ਬਿਸ਼ਨਪਦੇ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬਿਸ਼ਨਪਦੇ: ਬਿਸ਼ਨਪਦੇ ਪਦ ਜਾਂ ਸ਼ਬਦ ਵਾਂਗ ਇੱਕ ਕਾਵਿ-ਰੂਪ ਹੀ ਹੈ। ਬਿਸ਼ਨਪਦੇ ਵਿੱਚ ਦੋ ਸ਼ਬਦਾਂ ਦਾ ਸੁਮੇਲ ਹੋਇਆ ਹੈ-ਵਿਸ਼ਨੂੰ ਅਤੇ ਪਦੇ। ਇਸ ਦਾ ਮਤਲਬ ਹੈ ਕਿ ਬਿਸ਼ਨਪਦੇ ਉਹ ਕਾਵਿ-ਰੂਪ ਹੈ ਜਿਸ ਵਿੱਚ ਵਿਸ਼ਨੂੰ ਦੇ ਅਵਤਾਰ ਰਾਮ ਅਤੇ ਸ੍ਰੀ ਕ੍ਰਿਸ਼ਨ ਦਾ ਜੀਵਨ, ਲੀਲ੍ਹਾ ਅਤੇ ਹੋਰ ਪ੍ਰਸੰਗ ਦਿੱਤੇ ਗਏ ਹੋਣ। ਮੂਲ ਰੂਪ ਵਿੱਚ ਇਹ ਪਦ ਜਾਂ ਸ਼ਬਦ ਹੀ ਹਨ ਪਰ ਬਿਸ਼ਨਪਦੇ ਬਣ ਕੇ ਇਹਨਾਂ ਦਾ ਘੇਰਾ ਸੀਮਿਤ ਹੋ ਗਿਆ ਹੈ। ਪਦੇ ਜਾਂ ਪਦ ਵਿੱਚ ਪਾਰਬ੍ਰਹਮ ਜਾਂ ਈਸ਼ਵਰ ਦੀ ਭਗਤੀ ਦਾ ਕੋਈ ਇੱਕ ਜਾਂ ਦੂਜਾ ਪੱਖ ਲਿਆ ਜਾਂਦਾ ਹੈ ਜਦ ਕਿ ਬਿਸ਼ਨਪਦਾ ਕੇਵਲ ਵਿਸ਼ਨੂੰ ਦੇ ਅਵਤਾਰਾਂ ਦੀ ਉਸਤੁਤ, ਲੀਲ੍ਹਾ ਅਤੇ ਜੀਵਨ ਸੰਬੰਧੀ ਹਾਲਾਤ ਨੂੰ ਦਰਸਾਉਂਦੇ ਹਨ।
ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ, ਪਦ ਜਾਂ ਬਿਸ਼ਨਪਦੇ ਵਿੱਚ ਗੇਯਤਾ ਜਾਂ ਗਾਉਣ ਯੋਗ ਹੋਣ ਦੀ ਸਮਰੱਥਾ ਹੋਣਾ ਆਵਸ਼ੱਕ ਹੈ। ਇਹਨਾਂ ਅਰਥਾਂ ਵਿੱਚ ਇਹ ਬਿਸ਼ਨਪਦੇ ਗੀਤਿ ਕਾਵਿ ਦੇ ਵਧੇਰੇ ਨੇੜੇ ਹਨ। ਦੂਜੇ ਸ਼ਬਦਾਂ ਵਿੱਚ ਇਹ ਗੀਤਿ-ਕਾਵਿ ਹੀ ਹਨ। ਰਾਮ ਭਗਤ ਜਾਂ ਕ੍ਰਿਸ਼ਨ ਭਗਤ ਕਵੀਆਂ ਨੇ ਆਪਣੇ ਇਸ਼ਟ ਦੀ ਲੀਲ੍ਹਾ ਦਾ ਵਿਸਤਾਰ ਸਹਿਤ ਗੇਯ ਸ਼ੈਲੀ ਵਿੱਚ ਜੋ ਵਰਣਨ ਕੀਤਾ ਹੈ, ਉਹ ਬਿਸ਼ਨਪਦੇ ਦੀ ਸੰਗਿਆ ਵਾਲੇ ਹੋ ਗਏ। ਮੱਧ- ਕਾਲ ਦੇ ਅਨੇਕ ਕਵੀਆਂ ਨੇ ‘ਬਿਸ਼ਨਪਦੇ’ ਲਿਖੇ ਹਨ, ਇਹ ਸਾਰੇ ਕ੍ਰਿਸ਼ਨ ਦੀ ਭਗਤੀ, ਲੀਲ੍ਹਾ, ਰੂਪ ਮਾਧੁਰੀ, ਗੋਪੀ ਪ੍ਰੇਮ, ਬੰਸੀ ਦੀ ਧੁਨ, ਰਾਮ ਲੀਲ੍ਹਾ ਆਦਿ ਨਾਲ ਹੀ ਸੰਬੰਧਿਤ ਪਦੇ ਹਨ।
ਪੰਜਾਬ ਦੇ ਨਾਭਾ ਦਰਬਾਰ ਦੇ ਇੱਕ ਸੰਤ ਕਵੀ ਹੋਏ ਹਨ, ਨਾਂ ਹੈ ਕੀਰਤ ਸਿੰਘ। ਇਹ ਕਵੀ ਪੰਜਾਬੀ ਦੇ ਭਗਤੀ ਰਸ ਦੇ ਉੱਤਮ ਕਵੀ ਗਿਣੇ ਜਾਂਦੇ ਹਨ। ਇਹਨਾਂ ਦਾ ਲਿਖਿਆ ਇੱਕ ਗ੍ਰੰਥ ਪ੍ਰਾਪਤ ਹੁੰਦਾ ਹੈ ਜਿਸ ਦਾ ਨਾਂ ਹੀ ਵਿਸ਼ਨਪਦ ਹੈ। ਇਸ ਗ੍ਰੰਥ ਵਿੱਚ ਨਿਰੋਲ ਬਿਸ਼ਨਪਦੇ ਹੀ ਦਰਜ ਹਨ। ਇਸ ਵਿੱਚ ਕ੍ਰਿਸ਼ਨ ਗੋਪੀਆਂ ਦੀ ਰਾਸ ਤੇ ਲੀਲ੍ਹਾ ਦੇ ਭਾਵ ਬਹੁਤ ਭਾਵਪੂਰਨ ਸ਼ੈਲੀ ਵਿੱਚ ਪ੍ਰਗਟ ਕੀਤੇ ਗਏ ਹਨ। ਇਹਨਾਂ ਦੀ ਭਾਸ਼ਾ ਬ੍ਰਜ, ਹਿੰਦੀ ਅਤੇ ਲਿਪੀ ਗੁਰਮੁਖੀ ਹੈ। ਇੱਕ ਨਮੂਨਾ ਦੇਖੋ :
ਮੋਹਨ ਜਾ ਪਰ ਹੋਤ ਦਯਾਲਾ।
ਪ੍ਰੇਮ ਭਕਤਿ ਵਾਕੀ ਨਿਜ ਦੇ ਹੈ, ਦੇਤ ਛੁਡਾਯ ਜੰਜਾਲਾ।
ਹਰਿਗੁਨ ਗਾਇ ਸਦਾ ਹੀ ਪ੍ਰਫੁੱਲਤ,
ਜਯੋਂ ਬਸੰਤ ਬਨ ਮਾਲਾ।
ਤਾਕੇ ਅਬਗੁਨ ਢਾਕਿ ਕ੍ਰਿਪਾਨਿਧਿ, ਦੇਖ ਹ੍ਰਿਦਯ ਸੁਖ ਸਾਤਾ।
ਕਹਾ ਕਹੌ ਮੈਂ ਅਪਨੀ ਕਰਨੀ, ਸਦਾ ਚਿਤਵ ਛਲ ਛਾਤਾ।
ਬਿਰਦ ਲਾਜ ਕੀਰਤ ਸਿੰਘ ਪ੍ਰਭੁ ਤੁਮ,
ਨਾਮ ਦੇਹ ਦਿਨ ਰਾਤਾ।
ਇੱਕ ਹੋਰ ਭਗਤ ਕਵੀ ਖੇਮ ਰਾਜ ਦਾ ਵੀ ਇੱਕ ਗ੍ਰੰਥ ਬਿਸ਼ਨਪਦੇ ਦੇ ਨਾਂ ਹੇਠ ਮਿਲਦਾ ਹੈ। ਪਟਿਆਲੇ ਦੇ ਰਾਜੇ ਦਾ ਇੱਕ ਮੰਤਰੀ ਗੁਰਦਿੱਤ ਸਿੰਘ ਸੀ। ਇਸ ਦੇ ਆਸਰੇ ਰਹਿਣ ਵਾਲੇ ਕਵੀ ਖੇਮ ਰਾਜ ਨੇ ਮੰਤਰੀ ਦੀ ਖ਼ੁਸ਼ੀ ਲਈ ਇਹ ਗ੍ਰੰਥ ਰਚਿਆ ਸੀ। ਇਸ ਵਿੱਚ ਦਰਜ ਬਿਸ਼ਨ- ਪਦਿਆਂ ਵਿੱਚ ਗੇਯਤਾ ਦਾ ਪੱਖ ਬਹੁਤ ਵਧੀਆ ਹੈ ਪਰ ਕਾਵਿ ਕਲਾ ਪੱਖੋਂ ਇਹ ਬਹੁਤਾ ਚੰਗਾ ਗ੍ਰੰਥ ਨਹੀਂ। ਇੱਕ ਨਮੂਨਾ ਪੇਸ਼ ਹੈ :
ਸਾਧੋ ! ਮੰਗਲ ਨਾਮ ਹਰੀ ਕਾ।
ਭੋਗ ਯੋਗ ਸੰਪਤ ਸੁਖਦਾਯਕ, ਤਾਰਕ ਧਰਮ ਤਰੀ ਕਾ।
ਕਾਮ ਕ੍ਰੋਧ ਮਦ ਲੋਭ ਮਹਾਭਯ, ਮਾਰਕ ਪਾਪ ਅਰੀ ਕਾ।
ਜੂਠੇ ਬੇਰ ਚਖੇ ਰਘੁਪਤੀ ਨੇ, ਮਾਨ ਰਖਯੋ ਸ਼ਬਰੀ ਕਾ।
ਰਾਵਨ ਮਾਰ ਵਿਭੀਖਣ ਕੀਨੌ, ਨਾਇਕ ਲੰਕਪੁਰੀ ਕਾ।
ਉਗ੍ਰਸੇਨ ਕੋ ਭੂਪਤ ਕੀਨੌ, ਕੰਸ ਮਾਰ ਨਗਰੀ ਕਾ।
ਕੰਚਨ ਮੰਦਿਰ ਦੀਏ ਸੁਦਾਮਾ, ਕਰਮ ਕੀਓ ਕੁਬਰੀ ਕਾ।
ਗ੍ਰਾਹ ਮਾਰ ਜਲ ਭੀਤਰ ਡੁਬਤ, ਸੰਕਟ ਹਰਯੌ ਕਰੀ ਕਾ।
ਖੇਮਰਾਜ ਹਰਿ ਚੀਰ ਬਢਾਯੌ, ਦ੍ਰਪਟਾ ਸਰਨ ਪਰੀਕਾ।
ਕਵੀ ਖੁਸ਼ਹਾਲ ਚੰਦ ਜਾਂ ਖੁਸ਼ਹਾਲ ਰਾਇ ਦੀ ਰਚਨਾ ਪੰਜਾਬੀ ਵਿੱਚ ਬਹੁਤ ਮਸ਼ਹੂਰ ਹੈ। ਇਹ ਬਹੁਤ ਰਸਭਰੀ ਅਤੇ ਦਿਲਚਸਪ ਹੈ। ਇਹਨਾਂ ਦਾ ਬਿਸ਼ਨਪਦੇ ਗ੍ਰੰਥ ਪਟਿਆਲਾ ਦੀ ਸੈਂਟਰਲ ਪਬਲਿਕ ਲਾਇਬ੍ਰੇਰੀ ਵਿੱਚ ਨੰ: 568 ’ਤੇ ਉਪਲਬਧ ਹੈ, ਇੱਕ ਨਮੂਨਾ ਦੇਖੋ :
ਅਨੀ ਮੈਂਡਾ ਪਿਆਰਾ ਸਜਨ ਆਇਆ ਨੀ
ਤਨ ਮਨ ਘਰ ਆਂਗਨ ਸਭ ਸੁਹਾਇਆ ਨੀ
ਇੱਛੜੀਆਂ ਸਭ ਪੁੰਨੀਆਂ ਨੀ ਮੈਂਡੀਆਂ
ਮਨ ਚਿੰਦਿਆ ਫਲ ਪਾਇਆ ਨੀ।
ਉਂਞ ਤਾਂ ਪੰਜਾਬ ਦਾ ਸਮੁੱਚਾ ਕਾਵਿ ਹੀ ਗੀਤ ਪ੍ਰਧਾਨ ਹੈ ਪਰ ਬਿਸ਼ਨਪਦੇ ਖਾਸ ਤੌਰ ’ਤੇ ਇਸ ਦਾ ਸੁੰਦਰ ਉਦਾਹਰਨ ਪੇਸ਼ ਕਰਦੇ ਹਨ। ਇਹਨਾਂ ਬਿਸ਼ਨਪਦਿਆਂ ਵਿੱਚ ਗੀਤਾਂ ਦੀਆਂ ਸਭ ਰੂੜ੍ਹੀਆਂ ਸੁਰੱਖਿਅਤ ਹਨ।
ਲੇਖਕ : ਧਰਮ ਪਾਲ ਸਿੰਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First