ਮਾਛੀਵਾੜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਾਛੀਵਾੜਾ (ਕਸਬਾ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦਾ ਇਕ ਕਸਬਾ ਜੋ ਲੁਧਿਆਣੇ ਨਗਰ ਤੋਂ ਲਗਭਗ 43 ਕਿ.ਮੀ. ਦੂਰੀ ਉਤੇ ਉੱਤਰ-ਪੂਰਵ ਦਿਸ਼ਾ ਵਲ ਸਤਲੁਜ ਦਰਿਆ ਦੇ ਨੇੜੇ ਵਸਿਆ ਹੈ। ਕਦੇ ਦਰਿਆ ਇਸ ਦੇ ਕੋਲੋਂ ਲੰਘਦਾ ਸੀ ਅਤੇ ਇਹ ਰਾਹੋਂ ਵਾਲੇ ਪੱਤਣ ’ਤੇ ਪੈਂਦਾ ਸੀ। ਅਧਿਕਤਰ ਮਾਛੀਆ ਦੇ ਨਿਵਾਸ ਕਾਰਣ ਇਸ ਦਾ ਨਾਂ ‘ਮਾਛੀਵਾੜਾ’ ਪ੍ਰਸਿੱਧ ਹੋਇਆ।

ਸਿੱਖ ਇਤਿਹਾਸ ਵਿਚ ਇਸ ਸਥਾਨ ਦਾ ਵਿਸ਼ੇਸ਼ ਮਹੱਤਵ ਹੈ। ਦਸੰਬਰ 1705 ਈ. (1761 ਬਿ. ਦੇ ਪੋਹ ਦੇ ਮਹੀਨੇ) ਵਿਚ ਚਮਕੌਰ ਦੀ ਗੜ੍ਹੀ ਨੂੰ ਛਡਣ ਤੋਂ ਬਾਦ ਗੁਰੂ ਗੋਬਿੰਦ ਸਿੰਘ ਇਸ ਕਸਬੇ ਤੋਂ ਲਗਭਗ ਇਕ ਕਿ.ਮੀ. ਪਹਿਲਾਂ ਜੰਗਲ ਵਿਚ ਇਕ ਖੂਹ ਦੇ ਕੰਢੇ ਰੁਕੇ ਸਨ। ਰਵਾਇਤ ਅਨੁਸਾਰ ਇਥੇ ਗੁਲਾਬ ਚੰਦ ਮਸੰਦ ਦਾ ਬਾਗ਼ ਸੀ। ਇਥੇ ਹੀ ਚਮਕੌਰ ਤੋਂ ਵਿਛੜੇ ਭਾਈ ਧਰਮ ਸਿੰਘ , ਮਾਨ ਸਿੰਘ ਅਤੇ ਦਯਾ ਸਿੰਘ ਗੁਰੂ ਜੀ ਨੂੰ ਫਿਰ ਆ ਮਿਲੇ ਸਨ। ਇਥੇ ਹੁਣਗੁਰਦੁਆਰਾ ਚਰਨ-ਕਮਲ ਸਾਹਿਬ’ ਬਣਿਆ ਹੋਇਆ ਹੈ, ਜੋ ਮਾਛੀਵਾੜੇ ਦਾ ਪ੍ਰਮੁਖ ਗੁਰੂ-ਧਾਮ ਹੈ। ਕਹਿੰਦੇ ਹਨ ਕਿ ਇਥੇ ਹੀ ਗੁਰੂ ਸਾਹਿਬ ਨੇ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ...ਸ਼ਬਦ ਉਚਾਰਿਆ ਸੀ। ਇਥੋਂ ਰਾਤ ਵੇਲੇ ਗੁਰੂ ਸਾਹਿਬ ਆਪਣੇ ਤਿੰਨ ਸਿੱਖਾਂ ਸਹਿਤ ਗੁਲਾਬ ਚੰਦ ਮਸੰਦ ਦੇ ਘਰ ਰਾਤ ਰਹਿਣ ਲਈ ਗਏ ਸਨ ਜਿਥੇ ਹੁਣ ‘ਗੁਰਦੁਆਰਾ ਚੌਬਾਰਾ ਸਾਹਿਬ’ ਉਸਰਿਆ ਹੋਇਆ ਹੈ। ਇਹ ਦੋਵੇਂ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹਨ, ਪਰ ਇਨ੍ਹਾਂ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।

ਇਥੋਂ ਦੇ ਵਸਨੀਕ ਅਤੇ ਘੋੜਿਆਂ ਦੇ ਵਪਾਰੀ ਦੋ ਪਠਾਣ ਭਰਾਵਾਂ—ਗ਼ਨੀ ਖ਼ਾਨ ਅਤੇ ਨਬੀ ਖ਼ਾਨ (ਵੇਖੋ)—ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਅਤੇ ਉਨ੍ਹਾਂ ਨੂੰ ਨੀਲਾ ਬਾਣਾ ਪਵਾ ਕੇ ਅਤੇ ‘ਉਚ ਕਾ ਪੀਰ ’ ਘੋਸ਼ਿਤ ਕਰਕੇ ਮੁਗ਼ਲ ਸੈਨਾ ਦੇ ਘੇਰੇ ਵਿਚੋਂ ਸੁਰਖਿਅਤ ਕਢਣ ਦਾ ਉਦਮ ਕੀਤਾ। ਗੁਰੂ ਸਾਹਿਬ ਨੇ ਇਨ੍ਹਾਂ ਦੋਹਾਂ ਭਰਾਵਾਂ ਨੂੰ ਜੋ ਹੁਕਮਨਾਮਾ ਬਖ਼ਸ਼ਿਆ, ਉਹ ਇਨ੍ਹਾਂ ਦੀ ਸੰਤਾਨ ਪਾਸ ਮੌਜੂਦ ਰਿਹਾ। ਹੁਣ ਇਨ੍ਹਾਂ ਦੇ ਘਰ ਵਾਲੇ ਸਥਾਨ ਉਤੇ ‘ਗੁਰਦੁਆਰਾ ਉਚ ਦਾ ਪੀਰ ’ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਕਿਰਪਾਨ ਭੇਂਟ ਵੀ ਮਾਛੀਵਾੜੇ ਤੋਂ ਲਗਭਗ ਡੇਢ ਕਿ.ਮੀ. ਦੀ ਦੂਰੀ’ਤੇ ਉਸਰਿਆ ਹੋਇਆ ਹੈ ਜਿਥੇ ਮੁਗ਼ਲ ਸੈਨਾ- ਅਧਿਕਾਰੀ ਦਿਲਾਵਰ ਖ਼ਾਨ ਨੇ ‘ਉੱਚ ਕਾ ਪੀਰ’ ਦੀ ਵਾਸਤਵਿਕਤਾ ਜਾਣਨ ਲਈ ਪ੍ਰਸਾਦ ਭੇਟ ਕੀਤਾ ਸੀ ਅਤੇ ਗੁਰੂ ਜੀ ਨੇ ਕ੍ਰਿਪਾਨ ਭੇਂਟ ਕਰਕੇ ਉਸ ਨੂੰ ਗ੍ਰਹਿਣ ਕਰ ਲਿਆ ਸੀ। ਇਸ ਦੀ ਵਿਵਸਥਾ ਨਿਹੰਗ ਸਿੰਘ ਕਰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.