ਬ੍ਰਹਮ ਗਿਆਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬ੍ਰਹਮ ਗਿਆਨ (ਰਚਨਾ): ਸੇਵਾ ਪੰਥੀ ਸੰਤ ਗੁਪਾਲ ਦਾਸ ਦੀ ਲਿਖੀ ਇਕ ਅਪ੍ਰਕਾਸ਼ਿਤ ਰਚਨਾ ਜਿਸ ਵਿਚ ਕੁਲ 219 ਪਤਰੇ ਹਨ ਅਤੇ ਜਿਸ ਦੀ ਇਕੋ ਇਕ ਪ੍ਰਤਿ ਡਾ. ਤਰਲੋਚਨ ਸਿੰਘ ਬੇਦੀ , 15 ਮਾਡਰਨ ਹਾਊਸਿੰਗ ਕਾਰਪੋਰੇਸ਼ਨ , ਮਨੀ ਮਾਜਰਾ , ਚੰਡੀਗੜ੍ਹ ਪਾਸ ਸੁਰਖਿਅਤ ਹੈ। ਇਸ ਦੀ ਭਾਸ਼ਾ ਸ਼ੈਲੀ ਤੋਂ ਇਹ ਅਠਾਰ੍ਹਵੀਂ ਸਦੀ ਦੀ ਰਚਨਾ ਪ੍ਰਤੀਤ ਹੁੰਦੀ ਹੈ। ਮੁੱਖ ਤੌਰ ’ਤੇ ਇਸ ਰਚਨਾ ਦੇ ਦੋ ਹਿੱਸੇ ਜਾਂ ਖੰਡ ਹਨ। ਪਹਿਲੇ ਵਿਚ ਬ੍ਰਹਮ ਗਿਆਨ ਦੇ ਸਰੂਪ ਅਤੇ ਸਿੱਧਾਂਤ ਦਾ ਵਿਸ਼ਲੇਸ਼ਣ ਕਰਦਿਆਂ ਇਸ ਦੀ ਪ੍ਰਾਪਤੀ ਦੇ ਸਾਧਨਾਂ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਦੂਜੇ ਹਿੱਸੇ ਵਿਚ ਬ੍ਰਹਮ ਗਿਆਨ ਪ੍ਰਾਪਤ ਕਰ ਚੁਕੇ ਵਿਅਕਤੀ , ਅਰਥਾਤ ਬ੍ਰਹਮ ਗਿਆਨੀ ਦੀ ਮਨੋਦਸ਼ਾ ਨੂੰ ਚਿਤਰਿਆ ਗਿਆ ਹੈ।
ਇਸ ਰਚਨਾ ਦੇ ਅਧਿਐਨ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਸੰਤ ਗੁਪਾਲ ਦਾਸ ਨੇ ਗੁਰੂ ਅਰਜਨ ਦੇਵ ਜੀ ਦੀ ਰਚੀ ‘ਸੁਖਮਨੀ ’ ਨਾਂ ਦੀ ਬਾਣੀ ਦੀ ਅੱਠਵੀਂ ਅਸ਼ਟਪਦੀ ਵਿਚ ਵਰਣਿਤ ਬ੍ਰਹਮ ਗਿਆਨੀ ਦੇ ਸਰੂਪ ਦਾ ਵਿਸ਼ਲੇਸ਼ਣ ਕਰਨ ਲਈ ਹੀ ਇਸ ਰਚਨਾ ਦੀ ਸਿਰਜਨਾ ਕੀਤੀ ਸੀ। ਉਸ ਨੇ ਬ੍ਰਹਮਗਿਆਨ ਅਤੇ ਬ੍ਰਹਮਗਿਆਨੀ ਸੰਬੰਧੀ ਧਾਰਣਾਵਾਂ ਨੂੰ ਸੰਪੁਸ਼ਟ ਕਰਨ ਲਈ ਫ਼ਾਰਸੀ ਭਾਸ਼ਾ ਵਿਚ ਲਿਖੀਆਂ ਸੂਫ਼ੀ ਸਾਧਕਾਂ ਦੀਆਂ ਰਚਨਾਵਾਂ ਅਤੇ ਭਾਰਤੀ ਵਿਰਸੇ ਨਾਲ ਸੰਬੰਧਿਤ ‘ਯੋਗ ਵਾਸ਼ਿਸ਼ਠ’ ਅਤੇ ‘ਭਗਵਦ ਗੀਤਾ’ ਤੋਂ ਅਨੇਕ ਤੱਥ ਅਤੇ ਟੂਕਾਂ ਦਿੱਤੀਆਂ ਹਨ। ਬ੍ਰਜ ਭਾਸ਼ਾ ਅਤੇ ਲਹਿੰਦੀ ਪੰਜਾਬੀ ਤੋਂ ਪ੍ਰਭਾਵਿਤ ਸਧੁੱਕੜੀ ਵਿਚ ਲਿਖੀ ਇਹ ਰਚਨਾ ਸੇਵਾਪੰਥੀ ਸੰਪ੍ਰਦਾਇ ਦੀ ਅਧਿਆਤਮਿਕ ਪਹੁੰਚ ਵਿਧੀ ਨੂੰ ਰੂਪਮਾਨ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬ੍ਰਹਮ ਗਿਆਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬ੍ਰਹਮ ਗਿਆਨ (ਖ. ਤ. ਪੁ. ਸ.। ਸੰਸਕ੍ਰਿਤ ਬ੍ਰਹਮ ਗ੍ਯਾਨ) ਬ੍ਰਹਮ ਦਾ ਜਾਨਣਾ। ਪੂਰਨ ਗ੍ਯਾਨ। ਯਥਾ-‘ਕਥੇ ਨਾਨਕ ਬ੍ਰਹਮ ਗਿਆਨ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First