ਬੋਲੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੋਲੀ: ਬੋਲੀ ਅਸਲ ਵਿੱਚ ਇੱਕ ਨਾਚ-ਗੀਤ ਹੈ। ਪੱਛਮੀ ਪੰਜਾਬ ਵਿੱਚ ਇੱਕ-ਤੁਕੀ ਬੋਲੀ ਦਾ ਪ੍ਰਚਲਨ ਵਧੇਰੇ ਰਿਹਾ ਹੈ। ਇਸੇ ਲਈ ਕੰਵਲ ਮੁਸ਼ਤਾਕ ਜਦੋਂ ਬੋਲੀਆਂ ਦੀ ਗੱਲ ਕਰਦਾ ਹੈ ਤਾਂ ਉਸ ਦੇ ਸਾਮ੍ਹਣੇ ਇਹੋ ਇੱਕ-ਤੁਕੀਆਂ ਬੋਲੀਆਂ ਹੀ ਹੁੰਦੀਆਂ ਹਨ। ਉਹ ਲਿਖਦਾ ਹੈ :

     ਬੋਲੀ ਇੱਕ ਮਿਸਰਾ ਤੁਕ ਨੂੰ ਆਖਦੇ ਹਨ। ਇਸ ਪੱਖੋਂ ਬੋਲੀਆਂ ਨੂੰ ਤੁਕਾਂ ਵੀ ਕਿਹਾ ਜਾਂਦਾ ਹੈ। ਇਸ ਵੰਨਗੀ ਵਿੱਚ ਇੱਕ ਮਿਸਰੇ ਵਿੱਚ ਪੂਰਾ ਮਜ਼ਮੂਨ ਬੰਨ੍ਹਿਆ ਜਾਂਦਾ ਹੈ। ਮਾਹੀਆ ਵੀ ਆਪਣੀ ਹੈਸੀਅਤ ਨਾਲ ਸੰਖੇਪ ਵੰਨਗੀ ਏ ਪਰ ਇਹ ਕਾਫ਼ੀਆ ਦੀ ਪਾਬੰਦ ਏ।

(ਲੋਕ ਵਿਰਸਾ, ਪੰਨਾ 89)

     ਨਾਹਰ ਸਿੰਘ ਨੇ ਦੋ ਤੁਕੀਆਂ ਬੋਲੀਆਂ ਅਤੇ ਲੰਮੀ ਬੋਲੀ ਉਪਰ ਵਧੇਰੇ ਜ਼ੋਰ ਦਿੱਤਾ ਹੈ। ਇੱਕ ਤੁਕੀ ਬੋਲੀ ਨੂੰ ਉਸ ਨੇ ਟੱਪਿਆਂ ਦੇ ਸਿਰਲੇਖ ਹੇਠ ਵਿਚਾਰਿਆ ਹੈ। ਸਮੁੱਚੇ ਤੌਰ ਤੇ ਬੋਲੀ ਦਾ ਅਧਿਐਨ ਕਰਨ ਲਈ ਸਾਨੂੰ ਇੱਕ ਤੁਕੀ ਬੋਲੀ, ਦੋ ਤੁਕੀ ਬੋਲੀ ਅਤੇ ਲੰਮੀ ਬੋਲੀ ਨੂੰ ਇੱਕੋ ਸਮੇਂ ਸਾਮ੍ਹਣੇ ਰੱਖ ਕੇ ਹੀ ਨਿਰਣੇ ਕਰਨ ਦੀ ਲੋੜ ਹੈ।

     ਇੱਕ ਤੁਕੀ ਬੋਲੀ ਆਪਣੇ-ਆਪ ਵਿੱਚ ਸੰਪੂਰਨ ਇਕਾਈ ਹੈ। ਇਸ ਵਿਚਲੀ ਭਾਵ-ਵਸਤੂ ਵੀ ਆਪਣੇ ਆਪ ਵਿੱਚ ਸੰਪੂਰਨ ਹੁੰਦੀ ਹੈ। ਜਿਵੇਂ :

          ਤੈਨੂੰ ਦੇਖ ਕੇ ਦਹੀਂ ਸ਼ਰਮਾਵੇ, ਨੀ ਧੁੱਪ ਵਾਂਗੂੰ ਲਿਸ਼ਕਦੀਏ।

     ਇਹ ਇੱਕ-ਤੁਕੀ ਬੋਲੀ ਆਪਣੇ-ਆਪ ਵਿੱਚ ਸੰਪੂਰਨ ਇਕਾਈ ਹੈ ਜਿਸ ਵਿੱਚ ਇੱਕ ਮੁਟਿਆਰ ਦੀ ਸੁੰਦਰਤਾ ਨੂੰ ਅਤੇ ਉਸ ਦੇ ਗੋਰੇ ਰੰਗ ਨੂੰ ਚਿੱਟੇ ਦਹੀਂ ਅਤੇ ਧੁੱਪ ਨਾਲ ਉਪਮਾ ਦਿੱਤੀ ਗਈ ਹੈ। ਇਹ ਉਪਮਾਵਾਂ ਇਸ ਇੱਕ ਤੁਕੀ ਬੋਲੀ ਦੇ ਸੁਹਜ ਨੂੰ ਵਧਾਉਣ ਦਾ ਕਾਰਨ ਬਣਦੀਆਂ ਹਨ। ਛੋਟੀ ਦੋ ਸਤਰਾਂ ਦੀ ਬੋਲੀ ਦੀ ਪਹਿਲੀ ਤੁਕ ਵਿੱਚ ਪੂਰਵ-ਨਿਰਧਾਰਿਤ ਤੁਕ ਨੂੰ ਹੀ ਵਰਤ ਲਿਆ ਜਾਂਦਾ ਹੈ। ਦੂਜੀ ਤੁਕ ਵਿੱਚ ਤੋੜਾ ਆਉਂਦਾ ਹੈ। ਇਹਨਾਂ ਦੋਨਾਂ ਸਤਰਾਂ ਦੀ ਥੀਮਕ ਇਕਾਗਰਤਾ ਕਾਰਨ ਇਸ ਵਿੱਚ ਭਾਵ ਦੀ ਇਕਾਗਰਤਾ ਬਣੀ ਰਹਿੰਦੀ ਹੈ। ਪਰੰਤੂ ਜੇ ਪਹਿਲੀ ਤੁਕ ਸੁਤੰਤਰ ਹੋਵੇ ਤਾਂ ਇਹ ਇਕਾਗਰਤਾ ਭੰਗ ਹੋ ਜਾਂਦੀ ਹੈ।

     ਲੰਮੀਆਂ ਬੋਲੀਆਂ ਵਿੱਚ ਤੁਕਾਂ ਦੀ ਗਿਣਤੀ ਨਿਰਧਾਰਿਤ ਨਹੀਂ ਹੁੰਦੀ ਪਰੰਤੂ ਹਰ ਤੁਕ ਦਾ ਤੁਕਾਂਤ ਮਿਲਦਾ ਹੈ। ਅੰਤ ਉਪਰ ਤੋੜਾ ਝਾੜਿਆ ਜਾਂਦਾ ਹੈ ਤੇ ਇਉਂ ਨਾਚ ਵਿੱਚ ਵੀ ਤੇਜ਼ੀ ਆ ਜਾਂਦੀ ਹੈ। ਮਰਦਾਂ ਦੀਆਂ ਬੋਲੀਆਂ ਵਿੱਚ ਤੋੜੇ ਤੋਂ ਪਹਿਲਾਂ ਦਾ ਹਿੱਸਾ ਕੋਈ ਇੱਕ ਵਿਅਕਤੀ ਉਚਾਰਦਾ ਹੈ ਪਰ ਤੋੜੇ ਉਪਰ ਜਾ ਕੇ ਸਾਰਾ ਸਮੂਹ ਬੋਲੀ ਚੁੱਕਦਾ ਹੈ ਤੇ ਨਾਲ ਹੀ ਨਾਚ ਵੀ ਆਪਣਾ ਤੇਜ਼ੀ ਦਾ ਰੰਗ ਦਿਖਾਉਂਦਾ ਹੈ। ਔਰਤਾਂ ਦੀਆਂ ਲੰਮੀਆਂ ਬੋਲੀਆਂ ਵਿੱਚ ਕਦੇ ਤਾਂ ਤੋੜੇ ਤੋਂ ਪਹਿਲਾ ਹਿੱਸਾ ਇਕੱਲੀ ਕੁੜੀ ਉਚਾਰਦੀ ਹੈ ਪਰੰਤੂ ਕਈ ਵਾਰ ਸਾਰੀ ਦੀ ਸਾਰੀ ਬੋਲੀ ਸਮੂਹਿਕ ਤੌਰ ਤੇ ਹੀ ਪਾਈ ਜਾਂਦੀ ਹੈ। ਇਕੱਲੇ ਵਿਅਕਤੀ ਵੱਲੋਂ ਬੋਲੀ ਪਾਏ ਜਾਣ ਤੇ ਸਮੂਹ ਬਿਲਕੁਲ ਚੁੱਪ ਨਹੀਂ ਰਹਿੰਦਾ ਸਗੋਂ ਵਿੱਚ-ਵਿੱਚ ਹਲਾਸ਼ੇਰੀ ਦੇਣ ਦੀ ਸੁਰ ਵਿੱਚ ਹੁੰਗਾਰਾ ਭਰਦਾ ਰਹਿੰਦਾ ਹੈ। ਲੰਮੀ ਬੋਲੀ ਦੀਆਂ ਤੁਕਾਂ ਵਿੱਚ ਭਾਵ ਦੀ ਭਿੰਨਤਾ ਹੋ ਸਕਦੀ ਹੈ ਅਤੇ ਇਕਾਗਰਤਾ ਵੀ।

         ਬੋਲੀਆਂ ਵਿੱਚ ਸਮੁੱਚਾ ਪੰਜਾਬੀ ਸੱਭਿਆਚਾਰ ਸੁਹਜਾਤਮਿਕ ਪੱਧਰ ਤੇ ਨਾਚ ਦੀ ਲੈਅ ਅਨੁਕੂਲ ਪ੍ਰਸਤੁਤ ਹੁੰਦਾ ਹੈ। ਲੰਮੀਆਂ ਬੋਲੀਆਂ ਵਿਸ਼ੇਸ਼ ਤੌਰ ਤੇ ਮਰਦਾਂ ਦੁਆਰਾ ਸਿਰਜੀਆਂ ਜਾਂਦੀਆਂ ਹਨ। ਜੇਕਰ ਇਹ ਬੋਲੀਆਂ ਲੋਕ ਸਿਰਜਿਤ ਹੋਣ ਭਾਵ ਜਿਹੜੀਆਂ ਕਿਸੇ ਇੱਕ ਵਿਅਕਤੀ ਦੁਆਰਾ ਸਿਰਜੀਆਂ ਨਾ ਹੋ ਕੇ ਸਦੀਆਂ ਤੋਂ ਪੁਨਰ-ਸਿਰਜਿਤ ਹੁੰਦੀਆਂ ਰਹੀਆਂ ਹੋਣ ਤਾਂ ਉਹਨਾਂ ਦੀ ਪੱਧਰ ਉਚੇਰੀ ਸਿਰਜਣਾ ਦਾ ਨਮੂਨਾ ਬਣਦੀ ਹੈ ਪਰੰਤੂ ਜਿੱਥੇ ਇਹ ਬੋਲੀਆਂ ਤੱਤਫੱਟ ਉਚਾਰਨ ਤੋਂ ਸਿਰਜਿਤ ਹੁੰਦੀਆਂ ਹਨ, ਉੱਥੇ ਇਹਨਾਂ ਦੀ ਪੱਧਰ ਤੁਕਾਂਤ ਮੇਲਣ ਤੱਕ ਹੀ ਰਹਿ ਜਾਂਦੀ ਹੈ। ਹੇਠਾਂ ਅਸੀਂ ਤਿੰਨੋਂ ਤਰ੍ਹਾਂ ਦੀਆਂ ਬੋਲੀਆਂ ਦੀਆਂ ਕੁਝ ਉਦਾਹਰਨਾਂ ਦੇ ਰਹੇ ਹਾਂ:

ਇੱਕ ਤੁਕੀ ਬੋਲੀਆਂ :

         -         ਐਵੇਂ ਭਰਮ ਰੰਨਾ ਨੂੰ ਮਾਰੇ, ਹਲਕੇ ਨੇ ਛੜੇ ਫਿਰਦੇ।

         -         ਅੰਦਰੋਂ ਫੜਾ ਬਰਛੀ, ਨੀ ਕੁੜੀਏ ਬਦਾਮ ਰੰਗੀਏ।

         -         ਅੱਖਾਂ ਵਿੱਚ ਪਾ ਲੈ ਆਲ੍ਹਣਾ,

          ਤੈਨੂੰ ਦਿਲ ਦੀ ਆਖ ਸੁਣਾਵਾਂ।

         -         ਭੁੱਲ ਗਈ ਯਾਰ ਦੀ ਗਲੀ,

          ਜਦ ਚੰਨ ਬਦਲੀ ਵਿੱਚ ਆਇਆ।

ਦੋ ਤੁਕੀ ਬੋਲੀਆਂ:

         -         ਘਰਾਂ ਘਰਾਂ ਤੋਂ ਲੱਸੀ ਲਿਆਂਦੀ, ਉਸ ਦੀ ਪਾਈ ਕਾਂਜੀ,

          ਨਾਲਾ ਰੇਸ਼ਮ ਦਾ, ਸੁੱਥਣ ਯਾਰ ਨੇ ਲਿਆਂਦੀ।

         -         ਤਰ ਵੇ ਤਰ ਵੇ ਤਰ ਵੇ,

          ਤੂੰ ਖੇਡ ਕੌਡੀਆਂ ਮੈਂ ਮਾਪਿਆਂ ਦੇ ਘਰ ਵੇ।

         -         ਜੋਗੀ ਆ ਨੀ ਗਿਆ, ਫੇਰਾ ਪਾ ਨੀ ਗਿਆ,

          ਸਾਨੂੰ ਬਿਸੀਅਰ ਨਾਗ ਲੜਾ ਨੀ ਗਿਆ।

ਲੰਮੀਆਂ ਬੋਲੀਆਂ :

         -         ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਂਦਾ ਮੋਗਾ,

          ਮੋਗੇ ਦਾ ਇੱਕ ਸਾਧ ਸੁਣੀਂਦਾ, ਬੜੀ ਸੁਣੀਂਦੀ ਸੋਭਾ।

                   ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ,

          ਮਗਰੋਂ ਮਾਰਦਾ ਗੋਡਾ,

          ਲੱਕ ਮੇਰਾ ਪਤਲਾ ਜਿਹਾ, ਭਾਰ ਸਹਿਣ ਨਾ ਜੋਗਾ।

         -         ਸੋਟੀ ਸੋਟੀ ਸੋਟੀ,

          ਬੀਨ ਬਜਾ ਜੋਗੀਆ, ਤੈਨੂੰ ਦਿਊਂਗੀ ਮੱਕੀ ਦੀ ਰੋਟੀ।

          ਪਤਲੇ ਜਿਹੇ ਲੱਕ ਵਾਲਿਆ,

          ਤੈਨੂੰ ਆਦਤ ਪੈ ਗਈ ਖੋਟੀ।

          ਮੋਹਰੇ ਘੋੜਾ ਮਿੱਤਰਾਂ ਦਾ, ਮਗਰ ਫੁੱਲਾਂ ਆਲ਼ੀ ਬੋਤੀ।

          ਮੇਲਣ ਮੁੰਡਿਆਂ ਨੇ ਡਿਗਰੀ ਚੁਬਾਰਿਉਂ ਬੋਚੀ।

         -         ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਖਿਆਲ਼ਾ।

          ਉਥੋਂ ਦੇ ਦੋ ਗੱਭਰੂ ਸੁਣੀਂਦੇ, ਇੱਕ ਗੋਰਾ ਇੱਕ ਕਾਲ਼ਾ।

          ਕਾਲ਼ੇ ਦਾ ਮੈਂ ਕੱਛਾ ਸੁਆ ਲਿਆ,

          ਗੋਰੇ ਦਾ ਪਾ ਲਿਆ ਨਾਲ਼ਾ।

          ਰੂਪ ਹੰਢਾਲੈ ਨੀ, ਯਾਰ ਹੌਸਲੇ ਵਾਲ਼ਾ।


ਲੇਖਕ : ਕਰਮਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 25658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬੋਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੋਲੀ (ਨਾਂ,ਪੁ) 1 ਜ਼ਬਾਨ; ਭਾਸ਼ਾ 2 ਇੱਕ ਲੋਕ-ਕਾਵਿ ਰੂਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬੋਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੋਲੀ [ਨਾਂਇ] ਭਾਸ਼ਾ , ਜ਼ਬਾਨ; ਨਿਲਾਮੀ; ਤਾਹਨਾ , ਮਿਹਣਾ; ਰਮਜ਼ , ਇਸ਼ਾਰਾ; ਇੱਕ ਪੰਜਾਬੀ ਕਾਵਿ-ਵੰਨਗੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੋਲੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੋਲੀ/ਬੋਲੀਆਂ : ਵੇਖੋ ‘ਲੋਕ–ਗੀਤ’

ਲੋਕ–ਗੀਤ : ਲੋਕ–ਗੀਤ ਦੇ ਸ਼ਾਬਦਿਕ ਅਰਥ ਹਨ ਲੋਕਾਂ ਦੁਆਰਾ ਰਚਤ ਗੀਤ। ਇਹ ਗੀਤ ਲੋਕ ਸੱਧਰਾਂ ਤੇ ਲੋਕ ਜਜ਼ਬਿਆਂ ਦੀ ਸਹੀ ਤਰਜਮਾਨੀ ਕਰਨ ਵਾਲੇ ਹੁੰਦੇ ਹਨ। ਸਾਨੂੰ ਇਨ੍ਹਾ ਦੇ ਰਚਣਹਾਰ ਦਾ ਪਤਾ ਨਹੀਂ ਹੁੰਦਾ। ਲੋਕ ਇਨ੍ਹਾਂ ਨੂੰ ਆਪਣਾ ਹੀ ਨਹੀਂ ਲੈਂਦੇ ਸਗੋਂ ਪਿਆਰ ਨਾਲ ਆਪਣੀ ਹਿਕ ਵਿਚ ਸੰਭਾਲਦੇ ਤੇ ਹਿਰਦੇ –ਵੇਧਕ ਹੂਕ ਨਾਲ ਗਾਉਂਦੇ ਹਨ।

ਕਈ ਵਾਰ ਇਕੋ ਲੋਕ–ਗੀਤ ਪੀੜ੍ਹੀਓਂ–ਪੀੜੀ ਚਲਦਾ ਚਲਦਾ, ਬਦਲਦਾ ਤੇ ਵੱਧਦਾ ਘੱਟਦਾ ਵੀ ਰਹਿੰਦਾ ਹੈ।

ਲੋਕ–ਗੀਤਾਂ ਵਿਚ ਤੁਕਾਂਤ ਤੇ ਵਜ਼ਨ ਤੋਲ ਆਦਿ ਪਿੰਗਲ ਦੇ ਨਿਯਮਾਂ ਅਨੁਸਾਰ ਘੱਟ ਹੀ ਹੁੰਦੇ ਹਨ।

ਪੰਜਾਬੀ ਲੋਕ–ਗੀਤਾਂ ਵਿਚੋਂ ਘੋੜੀਆਂ, ਸੁਹਾਗ, ਕਾਮਣ, ਸਿੱਠਣੀਆਂ, ਥਾਲ, ਟੱਪੇ ਆਦਿ ਸਭ ਔਰਤਾਂ ਦੁਆਰਾ ਗਾਈਆਂ ਜਾਣ ਵਾਲੀਆਂ ਵੱਚਖਰੀਆਂ ਕਿਸਮਾਂ ਹਨ। ਔਰਤਾਂ ਦੇ ਵੈਣ, ਅਲਾਹੁਣੀਆਂ ਆਦਿ ਵੀ ਲੋਕ–ਗੀਤਾਂ ਦਾ ਹਿੱਸਾ ਹਨ।

ਪੰਜਾਬੀ ਮਰਦ ਢੋਲੇ, ਮਾਹੀਏ, ਜਿੰਦੂਏ, ਬੋਲੀਆਂ ਆਦਿ ਬੜੇ ਸ਼ੋਕ ਨਾਲ ਗਾਉਂਦੇ ਹਨ। ਲੋਕ–ਗੀਤਾਂ ਦੀ ਰੂਹ ਪੁਰਾਣੀ ਹੀ ਹੈ ਭਾਵੇਂ ਬੋਲੀ ਬਦਲਦੀ ਰਹੀ ਹੈ। ਪੰਜਾਬੀ ਲੋਕ–ਗੀਤ ਕਈ ਰੂਪਾਂ ਵਿਚ ਮਿਲਦੇ ਹਨ।

ਲੋਕ–ਕਾਵਿ ਵਿਚ ਸਾਹਿਤਿਕ ਪੱਖ ਤੋਂ ਵੀ ਵੰਨ–ਸੁਵੰਨਤਾ ਹੈ। ਦੂਜੇ ਸ਼ਬਦਾਂ ਵਿਚ ਅਵਤਾਰ ਸਿੰਘ ਦਲੇਰ ਆਖਦੇ ਹਨ, ਲੋਕ ਗੀਤਾਂ ਵਿਚ ਸਾਹਿਤਿਕ ਅੰਸ਼ ਮਿਲਦੇ ਹਨ। ਸਾਹਿੱਤ ਦਾ ਜਨਮ ਲੋਕਾਂ ਦੇ ਜਜ਼ਬਿਆਂ, ਉਮੰਗਾਂ, ਚਾਵਾਂ, ਪਿਆਰਾਂ, ਨਿਰਾਸ਼ਤਾਵਾਂ ਵਿਚੋਂ ਹੁੰਦਾ ਹੈ।

ਲੋਕ–ਗੀਤਾਂ ਦਾ ਇਕ ਹੋਰ ਨਾਂ ਪੇਂਡੂ ਗੀਤ ਵੀ ਪ੍ਰਚੱਲਿਤ ਹੈ। ਪੇਂਡੂ ਗੀਤਾਂ ਤੋਂ ਮੁਰਾਦ ਪਿੰਡਾਂ ਦੇ ਗੀਤ ਨਹੀਂ, ਸਗੋਂ ਇਹ ਪਿੰਡਾਂ ਤੇ ਸ਼ਹਿਰਾਂ ਦੀ ਜਨਤਾ ਦੁਆਰਾ ਰਚਿਤ ਉਹ ਗੀਤ ਹਨ ਜਿਨ੍ਹਾਂ ਦਾ ਸੋਮਾ ਖੁਸ਼ਕ ਗਿਆਨ ਨਹੀਂ, ਸਗੋਂ ਅਮਲੀ ਅਨੁਭਵ ਹੈ।

ਡਾ. ਹਰਨਾਮ ਸਿੰਘ ਸ਼ਾਨ ਨੇ ਆਖਿਆ ਹੈ, “ਪੰਜਾਬ ਦਾ ਲੋਕ–ਕਾਵਿ ਤਾਂ ਹੈ ਹੀ ਉਨ੍ਹਾਂ ਅਣਗਿਣਤ ਤੇ ਆਗਿਆਤ ਕਵੀਆਂ ਦੀ ਕਿਰਤ ਜੋ ਕੁਦਰਤ ਦੀ ਗੋਦੀ ਵਿਚ ਜੰਮਦੇ, ਪਲਦੇ ਤੇ ਪ੍ਰਵਾਨ ਚੜ੍ਹਦੇ ਰਹੇ ਹਨ। ਇਸ ਲਈ ਇਨ੍ਹਾਂ ਦੀ ਦਿਲੀ ਭਾਵਨਾ ਉੱਤੇ ਕੁਦਰਤ ਦੀ ਅਮਿਟ ਛਾਪ ਲੱਗੀ ਹੋਈ ਹੈ।”

          ਮਹਾਤਮਾ ਗਾਂਧੀ ਨੇ ਲੋਕ–ਗੀਤਾਂ ਨੂੰ ਧਰਤੀ ਦਾ ਸੰਗੀਤ ਆਖਿਆ ਹੈ, ਆਪ ਕਹਿੰਦੇ ਹਨ, “ਲੋਕ–ਗੀਤਾਂ ਵਿਚ ਧਰਤੀ ਗਾਉਂਦੀ ਹੈ, ਪਹਾੜ ਗਾਉਂਦੇ ਹਨ, ਨਦੀਆਂ ਗਾਉਂਦੀਆਂ ਹਨ, ਫਸਲਾਂ ਗਾਉਂਦੀਆਂ ਹਨ, ਉਤਸਵ ਤੇ ਮੇਲੇ, ਰੁੱਤਾਂ ਤੇ ਪਰੰਪਰਾਵਾਂ ਗਾਉਂਦੀਆਂ ਹਨ।

ਪੰਜਾਬੀ ਲੋਕ–ਗੀਤਾਂ ਦੇ ਅਨੇਕ ਰੂਪ ਮਿਲਦੇ ਹਨ ਜਿਨ੍ਹਾਂ ਵਿਚੋਂ ਕੁਝ ਕੁ ਦਾ ਵੇਰਵਾ ਇਸ ਪ੍ਰਕਾਰ ਹੈ। ਇਸ ਸਰੂਪ ਸਾਹਿਤਿਕ ਪਰੰਪਰਾਵਾਂ ਤੋਂ ਹੱਟਵੇਂ ਹਨ। ਸਾਹਿਤਿਕ ਪਰੰਪਰਾਵਾਂ ਇਨ੍ਹਾਂ ਦੇ ਆਧਾਰ ਤੇ ਵਿਕਸਿਤ ਹੋਈਆਂ ਹਨ।

           (1) ਬਾਰਾਮਾਹੇ : ਰੁੱਤਾਂ ਦੇ ਪਰਿਵਰਤਨ ਦੇ ਬਾਰ੍ਹਾਂ ਮਹੀਨਿਆਂ ਵਿਚ ਆਈ ਬਦਲੀ ਦੇ ਨਾਲ ਨਾਲ ਮਨੁੱਖੀ ਮਨ ਵਿਚ ਵੀ ਪਰਿਵਰਤਨ ਗ਼ੈਰ ਕੁਦਾਰਤੀ ਨਹੀਂ। ਬਾਰਾਮਾਹਿਆਂ ਵਿਚ ਬਿਰਹਾ ਦਾ ਰੰਗ ਕੁਝ ਵਧੇਰੇ ਤੀਖਣ ਹੈ। ਬਾਰ੍ਹਾਂ ਮਹੀਨਿਆਂ ਵਿਚੋਂ ਸਾਵਣ ਦਾ ਮਹੀਨਾ ਲੋਕ–ਗੀਤਾਂ ਦਾ ਪ੍ਰਿਯ ਮਹੀਨਾ ਹੈ। ਡਾ. ਹਰਨਾਮ ਸਿੰਘ ਸ਼ਾਨ ਨੇ ਆਖਿਆ ਹੈ “ਪ੍ਰਾਪਤ ਹੋਏ ਲੋਕ ਬਾਰਾਮਾਹੇ ਇਸ ਗੱਲ ਦੇ ਭਰਵੇਂ ਸਬੂਤ ਹਨ (ਕਿ) ਪਿਰ–ਨਿਛੁੰਨੀਆਂ ਪੰਜਾਬਣਾਂ ਆਪਣ ਬਿਰਹੇ ਨੂੰ ਰੁੱਤ ਬਦਲੀਆਂ ਨਾਲ ਰਚਾ ਮਿਚਾ ਕੇ ਗਾਉਂਦੀਆਂ ਰਹੀਆਂ ਹਨ। ” ਹੇਠਾਂ ਲਿਖਿਆ ਲੋਕ–ਗੀਤ ਚੇਤਰ ਤੇ ਵਿਸਾਖ ਮਹੀਨਿਆਂ ਨੂੰ ਚਿਤ੍ਰਦਾ ਹੈ ਤੇ ਬਿਰਹਣੀ ਦੀ ਮਨੋਦਸ਼ਾ ਦਾ ਸੂਚਕ ਵੀ ਹੈ :

ਚੇਤ ਨਾ ਜਮਦੀਓਂ ਨੀ ਮਾਂ, ਮੈਨੂੰ ਕਿਉਂ ਦੁੱਖ ਹੁੰਦੇ।

ਵਸਾਖ ਪੱਕੀ  ਦਾਖ ਨੀ ਮਾਂ, ਫੁੱਲਾਂ ਤੇ ਲਾਲੀ ਆਈ।

ਨੀ ਮਾਂ ਭਰ ਜੋਬਨ ਦੀ ਧੁੱਪ, ਮੇਰੇ ਸਿਰ ਤੇ ਆਈ।

          ਪੰਜਾਬ ਵਿਚ ਗਰਮੀ ਤੇ ਸਰਦੀ ਦੇ ਦੋਵੇਂ ਮੌਸਮ ਸ਼ਿੱਦਤ ਦੇ ਹੁੰਦੇ ਹਨ। ਵਰਖਚਾ ਰੁੱਤ ਗਰਮੀ ਦੀ ਸ਼ਿੱਦਤ ਨੂੰ ਘਟਾ ਦਿੰਦੀ ਹੈ। ਧਰਤੀ ਉੱਤੇ ਨੇਂ ਪੁੰਗਰੇ ਲਹਿ ਲਹਿ ਕਰਦੇ ਬਰੂਟੇ ਪੰਜਾਬੀ ਗੱਭਰੂਆਂ ਤੇ ਮੁਟਿਆਰਾਂ ਦੇ ਸੀਨਿਆਂ ਵਿਚ ਲੋਕ–ਗੀਤਾਂ ਦਾ ਹੜ੍ਹ ਵਗਾ ਦਿੰਦੇ ਹਨ। ਸਾਉਣ ਭਾਦੋਂ ਦੀਆਂ ਝੜੀਆਂ ਤੇ ਅੱਸੂ ਕੱਤੇ ਦੀਆਂ ਮਾਣਨਯੋਗ ਹੁੰਦੀਆਂ ਹਨ। ਜੀਵ ਜੰਤੂ, ਪਸ਼ੂ ਪੰਛੀ, ਬੱਦਲ ਤਾਰੇ, ਚੰਦਰਮਾਂ ਆਦਿ ਪ੍ਰਗਟ ਜਾਂ ਅਪ੍ਰਗਟ ਰੂਪ ਵਿਚ ਲੋਕ–ਗੀਤਾਂ ਵਿਚ ਆ ਸਮਾਉਂਦੇ ਹਨ :

                   ਪ੍ਰੀਤਾਂ ਦੀ ਮੈਨੂੰ ਕਦਾਰ ਬਥੇਰੀ, ਲਾ ਕੇ ਮੈਂ ਤੋੜ ਨਿਭਾਵਾਂ।

                   ਕੋਇਲੇ ਸੌਣ ਦੀਏ, ਤੈਨੂੰ ’ਤੇ ਹੱਥ ਚੋਗ ਚੁਗਾਵਾਂ।

          (2) ਸਤਵਾਰੇ : ਲੋਕ ਗੀਤਾਂ ਵਿਚ ਸੱਤਾਂ: ਦਿਨਾਂ ਦਾ ਵੀ ਚਿਤ੍ਰਣ ਹੋਇਆ ਹੈ।  ਹੇਠਲੇ ਲੋਕ–ਗੀਤ ਵਿਚ ਵੀਰਵਾਰ ਦਾ ਦਿਨ ਆਇਆ  ਹੈ :

                   ਬਸਰੇ ਨੂੰ ਉਠ ਜਾਊਂਗਾ ਕਰ ਕੇ ਮੂੰਹ ਸਿਰ ਕਾਲਾ।

                   ਬਸਰੇ ਨੂੰ ਨਾ ਜਾਈਂ, ਵੇ ਵੀਰਵਾਰ ਮੁਕਲਾਵਾ।

                   ਕਈ ਲੋਕੋਕਤੀਆਂ ਵਿਚ ਰੁੱਤਾਂ ਨੂੰ ਵਾਰਾਂ ਨਾਲ ਸੰਬੰਧਿਤ ਕੀਤਾ ਗਿਆ ਹੈ, ਉਦਹਾਰਣ ਸਹਿਤ ਵਰਖਾ ਦਾ ਸੰਬੰਧ ਵਾਰਾਂ ਨਾਲ ਦੱਸਦਿਆਂ ਆਖਿਆ ਹੈ :

                   ਕਈ ਲੋਕੋਕਤੀਆਂ ਵਿਚ ਰੁੱਤਾਂ ਨੂੰ ਵਾਰਾਂ ਨਾਲ ਸੰਬੰਧਿਤ ਕੀਤਾ ਗਿਆ ਹੈ, ਉਦਹਾਰਣ ਸਹਿਤ ਵਰਖਾ ਦਾ ਸੰਬੰਧ ਵਾਰਾਂ ਨਾਲ ਦੱਸਦਿਆਂ ਆਖਿਆ ਹੈ :

                   ਸ਼ੁਕਰ ਉਠੇ ਬਦਲੀ, ਛਨਿੱਛਰ ਛਾਂ ਛਾਏ।

                   ਭੱਟ ਕਹੇ ਸੁਣ ਭੱਟਣੀ ਬਰਸੇ ਬਾਝ ਨਾ ਜਾਏ।

                   ਕਪੜਾਂ ਤੇ ਗਹਿਣਾ ਬੁੱਧ, ਛਨਿਛਰ ਤੇ ਐਤਵਾਰ ਨੂੰ ਪਹਿਨਣਾ ਚੰਗਾ ਮੰਨਿਆ ਗਿਆ ਹੈ, ਜਿਵੇਂ ‘ਬੁੱਧ ਛਨਿਛਰ ਕੱਪੜਾ, ਗਹਿਣਾ ਐਤਵਾਰ’। ਇਸੇ ਤਰ੍ਹਾਂ ਹੋਰ ਅਨੇਕਾਂ ਗੀਤ ਹਨ ਜਿਨ੍ਹਾਂ ਵਿਚ ਕਿਸੇ ਨਾ ਕਿਸੇ ਵਾਰ ਦਾ ਜ਼ਿਕਰ ਹੈ। ਲੋਹੜੀ ਮੰਗਦੇ ਮੁੰਡਿਆਂ ਤੇ ਕੁੜੀਆਂ ਦੇ ਇਕ ਗੀਤ ਦਾ ਆਰੰਭ ਐਤਵਾਰ ਨਾਲ ਹੁੰਦਾ ਹੈ, ਜਿਵੇਂ “ਐਤਵਾਰ, ਐਤਵਾਰ, ਭੰਨ ਖੜਿੱਕੀ ਬਾਹਰ”। ਅਤੇ ਇਸੇ ਤਰ੍ਹਾਂ ਨੂੰਹ–ਸੱਸ ਦਾ ਗੀਤ ‘ਸੁਣ ਨੀ ਸੱਸੇ ਐਤਵਾਰੀਏ ਤੈਨੂੰ ਬਾਰ ਬਾਰ ਸਮਝਾਵਾਂ’ ਹੈ।

          (3) ਥਿੱਤਾਂ : ਹਾੜ੍ਹ ਦੇ ਹਨੇਰੇ ਪੱਖ ਦੀ ਅਸ਼ਟਮੀਂ ਨੂੰ ਬੱਦਲਾਂ ਵਿਚੋਂ ਚੰਦਰਮਾ ਨਿਕਲੇ ਤਾਂ ਅਨਾਜ ਹੁੰਦਾ ਹੈ :

ਹਾੜ੍ਹ ਹਨੇਰੀ ਅਸ਼ਟਮੀ ਬੱਦਲੋਂ ਨਿਕਨਿਆ ਚੰਨ।

ਭੱਟ ਕਹੇ ਸੁਣ ਭੱਟਣੀ, ਗਧੇ ਨ ਖਾਵਣ ਅੰਨ।

          ਉਪਰੋਕਤ ਮਨੌਤ ਦਾ ਕਾਰਣ ਸ਼ਾਇਦ ਅਗੇਤੀ ਵਰਖਾ ਹੈ ਕਿਉਂਕਿ ਪੰਜਾਬ ਦੇ ਮੈਦਾਨਾਂ ਵਿਚ ਵਰਖਾ ਸਾਵਣ ਭਾਦੋਂ ਵਿਚ ਵਧੇਰੇ ਹੁੰਦੀ ਹੈ, ਜਿਸ ਦਾ ਪ੍ਰਭਾਵ ਸਾਵਣੀ ਦੀ ਫ਼ਸਲ ਉੱਤੇ ਸੁਖਾਵਾਂ ਹੁੰਦਾ ਹੈ। ਇਸੇ ਲਈ ਇਸ ਲੋਕ–ਗੀਤ ਵਿਚ ਹਾੜ੍ਹ ਮਹੀਨੇ ਦੇ ਮੇਘਾਂ ਨੂੰ ਸ਼ਭ ਸ਼ਗਨ ਮੰਨਿਆ ਹੈ। ਵਰਖਾ ਹੋਣ ਨਾਲ ਪੰਜਾਬੀ ਕਿਸਾਨ ਦੇ ਕੋਠੇ ਦਾਣਿਆਂ ਨਾਲ ਭਰ ਜਾਂਦੇ ਹਨ। ਉਕਤ ਗੀਤ ਵਿਚ ਇਸੇ ਤੱਥ ਵੱਲ ਸੰਕੇਤ ਹੈ।

          ਕੇਵਲ ਲੋਕੋਕਤੀਆਂ ਵਿਚ ਹੀ ਤਿੱਥਾਂ ਨਹੀਂ ਆਈਆਂ ਸਗੋਂ ਹੇਠ ਲਿਖੇ ਗੀਤ ਵਿਚ ਮੱਸਿਆ ਦੇ ਮੇਲੇ ਵਿਚ ਸੰਧੂਰੀ ਦਰਸ਼ਨ ਇੰਜ ਹੁੰਦੇ ਹਨ :

                   ਮੈਨੂੰ ਮੱਸਿਆ ’ਚ ਪੈਣ ਭੁਲੇਖੇ, ਤੇਰੀ ਵੇ ਸੰਧੂਰੀ ਪੱਗ ਦੇ।

          ਚੇਤ ਦੀ ਮੱਸਿਆ ਵਿਚ ਆਪਣੀ ਪਿਆਰੀ ਦਾ ਸਾਥ ਮਾਣਨ ਦੀ ਇੱਛਾ ਪੰਜਾਬੀ ਗੱਭਰੂ ਨੂੰ ਇਹ ਆਖਣ ਲਈ ਮਜ਼ਬੂਰ ਕਰਦੀ ਹੈ :

                   ਚੱਲ ਚੱਲੀਏ ਚੇਤ ਦੀ ਮੱਸਿਆ, ਮੁੰਡਾ ਤੇਰਾ ਮੈਂ ਚੁਕ ਲੂੰ।

          ਪੰਜਾਬ ਵਿਚ ਪੁੰਨਿਆਂ ਦਾ ਚੰਨ ਅਤਿ ਸੁੰਦਰ ਹੁੰਦਾ ਦਹੈ। ਜਿੰਨਾ ਇਸ ਦਾ ਸੁਹੱਪਣ, ਉਸ ਤੋਂ ਦੂਣਾਂ ਉਨ੍ਹਾਂ ਗੀਤਾਂ ਦਾ ਸੁਹੱਪਣ ਹੈ ਜਿਨ੍ਹਾਂ ਵਿਚ ਇਸ ਦਾ ਜ਼ਿਕਰ ਮਿਲਦਾ ਹੈ :

                   ਵੀਰਾਂ ਆਈਂ ਵੇ ਭੈਣ ਦੇ ਵਿਹੜੇ, ਤੂੰ ਪੁੰਨਿਆਂ ਦਾ ਚੰਨ ਬਣਕੇ।

          ਚੰਨ ਆਮ ਤੌਰ ’ਤੇ ਆਪਣੇ ਕਿਸੇ ਪਿਆਰੇ, ਸਾਕ, ਸਬੰਧੀ ਆਦਿ ਨੂੰ ਕਿਹਾ ਜਾਂਦਾ ਹੈ, ਪਰ ਪੂਰਨਮਾਸ਼ੀ ਦਾ ਚੰਨ, ਲੋਕ–ਗੀਤਾਂ ਵਿਚ ਉਸ ਨੂੰ ਆਖਿਆ ਗਿਆ ਹੈ ਜੋ ਅਤਿ ਪਿਆਰਾ ਹੋਵੇ :

                   ਪੁਰਖ ਲਵੀਂ ਹਰ ਗੋਰਾ ਵੀਰਾ ਜਿਉਂ ਪੁੰਨਿਆਂ ਦਾ ਚੰਦੋ।

                   ਇਕ ਆਪ ਹੱਸੇ ਸਾਨੂੰ ਖੜਾ ਨੀ ਹਸਾਵੇ ਬਾਲ ਗੋਰੀ ਦਾ ਨੰਦੋ।

          (4) ਸੀਹਰਫ਼ੀਆਂ, ਬਾਵਨ ਅੱਖਰੀਆਂ, ਪੱਟੀਆਂ : ਸ੍ਰੀ ਕੁੰਜ ਬਿਹਾਰੀ ਦਾਸ ਲੋਕ–ਗੀਤਾਂ ਨੂੰ ਆਮ ਅਨਪੜ੍ਹ ਤੇ ਅਖੌਤੀ ਸਭਿਅਤਾ ਤੋਂ ਵਾਂਝੇ ਲੋਕਾਂ ਦੀ ਕਿਰਤ ਮੰਨਦੇ ਹਨ। ਇਹ ਕਿਸੇ ਹੱਦ ਤੱਕ ਠੀਕ ਵੀ ਹੈ। ਗੀਤਾਂ ਦਾ ਸੋਮਾ ਨਿਰਛਲ ਤੇ ਸੁਅੱਛ ਮਾਨਵੀ ਹਿਰਦਾ ਹੈ। ਜ਼ਰੂਰੀ ਨਹੀਂ ਇਨ੍ਹਾਂ ਦੇ ਰਚਣਹਾਰ ਪ੍ਰਸਿੱਧ ਗਿਆਨੀ ਜਾਂ ਵਿਦਵਾਨ ਪੰਡਿਤ ਹੀ  ਹੋਣ। ਇਕ ਅਨਪੜ੍ਹ ਵੀ ਸਾਨੂੰ ਹਿਰਦੇਵੇਧਕ ਕਿਰਤ ਦੇ ਸਕਦਾ ਹੈ। ਇਕ ਅਨਪੜ੍ਹ ਪੇਂਡੂ ਛੋਹਰ ਦੀ ਜ਼ਬਾਨੀ ਸੁਣੋ :

                   ਅਲਫ਼, ਬੇ, ਪੇ।

                   ਅੰਮਾਂ ਟੁਕ ਨਾ ਦੇ।

                   ਬਾਬਾ ਘਰੋਂ ਕੱਢ ਦੇ।

                   ਅੰਮਾਂ ਜਾ ਵੜੀ ਕਲਕੱਤੇ।

                   ਬਾਬਾ ਬਿਟਬਿਟ ਵਾਂਗੂੰ ਤਕੇ।

          ਉਰਦੂ ਦੇ ਤਿੰਨ ਪਹਿਲੇ ਹਰਫ਼ ਇਸ ਗੀਤ ਵਿਚ ਆਏ ਹਨ ਤੇ ਅੰਤਲੀ ਤੁਕ ਵਿਚ ਅਲੰਕਾਰ ਵੀ ਆ ਗਿਆ ਹੈ। ਬਾਬੇ ਦੇ ਤੱਕਣ ਨੂੰ ਬਿਟਬਿਟ ਦੇ ਤੱਕਣ ਨਾਲ ਉਪਮਾ ਦਿੱਤੀ ਗਈ ਹੈ। ਇਸ ਤੱਕਣੀ ਵਿਚ ਹੈਰਾਨੀ ਤੇ ਨਿਰਾਸ਼ਾ ਦਾ ਚਿੱਤਰ ਉਘੜ ਆਇਆ ਹੈ।

          (5) ਪਉੜੀਆਂ : ਦੋ ਲੋਕ–ਗੀਤ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਸੀਂ ਪਉੜੀ ਦਾ ਨਾਉਂ ਦੇ ਸਕਦੇ ਹਾਂ। ਪਹਿਲਾ ਗੀਤ ਇਸ ਤਰ੍ਹਾਂ ਹੈ :

                   ਹਰੀਏ ਹਰਏ ਡੇਕੇ ਨੀ ਫੁੱਲ ਦੇ ਦੇ।

                   ਅਜ ਮੈਂ ਜਾਣਾ ਪੇਕੇ ਨੀ ਫੁੱਲ ਦੇ ਦੇ।

                   ਬਾਬਲ ਸਾਡੇ ਬਾਗ ਲੁਆਇਆ, ਵਿਚ ਚੰਬਾ ਤੇ ਮਰੂਆ।

                   ਮਾਂ ਮੇਰੀ ਮਾਲਣ ਫੁੱਲ ਪਈ ਚੁਗਦੀ, ਵੀਰ ਤਾਂ ਬੂਟਾ ਹਰਿਆ।

                   ਵੀਰ ਮੇਰੇ ਨੇ ਬਾਗ ਲੁਆਇਆ, ਵਿਚ ਚੰਬਾ ਤੇ ਮਰੂਆ।

                   ਭਾਬੋ ਮਾਲਣ ਫੁੱਲ ਪਈ ਚੁਣਦੀ, ਗਿੱਗਾ ਤਾਂ ਬੂਟਾ ਹਰਿਆ।

                   ਮਾਹੀ ਮੇਰੇ ਬਾਗ ਲੁਆਇਆ। ਵਿਚ ਚੰਬਾ ਤੇ ਮਰੂਆ।

                   ਬੰਦੀ ਮਾਲਣ ਫੁੱਲ ਪਈ ਚੁਣਦੀ, ਗੋਦੀ ਤਾਂ ਬੂਟਾ ਹਰਿਆ।

ਤੇ ਦੂਜਾ ਇਸ ਤਰ੍ਹਾਂ ਹੈ :

                   ਹੁਲੇ ਨੀ ਮਾਏ ਹੁਲੇ,

                   ਦੋ ਬੇਰੀ ਪੱਤਰ ਝੁੱਲੇ।

                   ਦੋ ਝੁੱਲ ਪਈਆਂ ਖਜੂਰਾਂ।

                   ਇਸ ਮੁੰਡੇ ਦਾ ਕਰੋ ਮੰਗੇਵਾ।

                   ਮੁੰਡੇ ਦੀ ਵਹੁਟੀ ਨਿੱਕੜੀ।

                   ਘਿਉ ਖਾਂਦੀ ਚੂਰੀ ਕੁੱਟਦੀ।

          (6) ਵਾਰਾਂ : ਕਲ੍ਹ–ਨਾਰਦ, ਦੁੱਲਾ–ਭੱਟੀ, ਬੂਟਾ ਸਿੰਘ, ਜੀਉਣਾ ਮੋੜ, ਨਾਬੂ ਤੇ ਗਾਹਣਾ, ਜੱਗਾ, ਧਾੜੇ, ਆਦਿ ਸੂਰਮਗਤੀ ਦੇ ਲੋਕ–ਵਿਸ਼ੈ ਵਾਰਾਂ ਦੁਆਰਾ ਲੋਕ ਗਾਉਂਦੇ ਆਏ ਹਨ, ਤੇ ਗਾਉਂਦੇ ਰਹਿਣਗੇ।

ਜੀਉਣਾ ਮੌੜ ਇਕ ਪ੍ਰਸਿੱਧ ਧਾੜਵੀ ਹੋਇਆ ਹੈ ਤੇ ਪੰਜਾਬ ਦਾ ਬੱਚਾ ਬੱਚਾ ਉਸ ਦੀ ਸੁਰਮਗਤੀ ਦੀਆਂ ਵਾਰਾਂ ਗਾਉਂਦਾ ਅਥਵਾ ਸੁਣਦਾ ਆਇਆ ਹੈ। ਉਸ ਦੀ ਮੌਤ ਦੀ ਥਾਂ ਦੱਸਣ ਲਈ ਲੋਕ–ਗੀਤਾਂ ਵਿਚ ਤਿੰਨ ਤਰ੍ਹਾਂ ਦਾ ਜ਼ਿਕਰ ਕਿਸ ਸੁੰਦਰਤਾ ਨਾਲ ਆਇਆ ਹੈ :

(ੳ) ਡੂੰਘੀ ਢਾਬ ਵਣਾ ਦਾ ਉਹਲਾ, ਜਿੱਥੇ ਜੀਉਣਾ ਮੌੜ ਵੱਢਿਆ।

(ਅ) ਉਥੇ ਘੁਗੀਆਂ ਦਾ ਜੋੜਾ ਬੋਲੇ, ਜਿੱਥੇ ਜੀਉਣਾ ਮੌੜ ਵੱਢਿਆ।

(ੲ) ਉਥੇ ਹਰਨਾਂ ਦੀ ਜੋੜੀ ਰੋਵੇ, ਜਿੱਥੇ ਜੀਉੜਾ ਮੌੜ ਵੱਢਿਆ।

ਇਸੇ ਤਰ੍ਹਾਂ ‘ਕਿਹੜੀ ਮਾਂ ਨੇ ਭਗਤ ਸਿੰਘ ਜੰਮਿਆ, ਜੰਗਲਾਂ ’ਚ ਸ਼ੇਰ ਬੁਕਦਾ’, ਵਾਰ ਦੇ ਰੰਗ ਦੀ ਤੁਕ ਹੈ।

 (7) ਚੌਬੋਲੇ : ਪਿੰਗਲ ਵਿਚ ਚੌਬੋਲੇ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ :

          ‘ਚਾਰ ਤੁਕਾਂ, ਅੰਤ ਗੁਰੂ, ਪ੍ਰਤਿ ਚਰਣ ਤੀਹ ਮਾਤ੍ਰਾ ਅਤੇਸੋਲਾਂ, ਚੌਦਾਂ ਪੁਰ ਵਿਸ਼੍ਰਾਮ’।

ਪਰ ਲੋਕ–ਹਿਰਦਾ ਪਿੰਗਲੀ ਨੇਮਾਂ ਨੂੰ ਨਹੀਂ ਮੰਨਦਾ। ਉਸ ਵਿਚੋਂ ਆਪਣੇ ਆਪ ਸੰਗੀਤ ਝਰਦਾ ਹੈ ਤੇ ਛੰਦ ਦੀ ਧਾਰਨਾ ਵੀ ਹਿਰਦੇ ਦੇ ਵੇਗ ਅਨੁਸਾਰ ਪਰਿਵਰਤਿਤ ਹੁੰਦੀ ਰਹਿੰਦੀ ਹੈ। ਲੋਕ–ਹਿਰਦਾ ਨਿਰਛਲ ਤੇ ਸਾਧਾਰਣ ਹੋਣ ਕਰਕੇ ਲੈਅਮਈ ਤਾਂ ਹੈ ਪਰ ਛੰਦ–ਚਾਲ ਬੇ–ਨੇਮੀ ਹੈ :

                   ਚੱਲ ਵੇ ਮਨਾ ਬਿਗਾਨਿਆਂ ਧਨਾਂ, ਕਾਹਨੂੰ ਪ੍ਰੀਤਾਂ ਜੜੀਆਂ।

                   ਓੜਕ ਏਥੇਂ ਚੱਲਣਾ ਇੱਕ ਦਿਨ, ਕਬਰਾਂ ਉਡੀਕਣ ਖੜੀਆਂ।

                   ਉਤੋਂ ਦੀ ਤੇਰੇ ਵਗਣ ਨ੍ਹੇਰੀਆਂ, ਲੱਗਣ ਸਾਉਣ ਦੀਆਂ ਝੜੀਆਂ।

                   ਅੱਖੀਆਂ ਮੋੜ ਰਿਹਾ, ਜਾ ਲੜੀਆਂ, ਨਾ ਮੁੜੀਆਂ।

ਇਹ ਚੌਬੋਲਾ ਪਿੰਗਲੀ ਨੇਮਾਂ ਉੱਤੇ ਪੂਰਾ ਨਹੀਂ ਉਤਰਦਾ। ਹੇਠ ਲਿਖਿਆ ਚੌਬੋਲਾ ਫੱਗਣ ਮਾਹ ਦਾ ਸਾਕਾਰ ਚਿੱਤਰ ਪੇਸ਼ ਕਰਦਾ ਹੈ :

                   ਫੱਗਣ ਮਹੀਨੇ ਮੀਂਹ ਪੈ ਜਾਂਦਾ, ਲਗਦਾ ਕਰੀਰੀਂ ਬਾਟਾ।

                   ਸਰਿਹੋਂ ਨੂੰ ਤਾਂ ਫੁੱਲ ਲੱਗ ਜਾਂਦੇ, ਛੌਲਿਆਂ ਨੂੰ ਪਏ ਪਟਾਕਾ

                   ਸ਼ੌਕ ਨਾਲ ਜੱਟ ਗਿੱਧਾ ਪਾਉਂਦੇ, ਰੱਬ ਸਭਨਾਂ ਦਾ ਰਾਖਾ।

                   ਬਸੰਤੀ ਫੁੱਲਾ ਵੇ, ਆ ਕੇ ਦੇ ਜਾ ਝਾਕਾ।

          (8) ਫੁਨਹੇ : ਇਸ ਵਿਚ ਕੋਈ ਸ਼ਦ ਘੜੀ ਮੁੜੀ ਵਰਤਿਆ ਜਾਣ ਕਰਕੇ ਇਸ ਨੂੰ ਫੁਨਹੇ ਕਿਹਾ ਜਾਂਦਾ ਹੈ। ਫੁਨਹੇ ਦਾ ਲਫ਼ਜੀ ਅਰਥ ਫਿਰ ਜਾਂ ਮੁੜ ਮੁੜ ਹੈ।

ਪੰਜਾਬੀ ਲੋਕ–ਗੀਤਾਂ ਵਿਚ ਜਿੰਨੇ ‘ਛੰਦ’ ਹਨ ਉਨ੍ਹਾਂ ਦਾ ਆਰੰਭ ਸਦਾ ‘ਛੰਦ–ਪਰਾਗੇ ਆਈਏ ਜਾਈਏ, ਛੰਦ ਪਰਾਗੇ’, ਨਾਲ ਹੁੰਦਾ ਹੈ ਤੇ ਇਹ ਸ਼ਬਦਾਵਲੀ ਹਰ ਨਵੇਂ ‘ਛੰਦ’ ਨਾਲ ਦੁਹਰਾਈ ਜਾਂਦੀ ਹੈ ਤੇ ਤੁੰਮਾਂ, ਖੀਰਾ, ਬੇਰੀ, ਬਰੂਟਾ, ਫੁੱਲ ਆਦਿ ਅਨੇਕ ਵਸਤਾਂ ਤੁਕਾਂਤ ਮੇਲਣ ਲਈ ਪ੍ਰਯੁਕਤ ਕੀਤੀਆਂ ਜਾਂਦੀਆਂ ਹਨ :

          ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਬਰੂਟੀ।

          ਸੁਹਰਾ ਫੁੱਲ ਗੁਲਾਬ ਦਾ, ਸੱਸ ਚੰਬੇ ਦੀ ਬੂਟੀ।

‘ਨਿੱਕਾ ਮੋਟਾ ਬਾਜਰਾ’ ਵਿਚ ‘ਮਾਹੀ ਵੇ’ ਤੇ ‘ਵਗਦੀ ਸੀ ਰਾਵੀ’ ਆਦਿਕ ਸ਼ਬਦਾਂ ਦਾ ਦੁਹਰਾਓ ਸੰਗੀਤ ਉਤਪੰਨ ਕਰਨ ਲਈ ਕੀਤਾ ਗਿਆ ਹੈ। ਇਸ ਗੀਤ ਵਿਚ ਵੀ ਵਸਤੂਆਂ ਦਾ ਪ੍ਰਯੋਗ ਤੁਕਾਂਤ ਮਿਲਾਉਣ ਖਾਤਰ ਹੀ ਕੀਤਾ ਗਿਆ ਹੈ, ਜਿਵੇਂ :

          ਵਗਦੀ ਸੀ ਰਾਵੀ, ਮਾਹੀ ਵੇ, ਵਿਚ ਫੁੱਲ ਕਪਾਹੀ ਦਾ ਢੋਲਾ।

          ਮੈਂ ਨ ਜੰਮਦੀ, ਮਾਹੀ ਵੇ ਤੂੰ ਕਿਥੋਂ ਵਿਆਹੀਦਾ ਢੋਲਾ।

‘ਸੂਈ’, ‘ਧਾਗਾ’,‘ਜੇ ਤੂੰ ਆਂਦੀ ਡੋਲੀ’, ‘ਸੁੰਦਰ ਮੁੰਦਰੀਏ’ ‘ਦੁਦਰੀਆਂ ਦੁਦਾਰਕਾਂ’, ‘ਹੁੱਲੇ ਹੁਲਾਰੇ’, ‘ਸਿੱਬੀ’, ‘ਸੁਖੀ ਲੱਧੜਿਆ’, ‘ਜੁਗਨੀ’, ‘ਛਈ’, ‘ਦੋਲਾ’, ‘ਮੁਬਾਰਕਾਂ’, ‘ਸੱਮੀ’, ‘ਹਮਦਿਲਾ ਅੱਛਰੀਏ’, ਆਦਿਕ ਅਨੇਕ ਲੋਕ–ਗੀਤ ਮਿਲਦੇ ਹਨ।

          (9) ਘੋੜੀਆਂ ਤੇ ਸੁਹਾਗ :  ਪੰਜਾਬ ਵਿਚ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਮੁੰਡੇ ਤੇ ਕੁੜੀ ਦੇ ਘਰ ਸ਼ਗਨਾਂ ਦੇ ਗੀਤ ਗਾਉਣ ਦਾ ਰਿਵਾਜ ਤੁਰਿਆ ਆਉਂਦਾ ਹੈ। ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਆਖਦੇ ਹਨ। ਪਰ ਕੁੜੀ ਦੇ ਪੇਕੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਸੁਹਾਗ ਆਖਿਆ ਜਾਂਦਾ ਹੈ। ਘੋੜੀਆਂ ਵਿਚ, ਆਮ ਤੌਰ ’ਤੇ ਵਿਆਹੰਦੜ ਮੁੰਡੇ ਪ੍ਰਤਿ ਕੋਈ ਸ਼ੁਭ ਇੱਛਾ ਪ੍ਰਗਟ ਕੀਤੀ ਜਾਂਦੀ ਹੈ। ਹੇਠ ਲਿਖਿਆ ਗੀਤ ਘੋੜੀ ਦਾ ਭਾਗ ਹੈ :

                    ਨਿੱਕੀ ਨਿੱਕੀ ਬੂੰਦੀ ਨਿਕਿਆ ਮੀਂਹ ਵੇ ਵਰ੍ਹੇ।

                    ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।

ਸੁਹਾਗ ਵਿਚ ਸਾਰੇ ਕਥਨ ਵਿਆਹੀ ਜਾਣ ਵਾਲੀ ਕੁੜੀ ਸੰਬੰਧੀ ਜਾਂ ਉਸ ਨੂੰ ਸੰਬੋਧਿਤ ਹੁੰਦੇ ਹਨ। ਚੰਨਣ ਦੇ ਉਹਲੇ ਖੜੋਤੀ ਕੁੜੀ ਤੇ ਉਸ ਦੇ ਬਾਬਲ ਦਾ ਸੰਵਾਦ ਅੰਤਾਂ ਦਾ ਮਨੋਰੰਜਕ ਹੈ :

          ਬਾਬਲ ਜਿਉਂ ਤਾਰਿਆਂ ਵਿਚੋਂ ਚੰਨ,

          ਚੰਨਾਂ ਵਿਚੋਂ ਕਾਹਨ, ਕਨ੍ਹਈਆ ਵਰ ਲੋੜੀਏ।

ਬਾਬਲ ਨੇ ਸਮਾਜਕ ਕਰਤੱਵ ਦਾ ਪਾਲਣ ਕੀਤਾ, ਅਰਥਾਤ ਚੰਨ ਵਰਗਾ ਵਰ ਲੱਭ ਦਿੱਤਾ।

ਘੋੜੀਆਂ ਵਿਚ ਪਰਿਵਾਰ ਨੂੰ ਇਕ ਬਾਗ਼ ਦੇ ਤੌਰ ’ਤੇ ਗਾਂਵਿਆ ਗਿਆ ਹੈ ਅਤੇ ਪਰਿਵਾਰ ਦਾ ਹਰ ਜੀਵ ਇਸ ਬਾਗ਼ ਵਿਚ ਇਕ ਫੁੱਲ ਹੈ। ਸਿਹਰੇ ਬੰਨ੍ਹਣ ਦੇ ਮੌਕੇ ਉੱਤੇ ਮੁੰਡੇ ਨੂੰ ‘ਹਰਿਆ’ (ਬੂਟਾ) ਆਖਿਆ ਜਾਂਦਾ ਹੈ :

          ਹਰਿਆ ਨੀ ਮਾਲਣ, ਹਰਿਆ ਨੀ ਭੈਣੇ!ਹਰਿਆ ਤੇ ਭਾਗੀਂ ਭਰਿਆ।

ਲੋਕ–ਗੀਤਾਂ ਨੇ ਮਾਂ ਦੇ ਸ਼ਗਨਾਂ ਵਿਚ ਭਾਰੀ ਰੁਝੇਵੇਂ ਨੂੰ, ਕਵਿਤਾ ਵਿਚ ਲੈਅ–ਬੱਧ ਕਰਨ ਲਈ ਆਖਿਆ ਹੈ :

          ਨਿੱਕੀ ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ।

          ਵੇ ਨਿੱਕਿਆ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।

‘ਘੋੜੀ ਸੁਹੰਦੀ ਕਾਠੀਆਂ ਦੇ ਨਾਲ’, ‘ਵਿਚ ਵਿਚ ਬਾਗਾਂ ਤੁਸੀਂ ਆਓ’,‘ਹਰਿਆ ਪਟ ਲਪੇਟਿਆ’,

‘ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ’, ‘ਜੇ ਤੂੰ ਵੱਢੀ ਜੰਡੀ’, ‘ਜੇ ਤੂੰ ਵੱਢੀ ਜੰਡੀ’, ਆਦਿ ਘੋੜੀਆਂ ਦੀਆਂ ਹੋਰ ਤੁਕਾਂ ਹਨ।

          (10) ਸਿਠਣੀਆਂ ਜਾਂ ਸਿੱਠਾਂ : ਵਿਆਹ ਦੇ ਅਵਸਰ ਉੱਤੇ ਗਾਈਆਂ ਜਾਣ ਵਾਲੀਆਂ ਅਸ਼ਲੀਲ ਗਾਲ੍ਹਾ ਨੂੰ ਸਿੱਠਣੀਆਂ ਜਾਂ ਸਿੱਠਾਂ ਆਖਦੇ ਹਨ :

                   ਸਾਡੇ ਤਾਂ ਵੇਹੜੇ ਮੁੱਖ ਮਕਈ ਦਾ

                   ਦਾਣੇ ਤਾਂ ਮੰਗਦਾ ਉੱਧਲ ਗਈ ਦਾ।

ਦੂਜੇ ਪਾਸੇ ਆਪਣੇ ਪਰਿਵਾਰ ਦੀਆਂ ਕੁੜੀਆਂ ਨੂੰ ਬਾਗ ਵਿਚ ਖਿੜੀਆਂ ਕਲੀਆਂ ਆਖਿਆ ਹੈ :

                   ਨੀ ਇੱਕ ਚੰਬੇ ਦਾ ਬੂਆ, ਕਲੀਆਂ ਬਹੁਤ ਹੋਈਆਂ।

                   ਨੀ ਆਹੋ ਕਲੀਆਂ ਬਹੁਤ ਹੋਈਆਂ।

                   ਅੰਦਰੋਂ ਕੁੜਮਣੀ ਨਿੱਕਲੀ; ਨੀ ਕਲੀਆਂ ਤੋੜ ਲਈਆਂ।

          ਜਾਂ ਲਾੜੇ ਦੀ ਮਾਂ ਦੇ ਰੂਪ–ਸ਼ਿੰਗਾਰ ਨੂੰ ਵਡਿਆਇਆ ਹੈ ਪਰ ਭੰਡੀ–ਭਰੇ ਸ਼ਬਦਾਂ ਦੁਆਰਾ :

                   ਇਹਦਾ ਰੂਪ–ਸ਼ਿੰਗਾਰ ਵੇ, ਪਾ ਧਰਿਓ ਪਟਾਰੀ।

                   ਵੇ ਇਹਦਾ ਜੋਬਨ ਖਿੜਿਆ ਵੇ, ਜਿਉਂ ਖਰਬੂਜ਼ੇ ਫਾੜੀ।

          (11) ਅਲਾਹਣੀਆਂ : ਪਹਿਲਾਂ ਵਿਚਾਰੇ ਗਏ ਗੀਤਾਂ ਵਿਚ ਹਾਸ–ਰਸ, ਟਿਕਚਰ, ਸ਼ਿਕਵਾ, ਆਦਿ ਡੁਲ੍ਹ ਡੁਲ੍ਹ ਪੈਂਦਾ ਹੈ, ਪਰ ਜੀਵਨ ਨਿਰਾ ਹਾਸਾ–ਠੱਠਾ ਕਦੇ ਵੀ ਨਾ ਹੋਇਆ ਤੇ ਨਾ ਹੋਣਾ ਹੈ। ਕੁਝ ਘੜੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਦ ਕਿ ਮਨੁੱਖ ਸੰਸਾਰ ਨੂੰ ਅਸਥਿਰ ਸਮਝਣ ਲੱਗ ਪੈਂਦਾਹੈ। ਮਰਾਸਣ ਜਾਂ ਨਾਇਣ ਸਿਆਪਿਆਂ ਦੀ ਅਗਵਾਈ ਕਰਦੀ ਹੈ। ਅਗਵਾਈ ਕਰਨ ਵਾਲੇ ਬੋਲਾਂ ਨੂੰ ਅਲਾਹਣੀ ਆਖਿਆ ਜਾਂਦਾਹੈ, ਬਾਕੀਦੀਆਂ ਇਸ ਅਲਾਹੁਣੀ ਨੂੰ ਚੁੱਕਦੀਆਂ ਹਨ, ਉੱਚੀ ਆਵਾਜ਼ ਵਿਚ ਉਚਾਰਦੀਆਂ ਹਨ। ਮੋਤ, ਮਰੇ ਹੋਏ ਦੇ ਸ਼ੁਭ ਗੁਣ, ਦ੍ਰਿਸ਼ਟ ਜਗ ਦੀ ਨਾਸ਼ਮਾਨਤਾ ਆਦਿ ਸਭ ਕੁਝ ਅਲਾਹਣੀ ਵਿਚ ਆ ਜਾਂਦਾ ਹੈ:

                   ਮਰਾਸਣ                                                ਜ਼ਨਾਨੀਆਂ

          ਹਾਂ, ਜੀ ਨਾਲੇ ਬੱਕੀ ਦੇ ਅਸਵਾਰ।                                ਮੇਰੇ ਰਾਜਿਆਂ ਤੂੰ ਅਮੀਰ।

          ਹਾਂ, ਜੀ ਤੈਨੂੰ ਜਾ ਉਤਾਰਿਆ ਰੰਗ ਸਰ।                          ਮੇਰੇ ਰਾਜਿਆਂ ਤੂੰ ਅਮੀਰ।

          ਹਾਂ, ਜੀ ਮੈਨੂੰ ਮੋਤੀ ਦਾਨ ਕਰਦਾ ਸੈਂ।                                       ਮੇਰੇ ਰਾਜਿਆਂ ਤੂੰ ਅਮੀਰ।

          ਜਾਂ

          ਹਾਇਆ ਤੈਨੂੰ ਕੀ ਹੋਇਆ, ਬੀਬੀ ਮਰਨੀਏ ?                    ਹਾਇਆ ਧੀਏ ਮੋਰਨੀਏ

          ਹਾਂਇਆ ਟੁੱਟ ਗਈ ਵਿਚੋਂ ਕੱਚੀ ਕਲੀ                                       ਹਾਇਆ ਕੱਚੀ ਕਲੀ

          (12) ਟੱਪੇ : ‘ਮੇਰੀ ਕੱਤਣੀ ’ਚ ਪੈਣ ਫੁਰਾਟੇ, ਪੂਣੀਆਂ ਦੇ ਸੱਪ ਬਣ ਗਏ’––ਟੱਪੇ ਦੀ ਉਦਾਹਰਣ ਹੈ। ਟੱਪਾ ਆਖਦੇ ਕਿਸ ਨੂੰ ਹਨ ? ਕਈਆਂ ਦੇ ਢੋਲੇ, ਮਾਹੀਏ, ਜਿੰਦੂਏ, ਰੇਲਾਂ ਆਦਿ ਨੂੰ ਟੱਪਿਆਂ ਵਿਚ ਸ਼ੁਮਾਰ ਕੀਤਾ ਹੈ ਤੇ ਕਈਆਂ ਨੇ ਬੋਲੀ ਨੂੰ ਹੀ ਟੱਪੇ ਦਾ ਉਪਨਾਮ ਮੰਨਿਆ ਹੈ। ਇਕ ਆਲੋਚਕ ਛੋਟੀ ਬੋਲੀ ਨੂੰ ਟੱਪਾ ਮੰਨਦਿਆਂ ਆਖਿਆ ਹੈ ਕਿ ਟੱਪਣ ਜਾਂ ਨੱਚਣ ਲਈ ਗਾਏ ਜਾਂਦੇ ਹੋਣ ਕਰਕੇ ਇਸ ਦਾ ਨਾਉਂ ਟੱਪਾ ਪੈ ਗਿਆ।

          ਟੱਪਾ ਉਹ ਇਕਹਿਰੀ ਤੁਕ ਵਾਲਾ ਲੋਕ–ਗੀਤ ਹੈ ਜਿਸ ਨੂੰ ਢੋਲਕੀ ਨਾਲ ਸੁਰ ਕਰਕੇ ਗਿੱਧੇ ਜਾਂ ਨਾਚ ਨਾਲ ਗਾਇਆ ਜਾ ਸਕਦਾ ਹੈ, ਜਿਵੇਂ :

                   ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ, ਉਦੋਂ ਕਿਉਂ ਨਾ ਆਇਆ ਮਿੱਤਰਾ ?

          ਇਸ ਟੱਪੇ ਵਿਚ ਤੁਕ ਇਕੋ ਹੈ, ਢੋਲਕੀ ਨਾਲ ਗਾਈ ਜਾ ਸਕਦੀ ਹੈ ਤੇ ਨਾਚ ਅਥਵਾ ਗਿੱਧੇ ਨਾਲ ਸੁਰ ਬੈਠ ਸਕਦੀ ਹੈ। ਟੱਪਿਆਂ ਵਿਚ ਅਲੰਕਾਰ ਮਿਲਦੇ ਹਨ, ਉਦਾਹਰਣਾਂ ਇਹ ਹਨ ––“ਰਾਂਝਾ ਕੀਲ ਕੇ ਪਟਾਰੀ ਵਿਚ ਰੱਖਿਆ, ਹੀਰ ਬੰਗਾਲਣ ਨੇ”, ਜਦੋਂ ਮੈਂ ਮੁਕਲਾਵੇ ਤੁਰ ਗਈ, ਗਲੀਆਂ ਦੇ ਕੱਖ ਰੋਣਗੇ”, “ਰਾਂਝਾ ਮੱਝੀਆਂ ਨੂੰ ਹੂਕਰ ਮਾਰੇ, ਮੇਰੇ ਭਾਣੇ ਮੋਰ ਬੋਲਦੇ” ਆਦਿਕ।

          (13) ਮਾਹੀਏ : ਮਾਹੀਏ ਨਾਲ ਬਾਲੋ ਨਾਉਂ ਜੁੜਿਆ ਵੇਖਦੇ ਆਏ ਹਾਂ। ‘ਇਹ ਹੈ ਹੀ ਅਸਲ ਵਿਚ ਨੱਢੀਆਂ ਦਾ ਗੀਤ ਜੋ ਆਪਣੇ ਮਾਹੀ ਦੇ ਵਿਛੋੜੇ  ਉਚਾਰਿਆ ਗਿਆ ਹੈ’ (ਦਲੇਰ)। ਗੀਤਾਂ ਦੀ ਇਹ ਪ੍ਰਸ਼ਨੋਤਰੀ ਹੁੰਦੀ ਹੈ, ਅਰਥਾਤ ਇਕ ਵਾਰ ਮਾਹੀਆ ਬੋਲਦਾ ਹੈ ਤੇ ਦੂਰੀ ਵਾਰ ਬਾਲੋ। ‘ਦੋ ਪੱਤਰ ਅਨਾਰਾਂ ਦੇ’, ‘ਬਾਗੇ ਵਿਚ ਕਾਂ ਬੋਲੇ’, ਚਿੜੀਆਂ ਬਾਰ ਦੀਆਂ’, ਕਿੱਕਰੀ’ ਤੇ ਬੂਰ ਹੋਸੀ’, ਆਦਿ ਤੁਕਾਂ ਮਾਹੀਏ ਵਿਚ ਕੇਵਲ ਤੁਕਾਂਤ ਮੇਲਦ ਲਈ ਆਈਆਂ ਹੁੰਦੀਆਂ ਹਨ।

          (14) ਢੋਲੇ : ‘ਕੁਦਰਤਾਂ ਤੇਰੀਆਂ ਹਟ ਹੱਡੂੰ ਨਾ ਜਾਂਦੀਆਂ’ ਢੋਲੇ ਦੀ ਪ੍ਰਸਿੱਧ ਤੁਕ ਹੈ। ਢੋਲਾ ਪੰਜਾਬ ਦੇ ਪੱਛਮੀ ਭਾਗ ਦੇ ਬਾਰ ਦੇ ਇਲਾਕੇ ਦਾ ਜਾਂਗਲੀ ਗੀਤ ਹੈ। ਹਰਜੀਤ ਸਿੰਘ ਅਨੁਸਾਰ “ਢੋਲੇ ਦਾ ਛੰਦ ਸਾਡੇ ਪੁਰਾਤਨ ਛੰਦ–ਸ਼ਾਸਤ੍ਰ ਦੇ ਪਿੱਛੇ ਨਹੀਂ ਤੁਰਦਾ। ਇਹ ਜਾਂਗਲੀ ਲੋਕ–ਪ੍ਰਤਿਭਾ ਦੀ ਆਪਣੀ ਰਚਨਾ ਹੈ। ਢੋਲੇ ਦਾ ਰਾਗ ਜਾਂਗਲੀ ਮਰਦ ਦੀਆਂ ਦਰਦ ਭਰੀਆਂ ਘਨਘੋਰਾਂ ਹਨ।”

          ਜਾਂਗਲੀਆਂ ਦੇ ਪ੍ਰਕ੍ਰਿਤੀ–ਪ੍ਰੇਮ ਨੂੰ ਇਕ ਢੋਲੇ ਵਿਚ ਮੂਰਤੀਮਾਨ ਹੋਇਆ ਵੇਖੋ :

                   ਕੰਨੀ ਬੁੰਦੇ ਸੁਹਣੇ, ਸਿਰ ਤੇ ਛੱਤੇ ਸੈ ਮਣਾਂ ਦੇ।

                   ਉਥੇ ਦੇਵੀਂ ਬਾਬਲਾ, ਜਿੱਥੇ ਟਾਲ੍ਹ ਵਣਾਂ ਦੇ।

          ਢੋਲਿਆਂ ਵਿਚ ਕਈ ਸੁੰਦਰ ਅਲੰਕਾਰ ਹਨ। ਜੋਬਨ ਦੀ ਥੁੜ੍ਹ–ਚਿਰੀ ਨੂੰ ਦੁਪਹਿਰਾਂ ਨਾਲ ਅਤੇ ਸੱਜਣਾਂ ਦੇ ਮਿੱਠੇ ਬੋਲਾਂ ਨਾਲ ਉਪਮਾਇਆ ਹੈ :

                   ਇਸ਼ਕ ਆਂਹਦਾ, ਖਾਲੀ ਜੇਬਨਾ ਝਟ ਪਲਕ ਪਰਾਹੁਣਾ ਏ ਜਿਵੇਂ ਤੱਤਾ ਦੇਹ ਦੁਪਾਹਰੀ।

                                                          ਜਾਂ

                   ਅਸਾਡੇ ਸੱਜਣਾ ਕੇਡੀ ਬੋਲੀ ਮਿੱਠੀਓ, ਜਿਵੇਂ ਕੱਲਰ ਕੂੰਜ ਕੁਰਲਾਵੇ।

          (15) ਬੋਲੀਆਂ : ‘ਰੁੱਤ ਗਿੱਧਾ ਪਾਉਣ ਦੀ ਆਈ ਲੱਕ ਲੱਕ ਹੋ ਗਏ ਬਾਜਰੇ’––ਇਹ ਬੋਲੀਆਂ ਆਮ ਤੌਰ ਤੇ ਦੋ ਤਰ੍ਹਾਂ ਦੀਆਂ ਹਨ। ਘੱਟ ਲੰਮੀਆਂ ਦਾ ਤੋਲ ਮਾਹੀਏ ਨਾਲ ਮਿਲਦਾ ਹੈ ਤੇ ਲੰਮੀਆਂ ਬੋਲੀਆਂ ਦਾ ਆਪਣਾ ਵਿਕੋਲਿਤਰਾ ਰੂਪ ਹੈ। ਲੰਮੀ ਬੋਲੀ ਵਿਚ ਇਕ ਜਣਾ ਬੋਲੀ ਛੁੰਹਦਾ ਹੈ ਤੇ ਤੋੜ ਤੁਕ ਤੁਰਿਆ ਜਾਂਦਾ ਹੈ ਅਤੇ ਬਾਕੀ ਸਾਥੀ ਬੋਲ ਦੇ ਮੁੱਕਣ ਉੱਤੇ, ਇਸ ਦੇ ਆਖ਼ਰੀ ਬੋਲਾਂ ਨੂੰ ਦੋਹਾਂ ਹੱਥਾਂ ਨਾਲ ਤਾੜੀ ਮਾਰਕੇ (ਗਿੱਧਾ) ਚੁੱਕ ਲੈਂਦੇ ਹਨ। ਬੋਲੀ ਦੀਆਂ ਅੰਤਲੀਆਂ ਤੁਕਾਂ ਦਾ ਉਹੋ ਤੋਲ ਹੁੰਦਾ ਹੈ ਜੋ ਟੱਪੇ ਦਾ ਹੈ, ਜਿਵੇਂ :

                   ਕੁੜੀਆਂ ਨੂੰ ਚੰਦ ਚੜ੍ਹਿਆ, ਜਦੋਂ ਹੀਰ ਗਿੱਧੇ ਵਿਚ ਆਈ।

          ਇਹ ਬੋਲੀਆਂ ਆਮ ਤੌਰ ’ਤੇ  ’ਪਿੰਡਾਂ ਵਿਚੋਂ ਪਿੰਡ ਛਾਂਟਿਆਂ’ ਨਾਲ ਆਰੰਭ ਹੋ ਕੇ ਪਿੰਡ ਦੀ ਹਰ ਵਿਸ਼ੇਸ਼ਤਾ, ਪ੍ਰਾਕ੍ਰਿਤਿਕ ਉਦਾਲੇ, ਮੇਲੇ, ਤਿਉਹਾਰ ਆਦਿ ਬਾਰੇ ਸਾਨੂੰ ਭਰਪੂਰ ਵਾਕਫ਼ੀਅਤ ਦਿੰਦੀਆਂ ਹਨ। ਮੋਗੇ ਬਾਰੇ ਆਖਿਆ ਹੈ, ‘ਉਰਲੇ ਪਾਸੇ ਢਾਬ ਸੁਣੀਂਦੀ, ਪਰਲੇ ਪਾਸੇ ਟੋਭਾ’।

          (16) ਬੁਝਾਰਤਾਂ : ਬੁੱਝਣ ਵਾਲੀਆਂ ਬਾਤਾਂ ਨੂੰ ਬੁਝਾਰਤਾਂ ਆਖਦੇ ਹਨ। ਪਹੇਲੀਆਂ ਵਿਚ “ਕਿਸੇ ਵਸਤੂ ਦੀ ਅਸਪਸ਼ਟ ਤੇ ਧੁੰਦਲੀ ਜਿਹੀ ਰੂਪ–ਰੇਖਾ ਖਿੱਚੀ ਹੁੰਦੀ ਹੈ ਜਾਂ ਕਈ ਪਾਰ ਸੰਕੇਤਾਂ ਜਾਂ ਚਿੰਨ੍ਹਾਂ ਦਾ ਅਜਿਹਾ ਛਿਲਕਾ ਚੜ੍ਹਿਆ ਹੁੰਦਾ ਹੈ ਕਿ ਭੰਨੇ ਬਗ਼ੈਰ ਵਿਚਲੀ ਗਿਰੀ ਨਹੀਂ ਕੱਢੀ ਜਾ ਸਕਦੀ” (ਵਣਜਾਰਾ ਬੇਦੀ)। ਉਦਾਹਰਣ ਵਜੋਂ ਕੁਝ ਬੁਝਾਰਤਾਂ ਪੇਸ਼ ਹਨ।

                   ਤਖ਼ਤ ਹਜ਼ਾਰਾ ਹਿਲਿਆ, ਬਾਗੋਂ ਹਿੱਲੀ ਚੀਲ।

                   ਸਾਰਾ ਪਰਬਤ ਹਿੱਲਿਆ, ਹਿੱਲ ਗਿਆ ਕਸ਼ਮੀਰ।                                    ––(ਭੂਚਾਲ)

                   ਸਈਓ ਨੀ ਇੱਕ ਡਿੱਠੈ ਮੋਤੀ।

                   ਵਿੰਨ੍ਹਦਿਆਂ ਵਿੰਨ੍ਹਦਿਆਂ ਝੜ ਗਏ,

                   ਮੈਂ ਰਹੀ ਖੜੋਤੀ।                                                                     ––(ਤਰੇਲ)

          (17) ਸੱਦ : ਸੱਦ ਜਿਵੇਂ ਕਿ ਇਸ ਦੇ ਨਾਉਂ ਤੋਂ ਪ੍ਰਤੱਖ ਹੈ ਆਪਣੇ ਪ੍ਰਿਯ ਦਾ ਨਾਉਂ ਲੈ ਕੇ ਸੰਬੋਧਨ ਕਰਦੀ ਲੋਕ–ਧੁਨੀ ਹੈ। ਪੰਜਾਬੀ ਲੋਕ–ਗੀਤਾਂ ਵਿਚ ਇਹ ਸੱਦ ‘ਸਿਪਾਹੀਆਂ’, ‘ਚੀਰੇ ਵਾਲਿਆਂ’, ‘ਕੰਠੇ ਵਾਲਿਆਂ’, ‘ਹਾਕਮਾਂ’, ‘ਰਾਂਝਣਾ’, ‘ਬੀਬਾ’, ਆਦਿ ਨਾਂਵਾਂ ਨੂੰ ਸੰਬੋਧਨ ਵਜੋਂ ਵਰਤਦੀ ਹੈ। ਹੇਠ ਲਿਖੀ ਸੱਦ ਵਿਚ ‘ਰਾਝਣ’, ‘ਹਾਕਮ’ ਅਤੇ ‘ਮਾਹੀ’, ਤਿੰਨੇ ਆਏ ਹਨ :

                   ਮੇਰਿਆ ਮਾਹੀਆ ਵੇ!

                   ਵਣ ਵਣ ਦੇ ਹੇਠ ਨਾ ਲੇਟ ਮੇਰਿਆ ਹਾਕਮਾਂ।

                   ਜੇ ਮੈਂ ਹੋਵਾਂ ਨਾਗਣੀ, ਵੇ ਰਾਂਝਣਾ।

                   ਕੁੰਡਲੀ ਤਾਂ ਪਾਵਾਂ ਤੇਰੀ ਸੇਜ ਨੂੰ।

ਇਸੇ ਤਰ੍ਹਾਂ ‘ਚੀਰੇ ਵਾਲਾ’ ਸੰਬੋਧਨ ਵੇਖੋ :

                   ਉਚੱੜਾ ਬੁਰਜ ਲਾਹੌਰ ਦਾ, ਵੇ ਚੀਰੇ ਵਾਲਿਆ!

                   ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ।

(18) ਫੁਟਕਲ : ਕਈ ਲੋਕ–ਗੀਤਾਂ ਵਿਚ ਬਾਬਲ ਅਤੇ ਧੀ ਦੇ ਰਿਸ਼ਤੇ, ਪਰਸਪਰ ਪਿਆਰ ਨੂੰ ਗਾਂਵਿਆ ਗਿਆ ਮਿਲਦਾ ਹੈ :

                   ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਵੇ ਜਾਣਾ

          ਕਈਆਂ ਵਿਚ ਮਾਵਾਂ ਤੇ ਧੀਆਂ ਰਲ ਬੈਠਦੀਆਂ ਹਨ ਤੇ ਆਪਸ ਵਿਚ ਗੱਲਾਂ ਕਰਦੀਆਂ ਹਨ। ਕਈ ਵਾਰ ਇਨ੍ਹਾਂ ਗੱਲਾਂ ਵਿਚੋਂ ਧੀ ਦਾ ਪਿਆਰ ਤਰਲਾ ਬਣ ਕੇ ਇੰਜ ਨਿਕਲਦਾ ਹੈ :

                   ਅੱਜ ਦੀ ਦਿਹਾੜੀ ਰੱਖ ਲੈ ਡੋਲੀ ਨੀ ਮਾਂ।

                   ਰਵ੍ਹਾਂ ਬਾਪ ਦੀ ਬਣ ਕੇ ਗੋਲੀ ਨੀ ਮਾਂ।

          ਵੀਰ ਤੇ ਭੈਣ ਪਿਆਰ ਦੇ ਤਾਂ ਬਹੁਤ ਸਾਰੇ ਗੀਤ ਮਿਲਦੇ ਹਨ :

                   ਵੀਰਾ ਹੱਥ ਲਵਾਂ ਕਸੀਦੜਾ

                   ਕੁਛੱੜ ਲਵਾਂ ਭਤੀਜੜਾ

                   ਗਲੀਓਂ ਗਲੀ ਖਿਡਾਂ

                   ਤੇ ਵੀਰਾ ਲੈ ਚੱਲ ਮਾਂ ਪਿਓ ਦੇ ਕੋਲ

                   ਮੈਂ ਖੰਡ ਦਾ ਪਲੇਥਣ ਲਾਵਾਂ, ਵੀਰ ਤੇਰੇ ਫੁਲਕੇ ਨੂੰ।

                   ਚੰਨ ਚੜ੍ਹਿਆ ਬਾਪ ਦੇ ਖੇੜੇ, ਵੀਰ ਘਰ ਪੁੱਤ ਜੰਮਿਆਂ।

                   ਵੀਰਾ ਮੈਨੂੰ ਕੰਗਣ ਘੜਾ ਦੇ

                   ਉੱਤੇ ਲਵਾ ਦੇ ਤਾਰ

                   ਪੇਕਿਆਂ ਦੀ ਵੱਡੀ ਏ ਬਹਾਰ।

                   ਵੀਰ ਮੇਰੇ ਦਾ ਨ੍ਹਾਵਣ ਆਇਆ।

                   ਮੈਂ ਖੁਸ਼ੀਆਂ ਨਾਲ ਨਵ੍ਹਾਇਆ।

                   ਵੀਰ ਮੇਰੇ ਦਾ ਗਾਨਾ ਆਇਆ।

                   ਮੈਂ ਖੁਸ਼ੀਆਂ ਨਾਲ ਬੰਨ੍ਹਾਇਆ।

          ਰੋਮਾਂਸ ਤਾਂ ਇਨ੍ਹਾਂ ਗੀਤਾਂ ਦੀ ਜਿੰਦ ਜਾਨ ਹੈ, ਜਿਵੇਂ :

                   ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ ਤੇਰੀ ਮੇਰੀ ਇਕ ਜਿੰਦੜੀ।

                                                          ਜਾਂ

                   ਜਿੱਥੇ ਤੇਰਾ ਹਲ ਵਗਦਾ, ਉਥੇ ਲੈ ਚੱਲ ਚਰਖਾ ਮੇਰਾ।

          ਕਈ ਲੋਕ–ਗੀਤ ਪਸ਼ੂਆਂ ਨਾਲ ਸੰਬੰਧਿਤ ਹਨ, ਜਿਵੇਂ :

ਬੋਤਾ    :         ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ, ਸੋਨੇ ਦੇ ਤਵੀਤਾਂ ਵਾਲਿਆ

ਡਾਚੀ    :         ਡਾਚੀ ਵਾਲਿਆ ਮੋੜ ਮੁਹਾਰ ਵੇ

                   ਕਰਮਾਂ ਵਾਲਿਆ ਮੋੜ ਮੁਹਾਰ ਵੇ

                   ਤੇਰੇ ਨਾਮ ਦੇ ਲਿਆਂ ਬੇੜਾ ਪਾਰ ਵੇ

                   ਡਾਚੀ ਵਾਲਿਆ ਮੋੜ ਮੁਹਾਰ ਵੇ।

ਮੱਝ     :         ਕੈਰੀਆਂ ਤੇ ਕਾਲੀਆਂ ਮੱਝਾਂ ਅਰਸ਼ਾਂ ਤੋਂ ਆਂਦੀਆਂ।

                   ਇਹ ਹੂਰਾਂ ਤੇ ਪਰੀਆਂ ਲਾਵਣ ਤਾਰੀਆਂ, ਦਿੱਸਣ ਸੁਹਾਂਦੀਆਂ।

          ਗਹਿਣਿਆਂ ਸੰਬੰਧੀ ਲੋਕ–ਗੀਤਾਂ ਦੀਆਂ ਉਦਾਹਰਣਾਂ :

ਛੱਲਾ    :         ਛੱਲਾ ਆਇਆ ਪਾਰੂੰ

                   ਵੇ ਛੱਲਾ ਆਇਆ ਪਾਰੂੰ

                   ਲੰਘਿਆ ਵੈਨਾ ਏਂ ਬਾਹਰੂੰ

                   ਮੇਰੇ ਦਿਲ ਦੀ ਦਾਰੂੰ

                   ਸੁਣ ਯਾਰ ਦਿਆ ਛੱਲਿਆ

                   ਜੋਬਨ ਵੈਂਦਾ ਏ ਢੱਲਿਆ।

ਮੁੰਦਰੀ  :         ਮਾਹੀਆ ਢੋਲ ਸਿਪਾਹੀਆ

                   ਮੁੰਦਰੀ ਦੇ ਦੇ ਮਾਹੀਆ

ਬਾਂਕਾਂ    :         ਉੱਚੇ ਟਿਬੇ ਮੇਰਾ ਛੋਲਿਆਂ ਦਾ ਬੂਟਾ, ਉਸ ਨੂੰ ਲੱਗਆਂ ਢਾਈ ਟਾਂਕਾਂ

                   ਘੜਾ ਦੇ ਸੱਜਣਾ ਜੜਾਊ ਬਾਂਕਾਂ।

ਪੌਂਹਚੀ   :         ਜਾਵੀਂ ਮੇਲੇ ਤੇ ਲਿਆ ਦੇਈਂ ਪੌਹੰਚੀ, ਲੈ ਜਾ ਮੇਰਾ ਗੁਟ ਮਿਣ ਕੇ।

ਸੱਗੀ–ਫੁੱਲ :      ਸੱਗੀ ਤਾਂ ਮੇਰੇ ਮਾਪਿਆਂ ਕਰਾਈ, ਤੂੰ ਮੈਨੂੰ ਫੁੱਲ ਕਰਾ ਦੇ।

ਲੌਗ–ਤੀਲੀ :     ਬੇਰੀਆਂ ਵੀ ਲੰਘ ਗਈ, ਕਿੱਕਰਾਂ ਵੀ ਲੰਘ ਗਈ, ਲੰਘਦਾ ਰਹਿ ਗਿਆ ਗਹੀਰਾ।

                   ਸਿਪਾਹੀਆਂ ਲੌਂਗ ਘੜਾ, ਤੀਲੀ ਘੜਾ ਦਿਊ ਮੇਰਾ ਵੀਰਾ।

          ਕਈ ਲੋਕ–ਗੀਤ ਲੋਕਾਂ ਦੀ ਆਰਥਿਕ ਦਸ਼ਾ ’ਤੇ ਭਰਪੂਰ ਚਾਨਣ ਪਾਉਂਦੇ ਹਨ, ਜਿਵੇਂ :

                   ਕਾਸ਼ਨੀ ਦੁਪੱਟੇ ਵਿਚ ਤਿੰਨ ਧਾਰੀਆਂ।

                   ਪਹਿਨਣ ਨਾ ਦੇਂਦੀਆਂ ਕਬੀਲਦਾਰੀਆਂ।

                   ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦੇ ਨਾ ਬਣੇ।

                   ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।

          ਮੰਨਤਾਂ ਮੰਨਣ ਤੇ ਮੁਰਾਦਾਂ ਪਾਉਣ ਲਈ ਕਈ ਤਰ੍ਹਾਂ ਦੇ ਵਹਿਮ, ਭਰਮ ਆਦਿ ਵੀ ਲੋਕ–ਗੀਤਾਂ ਵਿਚ ਆਏ ਹਨ, ਜਿਵੇਂ :

                   ਪਿਪਲਾ ਵੇ ਹਰਿਆਲਿਆ ਤੇਰਾ ਪੂਜਾਂ ਮੁੱਢ।

                   ਤੈਨੂੰ ਪੂਜ ਕੇ ਪਿਪਲਾ, ਮੈਂ ਕਦੀ ਨਾ ਪਾਵਾਂ ਦੁੱਖ।

          ਗੁਰੂਆਂ ਤੇ ਪੀਰਾਂ ਨੂੰ ਸ਼ਰਧਾਂਜਲੀ ਵਜੋਂ ਵੀ ਗੀਤ ਆਏ ਹਨ, ਜਿਵੇਂ :

                   ਗੁਰੂ ਧਿਆ ਕੇ ਮੈਂ ਬੋਲੀ ਪਾਵਾਂ, ਸਭ ਨੂੰ ਫ਼ਹਿਤ ਬੁਲਾਵਾਂ।

                   ਮੋਰਾਂ ਵਾਂਗਣ ਪੈਲਾਂ ਪਾਂਦੀ, ਮਿੱਠੇ ਬੋਲ ਸੁਦਾਵਾਂ।

          ਲੋਰੀਆਂ, ਘੋੜੀਆਂ, ਖੇਡਾਂ, ਤਮਾਸ਼ਿਆਂ, ਤੀਆਂ, ਤ੍ਰਿੰਞਣਾਂ, ਵਾਢੀਆਂ, ਗੋਡੀਆਂ ਬਾਰੇ; ਨਾਨਕਿਆਂ, ਦਾਦਕਿਆਂ, ਪੇਕਿਆਂ, ਸਹੁਰਿਆਂ ਬਾਰੇ; ਮਾਂ, ਪਿਉ, ਭੈਣ, ਭਰਾ ਤੇ ਹੋਰ ਰਿਸ਼ਤਿਆਂ ਨਾਤਿਆਂ ਬਾਰੇ; ਜੰਗ ਤੇ ਅਮਨ ਬਾਰੇ; ਗੱਲ ਕੀ ਜ਼ਿੰਦਗੀ ਦੇ ਹਰ ਪੱਖ ਬਾਰੇ ਸਾਨੂੰ ਪੰਜਾਬੀ ਵਿਚ ਲੋਕ–ਗੀਤ ਪ੍ਰਾਪਤ ਹਨ।

          [ਸਹਾ. ਗ੍ਰੰਥ––ਪੰਡਿਤ ਰਾਮ ਸਰਨ ਦਾਸ : ‘ਪੰਜਾਬ ਦੇ ਗੀਤ’; ਦੇਵਿੰਦਰ ਸਤਿਆਰਥੀ : ‘ਗਿੱਧਾ’; ਹਰਜੀਤ ਸਿੰਘ : ‘ਨੈਂ ਝਨਾਂ’; ਅਵਤਾਰ ਸਿੰਘ ਦਲੇਰ : ‘ਅੱਡੀ ਟੱਪਾ’, ‘ਪੰਜਾਬੀ ਲੋਕ ਗੀਤ’; ਡਾ. ਸੁਰਿੰਦਰ ਸਿੰਘ ਬੇਦੀ : ‘ਲੋਕ ਆਖਦੇ ਹਨ’; ਡਾ. ਰੰਧਾਵਾ ਤੇ ਸਤਿਆਰਥੀ : ‘ਪੰਜਾਬੀ ਦੇ ਲੋਕ–ਗੀਤ’]


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 21047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.