਵੇਂ : ‘ਮਾਤਾ’ ਮਾਂ ਵਾਸਤੇ, ‘ਮਾਤਾ’ ਦੇਵੀ ਵਾਸਤੇ ਅਤੇ ‘ਮਾਤਾ’ ਚੇਤਕ ਵਾਸਤੇ ਵਰਤਿਆ ਜਾਂਦਾ ਹੈ। ਇਕ ਸ਼ਬਦ ਦੇ ਵੱਖਰੇ ਅਰਥ ਅਸਲ ਵਿਚ ਉਸ ਦੀਆਂ ਅਰਥ-ਪਰਤਾਂ ਦੇ ਸੂਚਕ ਹਨ। ਬਹੁ-ਅਰਥਕਤਾ ਦਾ ਇਕ ਮੂਲ ਕਾਰਨ ਤਾਂ ਅਰਥ-ਪਰਤਾਂ ਦਾ ਵਧੇਰੇ ਹੋਣਾ ਹੈ ਪਰ ਇਸ ਦਾ ਦੂਜਾ ਕਾਰਨ ਕਿਸੇ ਸ਼ਬਦ ਨਾਲ ਜੁੜੇ ਹੋਏ ਗਹਿਨ ਅਰਥਾਂ ਕਰਕੇ ਵੀ ਹੁੰਦਾ ਹੈ, ਜਿਵੇਂ : ‘ਖੋਤਾ’ ਇਕ ਜਾਨਵਰ ਲਈ ਵਰਤਿਆ ਜਾਂਦਾ ਹੈ। ਕਈ ਸਥਿਤੀਆਂ ਵਿਚ ਅਸੀਂ ‘ਖੋਤਾ’ ਆਦਮੀ ਲਈ ਵੀ ਵਰਤ ਲੈਂਦੇ ਹਾਂ, ਜਿਵੇਂ : ਉਹ ਆਦਮੀ ਖੋਤਾ ਹੈ ਇਸ ਵਿਚ ‘ਖੋਤਾ’ ਜਾਨਵਰ ਦੀ ਕੋਈ ਸੂਚਨਾ ਨਹੀਂ ਮਿਲਦੀ ਸਗੋਂ ਉਸ ਜਾਨਵਰ ਵਿਚਲੇ ਮਾੜੇ ਗੁਣਾਂ ਨਾਲ ਜੋੜਿਆ ਜਾਂਦਾ ਹੈ। ਭਾਰਤੀ ਅਰਥ ਪਰੰਪਰਾ ਵਿਚ ਇਸ ਨੂੰ ਇਕ ਵੱਖਰੀ ਸ਼ਬਦ ਸ਼ਕਤੀ ‘ਵਿਅੰਜਣਾ’ ਦੇ ਅਨੁਸਾਰ ਵੇਖਿਆ ਜਾਂਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 28816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First