ਬਾਰਠ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਰਠ (ਕਸਬਾ): ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਪਠਾਨਕੋਟ ਤੋਂ 8 ਕਿ.ਮੀ. ਦੱਖਣ-ਪੱਛਮ ਵਾਲੇ ਪਾਸੇ ਸਥਿਤ ਇਕ ਕਸਬਾ ਜਿਥੇ ਬਾਬਾ ਸ੍ਰੀ ਚੰਦ ਨਿਵਾਸ ਕਰਦੇ ਸਨ। ਸਿੱਖ ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ ਬਾਬਾ ਸ੍ਰੀਚੰਦ ਕਰਤਾਰਪੁਰ ਤੋਂ ਪੱਖੋਕੇ ਪਿੰਡ ਵਿਚ ਆ ਗਏ। ਪਰ ਉਥੇ ਵੀ ਉਨ੍ਹਾਂ ਦਾ ਮਨ ਨ ਲਗਿਆ। ਫਿਰ ਉਨ੍ਹਾਂ ਨੇ ਬਾਰਠ ਵਿਚ ਆਪਣਾ ਤਪ-ਅਸਥਾਨ ਬਣਾਇਆ। ਕਾਲਾਂਤਰ ਵਿਚ ਇਹੀ ਉਦਾਸੀ ਸੰਪ੍ਰਦਾਇ ਦਾ ਕੇਂਦਰ ਬਣਿਆ। ਗੁਰੂ ਅਰਜਨ ਦੇਵ ਜੀ ਇਥੇ ਹੀ ਆਪ ਦੇ ਦਰਸ਼ਨਾਂ ਲਈ ਆਏ ਸਨ ਅਤੇ ਤਰਨਤਾਰਨ ਦੇ ਸਰੋਵਰ ਦੀ ਪੂਰਣਤਾ ਲਈ ਅਸੀਸ ਪ੍ਰਾਪਤ ਕੀਤੀ ਸੀ

ਗੁਰੂ ਹਰਿਗੋਬਿੰਦ ਸਾਹਿਬ ਵੀ ਆਪ ਦੇ ਦਰਸ਼ਨ ਕਰਨ ਇਥੇ ਆਏ ਸਨ ਅਤੇ ਉਦਾਸੀ ਸੰਪ੍ਰਦਾਇ ਦੇ ਵਿਕਾਸ ਲਈ ਗੁਰੂ ਜੀ ਨੇ ਆਪਣਾ ਵੱਡਾ ਸੁਪੁੱਤਰ ਬਾਬਾ ਗੁਰਦਿੱਤਾ ਇਥੇ ਹੀ ਬਾਬਾ ਸ੍ਰੀ ਚੰਦ ਨੂੰ ਅਰਪਿਤ ਕੀਤਾ ਸੀ, ਜੋ ਬਾਦ ਵਿਚ ਬਾਬਾ ਜੀ ਦਾ ਉਤਰਾਧਿਕਾਰੀ ਬਣਿਆ ਅਤੇ ਉਦਾਸੀ ਸੰਪ੍ਰਦਾਇ ਨੂੰ ਵਿਵਸਥਿਤ ਰੂਪ ਦੇਣ ਲਈ ਚਾਰ ਧੂੰਇਆਂ ਦੀ ਸਥਾਪਨਾ ਕੀਤੀ। ਗੁਰਦੁਆਰਾ ਸੁਧਾਰ ਲਹਿਰ ਤਕ ਇਸ ਧਰਮ-ਧਾਮ ਦੀ ਸਾਂਭ-ਸੰਭਾਲ ਉਦਾਸੀ ਸੰਤ ਕਰਦੇ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਨਾਲ ਕੁਝ ਜ਼ਮੀਨ ਵੀ ਲਗਵਾਈ ਸੀ। ਉਸ ਤੋਂ ਬਾਦ ਇਸ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆ ਗਿਆ। ਇਸ ਦੀ ਨਵੀਂ ਇਮਾਰਤ ਦੀ ਉਸਾਰੀ ਸੰਨ 1968 ਈ. ਵਿਚ ਸ਼ੁਰੂ ਕਰਵਾਈ ਗਈ ਸੀ ਜੋ ਕਦ ਦੀ ਮੁਕੰਮਲ ਹੋ ਚੁਕੀ ਹੈ। ਇਸ ਗੁਰੂ-ਧਾਮ ਦਾ ਨਾਂ ‘ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ’ ਪ੍ਰਚਲਿਤ ਹੈ। ਇਸ ਦੇ ਪਰਿਸਰ ਵਿਚ ਗੁਰੂ ਅਰਜਨ ਦੇਵ ਜੀ ਦੇ ਨਾਂ ਨਾਲ ਸੰਬੰਧਿਤ ਇਕ ‘ਥੰਮ ਸਾਹਿਬ’ ਵੀ ਹੈ। ਗੁਰੂ-ਧਾਮ ਦੇ ਨੇੜੇ ਹੀ ਸਰੋਵਰ ਸਾਹਿਬ (ਬਾਉਲੀ ਸਾਹਿਬ) ਦਾ ਇਹਾਤਾ ਹੈ। ਇਥੇ ਉਦੋਂ ਇਕ ਬਾਗ਼ ਹੁੰਦਾ ਸੀ ਜਿਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਘੋੜੇ ਬੰਨ੍ਹੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਇਸ ਗੁਰੂ-ਧਾਮ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਇਥੇ ਹਰ ਮਹੀਨੇ ਮਸਿਆ ਵਾਲੇ ਦਿਨ ਧਾਰਮਿਕ ਦੀਵਾਨ ਸਜਦੇ ਹਨ। ਵਿਸਾਖੀ ਨੂੰ ਦੋ ਦਿਨ ਦਾ ਵੱਡਾ ਮੇਲਾ ਲਗਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1094, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਾਰਠ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਰਠ : ਗੁਰਦਾਸਪੁਰ ਜ਼ਿਲ੍ਹੇ ਦੀ ਪਠਾਨਕੋਟ ਤਹਿਸੀਲ ਦਾ ਇਕ ਪਿੰਡ ਹੈ ਜਿਹੜਾ ਪਠਾਨਕੋਟ ਸ਼ਹਿਰ ਤੋਂ 9 ਕਿ. ਮੀ. (6 ਮੀਲ) ਅਤੇ ਸਰਨਾ ਰੇਲਵੇ ਸਟੇਸ਼ਨ ਤੋਂ 3-4 ਕਿ. ਮੀ. (2-2.5 ਮੀਲ) ਦੀ ਦੂਰੀ ਤੇ ਵਾਕਿਆ ਹੈ। ਇਹ ਪਿੰਡ ਆਪਣੀ ਧਾਰਮਿਕ ਮਹੱਤਤਾ ਕਰ ਕੇ ਮਸ਼ਹੂਰ ਹੈ ਅਤੇ ਬਾਬਾ ਸ੍ਰੀ ਚੰਦ ਜੀ ਦੀ ਯਾਦ ਨਾਲ ਜੁੜਿਆ ਹੋਇਆ ਹੈ। ਬਾਬਾ ਸ੍ਰੀ ਚੰਦ ਜੀ ਬਹੁਤ ਸਮਾਂ ਇਸੇ ਪਿੰਡ ਵਿਚ ਰਹੇ ਅਤੇ ਤਪ ਕੀਤਾ। ਬਾਬਾ ਸ੍ਰੀ ਚੰਦ ਜੀ ਨੇ ਜਿਸ ਥਾਂ ਤਪ ਕੀਤਾ ਉਥੇ ਅਜੋਕਾ ਗੁਰਦੁਆਰਾ ਬਾਰਠ ਸਾਹਿਬ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ, ਗੁਰੂ ਰਾਮ ਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਇਸ ਥਾਂ ਤੇ ਬਾਬਾ ਸ੍ਰੀ ਚੰਦ ਜੀ ਦੇ ਸਤਿਕਾਰ ਵਿਚ ਆਏ ਸਨ। ਗੁਰਦੁਆਰੇ ਵਿਚ ਬਾਬਾ ਸ੍ਰੀ ਚੰਦ ਜੀ ਦੀ ਸਮਾਧ ਦੇ ਨੇੜੇ ਇਕ ਥੰਮ੍ਹ ਬਣਿਆ ਹੋਇਆ ਹੈ ਜਿਥੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਸਮਾਧੀ ਵਿਚ ਹੋਣ ਸਮੇਂ ਦਰਸ਼ਨ ਕਰਨ ਲਈ ਇੰਤਜ਼ਾਰ ਕੀਤਾ ਸੀ। ਇਸੇ ਦੇ ਨੇੜੇ ਹੀ ਬਾਉਲੀ ਸਾਹਿਬ ਹੈ। ਬਾਬਾ ਸ੍ਰੀ ਚੰਦ ਜੀ ਭਾਵੇਂ ਕਪੂਰਥਲਾ ਜ਼ਿਲ੍ਹੇ ਵਿਚ ਸੁਲਤਾਨਪੁਰ ਲੋਧੀ ਵਿਖੇ ਜਨਮੇ ਸਨ ਪਰ ਇਸ ਥਾਂ ਵੀ ਹਰ ਸਾਲ ਉਨ੍ਹਾਂ ਦੇ ਜਨਮਦਿਨ ਉੱਤੇ ਭਾਰੀ ਮੇਲਾ ਲਗਦਾ ਹੈ। ਹਰ ਮਹੀਨੇ ਦੀ ਮੱਸਿਆ ਨੂੰ ਵੀ ਇਥੇ ਮੇਲਾ ਭਰਦਾ ਹੈ। 

ਇਸ ਪਿੰਡ ਦਾ ਕੁੱਲ ਖੇਤਰਫਲ 106 ਹੈਕਟੇਅਰ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-04-08-50, ਹਵਾਲੇ/ਟਿੱਪਣੀਆਂ: ਹ. ਪੁ. –ਡਿ. ਗ. –ਗੁਰਦਾਸਪੁਰ; ਡਿ. ਸੈਂ. ਹੈਂ. ਬੁ.-ਗੁਰਦਾਸਪੁਰ (1981)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.