ਮਾਲਕ ਮਕਾਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Land Lord_ਮਾਲਕ ਮਕਾਨ: ‘ਦ ਈਸਟ ਪੰਜਾਬ ਅਰਬਨ ਰੈਂਟ ਰੈਸਟ੍ਰਿਕਸ਼ਨ ਐਕਟ, 1949 ਵਿਚ ਯਥਾ-ਪਰਿਭਾਸ਼ਤ ਮਾਲਕ ਮਕਾਨ ਦਾ ਮਤਲਬ ਹੈ ਕੋਈ ਵਿਅਕਤੀ ਜੋ ਤਤਸਮੇਂ ਕਿਸੇ ਇਮਾਰਤ ਜਾਂ ਕਿਰਾਏ ਦੀ ਭੋਂ ਦੇ ਬਾਰੇ ਭਾਵੇਂ ਆਪਣੇ ਲੇਖੇ ਜਾਂ ਕਿਸੇ ਹੋਰ ਵਿਅਕਤੀ ਦੇ ਨਮਿਤ ਜਾਂ ਉਸ ਦੀ ਸਹੂਲਤ ਲਈ ਜਾਂ ਕਿਸੇ ਹੋਰ ਵਿਅਕਤੀ ਲਈ ਟਰਸਟੀ, ਸਰਪ੍ਰਸਤ, ਰੀਸੀਵਰ, ਸਾਧਕ ਜਾਂ ਪ੍ਰਸ਼ਾਸਕ ਦੇ ਤੌਰ ਤੇ, ਕਿਰਾਇਆ ਵਸੂਲ ਕਰਨ ਲਈ ਹੱਕਦਾਰ ਹੈ, ਅਤੇ ਇਸ ਵਿਚ ਕੋਈ ਅਜਿਹਾ ਕਿਰਾਏਦਾਰ, ਜੋ ਕੋਈ ਇਮਾਰਤ ਜਾਂ ਕਿਰਾਏ ਦੀ ਭੋਂ ਇਸ ਵਿਚ ਇਸ ਤੋਂ ਪਿਛੋਂ ਅਧਿਕਾਰਤ ਤਰੀਕੇ ਨਾਲ  ਅੱਗੇ ਕਿਰਾਏ ਤੇ ਦਿੰਦਾ ਹੈ, ਅਤੇ ਮਾਲਕ ਤੋਂ ਵਿਉਂਤਪੰਨ ਹੱਕ ਹਾਸਲ ਕਰਨ ਵਾਲਾ ਹਰੇਕ ਵਿਅਕਤੀ ਸ਼ਾਮਲ ਹੈ।

       ਮੈਸਰਜ਼ ਰਾਵਲ ਐਂਡ ਕੰ. ਬਨਾਮ ਕੇ ਜੀ ਰਾਮਾਚੰਦਰਨ (ਏ ਆਈ ਆਰ 1974 ਐਸ ਸੀ 818)  ਅਨੁਸਾਰ ਮਾਲਕ ਮਕਾਨ ਵਿਚ ਉਹ ਵਿਅਕਤੀ ਸ਼ਾਮਲ ਹੈ ਜੋ ਭਾਵੇਂ ਆਪਣੇ ਲੇਖੇ ਜਾਂ ਕਿਸੇ ਹੋਰ ਦੇ ਨਮਿਤ ਜਾਂ ਆਪਣੇ ਅਤੇ ਹੋਰਨਾਂ ਦੇ ਨਮਿਤ ਜਾਂ ਏਜੰਟ, ਟਰੱਸਟੀ, ਵੱਸੀ, ਪ੍ਰਸ਼ਾਸਕ, ਰੀਸੀਵਰ, ਸਰਪ੍ਰਸਤ ਦੇ ਤੌਰ ਤੇ ਕਿਰਾਇਆ ਵਸੂਲ ਕਰਨ ਲਈ ਹੱਕਦਾਰ ਹੈ ਜਾਂ ਇਸ ਉਸ ਰੂਪ ਵਿਚ ਕਿਰਾਇਆ ਵਸੂਲ ਕਰਨ ਦਾ ਹੱਕਦਾਰ ਹੋਵੇਗਾ।

       ਉਪਰੋਕਤ ਪਰਿਭਾਸ਼ਾ ਤੋਂ ਸਪਸ਼ਟ ਹੈ ਕਿ ‘ਦ ਈਸਟ ਪੰਜਾਬ ਅਰਬਨ ਰੈਂਟ ਰੈਸਟ੍ਰਿਕਸ਼ਨ ਐਕਟ, 1949 ਦੇ ਪ੍ਰਯੋਜਨਾ ਲਈ ਮਾਲਕ ਮਕਾਨ ਦਾ ਮਤਲਬ ਉਹ ਵਿਅਕਤੀ ਹੈ ਜੋ ਕਿਸੇ ਹੋਰ ਵਿਅਕਤੀ ਦੇ ਨਮਿਤ ਕਿਰਾਏ ਤੇ ਦਿੱਤੀ ਕਿਸੇ ਇਮਾਰਤ ਲਈ ਜਾਂ ਕਿਰਾਏ ਦੀ ਭੋਂ ਲਈ ਕਿਰਾਇਆ ਵਸੂਲ ਕਰਨ ਦਾ ਅਧਿਕਾਰ ਰਖਦਾ ਹੈ। ਉਹ ਭਾਵੇਂ ਉਸ ਇਮਾਰਤ ਜਾਂ ਭੋਂ ਦਾ ਮਾਲਕ ਹੋਵੇ ਜਾਂ ਨ।

       ਮਕਾਨ ਦੇ ਅਸਲ ਮਾਲਕ ਦੀ ਪਰਿਭਾਸ਼ਾ ਇਸ ਹੀ ਧਾਰਾ ਦੇ ਖੰਡ (ਗ) ਵਿਚ ‘ਉਲਿਖਤ ਮਾਲਕ ਦੇ ਤੌਰ ਤੇ ਦਿੱਤੀ ਗਈ ਹੈ। ਉਸ ਵਿਚ ਕਿਹਾ ਗਿਆ ਹੈ ਕਿ ਉਲਿਖਤ ਮਾਲਕ ਦਾ ਮਤਲਬ ਹੈ ਜੋ ਕਿਸ ਇਮਾਰਤ ਦੇ ਸਬੰਧ ਵਿਚ ਆਪਣੇ ਲੇਖੇ ਕਿਰਾਇਆ ਵਸੂਲ ਕਰਨ ਦਾ ਹੱਕਦਾਰ ਹੈ ਅਤੇ ਜਿਸ ਨੇ ਕਿਸੇ ਲੋਕ ਸੇਵਾ ਵਿਚ ਨਿਯੁਕਤੀ ਧਾਰਨ ਕੀਤੀ ਹੋਈ ਹੈ ਜਾਂ ਧਾਰਨ ਕੀਤੀ ਹੋਈ ਸੀ ਜਾਂ ਸੰਘ ਜਾਂ ਕਿਸੇ ਰਾਜ ਦੇ ਕਾਰ-ਵਿਹਾਰ ਦੇ ਤੱਲਕ ਵਿਚ ਕੋਈ ਆਸਾਮੀ ਧਾਰਨ ਕੀਤੀ ਹੋਈ ਹੈ ਜਾਂ ਕੀਤੀ ਹੋਈ ਸੀ। ਉਲਿਖਤ ਮਾਲਕ ਨੂੰ ਐਕਟ ਦੀ ਧਾਰਾ 13-ੳ ਅਧੀਨ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਜਾਂ ਪਿਛੋਂ ਇਕ ਸਾਲ ਦੇ ਅੰਦਰ ਆਪਣੀ ਵਰਤੋਂ ਲਈ ਕਿਰਾਏ ਤੇ ਦਿੱਤਾ ਮਕਾਨ ਖ਼ਾਲੀ ਕਰਵਾ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.