ਮਹਾਭਾਰਤ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਹਾਭਾਰਤ : ਰਾਮਾਇਣ ਵਾਂਗ ਮਹਾਭਾਰਤ ਵੀ ਸਾਡਾ ਜਾਤੀ ਇਤਿਹਾਸ ਹੈ। ਭਾਰਤੀ ਸੱਭਿਅਤਾ ਦਾ ਜੋ ਉੱਤਮ ਰੂਪ ਇਸ ਗ੍ਰੰਥ ਵਿੱਚ ਪ੍ਰਾਪਤ ਹੁੰਦਾ ਹੈ, ਹੋਰ ਕਿਤੇ ਵੀ ਪ੍ਰਾਪਤ ਨਹੀਂ ਹੁੰਦਾ। ਕੌਰਵਾਂ ਤੇ ਪਾਂਡਵਾਂ ਦਾ ਇਤਿਹਾਸ ਵਰਣਨ ਹੀ ਇਸ ਗ੍ਰੰਥ ਦਾ ਉਦੇਸ਼ ਨਹੀਂ ਸਗੋਂ ਹਿੰਦੂ ਧਰਮ ਦਾ ਵਿਆਪਕ ਅਤੇ ਪੂਰਾ ਚਿਤਰਨ ਵੀ ਇਸ ਦਾ ਇੱਕ ਉਦੇਸ਼ ਹੈ। ਆਪਣੇ ਗੁਣਾਂ ਕਾਰਨ ਹੀ ਮਹਾਭਾਰਤ ਨੂੰ ਪੰਜਵਾਂ ਵੇਦ ਵੀ ਕਿਹਾ ਜਾਂਦਾ ਹੈ।
ਮਹਾਭਾਰਤ ਦਾ ਰਚਨਾਕਾਰ ਵੇਦ ਵਿਆਸ ਹੈ। ਉਸ ਦਾ ਪੂਰਾ ਨਾਂ ਕ੍ਰਿਸ਼ਣ-ਦਵੈਪਾਇਸ ਵਿਆਸ ਸੀ। ਭਾਰਤੀ ਵਿਸ਼ਵਾਸ ਅਨੁਸਾਰ ਵਿਆਸ ਕੌਰਵਾਂ ਅਤੇ ਪਾਂਡਵਾਂ ਦਾ ਸਮਕਾਲੀਨ ਹੀ ਨਹੀਂ ਸੀ, ਸਗੋਂ ਉਹਨਾਂ ਦਾ ਜਨਮਦਾਤਾ ਵੀ ਸੀ। ਮਹਾਭਾਰਤ ਵਿੱਚ ਵਰਣਿਤ ਪ੍ਰਸੰਗਾਂ ਤੋਂ ਵੀ ਇਹ ਜਾਣਕਾਰੀ ਮਿਲਦੀ ਹੈ ਕਿ ਵਿਆਸ ਕੌਰਵਾਂ ਅਤੇ ਪਾਂਡਵਾਂ ਦੇ ਜੀਵਨ ਦੀਆਂ ਸਾਰੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਸੀ। ਤਿੰਨ ਸਾਲਾਂ ਦੀ ਕਠੋਰ ਮਿਹਨਤ ਨਾਲ ਵਿਆਸ ਨੇ ਇਹ ਗ੍ਰੰਥ ਲਿਖਿਆ। ਧਰਮ, ਅਰਥ, ਕਾਮ ਤੇ ਮੋਕਸ਼ ਇਹਨਾਂ ਚਾਰਾਂ ਨਾਲ ਸੰਬੰਧਿਤ ਸਾਰ ਇਸ ਗ੍ਰੰਥ ਵਿੱਚ ਸੰਗ੍ਰਹਿਤ ਹੈ। ਕਹਿੰਦੇ ਹਨ ਜਿਹੜਾ ਵਿਸ਼ਾ ਇਸ ਵਿੱਚ ਪ੍ਰਾਪਤ ਨਹੀਂ ਹੁੰਦਾ ਉਹ ਕਿਤੇ ਵੀ ਪ੍ਰਾਪਤ ਨਹੀਂ ਹੁੰਦਾ।
ਵਰਤਮਾਨ ਮਹਾਭਾਰਤ ਵਿੱਚ ਇੱਕ ਲੱਖ ਸਲੋਕ ਪ੍ਰਾਪਤ ਹੁੰਦੇ ਹਨ। ਪਰੰਤੂ ਇਸ ਨੂੰ ਇਹ ਵੱਡਾ ਰੂਪ ਇੱਕੋ ਵਾਰ ਵਿੱਚ ਹੀ ਨਹੀਂ ਪ੍ਰਾਪਤ ਹੋਇਆ। ਪਹਿਲਾਂ ਇਸ ਦਾ ਆਕਾਰ ਛੋਟਾ ਸੀ। ਪਰੰਤੂ ਸਮੇਂ ਦੇ ਨਾਲ-ਨਾਲ ਇਸ ਵਿੱਚ ਬਦਲਾਵ ਆਉਂਦੇ ਗਏ ਤੇ ਹੋਰ ਵਿਸ਼ੇ ਜੁੜਣ ਕਾਰਨ ਇਸ ਦਾ ਆਕਾਰ ਵੱਡਾ ਹੁੰਦਾ ਗਿਆ। ਪੱਛਮੀ ਅਤੇ ਭਾਰਤੀ ਵਿਦਵਾਨ ਇਸ ਗ੍ਰੰਥ ਦੇ ਵਿਕਾਸ ਕ੍ਰਮ ਨੂੰ ਤਿੰਨ ਕ੍ਰਮ ਵਿੱਚ ਦੱਸਦੇ ਹਨ :
ਜੈ : ਮਹਾਭਾਰਤ ਦਾ ਇਹ ਪਹਿਲਾ ਮੌਲਿਕ ਰੂਪ ਜੈ ਨਾਂ ਨਾਲ ਜਾਣਿਆ ਜਾਂਦਾ ਹੈ। ਵਿਆਸ ਮੁਨੀ ਨੇ ਇਹ ਕਹਾਣੀ ਆਪਣੇ ਚੇਲੇ ਵੈਸ਼ਮਪਾਇਨ ਨੂੰ ਸੁਣਾਈ ਸੀ। ਕੌਰਵਾਂ ਤੇ ਪਾਂਡਵਾਂ ਦੀ ਜਿੱਤ ਦੀ ਘੋਸ਼ਣਾ ਕਰਨ ਲਈ ਹੀ ਸ਼ਾਇਦ ਇਸ ਦਾ ਨਾਂ ਜੈ ਹੋਇਆ। ਇਸ ਦੇ ਵਿੱਚ ਸਲੋਕਾਂ ਦੀ ਸੰਖਿਆ 8800 ਸੀ।
ਭਾਰਤ : ਇਸ ਗ੍ਰੰਥ ਦੇ ਵਿਕਾਸ ਕ੍ਰਮ ਦਾ ਇਹ ਦੂਜਾ ਚਰਨ ਮੰਨਿਆ ਜਾਂਦਾ ਹੈ। ਅਰਜਨ ਦੇ ਪੜਪੋਤੇ ਜਨਮੇਜਯ ਨੇ ਸਰਪ ਯੱਗ ਕੀਤਾ ਸੀ। ਉਸ ਵਿੱਚ ਵੈਸ਼ਮਪਾਇਨ ਨੇ ਇਸ ਕਹਾਣੀ ਨੂੰ ਸੁਣਾਇਆ ਸੀ। ਇਸ ਚਰਨ ਵਿੱਚ ਹੀ ਇਸ ਦੀ ਕਹਾਣੀ ਦਾ ਆਧਾਰ ਕੌਰਵਾਂ ਤੇ ਪਾਂਡਵਾਂ ਦੀ ਲੜਾਈ ਹੀ ਸੀ। ਇਸ ਵਿੱਚ ਅਜੇ ਤੱਕ ਮੂਲ ਕਹਾਣੀ ਤੋਂ ਇਲਾਵਾ ਹੋਰ ਦੂਜੀਆਂ ਕਥਾਵਾਂ ਨਹੀਂ ਸ਼ਾਮਲ ਹੋਈਆਂ ਸਨ। ਭਾਰਤ ਗ੍ਰੰਥ ਵਿੱਚ ਸਲੋਕਾਂ ਦੀ ਗਿਣਤੀ 24000 ਹੋ ਗਈ ਸੀ।
ਮਹਾਭਾਰਤ : ਸਰਪ ਯਗ ਵਿੱਚ ਲੋਮਹਰਸ਼ਨ ਦੇ ਪੁੱਤਰ ਸੋਤਿ ਨੇ ਵੈਸ਼ਮਪਾਇਨ ਤੋਂ ਭਾਰਤ ਦੀ ਕਹਾਣੀ ਸੁਣੀ। ਇਸ ਸੋਤਿ ਨੇ ਸ਼ੌਨਕ ਰਿਸ਼ੀ ਦੇ ਯੱਗ ਵਿੱਚ ਇਹ ਕਥਾ ਸੁਣਾਈ ਸੀ। ਇਸ ਅਵਸਥਾ ਵਿੱਚ ਭਿੰਨ-ਭਿੰਨ ਪ੍ਰਸ਼ਨਾਂ ਦੇ ਸਮਾਧਾਨਾਂ ਤੇ ਹੋਰ ਕਥਾਵਾਂ ਦੇ ਵਿੱਚ ਜੁੜਣ ਕਾਰਨ ਇਸ ਗ੍ਰੰਥ ਦਾ ਆਕਾਰ ਬਹੁਤ ਵੱਡਾ ਹੋ ਗਿਆ। ਇਸ ਸਮੇਂ ਇਸ ਦੇ ਸਲੋਕਾਂ ਦੀ ਸੰਖਿਆ ਇੱਕ ਲੱਖ ਹੋ ਗਈ।
ਮਹਾਭਾਰਤ ਵਿੱਚ ਪ੍ਰਮੁਖ ਰੂਪ ਨਾਲ ਕੌਰਵਾਂ ਅਤੇ ਪਾਂਡਵਾਂ ਦੀ ਲੜਾਈ ਦਾ ਵਰਣਨ ਕੀਤਾ ਗਿਆ ਹੈ। ਇਹ ਸਮੁੱਚਾ ਗ੍ਰੰਥ 18 ਭਾਗਾਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਨੂੰ ਪਰਵ ਕਿਹਾ ਜਾਂਦਾ ਹੈ। ਹਰੇਕ ਪਰਵ ਵਿੱਚ ਅਨੇਕ ਅਧਿਆਇ ਹਨ ਅਤੇ ਹਰੇਕ ਅਧਿਆਇ ਵਿੱਚ ਅਨੇਕ ਸਲੋਕ ਹਨ। ਮਹਾਭਾਰਤ ਦੀ ਪਰਵ ਅਨੁਸਾਰ ਕਥਾ ਸੰਖੇਪ ਵਿੱਚ ਇਸ ਤਰ੍ਹਾਂ ਹੈ :
ਆਦਿਪਰਵ ਵਿੱਚ ਚੰਦਰ ਵੰਸ਼ ਦਾ ਪੂਰਾ ਇਤਿਹਾਸ ਤੇ ਕੌਰਵਾਂ ਪਾਂਡਵਾਂ ਦੇ ਜਨਮ ਦੀ ਕਥਾ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। ਸਭਾ ਪਰਵ ਵਿੱਚ ਜੂਏ ਦੀ ਖੇਡ, ਵਨ ਪਰਵ ਵਿੱਚ ਪਾਂਡਵਾਂ ਦਾ ਅਗਿਆਤਵਾਸ, ਉਦਯੋਗ ਪਰਵ ਵਿੱਚ ਕ੍ਰਿਸ਼ਨ ਦਾ ਦੂਤ ਬਣ ਕੇ ਕੌਰਵਾਂ ਦੀ ਸਭਾ ਵਿੱਚ ਜਾਣਾ, ਭੀਸ਼ਮ ਪਰਵ ਵਿੱਚ ਅਰਜਨ ਨੂੰ ਗੀਤਾ ਦਾ ਉਪਦੇਸ਼, ਜੰਗ ਦਾ ਅਰੰਭ, ਭੀਸ਼ਮ ਦਾ ਲੜਾਈ ਕਰਨਾ ਤੇ ਤੀਰਾਂ ਦੀ ਸੇਜ ਤੇ ਪੈਣਾ, ਕਰਣ ਪਰਵ ਵਿੱਚ ਕਰਣ ਦਾ ਲੜਾਈ ਕਰਦੇ ਹੋਏ ਮਰਨਾ, ਸ਼ਲਯ ਪਰਵ ਵਿੱਚ ਸ਼ਲਯ ਦਾ ਲੜਾਈ ਕਰਦੇ ਹੋਏ ਮਰਨਾ, ਸੌਪਤਿਕ ਪਰਵ ਵਿੱਚ ਪਾਂਡਵਾਂ ਦੇ ਸੁੱਤੇ ਹੋਏ ਪੁੱਤਰਾਂ ਨੂੰ ਅਸ਼ਵਥਾਮਾ ਰਾਹੀਂ ਮਾਰਨਾ, ਸਤ੍ਰੀ ਪਰਵ ਵਿੱਚ ਔਰਤਾਂ ਦਾ ਵਿਰਲਾਪ, ਸ਼ਾਂਤੀ ਪਰਵ ਵਿੱਚ ਯੁਧਿਸ਼ਟਰ ਨੂੰ ਭੀਸ਼ਮ ਦਾ ਮੋਕਸ਼ ਦਾ ਉਪਦੇਸ਼ ਦੇਣਾ, ਅਨੁਸ਼ਾਸਨ ਪਰਵ ਵਿੱਚ ਧਰਮ ਅਤੇ ਨੀਤੀ ਦੀਆਂ ਕਥਾਵਾਂ ਦਾ ਵਰਣਨ, ਆਸ਼੍ਰਮ ਵਾਸਿਕ ਪਰਵ ਵਿੱਚ ਧ੍ਰਿਤਰਾਸ਼ਟਰ, ਗੰਧਾਰੀ ਆਦਿ ਦਾ ਵਾਨ- ਪ੍ਰਸਥ ਆਸ਼੍ਰਮ ਵਿੱਚ ਪ੍ਰਵੇਸ਼ ਕਰਨਾ, ਮੌਸਲ ਪਰਵ ਵਿੱਚ ਯਾਦਵਾਂ ਦਾ ਮੂਸਲ ਦੁਆਰਾ ਵਿਨਾਸ਼, ਮਹਾ-ਪ੍ਰਸਥਾਨਿਕ ਪਰਵ ਵਿੱਚ ਪਾਂਡਵਾਂ ਦੀ ਹਿਮਾਲਿਆ ਪਰਬਤ ਦੀ ਯਾਤਰਾ ਤੇ ਸਵਰਗਾਰੋਹਣ ਪਰਵ ਵਿੱਚ ਪਾਂਡਵਾਂ ਦਾ ਸਵਰਗ ਵਿੱਚ ਜਾਣਾ ਵਰਣਿਤ ਹੈ।
ਮਹਾਭਾਰਤ ਦੇ ਅਨੇਕ ਆਖਿਆਣ ਬਾਅਦ ਦੇ ਕਵੀਆਂ ਅਤੇ ਲੇਖਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ। ਇਹਨਾਂ ਕਥਾਵਾਂ ਦੇ ਆਧਾਰ ਤੇ ਉਹਨਾਂ ਨੇ ਆਪਣੇ ਕਾਵਿ ਰਚੇ। ਕੁਝ ਪ੍ਰਸਿੱਧ ਆਖਿਆਣ ਹੇਠ ਲਿਖੇ ਹਨ:
ਸ਼ਾਕੁੰਤਲੋਪਾਖਿਆਣ : ਇਹ ਵਨ ਪਰਵ ਵਿੱਚ ਹੈ। ਇਸ ਵਿੱਚ ਦੁਸ਼ਿਅੰਤ ਤੇ ਸ਼ਕੁੰਤਲਾ ਦੇ ਪ੍ਰੇਮ ਦੀ ਕਹਾਣੀ ਵਰਣਿਤ ਹੈ।
ਰਾਮੋਪਾਖਿਆਣ : ਇਹ ਕਥਾ ਵਨ ਪਰਵ ਵਿੱਚ ਹੈ। ਇਹ ਬਾਲਮੀਕੀ ਰਾਮਾਇਣ ਦੀ ਕਥਾ ਦਾ ਸੰਖੇਪ ਹੈ। ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਰਾਮਾਇਣ ਮਹਾਭਾਰਤ ਤੋਂ ਪਹਿਲਾਂ ਦੀ ਰਚਨਾ ਹੈ।
ਨਲੋਪਾਖਿਆਣ : ਰਾਜਾ ਨਲ ਅਤੇ ਦਮਯੰਤੀ ਦੀ ਮਨੋਹਰ ਕਹਾਣੀ ਇਸੀ ਪਰਵ ਵਿੱਚ ਮਿਲਦੀ ਹੈ। ਸੰਸਕ੍ਰਿਤ ਦੇ ਪ੍ਰਸਿੱਧ ਕਵੀ ਸ੍ਰੀ ਹਰਸ਼ ਦੇ ਨੈਸ਼ਦਚਰਿਤ ਮਹਾਕਾਵਿ ਦਾ ਇਹ ਆਧਾਰ ਹੈ।
ਰਾਮਾਇਣ ਵਾਂਗ ਮਹਾਭਾਰਤ ਦਾ ਰਚਨਾ ਕਾਲ ਵੀ ਬਹੁਤ ਵਿਵਾਦ ਦਾ ਵਿਸ਼ਾ ਰਿਹਾ ਹੈ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਇਸ ਗ੍ਰੰਥ ਦੇ ਵਿਕਾਸ ਦੇ ਅਨੇਕ ਚਰਨ ਜਾਂ ਕ੍ਰਮ ਰਹੇ ਹਨ। ਵਰਤਮਾਨ ਰੂਪ ਤੱਕ ਪਹੁੰਚਣ ਵਿੱਚ ਮਹਾਭਾਰਤ ਨੂੰ ਸ਼ਾਇਦ ਸੈਂਕੜੇ ਸਾਲ ਲੱਗੇ ਹੋਣਗੇ। ਮਹਾਭਾਰਤ ਦੇ ਉਹਨਾਂ ਸਾਰਿਆਂ ਵਿਭਿੰਨ ਰੂਪਾਂ ਲਈ ਕਿਸੀ ਇੱਕ ਨਿਸ਼ਚਿਤ ਸਮੇਂ ਦਾ ਨਿਰਧਾਰਨ ਕਰਨਾ ਗ਼ਲਤ ਹੋਵੇਗਾ। ਅਨੇਕ ਭਾਰਤੀ ਅਤੇ ਪੱਛਮੀ ਵਿਦਵਾਨਾਂ ਨੇ ਮਹਾਭਾਰਤ ਦੇ ਵਰਤਮਾਨ ਰੂਪ ਦੇ ਰਚਨਾ ਕਾਲ ਨੂੰ ਨਿਸ਼ਚਿਤ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਈਸਾ ਤੋਂ ਪਹਿਲਾਂ ਪੰਜਵੀਂ ਸਦੀ ਵਿੱਚ ਵੀ ਇਹ ਗ੍ਰੰਥ ਬਹੁਤ ਪ੍ਰਸਿੱਧ ਸੀ। ਪਰੰਤੂ ਇਸ ਦਾ ਇੱਕ ਲੱਖ ਸਲੋਕਾਂ ਵਾਲਾ ਰੂਪ ਓਦੋਂ ਤੱਕ ਹੋਂਦ ਵਿੱਚ ਨਹੀਂ ਆਇਆ ਸੀ। ਅਨੇਕਾਂ ਬਦਲਾਵਾਂ ਤੇ ਹੋਰ ਕਥਾਵਾਂ ਦੇ ਜੁੜਨ ਨਾਲ ਇਸ ਦਾ ਆਕਾਰ ਵੱਡਾ ਹੁੰਦਾ ਗਿਆ ਤੇ ਸਲੋਕਾਂ ਦੀ ਗਿਣਤੀ ਵਧ ਕੇ ਇੱਕ ਲੱਖ ਤੱਕ ਹੋ ਗਈ ਤੇ ਇਸ ਦਾ ਵਰਤਮਾਨ ਰੂਪ ਇੱਕ ਸਦੀ ਈਸਾ ਪੂਰਵ ਵਿੱਚ ਆ ਕੇ ਸਥਿਰ ਹੋ ਗਿਆ।
ਮਹਾਭਾਰਤ ਇੱਕ ਕਾਵਿਆਤਮਿਕ ਗ੍ਰੰਥ ਹੈ। ਮਹਾਭਾਰਤ ਦੀ ਕਹਾਣੀ ਬਹੁਤ ਵਿਸਤਾਰ ਵਾਲੀ ਹੈ। ਸਾਰਾ ਕਾਵਿ ਸੰਵਾਦਾਂ ਦੇ ਸਹਾਰੇ ਕਥਾ ਨੂੰ ਅੱਗੇ ਵਧਾਉਂਦਾ ਹੋਇਆ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ। ਸੰਵਾਦ ਇਹੋ ਜਿਹੇ ਹਨ ਜਿਹੜੇ ਕਿ ਪਾਤਰਾਂ ਦੇ ਚਰਿੱਤਰ ਦਾ ਵਿਖਿਆਨ ਕਰਦੇ ਹੋਏ ਕਹਾਣੀ ਨੂੰ ਅੱਗੇ ਤੋਰਦੇ ਹਨ। ਚਰਿੱਤਰ- ਵਿਧਾਨ ਦੀ ਦ੍ਰਿਸ਼ਟੀ ਨਾਲ ਵੀ ਇਹ ਮਹਾਕਾਵਿ ਬਹੁਤ ਮਹੱਤਵਪੂਰਨ ਹੈ। ਸਾਰੇ ਹੀ ਪਾਤਰਾਂ ਦਾ ਚਿਤਰਨ ਬਹੁਤ ਸਹਿਜ ਅਤੇ ਪ੍ਰਭਾਵਪੂਰਨ ਹੈ। ਮਹਾਭਾਰਤ ਦੇ ਸਾਰੇ ਪ੍ਰਮੁਖ ਪਾਤਰ ਮਨੁੱਖ ਸ਼੍ਰੇਣੀ ਦੇ ਹੀ ਹਨ। ਸਿਰਫ਼ ਕ੍ਰਿਸ਼ਨ ਨੂੰ ਛੱਡ ਕੇ, ਦੂਜੇ ਸਾਰੇ ਪਾਤਰਾਂ ਵਿੱਚ ਸਧਾਰਨ ਮਨੁੱਖ ਦੇ ਸਭ ਦੁੱਖ, ਸੁੱਖ, ਨਫ਼ਰਤ, ਹੰਕਾਰ, ਕਪਟ, ਸਾਹਸ, ਸਹਿਣਸ਼ੀਲਤਾ ਆਦਿ ਦਾ ਪ੍ਰਗਟਾਵਾ ਬਹੁਤ ਹੀ ਸਹਿਜਤਾ ਨਾਲ ਹੋਇਆ ਹੈ। ਮਹਾਭਾਰਤ ਵਿੱਚ ਸਾਰੇ ਰਸਾਂ ਦਾ ਪ੍ਰਯੋਗ ਹੋਇਆ ਹੈ। ਇਸ ਦਾ ਪ੍ਰਮੁਖ ਰਸ ਭਾਵ ਪ੍ਰਧਾਨ ਰਸ ਸ਼ਾਂਤ-ਰਸ ਹੈ। ਇਸ ਤੋਂ ਇਲਾਵਾ ਵੀਰ, ਅਦਭੁਤ ਤੇ ਸ਼ਿੰਗਾਰ ਰਸਾਂ ਦਾ ਵੀ ਵਿਸ਼ੇਸ਼ ਰੂਪ ਨਾਲ ਚਿਤਰਨ ਕੀਤਾ ਗਿਆ ਹੈ।
ਵੇਦ-ਵਿਆਸ ਦਾ ਮਕਸਦ ਸਿਰਫ਼ ਮਹਾਭਾਰਤ ਵਿੱਚ ਲੜਾਈ ਦਾ ਵਰਣਨ ਕਰਨਾ ਹੀ ਨਹੀਂ ਸੀ ਸਗੋਂ ਭੌਤਿਕ ਜੀਵਨ ਨੂੰ ਮੋਕਸ਼ ਵੱਲ ਲੈ ਕੇ ਜਾਣਾ ਵੀ ਸੀ। ਇਹ ਮਹਾਕਾਵਿ ਦੇ ਨਾਲ-ਨਾਲ ਇੱਕ ਇਤਿਹਾਸ ਕਵੀ ਵੀ ਹੈ ਅਤੇ ਧਾਰਮਿਕ ਗ੍ਰੰਥ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਵਿੱਚ ਹਰ ਸ਼੍ਰੇਣੀ ਦੇ ਮਨੁੱਖਾਂ ਨੂੰ ਆਪਣੇ ਜੀਵਨ ਦੇ ਸੁਧਾਰ ਲਈ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ ਹੈ। ਰਾਜਨੀਤੀ ਸ਼ਾਸਤਰ ਦਾ ਤਾਂ ਇਹ ਸਭ ਕੁਝ ਹੈ। ਮਹਾਭਾਰਤ ਦਾ ਸ਼ਾਂਤੀ ਤੇ ਅਨੁਸ਼ਾਸਨ ਪਰਵ ਨੀਤੀ ਸ਼ਾਸਤਰ ਤੇ ਕਰਤੱਵ ਸਿੱਖਿਆ ਦੇ ਅਨੂਠੇ ਉਪਦੇਸ਼ਾਂ ਨਾਲ ਭਰਿਆ ਹੋਇਆ ਹੈ। ਹਿੰਦੂ ਧਰਮ ਦੇ ਪੰਜ ਰਤਨ-ਗਜੇਇੰਦਰ, ਮੋਕਸ਼, ਭੀਸ਼ਮ-ਰਾਜਸਤਵ, ਵਿਸ਼ਨੂੰ ਸਹਸਤਨਾਮ, ਗੀਤਾ ਅਤੇ ਅਨੁਗੀਤਾ ਇਸੀ ਮਹਾਭਾਰਤ ਦੇ ਅੰਸ਼ਰੂਪ ਹਨ।
ਮਹਾਭਾਰਤ ਇੱਕ ਵਿਸ਼ਵਕੋਸ਼ ਹੈ। ਤਿਆਗ, ਵਿਰਾਗ, ਦਇਆ, ਮਾਫ਼ੀ, ਉਦਾਰਤਾ, ਆਦਿ ਗੁਣਾਂ ਦਾ ਪ੍ਰਚਾਰ ਕਰਨਾ ਹੀ ਇਸ ਕਾਵਿ ਦਾ ਪ੍ਰਮੁਖ ਮੰਤਵ ਹੈ। ਇਸ ਵਿੱਚ ਪ੍ਰਾਚੀਨ ਇਤਿਹਾਸਿਕ, ਧਾਰਮਿਕ, ਨੈਤਿਕ ਅਤੇ ਦਾਰਸ਼ਨਿਕ ਆਦਰਸ਼ ਸੰਜੋਏ ਹੋਏ ਹਨ। ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਹਾਭਾਰਤ ਇੱਕ ਵਿਸ਼ਾਲ ਕਾਵਿ ਦੇ ਨਾਲ ਇੱਕ ਜੀਵਨ ਉਪਯੋਗੀ, ਮਾਰਗ-ਦਰਸ਼ਕ ਗ੍ਰੰਥ ਭੀ ਹੈ।
ਲੇਖਕ : ਅਨੂ ਖੁੱਲਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਮਹਾਭਾਰਤ ਸਰੋਤ :
ਜੰਗਨਾਮਾ ਸਰੂਪ ਸਿੱਧਾਂਤ ਤੇ ਵਿਕਾਸ
ਮਹਾਭਾਰਤ : ਇਹ ਮਹਾਕਾਵਿ ਵੀ ਸੰਸਾਰ ਦੇ ਸਭ ਤੋਂ ਵੱਡੇ ਮਹਾਕਾਵਿ ਗ੍ਰੰਥਾਂ ਵਿਚ ਗਿਣਿਆ ਜਾਂਦਾ ਹੈ। ਇਸ ਦੇ ਅਠਾਰਾਂ ਪਰਵ ਜਾਂ ਕਾਂਡ ਹਨ। ਇਸ ਦਾ ਰਚੈਤਾ ਮਹਾਰਿਸ਼ੀ ਵੇਦ ਵਿਆਸ ਸੀ। ਵੇਦ ਵਿਆਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਹਾਰਿਸ਼ੀ ਪਰਾਸ਼ਰ ਦਾ ਪੁੱਤਰ ਸੀ ਜੋ ਸੱਤਿਆਵਤੀ ਅਪੱਸਰਾ ਦੀ ਕੁੱਖੋਂ ਜਨਮਿਆ ਸੀ। ਮਹਾਭਾਰਤ ਦਾ ਕਥਾਨਕ ਸੰਖੇਪ ਰੂਪ ਵਿਚ ਇਸ ਪ੍ਰਕਾਰ ਹੈ :
ਭਰਤ ਦੇ ਖ਼ਾਨਦਾਨ ਭਾਰਤ ਵਿਚ ਸ਼ਾਂਤਨੂੰ ਨਾਂ ਦਾ ਇਕ ਰਾਜਾ ਸੀ। ਸ਼ਾਂਤਨਵ ਏੇਸੇ ਦਾ ਪੁੱਤਰ ਸੀ ਜੇ ਮਗਰੋਂ ਭੀਸ਼ਮ ਨਾਂ ਨਾਲ ਪ੍ਰਸਿੱਧ ਹੋਇਆ। ਸ਼ਾਂਤਨੂੰ ਦੀ ਵਿਆਹ ਦੀ ਇੱਛਾ ਕਾਰਨ ਭੀਸ਼ਮ ਨੇ ਖ਼ੁਦ ਵਿਆਹ ਨਹੀਂ ਕਰਵਾਇਆ ਤੇ ਰਾਜ ਤੋਂ ਆਪਣੇ ਸਾਰੇ ਅਧਿਕਾਰ ਛੱਡ ਦਿੱਤੇ। ਸ਼ਾਂਤਨੂੰ ਦੀ ਨਵੀਂ ਵਿਆਹੀ ਪਤਨੀ ਸਤਿਆਵਤੀ ਤੋਂ ਦੋ ਪੁੱਤਰ, ਚਿਤ੍ਰਾਂਗਦ ਤੇ ਵਿਚਿਤ੍ਰਵੀਰਯ ਪੈਦਾ ਹੋਏ। ਪਹਿਲਾ ਇਕ ਗੰਧਰਵ ਰਾਜੇ ਨਾਲ ਲੜਾਈ ਦੌਰਾਨ ਮਾਰਿਆ ਗਿਆ ਜਿਸ ਦੀ ਗ਼ੈਰ ਮੌਜੂਦਗੀ ਵਿਚ ਦੂਜਾ ਰਾਜਾ ਬਣਿਆ। ਇਸ ਦੀਆਂ ਦੋ ਰਾਣੀਆਂ ਸਨ ਅੰਬਿਕਾ ਤੇ ਅੰਬਾਲਿਕਾ। ਇਹ ਕਾਸ਼ੀ ਨਰੇਸ਼ ਦੀਆਂ ਧੀਆਂ ਸਨ ਪਰ ਦੋਵਾਂ ਨੂੰ ਨਿਰਸੰਤਾਨ ਛੱਡ ਕੇ ਵਿਚਿਤ੍ਰਵੀਰਯ ਮਰ ਗਿਆ। ਵਿਆਸ ਘੋਰ ਤਪੱਸਵੀ ਸੀ, ਜਿਸ ਦੀ ਤਪੋਸ਼ਕਤੀ ਨਾਲ ਦੋਵੇਂ ਰਾਣੀਆਂ ਗਰਭਵਤੀ ਹੋਈਆਂ। ਵੱਡੀ ਨੂੰ ਧ੍ਰਿਤਰਾਸ਼ਟ੍ਰ (ਜਨਮ ਤੋਂ ਅੰਨ੍ਹਾ) ਤੇ ਛੋਟੀ ਨੂੰ ਪਾਂਡੂ (ਪੀਲੇ ਰੰਗ ਦਾ) ਪੈਦਾ ਹੋਇਆ। ਇਕ ਦਾਸੀ ਉੱਤੇ ਵਿਆਸ ਦੀ ਦ੍ਰਿਸ਼ਟੀ ਪਈ ਜਿਸ ਤੋਂ ਵਿਦੁਰ ਜਨਮਿਆ। ਧ੍ਰਿਤਰਾਸ਼ਟ੍ਰ ਅੰਨਾ ਸੀ, ਕਿਵੇਂ ਰਾਜ ਕਰਦਾ ! ਉਸ ਦੀ ਥਾਂ ਪਾਂਡੂ ਨੂੰ ਤਖ਼ਤ ਦਿੱਤਾ ਗਿਆ ਪਰ ਉਸ ਦੀ ਛੇਤੀ ਮ੍ਰਿਤੂ ਹੋ ਗਈ ਜਿਸ ਕਰਕੇ ਰਾਜ ਧ੍ਰਿਤਰਾਸ਼ਟ੍ਰ ਨੂੰ ਮਿਲ ਗਿਆ।
ਪਾਂਡੂ ਦੀ ਇਕ ਪਤਨੀ ਕੁੰਤੀ (ਪ੍ਰਿਥਾ) ਸੀ ਤੇ ਦੂਜੀ ਮਾਦਰੀ ਜਿਨ੍ਹਾਂ ਨੂੰ ਵੱਖਰੇ ਵੱਖਰੇ ਦੇਵਤਿਆਂ ਦੇ ਵਰ ਨਾਲ ਪੰਜ ਪੁੱਤਰ ਹੋਏ ਤੇ ਪਾਂਡਵ ਅਖਵਾਏ; ਯੁਧਿਸ਼ਟਰ, ਭੀਮ, ਅਰਜੁਨ (ਕੁੰਤੀ ਦੇ ਪੁੱਤਰ), ਨਕੁਲ ਤੇ ਸਹਿਦੇਵ (ਮਾਦਰੀ ਦੇ ਪੁੱਤਰ) ਇੰਨ੍ਹਾਂ ਪੰਜਾਂ ਦੇ ਨਾਉਂ ਸਨ। ਗਾਂਧਾਰੀ, ਜੋ ਧ੍ਰਿਤਰਾਸ਼ਟ੍ਰ ਦੀ ਰਾਣੀ ਸੀ, ਸੌ ਪੁੱਤਰਾਂ ਦੀ ਮਾਂ ਬਣੀ ਤੇ ਇਹ ਸੌ ਦੇ ਸੌ ਪੁੱਤਰ ਕੌਰਵ ਅਖਵਾਏ। ਰਾਜ ਪ੍ਰਾਪਤੀ ਦੇ ਲੋਭ ਨੇ ਕੌਰਵਾਂ ਦੀ ਬੁੱਧੀ ਨੂੰ ਮਲੀਨ ਕਰ ਦਿੱਤਾ ਜਿਸ ਕਰਕੇ ਦੋਹਾਂ ਧਿਰਾਂ ਵਿਚਕਾਰ ਭਿਅੰਕਰ ਯੁੱਧ ਹੋਇਆ। ਮਹਾਕਵੀ ਨੇ ਸਾਰੇ ਗ੍ਰੰਥ ਨੂੰ ਪਰਵਾਂ ਵਿਚ ਵਿਭਾਜਤ ਕੀਤਾ ਹੈ : (1) ਆਦਿ ਪਰਵ (2) ਸਭਾ ਪਰਵ (3) ਵਨ ਪਰਵ (4) ਵਿਰਾਟ ਪਰਵ (5) ਉਦਯੋਗ ਪਰਵ (6) ਭੀਸ਼ਮ ਪਰਵ (7) ਦ੍ਰੋਣ ਪਰਵ (8) ਕਰਣ ਪਰਵ (9) ਸ਼ਲਯ ਪਰਵ (10) ਸੌਪਤਿਕ ਪਰਵ (11) ਸਤ੍ਰੀ ਪਰਵ (12) ਸ਼ਾਂਤੀ ਪਰਵ (13) ਅਨੁਸ਼ਾਸ਼ਨ ਪਰਵ (14) ਅਸ਼੍ਵਮੇਧਿਕ ਪਰਵ (15) ਆਸ਼੍ਰਮ ਪਰਵ (16) ਮੌਸ਼ਲ ਪਰਵ (17) ਮਹਾ ਪ੍ਰਸਥਾਨਿਕ ਪਰਵ (18) ਸਵਰਗਾਰੋਹਣ ਪਰਵ। ਪੰਜਵੇਂ ਪਰਵ ਵਿਚ ਯੁੱਧ ਦੀਆਂ ਤਿਆਰੀਆਂ ਨੂੰ ਦਿਖਾਇਆ ਗਿਆ ਹੈ ਤੇ ਦੋਵਾਂ ਧਿਰਾਂ ਦੀ ਇਸ ਤਿਆਰੀ ਨੂੰ ‘ਉਦਯੋਗ’ ਜਾਂ ਯਤਨ ਦਾ ਨਾਂ ਦਿੱਤਾ ਗਿਆ ਹੈ। ਛੇਵੇਂ ਪਰਵ ਵਿਚ ਭੀਸ਼ਮ ਨੂੰ ਕੌਰਵ ਸੈਨਾ ਦੇ ਪ੍ਰਧਾਨ ਸੈਨਾਪਤੀ ਵਜੋਂ ਦਿਖਾ ਕੇ ਉਸ ਤੋਂ ਜੰਗ ਕਰਵਾਈ ਗਈ ਹੈ। ਸੱਤਵੇਂ ਪਰਵ ਵਿਚ ਉਹ ਲੜਾਈਆਂ ਆਉਂਦੀਆਂ ਹਨ ਜਿਨ੍ਹਾਂ ਵਿਚ ਕੌਰਵ ਸੈਨਾ ਦਾ ਪ੍ਰਧਾਨ ਨੇਤ੍ਰਿਤਵ ਦ੍ਰੋਣਾਚਾਰੀਆ ਕੋਲ ਸੀ। ਅੱਠਵੇਂ ਪਰਵ ਵਿਚ ਇਸ ਤਰ੍ਹਾਂ ਦੀ ਪ੍ਰਧਾਨਗੀ ਕਰਣ ਦੁਆਰਾ ਨਿਭਾਈ ਗਈ ਹੈ। ਏਸੇ ਪਰਵ ਵਿਚ ਕਰਣ ਬੀਰ ਗਤੀ ਨੂੰ ਪ੍ਰਾਪਤ ਹੁੰਦਾ ਹੈ ਅਰਥਾਤ ਅਰਜੁਨ ਦੁਆਰਾ ਉਸ ਦਾ ਬੱਧ ਕੀਤਾ ਜਾਂਦਾ ਹੈ। ਨੌਵੇਂ ਅਧਿਆਇ ਵਿਚ ਕੌਰਵ ਸੈਨਾ ਸ਼ਲਯ ਦੇ ਪ੍ਰਧਾਨ-ਸੈਨਾ ਪਤਿਤਵ ਅਧੀਨ ਲੜਾਈਆਂ ਲੜਦੀ ਹੈ। ਸੌਪਤਿਕ ਪਰਵ ਉਸ ਰਾਤ੍ਰੀ ਕਾਂਡ ਨਾਲ ਸੰਬੰਧਿਤ ਹੈ ਜਦੋਂ ਰਣਭੂਮੀ ’ਚੋਂ ਬਚੇ ਹੋਏ ਤਿੰਨ ਕੌਰਵ ਰਾਤ ਦੇ ਹਨੇਰੇ ਵਿਚ ਪਾਂਡਵਾਂ ਦੇ ਸ਼ਿਵਿਰ ਜਾਂ ਕੈਂਪ (ਛਾਉਣੀ) ਉੱਤੇ ਹਮਲਾ ਕਰ ਦਿੰਦੇ ਹਨ। ਸਤ੍ਰੀ ਪਰਵ ਉਸ ਨਾਰੀ-ਰੁਦਨ ਨੂੰ ਸਮਰਪਿਤ ਹੈ ਜਿਸ ਵਿਚ ਗਾਂਧਾਰੀ ਤੇ ਹੋਰ ਇਸਤ੍ਰੀਆਂ ਯੁੱਧ ਭੂਮੀ ਵਿਚ ਸ਼ਹੀਦ ਹੋਏ ਆਪਣੇ ਪੁਤ੍ਰਾਂ ਤੇ ਹੋਰ ਅੰਗਾਂ ਸਾਕਾਂ ਦੇ ਵਿਯੋਗ ਵਿਚ ਵਿਰਲਾਪ ਕਰਦੀਆਂ ਤੇ ਵੈਣ ਪਾਉਂਦੀਆਂ ਹਨ। ਇਉਂ ਪੰਜਵੇਂ ਪਰਵ ਤੋਂ ਲੈ ਕੇ ਗਿਆਰ੍ਹਵੇਂ ਪਰਵ ਤਕ ਇਸ ਭੀਸ਼ਣ ਯੁੱਧ ਦਾ ਸਮੁਚਾ ਕਥਾਨਕ ਪਸਰਿਆ ਹੋਇਆ ਹੈ। ਇਸ ਤੋਂ ਪੂਰਬਲੇ ਤੇ ਪਿੱਛੇ ਦੇ ਪਰਵ ਕ੍ਰਮਵਾਰ ਇਸ ਯੁੱਧ ਦੀ ਭੂਮਿਕਾ ਤੇ ਸਿੱਟੇ ਕਹੇ ਜਾ ਸਕਦੇ ਹਨ।
ਲੇਖਕ : ਗੁਰਦੇਵ ਸਿੰਘ,
ਸਰੋਤ : ਜੰਗਨਾਮਾ ਸਰੂਪ ਸਿੱਧਾਂਤ ਤੇ ਵਿਕਾਸ, ਹੁਣ ਤੱਕ ਵੇਖਿਆ ਗਿਆ : 7513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-22-02-53-57, ਹਵਾਲੇ/ਟਿੱਪਣੀਆਂ:
ਮਹਾਭਾਰਤ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮਹਾਭਾਰਤ : ਇਹ ਪ੍ਰਸਿੱਧ ਮਹਾਂਕਾਵਿ ਪ੍ਰਾਚੀਨ ਭਾਰਤ ਦੇ ਇਤਿਹਾਸ ਨਾਲ ਸਬੰਧਤ ਹਿੰਦੂਆਂ ਦਾ ਇਕ ਧਾਰਮਿਕ ਗ੍ਰੰਥ ਹੈ ਜਿਸ ਦੀ ਮੂਲ ਰਚਨਾ ਰਿਸ਼ੀ ਵੇਦ ਵਿਆਸ ਨੇ ਕੀਤੀ। ਮਹਾਰਿਸ਼ੀ ਵਿਆਸ ਨੇ ਇਸ ਦੀ ਸਿੱਖਿਆ ਆਪਣੇ ਸ਼ਾਗਿਰਦ ਵੈਸ਼ੰਪਾਇਨ ਨੂੰ ਦਿੱਤੀ ਅਤੇ ਜਨਮੇਜਾ ਜੋ ਕਿ ਅਭਿਮੰਨਯੂ ਦਾ ਪੋਤਰਾ ਸੀ, ਨੂੰ ਪਹਿਲੀ ਵਾਰ ਸੁਣਾਇਆ। ਇਕ ਹੋਰ ਮਿੱਥ ਅਨੁਸਾਰ ਕਿਹਾ ਜਾਂਦਾ ਹੈ ਕਿ ਰਿਸ਼ੀ ਲੋਮਹਰਸ਼ਨ ਦੇ ਪੁੱਤਰ ਸੌਤੀ ਉਗ੍ਰਸ਼ਵਾ ਨੇ ਸ਼ੌਨਕ ਅਤੇ ਦੂਜੇ ਰਿਸ਼ੀਆਂ ਦੀ ਸਭਾ ਵਿਚ ਗੋਮਤੀ ਨਦੀ ਦੇ ਕਿਨਾਰੇ ਨੈਮਿਸ਼ ਬਨ ਵਿਚ ਇਸ ਦੀ ਕਥਾ ਸੁਣਾਈ। ਇਸ ਤਰ੍ਹਾਂ ਇਸ ਦੇ ਤਿੰਨ ਰਚਨਾਕਾਰ ਰਿਸ਼ੀ ਵਿਆਸ, ਵੈਸ਼ੰਪਾਇਨ ਅਤੇ ਸੌਤੀ ਮੰਨੇ ਜਾਂਦੇ ਹਨ ਪਰ ਮੂਲ ਪ੍ਰਯੋਜਨ, ਸਿਧਾਂਤ ਅਤੇ ਵਰਣਨ ਸ਼ੈਲੀ ਨੂੰ ਦੇਖਦੇ ਹੋਏ ਰਿਸ਼ੀ ਵਿਆਸ ਨੂੰ ਹੀ ਇਸ ਮਹਾਂਕਾਵਿ ਦਾ ਰਚਨਾਕਾਰ ਮੰਨਿਆ ਜਾਂਦਾ ਹੈ। ਇਸ ਕਾਵਿ ਵਿਚ 18 ਪਰਵ ਦੱਸੇ ਜਾਂਦੇ ਹਨ। ਇਕ ਉੱਨੀਵਾਂ ਪਰਵ ਵੀ ਜੋੜਿਆ ਗਿਆ ਹੈ ਜੋ ‘ਹਰਿਵੰਸ਼’ ਨਾਲ ਸਬੰਧਤ ਹੈ। ਆਰੰਭ ਵਿਚ ਇਸ ਦੀ ਭਾਸ਼ਾ ਪ੍ਰਾਕ੍ਰਿਤ ਸੀ ਪਰ ਬਾਅਦ ਵਿਚ ਇਸ ਦੀ ਭਾਸ਼ਾ ਵਿਚ ਵੈਦਿਕ ਅਤੇ ਸੰਸਕ੍ਰਿਤ ਦਾ ਸਮਾਵੇਸ਼ ਹੋ ਗਿਆ। ਮਹਾਭਾਰਤ ਵਿਚ ਰਾਜਾ ਭਰਤ ਦੇ ਉੱਤਰਾਧਿਕਾਰੀਆਂ ਦੀ ਕਥਾ ਹੈ ਜਿਸ ਦਾ ਅੰਤ ਕੌਰਵਾਂ ਅਤੇ ਪਾਂਡਵਾਂ ਦੀ ਲੜਾਈ ਨਾਲ ਹੋਇਆ। ਇਸ ਦੀ ਕਥਾ ਜਿਹੜੇ ਪਰਵਾਂ ਵਿਚ ਵੰਡੀ ਗਈ ਉਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ :–
ਪਹਿਲਾ ਪਰਵ ‘ਆਦਿ ਪਰਵ’ ਹੈ। ਇਸ ਵਿਚ ਵਿਚਿੱਤਰਵੀਰਯ ਧ੍ਰਿਤਰਾਸ਼ਟਰ ਅਤੇ ਪਾਂਡੂ ਦਾ ਜਨਮ ਅਤੇ ਭੀਸ਼ਮ ਦੁਆਰਾ ਉਨ੍ਹਾਂ ਦੇ ਪਾਲਣ ਪੋਸ਼ਣ ਦਾ ਵਰਣਨ ਹੈ। ਇਸ ਤੋਂ ਇਲਾਵਾ ਇਸ ਵਿਚ ਇਨ੍ਹਾਂ ਦੇ ਵਿਆਹ, ਕੌਰਵਾਂ ਪਾਂਡਵਾਂ ਦਾ ਜਨਮ, ਉਨ੍ਹਾਂ ਦੀ ਸਿੱਖਿਆ, ਉਨ੍ਹਾਂ ਦੇ ਵਧਦੇ ਹੋਏ ਦ੍ਵੇਸ਼, ਪਾਂਡਵਾਂ ਦੇ ਪਹਿਲੇ ਬਨਵਾਸ ਦੌਰਾਨ ਭੀਮ ਦੁਆਰਾ ਰਾਖਸ਼ਾਂ ਨੂੰ ਮਾਰਨਾ, ਪਾਂਡਵਾਂ ਦਾ ਬਨਵਾਸ ਤੋਂ ਵਾਪਸ ਆਉਣਾ, ਰਾਜ ਦੀ ਵੰਡ, ਯੁਧਿਸ਼ਠਰ ਦੁਆਰਾ ਰਾਜਸੂਯ ਯੱਗ ਕਰਨਾ ਅਤੇ ਜਰਾਸੰਧ ਦੇ ਮਾਰੇ ਜਾਣ ਦਾ ਵਰਣਨ ਹੈ। ਦੂਜਾ ਪਰਵ ‘ਸਭਾ ਪਰਵ’ ਹੈ। ਇਸ ਵਿਚ ਕੌਰਵਾਂ ਪਾਂਡਵਾਂ ਦਾ ਹਸਤਨਾਪੁਰ ਵਿਚ ਇਕੱਠੇ ਹੋਣਾ, ਜੂਆ ਖੇਡਣਾ ਅਤੇ ਹਾਰ ਕੇ ਬਨਵਾਸ ਚਲੇ ਜਾਣ ਦਾ ਵਰਣਨ ਹੈ। ਤੀਜਾ ‘ਵਨ ਪਰਵ’ ਹੈ। ਇਸ ਵਿਚ ਜੰਗਲ ਵਿਚ ਕੀਤੇ ਗਏ ਅਰਜਨ ਦੇ ਚਮਤਕਾਰ, ਦੁਰਯੋਧਨ ਦਾ ਗੰਧਰਵਾਂ ਦੁਆਰਾ ਫੜਿਆ ਜਾਣਾ ਅਤੇ ਪਾਂਡਵਾਂ ਦੁਆਰਾ ਛੁਡਾੳਣਾ, ਦਰੋਪਦੀ ਦਾ ਜਯਦ੍ਰਥ ਦੁਆਰਾ ਅਪਮਾਨ, ਨਲ ਅਤੇ ਦਮਯੰਤੀ ਦੀ ਕਥਾ, ਸਾਵਿਤਰੀ ਅਤੇ ਸਤਿਆਵਾਨ ਦੀ ਕਥਾ ਬਾਰੇ ਦੱਸਿਆ ਗਿਆ ਹੈ। ਚੌਥਾ ‘ਵਿਰਾਟ ਪਰਵ’ ਹੈ। ਇਸ ਵਿਚ ਪਾਂਡਵਾਂ ਨੇ ਭੇਸ ਬਦਲ ਕੇ ਰਾਜਾ ਵਿਰਾਟ ਕੋਲ ਆਪਣਾ ਤੇਰ੍ਹਵਾਂ ਸਾਲ ਕਿਸ ਤਰ੍ਹਾਂ ਬਿਤਾਇਆ, ਦਾ ਵਰਣਨ ਹੈ। ਪੰਜਵਾਂ ‘ਉਦਯੋਗ ਪਰਵ’ ਹੈ। ਇਸ ਵਿਚ ਯੁੱਧ ਲਈ ਕੀਤੇ ਗਏ ਯਤਨਾਂ ਦਾ ਵਰਣਨ ਹੈ। ਛੇਵਾਂ ਪਰਵ ‘ਭੀਸ਼ਮ ਪਰਵ’ ਹੈ। ਇਸ ਵਿਚ ਯੁੱਧ ਵਿਚ ਭੀਸ਼ਮ ਦਾ ਲੜਨਾ ਅਤੇ ਭਗਵਦ ਗੀਤਾ ਦਾ ਗਿਆਨ ਵਰਣਿਤ ਹੈ। ਅਗਲਾ ਸੱਤਵਾਂ ਪਰਵ ‘ਦ੍ਰੋਣ ਪਰਵ’ ਹੈ। ਇਸ ਵਿਚ ਯੁੱਧ ਦਾ ਸੈਨਾਪਤੀ ਦ੍ਰੋਣ ਹੈ। ਅਗਲਾ ‘ਕਰਣ ਪਰਵ’ ਹੈ। ਇਸ ਵਿਚ ਅਰਜਨ ਦੁਆਰਾ ਕਰਣ ਨੂੰ ਮਾਰਨ ਦਾ ਵਰਣਨ ਹੈ। ਨੌਵਾਂ ਪਰਵ ‘ਸ਼ਲਯ ਪਰਵ’ ਹੈ। ਇਸ ਵਿਚ ਯੁੱਧ ਦੀ ਵਾਗਡੋਰ ਸ਼ਾਲਵ ਦੇ ਹੱਥ ਵਿਚ ਹੈ ਅਤੇ ਕੇਵਲ ਤਿੰਨ ਕੌਰਵ ਜਿਉਂਦੇ ਬਚੇ ਸਨ। ਦਸਵਾਂ ਪਰਵ ‘ਸੌਪਤਿਕ ਪਰਵ’ ਹੈ। ਇਸ ਵਿਚ ਸੁੱਤੇ ਹੋਏ ਪਾਂਡਵਾਂ ਉੱਤੇ ਰਾਤ ਨੂੰ ਕੌਰਵਾਂ ਦੁਆਰਾ ਕੀਤੇ ਹਮਲੇ ਦਾ ਅਤੇ ਦੁਰਯੋਧਨ ਦੀ ਮੌਤ ਦਾ ਵਰਣਨ ਹੈ। ਗਿਆਰ੍ਹਵੇਂ ਪਰਵ ‘ਇਸਤਰੀ ਪਰਵ’ ਵਿਚ ਗੰਧਾਰੀ ਦੁਆਰਾ ਸ਼ੋਕ ਪ੍ਰਗਟ ਕਰਨਾ ਹੈ। ਅਗਲਾ ‘ਸ਼ਾਂਤੀ ਪਰਵ’ ਹੈ। ਇਸ ਵਿਚ ਭੀਸ਼ਮ ਯੁਧਿਸ਼ਟਰ ਨੂੰ ਉਪਦੇਸ਼ ਦਿੰਦਾ ਹੈ। ‘ਅਨੁਸ਼ਾਸਨ ਪਰਵ’ ਵਿਚ ਭੀਸ਼ਮ ਯੁਧਿਸ਼ਟਰ ਨੂੰ ਰਾਜਾ ਦੇ ਕਰਤੱਵ ਬਾਰੇ ਦੱਸਦਾ ਹੈ। ਇਸ ਦੌਰਾਨ ਭੀਸ਼ਮ ਦੇ ਮਰ ਜਾਣ ਦਾ ਵਰਣਨ ਹੈ। ਅਗਲਾ ‘ਅਸ਼੍ਵਮੇਧਿਕ ਪਰਵ’ ਹੈ। ਇਸ ਵਿਚ ਯੁਧਿਸ਼ਟਰ ਦੇ ਅਸ਼ਵਮੇਧ ਯੱਗ ਕਰਨ ਦਾ ਵਰਣਨ ਹੈ। ਪੰਦਰ੍ਹਵਾਂ ਪਰਵ ‘ਆਸ਼ਰਮ ਪਰਵ’ ਹੈ। ਇਸ ਵਿਚ ਧ੍ਰਿਤਰਾਸ਼ਟਰ, ਕੁੰਤੀ ਅਤੇ ਗੰਧਾਰੀ ਦਾ ਜੰਗਲਾਂ ਵਿਚ ਜਾਣ ਦਾ ਵਰਣਨ ਹੈ। ਅਗਲੇ ਪਰਵ ‘ਮੌਸਲ’ ਪਰਵ ਵਿਚ ਸ਼੍ਰੀ ਕ੍ਰਿਸ਼ਨ ਅਤੇ ਬਲਰਾਮ ਦੇ ਮਰਨ ਤੇ ਦਵਾਰਕਾ ਦਾ ਸਮੁੰਦਰ ਵਿਚ ਗਰਕ ਹੋ ਜਾਣ ਦਾ ਵਰਣਨ ਹੈ। ‘ ਮਹਾਂਪ੍ਰਸਥਾਨਿਕਾ ਪਰਵ’ ਵਿਚ ਯੁਧਿਸ਼ਟਰ ਦਾ ਆਪਣੇ ਭਰਾਵਾਂ ਸਮੇਤ ਹਿਮਾਲਾ ਪਰਬਤ ਨੂੰ ਜਾਣ ਦਾ ਵਰਣਨ ਹੈ। ਰਸਤੇ ਵਿਚ ਸੁਮੇਰ ਪਰਬਤ ਉੱਤੇ ਇੰਦਰ ਦੇ ਸਵਰਗ ਦਾ ਵਰਣਨ ਆਉਂਦਾ ਹੈ। ਅਗਲਾ ਅਠਾਰ੍ਹਵਾਂ ਪਰਵ, ‘ਸਵਰਗਾਰੋਹਣ ਪਰਵ’ ਹੈ। ਇਸ ਵਿਚ ਯੁਧਿਸ਼ਟਰ ਅਤੇ ਉਸ ਦੇ ਭਰਾਵਾਂ ਦਾ ਦਰੋਪਦੀ ਸਮੇਤ ਸਵਰਗ ਵਿਚ ਜਾਣ ਦਾ ਵਰਣਨ ਹੈ। ਉਨ੍ਹੀਵਾਂ ਪਰਵ ‘ਹਰੀਵੰਸ਼’ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਅਤੇ ਚਮਤਕਾਰਾਂ ਦਾ ਵਰਣਨ ਹੈ ਅਤੇ ਕਲਯੁਗ ਬਾਰੇ ਦੱਸਿਆ ਗਿਆ ਹੈ।
ਮਹਾਭਾਰਤ ਸੰਸਕ੍ਰਿਤ ਸਾਹਿਤ ਦਾ ਇਕ ਅਜਿਹਾ ਵਿਸ਼ਵ ਕੋਸ਼ ਹੈ ਜਿਸ ਵਿਚ ਧਰਮ, ਅਰਥ, ਕਾਮ ਅਤੇ ਮੁਕਤੀ ਬਾਰੇ ਵਿਸਥਾਰ ਨਾਲ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭੂਤ ਭਵਿੱਖ ਦਾ ਵਰਣਨ ਅਨੇਕ ਧਰਮਾਂ ਅਤੇ ਆਸ਼ਰਮਾਂ ਦੇ ਲੱਛਣ, ਤਪੱਸਿਆ, ਬ੍ਰਹਮਚਰਜ, ਪ੍ਰਿਥਵੀ, ਚੰਦਰਮਾ ਅਤੇ ਸੂਰਜ ਨਛੱਤਰਾਂ ਦਾ ਵਰਣਨ ਹੈ। ਇਸ ਦੇ ਨਾਲ ਹੀ ਰਿਗਵੇਦ, ਯਜੁਰਵੇਦ, ਸਾਮਵੇਦ, ਅਧਿਆਤਮ ਵਿਦਿਆ, ਸਾਤਵਿਕ ਕਰਮਾਂ ਨਾਲ ਦੇਵਤਾ ਅਤੇ ਮਨੁੱਖ ਜਨਮ ਦਾ ਵਰਣਨ ਯੁੱਧ ਦੀਆਂ ਕ੍ਰਿਆਵਾਂ, ਸੈਨਾ, ਪਵਿੱਤਰ ਤੀਰਥਾਂ, ਦੇਸ਼ਾਂ, ਨਦੀਆਂ, ਪਰਬਤਾਂ, ਜੰਗਲਾਂ ਅਤੇ ਸਮੁੰਦਰਾਂ ਦਾ ਵਰਣਨ ਮਿਲਦਾ ਹੈ।
ਮਹਾਭਾਰਤ ਦੇ ਯੁੱਧ ਦਾ ਵਰਣਨ ਅਤਿਅੰਤ ਸਰਲ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿਚ ਕੀਤਾ ਗਿਆ ਹੈ। ਕਈ ਥਾਵਾਂ ਤੇ ਕਰੁਣਾ ਰਸ ਪ੍ਰਧਾਨ ਹੋ ਜਾਣ ਨਾਲ ਸਥਿਤੀ ਰੌਚਕ ਅਤੇ ਮਨੋਰੰਜਕ ਬਣ ਗਈ ਹੈ। ਇਸ ਯੁੱਧ ਦੇ ਕਾਰਣ ਅਤੇ ਪਰਿਣਾਮ ਨੂੰ ਦਰਸਾਉਣ ਵਿਚ ਰਿਸ਼ੀ ਵਿਆਸ ਦਾ ਉਦੇਸ਼ ਇਤਿਹਾਸ ਪ੍ਰਸਤੁਤ ਕਰਨ ਦੇ ਨਾਲ ਨਾਲ ਬੇਇਨਸਾਫੀ ਉੱਤੇ ਇਨਸਾਫ ਦੀ ਜਿੱਤ ਸਥਾਪਤ ਕਰਨਾ ਹੈ। ਇਸ ਨੇ ਇਤਿਹਾਸ ਅਤੇ ਪੁਰਾਣ ਨੂੰ ਵੇਦ ਦੇ ਰਹੱਸ ਖੋਲ੍ਹਣ ਦਾ ਸਾਧਨ ਦੱਸ ਕੇ ਮਨੁੱਖ ਜੀਵਨ ਦੀ ਸਰਲਤਾ ਅਤੇ ਸਮਾਜ ਦੀ ਚੰਗੀ ਸਥਿਤੀ ਲਈ ਧਰਮ ਨਿਸ਼ਠਾ ਦਾ ਪ੍ਰਭਾਵਪੂਰਣ ਸ਼ਬਦਾਂ ਵਿਚ ਆਦਿ ਤੋਂ ਅੰਤ ਤੱਕ ਜੁਗਤੀਆਂ ਨਾਲ ਵਰਣਨ ਕੀਤਾ ਹੈ। ਮਹਾਭਾਰਤ ਵਿਚ ਇਕ ਪਰਮਾਤਮਾ ਦੀ ਹੋਂਦ ਉੱਤੇ ਜ਼ੋਰ ਦਿੱਤਾ ਗਿਆ ਹੈ।
ਮਹਾਭਾਰਤ ਦੀ ਭਾਸ਼ਾ ਅਰਥ ਅਤੇ ਮਨੋਵਿਗਿਆਨ ਦੇ ਪੱਖੋਂ ਸਬਲ ਹੈ। ਉਦਾਹਰਣ ਵਜੋਂ ਸ੍ਰੀ ਕ੍ਰਿਸ਼ਨ ਦੀ ਬਾਤਚੀਤ ਵਾਲਾ ਹਿੱਸਾ ਸੰਸਾਰ ਦੀਆਂ ਅਨੂਪਮ ਭਾਸ਼ਾਵਾਂ ਵਿਚੋਂ ਇਕ ਹੈ। ਇਸ ਤੋਂ ਇਲਾਵਾ ਇਹ ਕਾਵਿ ਵਿਦੁਰ ਨੀਤੀ ਅਤੇ ਹੋਰ ਕਈ ਨੀਤੀ ਪ੍ਰਵਚਨਾਂ ਨਾਲ ਭਰਿਆ ਹੋਇਆ ਹੈ। ਸੱਚ ਅਤੇ ਅਹਿੰਸਾ ਉੱਤੇ ਅਧਾਰਿਤ ਇਹ ਇਕ ਅਜਿਹਾ ਕਾਵਿ ਹੈ ਜੋ ਭਗਤੀ ਅਤੇ ਨੀਤੀ ਨਾਲ ਪਰਿਪੂਰਣ ਹੈ।
––––––––––––––––––––––––––––––––––––––––––––––––––––––––––
ਨੋਟ : ਉਪਰੋਕਤ ਇੰਦਰਾਜ ਵਿਚ ਪੰਜਾਬ ਕੋਸ਼-ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ ਅਨੁਸਾਰ ਦਰਸਾਇਆ ਸ਼ਾਲਵ ਨਾਂ ਦਰੁਸਤ ਨਹੀਂ ਹੈ । ਦਰੁਸਤੀ 'ਭਾਰਤੀਯ ਸਾਹਿਤਯ ਪਰ ਮਹਾਭਾਰਤ ਕਾ ਪ੍ਰਭਾਵ' ਕਿਤਾਬ ਦੇ ਪੰਨਾ ਨੰਬਰ 32 ਅਨੁਸਾਰ ਦਰੁਸਤ ਨਾਂ ਸ਼ਲਯ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-14-12-18-20, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 8: 201
ਵਿਚਾਰ / ਸੁਝਾਅ
Gunam Aqida,
( 2019/06/29 09:3934)
Gunam Aqida,
( 2019/06/29 09:4008)
Please Login First