ਮਾਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਾਘ (1750) : ਸੰਸਕ੍ਰਿਤ ਭਾਸ਼ਾ ਦੇ ਚੋਟੀ ਦੇ ਕਵੀਆਂ ਵਿੱਚ ਮਹਾਂਕਵੀ ਮਾਘ ਦਾ ਨਾਂ ਗਿਣਿਆ ਜਾਂਦਾ ਹੈ। ਇੱਕ ਲੋਕੋਕਤੀ ਅਨੁਸਾਰ ਉਸ ਦੀ ਤੁਲਨਾ ਕਾਲੀਦਾਸ, ਦੰਡੀ ਅਤੇ ਭਾਰਵੀ ਆਦਿ ਮਹਾਂਕਵੀਆਂ ਨਾਲ ਕੀਤੀ ਗਈ ਹੈ :

ਉਪਮਾ ਕਾਲੀਦਾਸ੍ਯ, ਭਾਰਵੇਰਰ੍ਥ ਗੌਰਵਮ੍।

          ਦੰਡਿਨਹ੍ ਪਦਲਾਲਿਤ੍ਯਮ੍, ਮਾਘੇ ਸੰਤਿ ਤ੍ਰਿਯੋਗੁਣਾਹੁ॥

ਅਰਥਾਤ ਮਹਾਂਕਵੀ ਕਾਲੀਦਾਸ ਉਪਮਾ ਅਲੰਕਾਰ ਦੀ ਸੁਚੱਜੀ ਵਰਤੋਂ ਕਰ ਕੇ, ਭਾਰਵੀ ਅਰਥ ਭਰਪੂਰ ਕਵਿਤਾ ਕਰ ਕੇ ਅਤੇ ਦੰਡੀ ਲਲਿਤ ਸ਼ਬਦ ਪ੍ਰਯੋਗ ਕਰ ਕੇ ਪ੍ਰਸਿੱਧ ਹੈ ਪਰੰਤੂ ਮਾਘ ਦੀ ਕਵਿਤਾ ਵਿੱਚ ਇਹ ਤਿੰਨੋਂ ਗੁਣ ਵਿਦਮਾਨ ਹਨ।

     ਸੰਸਕ੍ਰਿਤ ਭਾਸ਼ਾ ਦੇ ਅਨੇਕਾਂ ਲੇਖਕਾਂ ਵਾਗ ਮਾਘ ਦਾ ਜਨਮ ਸਮਾਂ ਵੀ ਸਪਸ਼ਟ ਨਹੀਂ ਹੈ, ਤਾਂ ਵੀ ਉਸ ਦੇ ਮਹਾਂਕਾਵਿ ਸਿਸ਼ੂ ਪਾਲ ਵਧ (ਇਸ ਨੂੰ ਮਾਘ-ਕਾਵਿ ਵੀ ਕਿਹਾ ਜਾਂਦਾ ਹੈ) ਵਿਚਲੇ ਤੱਥਾਂ ਤੇ ਆਧਾਰਿਤ ਉਸ ਦਾ ਜਨਮ ਗੁਜਰਾਤ ਪ੍ਰਦੇਸ਼ ਦੇ ਜ਼ਿਲ੍ਹਾ ਸਿਰੋਹੀ ਦੀ ਤਹਿਸੀਲ ਭੀਨਮਾਲ ਵਿੱਚ ਪਿਤਾ ਕੁਮੁਦ ਪੰਡਤ ਅਤੇ ਮਾਤਾ ਬ੍ਰਾਹਮਣੀ ਦੇ ਘਰ 750 ਈ. ਦੇ ਨੇੜੇ-ਤੇੜੇ ਹੋਇਆ। ਉਸ ਦਾ ਦਾਦਾ ਸੁਪ੍ਰਭਦੇਵ, ਚਾਪਵੰਸ ਦੇ ਰਾਜਾ ਵਰਮਾਲ ਦਾ ਪ੍ਰਧਾਨ ਮੰਤਰੀ ਸੀ। ਪਿਤਾ ਸੰਸਕ੍ਰਿਤ ਭਾਸ਼ਾ ਅਤੇ ਵਿਆਕਰਨ ਧਰਮ ਸ਼ਾਸਤਰ ਰਾਜਨੀਤੀ ਦਾ ਵਿਦਵਾਨ ਸੀ।

     ਮਾਘ ਮਹੀਨੇ ਦੇ ਚਾਨਣੇ ਪੱਖ `ਚ ਮਾਘ ਨਛੱਤਰ ਵਿੱਚ ਜਨਮ ਹੋਣ ਕਾਰਨ ਉਸ ਦਾ ਨਾਂ ਮਾਘ ਰੱਖਿਆ ਗਿਆ। ਉਸ ਦੇ ਜਨਮ ਸਮੇਂ ਜੋਤਸ਼ੀਆਂ ਨੇ ਕਿਹਾ ਸੀ ਕਿ ਇਹ ਬੱਚਾ ਅਮੀਰ ਸ਼ਾਹੀ ਅਤੇ ਲੰਮੀ ਉਮਰ ਭੋਗੇਗਾ ਪਰ ਪਿਛਲੀ ਉਮਰੇ ਗ਼ਰੀਬੀ ਤੇ ਬਿਮਾਰੀ ਦਾ ਸੰਤਾਪ ਹੰਢਾਵੇਗਾ। ਇਸ ਚਿੰਤਾ ਕਾਰਨ ਉਸ ਦੇ ਪਿਤਾ ਨੇ ਮਿੱਟੀ ਦੇ 36000 ਕੁੱਜਿਆਂ ਵਿੱਚ ਸੋਨਾ, ਚਾਂਦੀ ਅਤੇ ਮੋਤੀ ਆਦਿ ਭਰ ਕੇ ਧਰਤੀ ਵਿੱਚ ਗਡਵਾ ਦਿੱਤੇ ਤਾਂ ਕਿ ਪੁੱਤਰ ਨੂੰ ਸਾਰੀ ਉਮਰ ਧਨ ਦੀ ਘਾਟ ਨਾ ਰਹੇ, ਪਰੰਤੂ ਇਹ ਧਨ ਮਾਘ ਦੀ ਜ਼ਿੰਦਗੀ ਵਿੱਚ ਭੋਗ-ਵਿਲਾਸਤਾ ਦਾ ਕਾਰਨ ਹੀ ਬਣਿਆ।

     ਮਾਘ ਦੇ ਬਚਪਨ ਬਾਰੇ ਹੋਰ ਜਾਣਕਾਰੀ ਨਹੀਂ ਮਿਲਦੀ ਪਰ ਉਸ ਦੀ ਸਿੱਖਿਆ ਛੋਟੀ ਉਮਰੇ ਘਰ ਵਿੱਚ ਹੀ ਸ਼ੁਰੂ ਹੋ ਗਈ ਸੀ। ਕਿਸ਼ੋਰ ਉਮਰ ਤੱਕ ਉਸ ਨੇ ਸਾਹਿਤ ਸ਼ਾਸਤਰ, ਪਾਣਿਨੀ ਵਿਆਕਰਨ, ਅਮਰਕੋਸ਼, ਨੀਤੀ- ਸ਼ਾਸਤਰ, ਸਿਮਰਿਤੀ, ਮਹਾਂਭਾਰਤ, ਰਾਮਾਇਣ, ਪੁਰਾਣ, ਆਯੁਰਵੇਦ, ਜੋਤਸ਼, ਨਿਆਇ-ਦਰਸ਼ਨ, ਵੇਦ-ਵੇਦਾਂਗ, ਘੋੜ-ਵਿੱਦਿਆ ਅਤੇ ਹਾਥੀ ਵਿੱਦਿਆ ਦਾ ਅਧਿਐਨ ਪੂਰਾ ਕਰ ਲਿਆ ਸੀ।

     ਸਮਾਂ ਪਾ ਕੇ ਮਹਾਂਕਵੀ ਮਾਘ ਰਾਜਾ ‘ਆਦਿ ਬਰਾਹ ਪ੍ਰਤੀਹਾਰ ਭੋਜ` ਦਾ ਸਭਾ-ਪੰਡਤ ਅਤੇ ਪੁਰੋਹਤ ਬਣਿਆ। ਉਹ ਅਨੁਸ਼ਾਸਨ ਪਸੰਦ ਸੀ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਣਾ ਫਿਰ ਹਰ ਕੰਮ ਸਲੀਕੇ ਨਾਲ ਕਰਨਾ ਉਸ ਦਾ ਨੇਮ ਸੀ। ਰਾਜ-ਦਰਬਾਰ ਜਾਣਾ, ਰਾਜ ਪਰਿਵਾਰ ਨੂੰ ਅਸ਼ੀਰਵਾਦ ਦੇਣਾ, ਰਾਜ-ਪ੍ਰਬੰਧ ਦੀਆਂ ਜ਼ੁੰਮੇਵਾਰੀਆਂ ਨਿਭਾਉਣੀਆਂ, ਗ੍ਰਹਿਸਥ ਧਰਮ ਦਾ ਪਾਲਣ ਕਰਨਾ, ਸਾਹਿਤ ਅਧਿਐਨ ਕਰਨਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣਾ, ਸ਼ਾਸਤਰਾਰਥ ਕਰਵਾਉਣੇ, ਕਵੀ-ਦਰਬਾਰ ਜਾਂ ਕੋਈ ਹੋਰ ਮਨੋ-ਵਿਨੋਦ, ਹਰ ਕੰਮ `ਚ ਇੱਕ ਸਲੀਕਾ ਅਤੇ ਸਮੇਂ ਦੀ ਪਾਬੰਦੀ ਦਾ ਪੂਰਾ-ਪੂਰਾ ਧਿਆਨ ਰੱਖਦਾ ਸੀ।

     ਉਸ ਦਾ ਵਿਅਕਤਿਤਵ ਬਹੁਤ ਪ੍ਰਭਾਵਸ਼ਾਲੀ ਸੀ। ਬਾਪ-ਦਾਦਾ ਦੀ ਤਰ੍ਹਾਂ ਵਿਦਵਤਾ ਅਤੇ ਸਨਮਾਨ ਵਿਰਾਸਤ ਵਿੱਚ ਹੀ ਮਿਲੇ ਸਨ। ਰਾਜ ਦਰਬਾਰ ਵਿੱਚ ਉਸ ਨੂੰ ਪੂਰਾ ਮਾਣ ਸਨਮਾਨ ਪ੍ਰਾਪਤ ਸੀ। ਉਸ ਦਾ ਕੱਦ ਲੰਮਾ, ਰੰਗ ਗੋਰਾ ਅਤੇ ਨੈਣ-ਨਕਸ਼ ਖਿੱਚ ਪਾਉਣ ਵਾਲੇ ਸਨ। ਚਿਹਰਾ ਸੁੰਦਰ ਤੇ ਸੁਣੱਖਾ, ਸਰੀਰ ਸੁਡੌਲ, ਗੱਠਿਆ ਹੋਇਆ, ਮੱਥੇ ਉੱਤੇ ਤਿਲਕ ਅਤੇ ਵਿਦਵਤਾ ਦਾ ਤੇਜ, ਗੱਲ ਵਿੱਚ ਜਨੇਊ, ਸੋਨੇ ਦਾ ਕੰਠਾ ਤੇ ਕੀਮਤੀ ਹਾਰ ਆਦਿ। ਇੱਕ ਪਤਲੀ, ਸਫ਼ੈਦ ਕੀਮਤੀ ਧੋਤੀ ਬੰਨ੍ਹ ਕੇ ਰੱਖਦਾ ਅਤੇ ਦੂਜੀ ਮੋਢਿਆਂ ਉੱਤੇ ਪਾ ਕੇ ਰੱਖਦਾ। ਸੁਭਾਅ ਪੱਖੋਂ ਸ੍ਵੈਮਾਣ ਭਰਿਆ ਅਤੇ ਮਖੌਲ ਕਰਨ ਵਾਲਾ, ਸਦਾ ਖ਼ੁਸ਼ ਅਤੇ ਹੱਸਮੁਖ ਰਹਿਣ ਵਾਲਾ ਜਵਾਨ, ਮਿੱਠੀ ਭਾਸ਼ਾ ਪ੍ਰਭਾਵ ਵਾਲੀ ਤੁਲਵੀਂ ਅਤੇ ਸਾਰਥਕ, ਪਵਿੱਤਰ ਆਤਮਾ, ਵਿਦਵਾਨ, ਦਾਨੀ ਅਤੇ ਕਾਦਰ-ਕੁਦਰਤ ਨੂੰ ਪਿਆਰ ਕਰਨ ਵਾਲਾ ਆਪਣੀ ਉੱਚ-ਕੁਲ ਅਤੇ ਮਰਯਾਦਾ ਦਾ ਸਦਾ ਹੀ ਖ਼ਿਆਲ ਰੱਖਦਾ ਸੀ। ਉਸ ਨੇ ਸਦੀਵੀ ਜਸ ਖੱਟਣ ਅਤੇ ਅਮਰ ਕਵੀ ਬਣਨ ਦੀ ਇੱਛਾ ਕਾਰਨ ਹੀ ਸਿਸ਼ੂਪਾਲ ਵਧ ਦੀ ਰਚਨਾ ਕੀਤੀ ਜੋ ਕਿ ਜਵਾਨੀ ਤੋਂ ਲੈ ਕੇ ਵਡੇਰੀ ਉਮਰ ਤੱਕ ਦੀ ਉਸ ਦੀ ਇੱਕੋ-ਇੱਕ ਰਚਨਾ ਹੈ ਅਤੇ ਇਸ ਰਚਨਾ ਨੇ ਸੱਚ-ਮੁੱਚ ਹੀ ਉਸ ਨੂੰ ਸੰਸਕ੍ਰਿਤ ਸਾਹਿਤ ਸੰਸਾਰ ਵਿੱਚ ਅਮਰ ਕਰ ਦਿੱਤਾ।

     ਸਿਸ਼ੂਪਾਲ ਵਧ ਦੀ ਗਿਣਤੀ ਸੰਸਕ੍ਰਿਤ ਸਾਹਿਤ ਦੇ ਤਿੰਨ ਮਹਾਂਕਾਵਿਆਂ ਵਿੱਚ ਸ਼ੁਮਾਰ ਹੈ। ਇਹ 20 ਸਰਗਾਂ ਅਤੇ ਲਗਪਗ ਸਾਢੇ ਸੋਲਾਂ ਸੌ ਸਲੋਕਾਂ ਵਿੱਚ ਲਿਖੀ ਹੋਈ ਹੈ। ਇਸ ਦੀ ਮੂਲ ਕਥਾ ਮਹਾਂਭਾਰਤ ਦੇ ਸਭਾ-ਪਰਵ ਵਿੱਚੋਂ ਲਈ ਗਈ ਹੈ ਪਰ ਵਿਦਵਾਨ ਕਵੀ ਨੇ ਥਾਂ-ਥਾਂ `ਤੇ ਆਪਣੀ ਵਿਦਵਤਾ ਅਤੇ ਬਹੁਪੱਖੀ ਗਿਆਨ ਦਾ ਲੋਹਾ ਮਨਵਾਇਆ ਹੈ।ਸਿਸ਼ੂਪਾਲ ਵਧ ਵਿੱਚ ਮਹਾਂਕਾਵਿ ਦੇ ਲੱਛਣਾਂ ਅਨੁਸਾਰ, ਨਾਇਕ, ਪ੍ਰਕਿਰਤੀ, ਸੈਨਾ, ਛੇ ਰੁੱਤਾਂ, ਪਹਾੜਾਂ, ਬਾਗ਼ਾਂ, ਕੁਦਰਤੀ ਨਜ਼ਾਰਿਆਂ, ਨਦੀਆਂ ਅਤੇ ਤਤਕਾਲੀਨ ਸਮਾਜ ਦਾ ਚਿੱਤਰ ਚਿਤਰਦਿਆਂ ਮਹਾਂਕਵੀ ਮਾਘ ਆਪਣੀ ਮਹਾਨ ਕਾਵਿ-ਪ੍ਰਤਿਭਾ ਕਰ ਕੇ ਅਮਰ ਕਵੀ ਬਣ ਗਿਆ ਹੈ।

          ਮਾਘ ਦਾ ਅਖੀਰਲਾ ਸਮਾਂ ਗ਼ਰੀਬੀ ਵਿੱਚ ਬੀਤਿਆ। ਇਸ ਦਾ ਕਾਰਨ ਵਿਰਾਸਤ `ਚ ਮਿਲੇ ਅਨੰਤ ਧਨ ਤੋਂ ਉਪਜੀ ਭੋਗ-ਵਿਲਾਸਤਾ ਅਤੇ ਦਾਨ ਕਰਨ ਦੀ ਆਦਤ ਸੀ। ਅੰਤਲੇ ਦਿਨਾਂ `ਚ ਵੀ ਉਹ ਰੱਜ ਕੇ ਦਾਨ ਨਾ ਕਰ ਸਕਣ ਕਰ ਕੇ ਦੁੱਖੀ ਰਿਹਾ। ਉਸ ਦੀ ਪਤਨੀ ਦਾ ਨਾਂ ਮਲਹਣਾ ਦੇਵੀ ਸੀ, ਜਿਸ ਤੋਂ ਇੱਕ ਲੜਕਾ ਅਤੇ ਕਈ ਲੜਕੀਆਂ ਪੈਦਾ ਹੋਈਆਂ ਪਰ ਇੱਕ ਲੜਕੀ ਤੋਂ ਬਿਨਾਂ ਸਾਰੀ ਸੰਤਾਨ ਕਿਸੇ ਕਾਰਨ ਮਰਦੀ ਰਹੀ। ਲੜਕੀ ਵੀ ਵਿਆਹ ਤੋਂ ਕੁਝ ਦੇਰ ਬਾਅਦ ਹੀ ਵਿਧਵਾ ਹੋ ਗਈ ਅਤੇ ਪਤੀ ਨਾਲ ਹੀ ਸਤੀ ਹੋ ਗਈ ਸੀ। ਮਾਘ ਆਪ ਵੀ ਲਗਪਗ 120 ਜਾਂ 136 ਸਾਲ ਦੀ ਲੰਮੀ ਉਮਰ ਭੋਗ ਕੇ ਗ਼ਰੀਬੀ ਅਤੇ ਬਿਮਾਰੀ ਵਿੱਚ ਪ੍ਰਲੋਕ ਸਿਧਾਰ ਗਿਆ। ਉਸ ਦੀ ਪਤਨੀ ਨੇ ਉਸ ਦੀ ਚਿਖਾ ਖ਼ੁਦ ਚਿਣੀ, ਖ਼ੁਦ ਹੀ ਅੱਗ ਦਿੱਤੀ ਅਤੇ ਉਸ ਦੇ ਨਾਲ ਹੀ ਸਤੀ ਹੋ ਗਈ। ਰਾਜਾ ਭੋਜ ਨੇ ਬਾਕੀ ਦੇ ਅੰਤਿਮ ਸੰਸਕਾਰ ਕਰਵਾਏ।


ਲੇਖਕ : ਗੁਰਦਾਸ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮਾਘ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਘ (ਨਾਂ,ਪੁ) ਪੋਹ ਮਹੀਨੇ ਤੋਂ ਪਿੱਛੋਂ ਅਤੇ ਫੱਗਣ ਤੋਂ ਪਹਿਲਾਂ ਆਉਣ ਵਾਲਾ ਮਹੀਨਾ; ਵੇਖੋ : ਮਾਘੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਘ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਘ [ਨਾਂਪੁ] ਬਿਕਰਮੀ ਸੰਮਤ ਦਾ ਇੱਕ ਮਹੀਨਾ ਜੋ ਲਗਭਗ ਅੱਧ ਜਨਵਰੀ ਤੋਂ ਅੱਧ ਫਰਵਰੀ ਤੱਕ ਹੁੰਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਘ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮਾਘ : ਦੇਸੀ ਸਾਲ ਦਾ ਗਿਆਰਵਾਂ ਮਹੀਨਾ ਜਿਹੜਾ ਜਨਵਰੀ-ਫ਼ਰਵਰੀ ਵਿਚ ਪੈਂਦਾ ਹੈ। ਇਸ ਮਹੀਨੇ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਤੇ ਕਈ ਪੁਰਬ ਇਸ ਮਹੀਨੇ ਆਉਂਦੇ ਹਨ। ਮਾਘ ਦੀ ਸੰਗਰਾਂਦ ਨੂੰ ਮਾਘੀ ਦਾ ਤਿਉਹਾਰ ਸਾਰੇ ਪੰਜਾਬ ਵਿਚ ਅਤੇ ਵਿਸ਼ੇਸ਼ ਕਰਕੇ ਦਮਦਮਾ ਸਾਹਿਬ (ਤਲਵੰਡੀ ਸਾਬੋ ਕੀ) ਵਿਖੇ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਅਚਲਾ ਸਪਤਮੀ, ਬਸੰਤ ਪੰਚਮੀ, ਮਾਘੀ ਪੂਰਨਮਾ ਅਤੇ ਮਾਘੀ ਮੱਸਿਆ (ਮੋਨੀ ਅਮਾਵਸ) ਆਦਿ ਵਿਸ਼ੇਸ਼ ਦਿਹਾੜੇ ਵੀ ਮਨਾਏ ਜਾਂਦੇ ਹਨ। ਇਸ ਮਹੀਨੇ ਖਿਚੜੀ ਨਵੀਂ ਕੀਤੀ ਜਾਂਦੀ ਹੈ ਅਰਥਾਤ ਨਵੇਂ ਕੱਢੇ ਚੌਲਾਂ ਦਾ ਸ਼ਗਨ ਖਿਚੜੀ ਪਕਾ ਕੇ ਕੀਤਾ ਜਾਂਦਾ ਹੈ। 

ਇਸ ਮਹੀਨੇ ਕੀਤੇ ਪੁੰਨ ਦਾਨ ਨੂੰ ਉੱਤਮ ਸਮਝਿਆ ਜਾਂਦਾ ਹੈ ਅਤੇ ਸਰਵੋਤਮ ਦਾਨ ਕੰਨਿਆ ਦਾਨ ਮੰਨਿਆ ਜਾਂਦਾ ਹੈ ਜਿਸ ਕਾਰਨ ਇਹ ਮਹੀਨਾ ਮੁਕਲਾਵੇ ਆਦਿ ਲਈ ਸ਼ੁਭ ਸਮਝਿਆ ਜਾਂਦਾ ਹੈ। 

ਇਸ ਮਹੀਨੇ ਦੇ ਇਸ਼ਨਾਨ (ਤੀਰਥ ਇਸ਼ਨਾਨ) ਦਾ ਬਹੁਤ ਮਹੱਤਵ ਹੈ। ਮਾਘੀ ਵਾਲੇ ਦਿਨ ‘ਪ੍ਰਯਾਗ ਰਾਜ’ ਵਿਖੇ ਤ੍ਰਿਵੇਣੀ ਇਸ਼ਨਾਨ ਅਤੇ ਹੋਰ ਤੀਰਥਾਂ ਉੱਤੇ ਇਸ਼ਨਾਨ ਕੀਤਾ ਜਾਂਦਾ ਹੈ। ਇਸ ਮਹੀਨੇ ਤਿਲਾਂ ਦੇ ਤੇਲ ਦੀ ਮਾਲਸ਼ ਕਰਨਾ, ਤਿਲਾਂ ਨੂੰ ਪਾਣੀ ਵਿਚ ਮਿਲਾ ਕੇ ਇਸ਼ਨਾਨ ਕਰਨਾ, ਤਿਲ ਖਾਣੇ ਅਤੇ ਦਾਨ ਕਰਨੇ ਸ਼ੁਭ ਮੰਨੇ ਜਾਂਦੇ ਹਨ। ਇਸ ਲਈ ਇਸ ਨੂੰ ਤਿਲਫੁਲ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਅਜਿਹਾ ਕਰਨ ਨਾਲ ਤਿਲ ਤਿਲ ਕਰ ਕੇ ਪਾਪ ਕੱਟੇ ਜਾਣ ਦੀ ਧਾਰਨਾ ਹੈ। 

ਗੁਰਮਤਿ ਅਨੁਸਾਰ, ਬਾਹਰਲੇ ਤੀਰਥਾਂ ਨਾਲੋਂ ਸਰੀਰ ਦੇ ਅੰਦਰਲੇ ਤੀਰਥ ਨੂੰ ਪਛਾਣਨਾ ਅਤੇ ਸਾਧ ਸੰਗਤ ਕਰਨੀ ਹੀ ਅਸਲ ਤੀਰਥ ਇਸ਼ਨਾਨ ਹੈ। ਗੁਰੂ ਨਾਨਕ ਦੇਵ ਜੀ ਤੁਖਾਰੀ ਬਾਰਹਮਾਹ ਵਿਚ ਇਸ ਮਹੀਨੇ ਪ੍ਰਥਾਇ ਬਚਨ ਉਚਾਰਣ ਕਰਦੇ ਹਨ :-

      ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ‖

    ਗੁਰੂ ਅਰਜਨ ਦੇਵ ਜੀ ਬਾਰਹਮਾਹ ਮਾਝ ਵਿਚ ਉਚਾਰਣ ਕਰਦੇ ਹਨ :-

   ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ‖

 - - - - - - - - - - - - - - - - - - - - - - - - - - - - - - - 

   ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨ ‖ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3259, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-14-03-08-14, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਬਾਰਹਮਾਹ ਦਰਪਣ–ਡਾ. ਤਾਰਨ ਸਿੰਘ; ਪੰ. ਲੋ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.