ਭਾਵਾਂਸ਼ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਭਾਵਾਂਸ਼: ਰੂਪਵਾਦੀ ਵਿਆਕਰਨਕਾਰ ਭਾਵਾਂਸ਼ ਨੂੰ ਵਿਆਕਰਨ ਦੀ ਛੋਟੀ ਤੋਂ ਛੋਟੀ ਇਕਾਈ ਮੰਨਦੇ ਹਨ ਪਰੰਤੂ ਪਰੰਪਰਾਵਾਦੀ ਵਿਆਕਰਨਕਾਰ ਵਾਕ ਨੂੰ ਵੱਡੀ ਤੋਂ ਵੱਡੀ ਅਤੇ ਸ਼ਬਦ ਨੂੰ ਛੋਟੀ ਤੋਂ ਛੋਟੀ ਇਕਾਈ ਮੰਨਦੇ ਹਨ। ਸ਼ਬਦ ਦੀ ਬਣਤਰ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਚਲਦਾ ਹੈ ਕਿ ਸ਼ਬਦ ਦੀ ਬਣਤਰ ਇਕਹਿਰੀ ਹੀ ਨਹੀਂ ਸਗੋਂ ਬਹੁ-ਲੱਛਣੀ ਹੁੰਦੀ ਹੈ, ਜਿਵੇਂ : ‘ਅਨਪੜ੍ਹਤਾ’ ਵਿਚ \ਅਨ+ਪਅੜ+ਤਆ\ ਵਿਚ ਤਿੰਨ ਭਾਵਾਂਸ਼ ਵਿਚਰਦੇ ਹਨ, ਜੋ ਸ਼ਬਦ ਅਰਥ ’ਤੇ ਅਸਰ ਪਾਉਂਦੇ ਹਨ। ਇਸੇ ਤਰ੍ਹਾਂ ‘ਚਲ’ ਕਿਰਿਆ ਧਾਤੂ ਹੈ ਜਿਸ ਦੀ ਬਣਤਰ ਨਾਲ ਹੋਰ ਭਾਵਾਂਸ਼ ਜੁੜ ਸਕਦੇ ਹਨ : ਚਲਦਾ, ਚਲਦੀ, ਚਲਦੀਆਂ। ਇਨ੍ਹਾਂ ਦੀ ਬਣਤਰ ਇਸ ਪਰਕਾਰ ਹੈ : ਚਲ (ਧਾਤੂ) ਦ (ਕਾਲ ਸੂਚਕ) ਦਾ, ਦੀ, ਦੀਆਂ (ਲਿੰਗ ਵਚਨ ਸੂਚਕ)। ਇਸ ਲਈ ਭਾਸ਼ਾ ਦੀ ਹੇਠਲੀ ਇਕਾਈ ਭਾਵਾਂਸ਼ ਹੈ, ਸ਼ਬਦ ਨਹੀਂ। ਭਾਵਾਂਸ਼ ਦੀ ਪਰਿਭਾਸ਼ਾ ਨੂੰ ਸਥਾਪਤ ਕਰਨ ਲਈ ਇਸ ਦੇ ਲੱਛਣ ਇਸ ਪਰਕਾਰ ਹਨ : (i) ਇਹ ਸ਼ਬਦ ਤੋਂ ਛੋਟੀ ਇਕਾਈ ਹੈ (ii) ਇਹ ਇਕਾਈ ਅਰਥ ਭਰਪੂਰ ਹੁੰਦੀ ਹੈ (iii) ਇਸ ਨੂੰ ਅੱਗੋਂ ਵੰਡਿਆ ਨਹੀਂ ਜਾ ਸਕਦਾ (iv) ਇਸ ਇਕਾਈ ਦੁਆਰਾ ਸ਼ਬਦ ਰਚਨਾ ਦੇ ਨਿਯਮਾਂ ਦਾ ਪਤਾ ਚਲਦਾ ਹੈ (v) ਇਸ ਦਾ ਘੇਰਾ ਧੁਨੀ ਤੋਂ ਲੈ ਕੇ ਸ਼ਬਦ ਤੱਕ ਫੈਲਿਆ ਹੋਇਆ ਹੈ। ਸ਼ਬਦ ਦੀ ਬਣਤਰ ਨੂੰ ਅਧਾਰ ਬਣਾ ਕੇ ਭਾਵਾਂਸ਼ਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਇਕ ਭਾਵਾਂਸ਼ੀ ਸ਼ਬਦ (Monomorphemic) (ii) ਬਹੁ-ਭਾਵਾਂਸ਼ੀ ਸ਼ਬਦ (Polymorphemic)। ਇਕ ਭਾਵਾਂਸ਼ੀ ਸ਼ਬਦਾਂ ਦੀ ਬਣਤਰ ਵਿਚ ਵਿਚਰਦੇ ਕੇਵਲ ਇਕ ਭਾਵਾਂਸ਼ੀ ਰੂਪ ਨੂੰ ਸੁਤੰਤਰ ਭਾਵਾਂਸ਼ ਵੀ ਕਿਹਾ ਜਾਂਦਾ ਹੈ। ਇਸ ਵੰਡ ਅਨੁਸਾਰ ਭਾਵਾਂਸ਼ ਦੋ ਤਰ੍ਹਾਂ ਦੇ ਹੁੰਦੇ ਹਨ : (i) ਸੁਤੰਤਰ ਅਤੇ (ii) ਬੰਧੇਜੀ। ਸੁਤੰਤਰ ਭਾਵਾਂਸ਼ ਨੂੰ (i) ਸ਼ਾਬਦਿਕ (Lexical) ਅਤੇ (ii) ਸਬੰਧ ਦਰਸਾਊ (Functional) ਵਿਚ ਵੰਡਿਆ ਜਾਂਦਾ ਹੈ। (ਵੇਖੋ ਭਾਵਾਂਸ਼ ਵਿਉਂਤ) ਸੁਤੰਤਰ ਦੇ ਉਲਟ ਬੰਧੇਜੀ ਭਾਵਾਂਸ਼ ਸ਼ਬਦ ਵਜੋਂ ਇਕੱਲੇ ਤੌਰ ਤੇ ਨਹੀਂ ਵਿਚਰ ਸਕਦੇ। ਬੰਧੇਜੀ ਭਾਵਾਂਸ਼ਾਂ ਨੂੰ ਰੂਪਾਂਤਰੀ ਅਤੇ ਵਿਉਂਤਪਤ ਭਾਵਾਂਸ਼ਾਂ ਵਿਚ ਵੰਡਿਆ ਜਾਂਦਾ ਹੈ। ਰੂਪਾਂਤਰੀ ਭਾਵਾਂਸ਼ ਕਿਸੇ ਸ਼ਬਦ ਦੇ ਅੰਤ ’ਤੇ ਆ ਕੇ ਸ਼ਬਦ ਦੀ ਵਿਆਕਰਨਕ ਸ਼ਰੇਣੀ (ਲਿੰਗ, ਵਚਨ ਆਦਿ) ਦੀ ਸੂਚਨਾ ਦਿੰਦੇ ਹਨ। ਇਹ ਭਾਵਾਂਸ਼ ਵਿਕਾਰੀ ਰੂਪਾਂ ਦੇ ਸੂਚਕ ਹੁੰਦੇ ਹਨ ਅਤੇ ਇਨ੍ਹਾਂ ਦੀ ਰੂਪਾਵਲੀ ਬਣਦੀ ਹੈ, ਜਿਵੇਂ : ਪੀ, ਪੀਂਦਾ, ਪੀਂਦੇ, ਪੀਂਦੀਆਂ ਆਦਿ। ਬੰਧੇਜੀ ਭਾਵਾਂਸ਼ਾਂ ਦੀ ਲਿਸਟ ਵਿਚ ਧਾਤੂ ਤੋਂ ਪਹਿਲਾਂ ਵਿਚਰਨ ਵਾਲੇ ਅਗੇਤਰਾਂ ਨੂੰ ਵੀ ਰੱਖਿਆ ਜਾਂਦਾ ਹੈ। ਇਹ ਭਾਵਾਂਸ਼ ਵਿਉਂਤਪਤ ਹੁੰਦੇ ਹਨ ਜਿਵੇਂ : ਅਸਹਿ-ਅ+ਸਹਿ, ਅਪਮਾਨ-ਅਪ+ਮਾਨ ਆਦਿ। ਰੂਪਾਂਤਰੀ ਭਾਵਾਂਸ਼ ਸ਼ਰੇਣੀ ਰੱਖਿਅਕ ਹੁੰਦੇ ਹਨ ਭਾਵ ਇਹ ਭਾਵਾਂਸ਼ ਜਿਸ ਸ਼ਬਦ (ਧਾਤੂ ਜਾਂ ਭਾਵਾਂਸ਼ਾਂ) ਤੋਂ ਪਿਛੋਂ ਵਿਚਰਦੇ ਹਨ, ਉਸ ਦੀ ਵਿਆਕਰਨਕ ਸ਼ਰੇਣੀ ਵਿਚ ਤਬਦੀਲੀ ਨਹੀਂ ਲਿਆਉਂਦੇ। ਭਾਵਾਂਸ਼ ਦੀ ਵਰਤੋਂ ਤੋਂ ਪਿਛੋਂ ਨਾਂਵ, ਕਿਰਿਆ ਆਦਿ ਉਸੇ ਸ਼ਰੇਣੀ ਦੇ ਤੌਰ ’ਤੇ ਵਿਚਰਦੇ ਹਨ ਜਿਵੇਂ : ਰੇਲ (ਨਾਂਵ)+ਆਂ-ਰੇਲਾਂ (ਨਾਂਵ), ਲਿਖ (ਕਿਰਿਆ)+ਦਾ-ਲਿਖਦਾ (ਕਿਰਿਆ), ਮੋਟਾ (ਵਿਸ਼ੇਸ਼ਣ)+ਆ ਦੀ ਥਾਂ (ਏ)-ਮੋਟੇ (ਵਿਸ਼ੇਸ਼ਣ)। ਵਿਉਂਤਪਤ ਭਾਵਾਂਸ਼ ਸ਼ਰੇਣੀ ਰੱਖਿਅਕ ਵੀ ਹੁੰਦੇ ਹਨ ਤੇ ਸ਼ਰੇਣੀ ਬਦਲੂ ਵੀ ਜਿਵੇਂ : ਗਰੀਬ (ਵਿਸ਼ੇਸ਼ਣ)+ਈ-ਗਰੀਬੀ (ਨਾਂਵ), ਮਾਰ (ਕਿਰਿਆ)+ਊ-ਮਾਰੂ (ਵਿਸ਼ੇਸ਼ਣ)। ਸ਼ਬਦ ਦੀ ਬਣਤਰ ਵਿਚ ਧਾਤੂਆਂ ਦਾ ਵਿਚਰਨ ਤਿੰਨ ਪਰਕਾਰ ਦਾ ਹੁੰਦਾ ਹੈ : (i) ਸੁਤੰਤਰ+ਸੁਤੰਤਰ (ਦੇਸ਼+ਭਗਤ-ਦੇਸ਼ਭਗਤ) (ii) ਬਧੇਜੀ+ਸੁਤੰਤਰ (ਸ਼ਾਹ+ਸਵਾਰ-ਸ਼ਾਹਸਵਾਰ) (iii) ਬੰਧੇਜੀ+ਬੰਧੇਜੀ (ਬਦੋ+ਬਦੀ-ਬਦੋਬਦੀ)।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 9769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਭਾਵਾਂਸ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭਾਵਾਂਸ਼ [ਨਾਂਪੁ] (ਭਾਵਿ) ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ-ਪੂਰਨ ਇਕਾਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First