ਮਤੇ ਦੀ ਸਰਾਇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਤੇ ਦੀ ਸਰਾਇ (ਪਿੰਡ): ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਮੁਕਤਸਰ ਨਗਰ ਤੋਂ 16 ਕਿ.ਮੀ. ਦੀ ਵਿਥ ’ਤੇ ਉਤਰ- ਪੂਰਬ ਵਾਲੇ ਪਾਸੇ ਕਦੇ ਆਬਾਦ ਰਿਹਾ ਇਕ ਪਿੰਡ ਜਿਥੇ ਗੁਰੂ ਅੰਗਦ ਦੇਵ ਜੀ ਦਾ ਸੰਨ 1504 ਈ. ਵਿਚ ਜਨਮ ਹੋਇਆ ਸੀ। ਗੁਰੂ ਜੀ ਦੇ ਜਨਮ ਤੋਂ ਕੁਝ ਸਮੇਂ ਬਾਦ ਬਾਬਰ ਦੇ ਇਕ ਹਮਲੇ ਦੌਰਾਨ ਇਸ ਪਿੰਡ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਗੁਰੂ ਜੀ ਦਾ ਪਰਿਵਾਰ ਇਥੋਂ ਸਥਾਈ ਤੌਰ ’ਤੇ ਚਲਾ ਗਿਆ। ਬਾਦ ਵਿਚ ਪਿੰਡ ਦੇ ਉਜੜੇ ਹੋਏ ਥੇਹ ਉਤੇ ਨਾਗੇ ਸਾਧਾਂ ਨੇ ਡੇਰਾ ਲਗਾਇਆ ਅਤੇ ਹੌਲੀ ਹੌਲੀ ਕੁਝ ਲੋਗ ਪਰਤ ਆਏ। ਨਾਗਿਆਂ ਦੇ ਵਸਣ ਕਾਰਣ ਇਸ ਨੂੰ ‘ਨਾਂਗੇ ਕੀ ਸਰਾਇ’ ਜਾਂ ‘ਸਰਾਇ ਨਾਂਗਾ ’ ਕਿਹਾ ਜਾਣ ਲਗਿਆ। ਗੁਰੂ ਨਾਨਕ ਦੇਵ ਜੀ ਵੀ ਆਪਣੀ ਕਿਸੇ ਉਦਾਸੀ ਦੌਰਾਨ ਇਸ ਪਿੰਡ ਵਿਚ ਕੁਝ ਸਮੇਂ ਲਈ ਰੁਕੇ ਸਨ।

ਇਸ ਪਿੰਡ ਵਾਲੀ ਥਾਂ ਦੇ ਵਸੇ ਨਵੇਂ ਪਿੰਡ (ਨਾਂਗੇ ਕੀ ਸਰਾਇ) ਵਿਚ ਦੋ ਗੁਰੂ-ਧਾਮ ਹਨ। ਇਕ ਪਿੰਡ ਤੋਂ ਪੂਰਬ ਵਾਲੇ ਪਾਸੇ ਥੇਹ ਦੇ ਉਪਰ ਹੈ, ਜਿਸ ਦੀ ਵਰਤਮਾਨ ਇਮਾਰਤ ਕਾਰ ਸੇਵਾ ਵਾਲੇ ਸੰਤ ਗੁਰਮੁਖ ਸਿੰਘ ਦੇ ਉਦਮ ਨਾਲ ਸੰਨ 1955 ਈ. ਵਿਚ ਪੂਰੀ ਹੋਈ ਦਸੀ ਜਾਂਦੀ ਹੈ। ਇਸ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਇਸ ਨੂੰ ‘ਗੁਰਦੁਆਰਾ ਜਨਮ ਅਸਥਾਨ ਪਾਤਿਸ਼ਾਹੀ ਦੂਜੀ’ ਕਿਹਾ ਜਾਂਦਾ ਹੈ।

ਦੂਜਾ ਗੁਰੂ-ਧਾਮ ‘ਗੁਰਦੁਆਰਾ ਪਹਿਲੀ ਪਾਤਿਸ਼ਾਹੀ’ ਹੈ। ਇਹ ਗੁਰਦੁਆਰਾ ਪਿੰਡ ਦੇ ਅੰਦਰ ਹੈ। ਇਸ ਦੀ ਨਵੀਂ ਇਮਾਰਤ ਦੀ ਉਸਾਰੀ ਚਲ ਰਹੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.