ਭਾਰਤੀ ਭਾਸ਼ਾਵਾਂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਰਤੀ ਭਾਸ਼ਾਵਾਂ: ਭਾਰਤ ਬਹੁ-ਭਾਸ਼ੀ ਦੇਸ ਹੈ। ਇੱਥੇ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪ੍ਰਸਿੱਧ ਭਾਰਤੀ ਵਿਦਵਾਨ ਸਿਧੇਸਵਰ ਵਰਮਾ ਦੇ ਸਰਵੇਖਣ ਮੁਤਾਬਕ ਇੱਥੇ 255 ਭਾਸ਼ਾਵਾਂ ਅਤੇ 750 ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ ਵਿਦਵਾਨ ਜਾਰਜ ਗ੍ਰੀਅਰਸਨ ਦੇ ਸਰਵੇਖਣ ਮੁਤਾਬਕ ਭਾਰਤ ਵਿੱਚ 179 ਭਾਸ਼ਾਵਾਂ ਅਤੇ 544 ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਦੀਆਂ ਬਹੁਤੀਆਂ ਭਾਸ਼ਾਵਾਂ ਸੰਸਾਰ ਦੇ ਦੋ ਭਾਸ਼ਾ ਪਰਿਵਾਰਾਂ ਨਾਲ ਸੰਬੰਧਿਤ ਹਨ। ਬਹੁਤੀਆਂ ਭਾਰਤੀ ਸੰਸਾਰ ਦੇ ਸਭ ਤੋਂ ਵੱਡੇ ਅਤੇ ਅਹਿਮ ਭਾਸ਼ਾ ਪਰਿਵਾਰ ‘ਭਾਰਤ-ਯੂਰਪੀ’ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਹਨ। ਪਰ ਦੱਖਣੀ ਭਾਰਤ ਦੀਆਂ ਭਾਸ਼ਾਵਾਂ ‘ਦਰਾਵੜ ਭਾਸ਼ਾ ਪਰਿਵਾਰ’ ਵਿੱਚੋਂ ਹਨ। ਭਾਰਤ-ਯੂਰਪ ਭਾਸ਼ਾ ਪਰਿਵਾਰ ਦੇ ਅੱਗੋਂ ਅੱਠ ਉਪ-ਪਰਿਵਾਰ ਵੀ ਨਿਸ਼ਚਿਤ ਕੀਤੇ ਗਏ ਹਨ-

     1. ਭਾਰਤ-ਈਰਾਨੀ 2. ਅਰਮੇਨੀਅਨ 3. ਬਾਲਟੋ- ਸਲਾਵਿਕ 4. ਅਲਬਾਨੀਅਨ 5. ਯੂਨਾਨੀ 6. ਇਥੈਲਿਕ 7. ਜਰਮੈਨਿਕ 8. ਕੈਲਟਿਕ। ਗ੍ਰੀਅਰਸਨ ਮੁਤਾਬਕ ਭਾਰਤ-ਈਰਾਨੀ ਸ਼ਾਖਾ ਦੇ ਅੱਗੋਂ ਫਿਰ ਤਿੰਨ ਉਪਭਾਸ਼ਾ ਘਰਾਣੇ ਬਣ ਜਾਂਦੇ ਹਨ-ਈਰਾਨੀ, ਭਾਰਤੀ-ਆਰੀਆ ਅਤੇ ਦਰਦ। ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ, ਉੜੀਆ, ਬੰਗਲਾ ਅਤੇ ਆਸਾਮੀ ਆਦਿ ਭਾਸ਼ਾਵਾਂ ਤਾਂ ‘ਭਾਰਤੀ-ਆਰੀਆ’ ਪਰਿਵਾਰ ਦੀਆਂ ਭਾਸ਼ਾਵਾਂ ਹਨ। ਕਸ਼ਮੀਰੀ ਦਰਦ ਉਪ-ਸ਼ਾਖਾ ਦੀ ਭਾਸ਼ਾ ਹੈ। ਕਸ਼ਮੀਰੀ ਤੋਂ ਇਲਾਵਾ ਦਰਦ ਉਪਸ਼ਾਖਾ ਵਿੱਚ ਚਤਗਲੀ ਅਤੇ ਕਾਫਿਰ ਭਾਸ਼ਾਵਾਂ ਵੀ ਆ ਜਾਂਦੀਆਂ ਹਨ। ਇਉਂ ਸਮੂਹ ਭਾਰਤ ਦੀਆਂ ਭਾਸ਼ਾਵਾਂ ਇੱਕ ਨਹੀਂ ਬਲਕਿ ਕਈ ਭਾਸ਼ਾ ਪਰਿਵਾਰਾਂ ਨਾਲ ਤਅੱਲਕ ਰੱਖਦੀਆਂ ਹਨ-ਭਾਰਤੀ-ਆਰੀਆ, ਦਰਾਵੜ, ਦਰਦ, ਆਸਟਰੋ- ਏਸ਼ੀਆਟਿਕ ਅਤੇ ਤਿਬਤੋ-ਬਰਮਨ।

     ਇਸੇ ਵੇਲੇ ਭਾਰਤੀ ਸੰਵਿਧਾਨ ਦੇ ਅੱਠਵੇਂ ਸ਼ੈਡਿਊਲ ਵਿੱਚ ਕੇਵਲ 15 ਭਾਸ਼ਾਵਾਂ ਦਰਜ ਹਨ। ਇਹਨਾਂ ਵਿੱਚੋਂ 4 ਦਰਾਵੜੀ ਹਨ ਅਤੇ ਬਾਕੀ 11 ਭਾਰਤੀ ਪਰਿਵਾਰ ਦੀਆਂ ਹਨ। ਇਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :

                                      (ਭਾਰਤੀ ਆਰੀਆ ਭਾਸ਼ਾ ਪਰਿਵਾਰ)

                             ਭਾਸ਼ਾ ਦਾ ਨਾਂ      ਰਾਜ ਦਾ ਨਾਂ

           1.                ਹਿੰਦੀ              ਉਤਰ ਪ੍ਰਦੇਸ਼, ਦਿੱਲੀ,

                                                          ਹਿਮਾਚਲ,ਹਰਿਆਣਾ,

                                                          ਰਾਜਸਥਾਨ, ਮੱਧਭਾਰਤ

                                                          ਅਤੇ ਬਿਹਾਰ।

           2.                ਪੰਜਾਬੀ            ਪੰਜਾਬ

           3.               ਗੁਜਰਾਤੀ                   ਗੁਜਰਾਤ

           4.               ਮਰਾਠੀ            ਮਹਾਰਾਸ਼ਟਰ

           5.               ਉੜੀਆ            ਉੜੀਸਾ

           6.               ਬੰਗਾਲੀ/ਬੰਗਲਾ            ਪੱਛਮੀ ਬੰਗਾਲ

           7.               ਅਸਾਮੀ           ਅਸਾਮ

           8.               ਸਿੰਧੀ              ਸਿੰਧ (ਪਾਕਿਸਤਾਨ)

           9.               ਉਰਦੂ             ਕੋਈ ਵਿਸ਼ੇਸ਼ ਖੇਤਰ ਨਹੀਂ

           10.              ਸੰਸਕ੍ਰਿਤ          ਸਰਬ ਭਾਰਤ ਵਰਗ

           11.               ਕੌਂਕਣੀ             ਗੋਆ

                                      (ਦਰਾਵੜ ਭਾਸ਼ਾ ਪਰਿਵਾਰ)

                             ਭਾਸ਼ਾ ਦਾ ਨਾਂ                ਰਾਜ ਦਾ ਨਾਮ

           12.              ਤਾਮਿਲ           ਤਾਮਿਲਨਾਡੂ

           13.              ਤੇਲਗੂ             ਆਂਧਰਾ ਪ੍ਰਦੇਸ਼

           14.              ਮਲਿਆਲਮ                 ਕੇਰਲ

           15.              ਕੱਨੜ             ਕਰਨਾਟਕ

     ਸਾਹਿਤ ਅਕਾਦਮੀ, ਦਿੱਲੀ ਨੇ ਉਪਰੋਕਤ 15 ਭਾਸ਼ਾਵਾਂ ਸਮੇਤ 22 ਭਾਸ਼ਾਵਾਂ ਨੂੰ ਸਾਹਿਤਿਕ ਭਾਸ਼ਾਵਾਂ ਦੇ ਤੌਰ ਤੇ ਸਵੀਕਾਰ ਕੀਤਾ ਹੈ ਅਤੇ ਇਹਨਾਂ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਸਾਹਿਤਿਕ ਪੁਰਸਕਾਰ ਭੇਟ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :

          1. ਅਸਾਮੀ 2. ਬੰਗਾਲੀ 3. ਡੋਗਰੀ 4. ਅੰਗਰੇਜ਼ੀ  5. ਗੁਜਰਾਤੀ 6. ਹਿੰਦੀ 7. ਕੱਨੜ 8. ਕਸ਼ਮੀਰੀ        9. ਕੌਂਕਣੀ 10. ਮੈਥਿਲੀ 11. ਮਲਿਆਲਮ 12. ਮਨੀਪੁਰੀ 13. ਮਰਾਠੀ 14. ਨੇਪਾਲੀ 15. ਉੜੀਆ 16. ਪੰਜਾਬੀ 17. ਰਾਜਸਥਾਨੀ 18. ਸੰਸਕ੍ਰਿਤ 19. ਸਿੰਧੀ 20. ਤਾਮਿਲ 21. ਤੇਲਗੂ 22. ਉਰਦੂ।

     ਭਾਰਤੀ ਸੰਵਿਧਾਨ ਦੇ 8ਵੇਂ ਸ਼ੈਡਿਊਲ ਵਿੱਚ ਦਰਜ ਉਪਰੋਕਤ ਭਾਸ਼ਾਵਾਂ ਵਿੱਚੋਂ ਸੰਸਕ੍ਰਿਤ ਅਤੇ ਉਰਦੂ ਭਾਸ਼ਾ ਅਜੋਕੇ ਭਾਰਤ ਦੇ ਕਿਸੇ ਵੀ ਇਲਾਕੇ ਦੀਆਂ ਬੋਲ-ਚਾਲ ਦੀਆਂ ਭਾਸ਼ਾਵਾਂ ਨਹੀਂ ਹਨ। ਇਹਨਾਂ ਵਿੱਚੋਂ ਸੰਸਕ੍ਰਿਤ ਤਾਂ ਭਾਰਤੀ-ਆਰੀਆ ਸ਼ਾਖਾ ਦੀ ਮੂਲ ਭਾਸ਼ਾ ਹੈ। ਅੱਜ ਵੀ ਸਾਰੇ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਇਸ ਭਾਸ਼ਾ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਨੂੰ ਭਾਰਤੀ ਭਾਸ਼ਾ ਬੜੇ ਮਾਣ ਨਾਲ ਸਵੀਕਾਰ ਕੀਤਾ ਗਿਆ ਹੇ। ਉਰਦੂ ਭਾਸ਼ਾ ਅੰਗਰੇਜ਼ੀ ਰਾਜ ਵਿੱਚ ਤਾਂ ਕਈ ਪ੍ਰਾਂਤਾਂ ਦੀ ਦਫ਼ਤਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਵੀ ਸੀ। ਪਰ ਹੁਣ ਭਾਰਤ ਵਿੱਚ ਇਸ ਭਾਸ਼ਾ ਦੀ ਸਥਿਤੀ ਬਦਲ ਗਈ ਹੈ। ਫਿਰ ਵੀ ਭਾਰਤ ਵਿੱਚ ਉਰਦੂ ਭਾਸ਼ਾ ਦੀ ਪੜ੍ਹਾਈ ਦਾ ਬੰਦੋਬਸਤ ਹੈ।

     ਇਹਨਾਂ ਭਾਰਤੀ ਭਾਸ਼ਾਵਾਂ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਗ਼ੈਰ-ਭਾਰਤੀ ਹੁੰਦਿਆਂ ਹੋਇਆਂ ਵੀ ਭਾਰਤੀ ਭਾਸ਼ਾ ਪ੍ਰਵਾਨ ਕੀਤੀ ਗਈ ਹੈ। ਅੱਜ ਸਾਰੇ ਭਾਰਤ ਵਿੱਚ ਉਚੇਰੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਭਾਸ਼ਾ ਹੀ ਹੈ। ਦਫ਼ਤਰੀ ਕੰਮ ਕਾਜਾਂ ਲਈ ਵੀ ਅੰਗਰੇਜ਼ੀ ਦੀ ਵਰਤੋਂ ਹੋਰ ਕਿਸੇ ਵੀ ਭਾਸ਼ਾ ਨਾਲੋਂ ਜ਼ਿਆਦਾ ਹੈ।

     ਭਾਰਤ ਦੇ ਕੁਝ ਹਿੱਸਿਆਂ ਵਿੱਚ ‘ਮੁੰਡਾ ਭਾਸ਼ਾਵਾਂ’ ਵੀ ਬੋਲੀਆਂ ਜਾਂਦੀਆਂ ਹਨ। ਇਹ ਭਾਸ਼ਾਵਾਂ ‘ਆਸਟਰੀ- ਏਸ਼ਿਆਈ’ ਭਾਸ਼ਾ-ਘਰਾਣੇ ਨਾਲ ਤਅੱਲਕ ਰੱਖਦੀਆਂ ਹਨ। ਅਸਲ ਵਿੱਚ ਮੁੰਡਾ ਲੋਕ ਭਾਰਤ ਦੇ ਆਦਿ-ਵਾਸੀ ਕਬੀਲੇ ਸਨ। ਇਹਨਾਂ ਦਾ ਗੜ੍ਹ ਤਾਂ ਛੋਟੇ ਨਾਗਪੁਰ ਦਾ ਇਲਾਕਾ ਹੈ ਪਰ ਇਹ ਲੋਕ ਮੱਧ-ਪ੍ਰਦੇਸ਼, ਉੜੀਸਾ ਅਤੇ ਆਸਾਮ ਵਿੱਚ ਵੀ ਰਹਿੰਦੇ ਹਨ। ਇਹਨਾਂ ਭਾਸ਼ਾਵਾਂ ਦਾ ਕੋਈ ਲਿਖਤੀ ਸਾਹਿਤ ਨਹੀਂ ਮਿਲਦਾ ਅਤੇ ਨਾ ਹੀ ਇਹਨਾਂ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਹੈ। ਇਹ ਕੇਵਲ ਬੋਲ-ਚਾਲ ਦੀਆਂ ਭਾਸ਼ਾਵਾਂ ਹਨ ਪਰ ਇਹਨਾਂ ਭਾਸ਼ਾਵਾਂ ਨੇ ਆਰੀਆ ਭਾਸ਼ਾਵਾਂ, ਖ਼ਾਸ ਕਰ ਕੇ ਪੰਜਾਬੀ ਭਾਸ਼ਾ ਉੱਤੇ ਖ਼ਾਸਾ ਪ੍ਰਭਾਵ ਪਾਇਆ ਹੈ।

     ਭਾਰਤ ਦੀਆਂ ਇਹਨਾਂ ਆਰੀਅਨ ਅਤੇ ਅਣ- ਆਰੀਅਨ ਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਸਥਾਨ ਹੈ। ਕਾਰਨ ਇਸ ਦਾ ਇਹ ਹੈ ਕਿ ਇਹਨਾਂ ਸਾਰੀਆਂ ਭਾਸ਼ਾਵਾਂ ਦੀਆਂ ਵੱਡ ਵਡੇਰੀਆਂ ਭਾਸ਼ਾਵਾਂ ਨੇ ਕਿਸੇ ਨਾ ਕਿਸੇ ਵੇਲੇ ਪੰਜਾਬ ਦੇ ਪੰਜਾਂ ਦਰਿਆਵਾਂ ਦਾ ਪਾਣੀ ਜ਼ਰੂਰ ਪੀਤਾ ਹੈ। ਇਸੇ ਅਸਰ ਸਦਕਾ ਉਹਨਾਂ ਵਿੱਚ ਪੰਜਾਬੀਅਤ ਦਾ ਥੋੜ੍ਹਾ ਬਹੁਤਾ ਅੰਸ਼ ਜ਼ਰੂਰ ਹੈ। ਦਰਾਵੜ ਜਾਤੀਆਂ ਅਤੇ ਆਰੀਆ ਜਾਤੀਆਂ ਦਾ ਪੁਰਾਣਾ ਡੇਰਾ ਪੰਜਾਬ ਵਿੱਚ ਹੀ ਸੀ ਜਾਂ ਇਉਂ ਕਹਿ ਲਈਏ ਕਿ ਪੰਜਾਬ ਭਾਰਤੀ ਭਾਸ਼ਾਵਾਂ ਦਾ ਪੇਕਾ ਘਰ ਵੀ ਹੈ ਅਤੇ ਭਾਰਤੀ ਨਸਲਾਂ ਦਾ ਪਨੀਰੀ ਘਰ ਵੀ ਹੈ। ਇੱਥੋਂ ਹੀ ਇਹ ਪਨੀਰੀ ਵੱਖ-ਵੱਖ ਖਿੱਤਿਆਂ ਵਿੱਚ ਜਾ ਕੇ ਸਮੇਂ- ਸਮੇਂ ਤੇ ਪ੍ਰਫੁਲਿਤ ਹੋਈ। ਸਰਬ ਭਾਰਤੀ ਮਹੱਤਤਾ ਵਾਲੀਆਂ ਭਾਸ਼ਾਵਾਂ-ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ਾਂ ਆਦਿ ਵਿੱਚੋਂ ਤਾਂ ਪੰਜਾਬੀ ਵਿਕਸਿਤ ਹੀ ਹੋਈ ਹੈ। ਇਹ ਗੱਲਾਂ ਭਾਰਤੀ ਭਾਸ਼ਾਵਾਂ ਦੇ ਪ੍ਰਸੰਗ ਵਿੱਚ ਪੰਜਾਬੀ ਭਾਸ਼ਾ ਲਈ ਬੜੇ ਗੌਰਵ ਵਾਲੀਆਂ ਹਨ।

          ਭਾਰਤੀ ਭਾਸ਼ਾਵਾਂ ਦੇ ਪ੍ਰਾਦੇਸਿਕ ਰੂਪ ਭੇਦ ਵੇਖਣ ਲਈ ਹੇਠਾਂ ਦਿੱਤੇ ਨਮੂਨੇ ਬੜੇ ਦਿਲਚਸਪ ਹਨ :

          1.            ਪੰਜਾਬੀ       :         ਮੈਂ ਪੋਥੀ ਪੜ੍ਹੀ।

          2.           ਹਿੰਦੀ                   :         ਮੈਂਨੇ ਪੋਥੀ ਪਢੀ।

          3.           ਰਾਜਸਥਾਨੀ   :         ਮੂੰ ਪੋਥੀ ਪਢੀ ਛੇ।

          4.           ਬਿਹਾਰੀ       :         ਹਮ ਪੋਥੀ ਪਢਲੀ।

          5.           ਮਰਾਠੀ       :         ਮੈਂ ਪੋਥੀ ਬਾਂਚੀ।

          6.           ਪਹਾੜੀ       :         ਮੈਇਲੇ ਕਿਤਾਬ ਪਢਿਓ।

          7.           ਉੜੀਆ       :         ਆਮੇ ਪੋਕ ਪੋਢਲੂੰ।

          8.           ਕਸ਼ਮੀਰੀ     :         ਮਿਛਸ ਪੁੜਮਤ ਕਿਤਾਬ।

          9.           ਬੰਗਾਲੀ       :         ਆਮਿ ਵੋਇ ਪੋੜਿਲਾਂ।

          10.          ਤਾਮਿਲ       :         ਨਾਨ ਪੁਸਤਕ ਪਢਿਤਾਨ।

          11.      ਮਾਲਿਆਲਮ      :         ਵਾਨ ਪੁਸਤਕੰ ਵਾਈ ਛੂ।


ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.