ਮਿਅਰਾਜਨਾਮਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਿਅਰਾਜਨਾਮਾ : ‘ਮਿਅਰਾਜ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਉੱਪਰ ਚੜ੍ਹਨ ਦਾ ਸਾਧਨ ਅਰਥਾਤ ਪੌੜੀ। ਇਸਲਾਮ ਧਰਮ ਅਨੁਸਾਰ ਮਿਅਰਾਜ ਹਜ਼ਰਤ ਮੁਹੰਮਦ ਸਾਹਿਬ ਦੀ ਅਸਮਾਨਾਂ ਵਿੱਚ ਕੀਤੀ ਯਾਤਰਾ ਦਾ ਨਾਂ ਹੈ, ਜਿਸ ਵਿੱਚ ਆਪ ਨੇ ਸੱਤਾਂ ਅਸਮਾਨਾਂ ਦੀ ਯਾਤਰਾ ਕੀਤੀ ਅਤੇ ਰੱਬ ਦੇ ਸਿੰਘਾਸਣ ਤੱਕ ਗਏ। ਅੱਲਾ ਨੇ ਆਪਣਾ ਇੱਕ ਫ਼ਰਿਸ਼ਤਾ, ਜਿਸ ਦਾ ਨਾਂ ਜਿਬਰਾਈਲ ਸੀ, ਭੇਜ ਕੇ ਆਪ ਨੂੰ ਅਸਮਾਨਾਂ `ਤੇ ਬੁਲਾਇਆ ਸੀ ਅਤੇ ਆਪ ਨਾਲ ਗੱਲ-ਬਾਤ ਕੀਤੀ ਸੀ। ਮਿਅਰਾਜ ਦੀ ਇਸ ਘਟਨਾ ਜਾਂ ਸਫ਼ਰ ਬਾਰੇ ਲਿਖੀ ਗਈ ਵੱਡੇ ਆਕਾਰ ਵਾਲੀ ਕਵਿਤਾ ਨੂੰ ਪੰਜਾਬੀ ਸਾਹਿਤ ਵਿੱਚ ਮਿਅਰਾਜਨਾਮਾ ਕਿਹਾ ਜਾਂਦਾ ਹੈ। ਜਿਸ ਪ੍ਰਕਾਰ ਪੰਜਾਬੀ ਸਾਹਿਤ ਵਿੱਚ ਕਿਸੇ ਜੰਗ ਦੇ ਬਾਰੇ ਲਿਖੀ ਵੱਡੇ ਆਕਾਰ ਵਾਲੀ ਕਵਿਤਾ ਨੂੰ ਜੰਗਨਾਮਾ ਦਾ ਨਾਂ ਦਿੱਤਾ ਜਾਂਦਾ ਹੈ। ਉਸ ਤਰ੍ਹਾਂ ਮਿਅਰਾਜ ਬਾਰੇ ਲਿਖੀ ਕਵਿਤਾ ਨੂੰ ਮਿਅਰਾਜਨਾਮਾ ਕਿਹਾ ਜਾਂਦਾ ਹੈ। ਸਧਾਰਨ ਸ਼ਬਦਾਂ ਵਿੱਚ ਮਿਅਰਾਜਨਾਮਾ ਕਵਿਤਾ ਵਿੱਚ ਲਿਖਿਆ ਮਿਅਰਾਜ ਦਾ ਕਿੱਸਾ ਹੈ। ਇਸ ਵਿੱਚ ਕਵੀ ਹਜ਼ਰਤ ਮੁਹੰਮਦ ਸਾਹਿਬ ਦੇ ਸੱਤਾਂ ਅਸਮਾਨਾਂ ਵਿੱਚ ਵਿਚਰਨ, ਜੰਨਤ (ਸਵਰਗ) ਅਤੇ ਦੋਜ਼ਖ਼ (ਨਰਕ) ਨੂੰ ਆਪਣੀਆਂ ਅੱਖਾਂ ਨਾਲ ਵੇਖਣ, ਰੱਬ ਦੀ ਦਰਗਾਹ ਵਿੱਚ ਪਹੁੰਚਣ ਅਤੇ ਰੱਬ ਦੀ ਹਜ਼ਰਤ ਮੁਹੰਮਦ ਨਾਲ ਹੋਈ ਗੱਲ-ਬਾਤ ਆਦਿ ਦਾ ਵਿਸਤਾਰ ਸਹਿਤ ਜ਼ਿਕਰ ਕਰਦਾ ਹੈ।
ਮਿਅਰਾਜ ਦਾ ਵਾਕਿਆ ਇਸਲਾਮੀ ਕੈਲੰਡਰ ਦੇ ਮਹੀਨੇ ‘ਰਜਬ’ ਦੀ 27 ਤਾਰੀਖ਼ ਨੂੰ ਵਾਪਰਿਆ। ਉਸ ਵੇਲੇ ਹਜ਼ਰਤ ਮੁਹੰਮਦ ਦੀ ਉਮਰ 52 ਸਾਲ ਸੀ ਅਤੇ ਆਪ ਨੂੰ ਅੱਲਾ ਦਾ ਨਬੀ ਅਥਵਾ ਪੈਗ਼ੰਬਰ ਬਣਿਆਂ 10 ਸਾਲ ਹੋ ਚੁੱਕੇ ਸਨ। ਇਸ ਘਟਨਾ ਦਾ ਜ਼ਿਕਰ ਇਸਲਾਮ ਦੀ ਧਾਰਮਿਕ ਪੁਸਤਕ ਕੁਰਾਨ ਸ਼ਰੀਫ਼ ਵਿੱਚ ਵੀ ਹੈ ਅਤੇ ਵੱਖ-ਵੱਖ ਹਦੀਸਾਂ (ਹਜ਼ਰਤ ਮੁਹੰਮਦ ਦੀਆਂ ਆਖੀਆਂ ਹੋਈਆਂ ਗੱਲਾਂ) ਵਿੱਚ ਵੀ ਇਸ ਬਾਰੇ ਜਾਣਕਾਰੀ ਮਿਲਦੀ ਹੈ। ਮਿਅਰਾਜ ਦੇ ਸਫ਼ਰ ਦਾ ਬਹੁਤ ਸੰਖੇਪ ਵੇਰਵਾ ਇਸ ਪ੍ਰਕਾਰ ਹੈ :
ਹਜ਼ਰਤ ਮੁਹੰਮਦ ਹਰਮ-ਏ-ਕਾਅਬਾ (ਕਾਅਬੇ ਦੇ ਅਹਾਤੇ) ਵਿੱਚ ਸੌਂ ਰਹੇ ਸਨ, ਅਚਾਨਕ ਜਿਬਰਾਈਲ ਫ਼ਰਿਸ਼ਤੇ ਨੇ ਆ ਕੇ ਆਪ ਨੂੰ ਜਗਾਇਆ। (ਇਹ ਉਹੋ ਫ਼ਰਿਸ਼ਤਾ ਸੀ, ਜੋ ਰੱਬ ਦਾ ਕਲਾਮ ਆਪ ਤੱਕ ਪਹੁੰਚਾਉਂਦਾ ਸੀ, ਕੁਰਾਨ ਸ਼ਰੀਫ਼ ਰੱਬ ਦੇ ਉਸੇ ਕਲਾਮ ਦਾ ਸੰਗ੍ਰਹਿ ਹੈ) ਜਿਬਰਾਈਲ ਨੇ ਸਵਾਰੀ ਦੇ ਲਈ ਆਪ ਦੀ ਸੇਵਾ ਵਿੱਚ ਇੱਕ ਜਾਨਵਰ ਪੇਸ਼ ਕੀਤਾ, ਜਿਸ ਦਾ ਨਾਂ ‘ਬੁਰਾਕ’ ਸੀ। ਇਹ ਜਾਨਵਰ ਸਫ਼ੈਦ ਰੰਗ ਦਾ ਸੀ, ਕੱਦ ਖੱਚਰ ਨਾਲੋਂ ਕੁਝ ਛੋਟਾ ਅਤੇ ਬਿਜਲੀ ਵਾਂਗ ਤੇਜ਼ ਰਫ਼ਤਾਰ ਸੀ। ਅਰਬੀ ਵਿੱਚ ਬਿਜਲੀ ਨੂੰ ਬਰਕ ਕਿਹਾ ਜਾਂਦਾ ਹੈ। ਬਰਕ ਤੋਂ ਹੀ ਬੁਰਾਕ ਸ਼ਬਦ ਬਣਿਆ ਹੈ, ਜਿਸ ਦਾ ਭਾਵ ਹੈ ਬਿਜਲੀ ਵਰਗਾ ਤੇਜ਼ ਰਫ਼ਤਾਰ ਜਾਨਵਰ। ਹਜ਼ਰਤ ਮੁਹੰਮਦ ਬੁਕਾਰ `ਤੇ ਸਵਾਰ ਹੋਏ ਅਤੇ ਜਿਬਰਾਈਲ ਆਪ ਦੇ ਨਾਲ ਚੱਲ ਪਿਆ। ਪਹਿਲਾ ਪੜਾਅ ਮਦੀਨੇ ਦਾ ਸੀ (ਮੱਕਾ ਤੇ ਮਦੀਨਾ ਸਾਊਦੀ ਅਰਬ ਦੇ ਦੋ ਪ੍ਰਸਿੱਧ ਸ਼ਹਿਰ ਹਨ, ਜਿੱਥੇ ਮੁਸਲਮਾਨ ਹੱਜ ਕਰਨ ਜਾਂਦੇ ਹਨ।) ਮਦੀਨੇ ਉੱਤਰ ਕੇ ਆਪ ਨੇ ਨਮਾਜ਼ ਪੜ੍ਹੀ। ਦੂਸਰਾ ਪੜ੍ਹਾਅ ਤੂਰ-ਏ-ਸੀਨਾ ਦਾ ਸੀ, ਜਿੱਥੇ ਰੱਬ ਹਜ਼ਰਤ ਮੂਸਾ ਨਾਲ ਗੱਲਾਂ ਕਰਿਆ ਕਰਦਾ ਸੀ (ਮੂਸਾ ਵੀ ਰੱਬ ਦੇ ਪੈਗ਼ੰਬਰ ਸਨ, ਜੋ ਯਹੂਦੀ ਕੌਮ ਵੱਲ ਰੱਬ ਵੱਲੋਂ ਭੇਜੇ ਗਏ ਸਨ।) ਤੀਸਰੇ ਪੜਾਅ ਉੱਤੇ ਹਜ਼ਰਤ ਮੁਹੰਮਦ ਬੈਤ-ਉਲ-ਲਹਮ ਪਹੁੰਚੇ ਜਿੱਥੇ ਹਜ਼ਰਤ ਈਸਾ ਦਾ ਜਨਮ ਹੋਇਆ ਸੀ। ਚੌਥਾ ਪੜ੍ਹਾਅ ਬੈਤ-ਉਲ-ਮੁਕੱਦਸ ਦਾ ਸੀ, ਜਿੱਥੇ ਪਹੁੰਚ ਕੇ ਬੁਰਾਕ ਦਾ ਸਫ਼ਰ ਖ਼ਤਮ ਹੋਇਆ। ਬੈਤ-ਉਲ-ਮੁਕੱਦਸ ਫ਼ਲਸਤੀਨ ਦੇ ਸ਼ਹਿਰ ਯੈਰੋਸ਼ਲਮ ਦੀ ਇੱਕ ਵਿਸ਼ਾਲ ਮਸਜਿਦ ਦਾ ਨਾਂ ਹੈ, ਜੋ ਇਸ ਵੇਲੇ ਇਸਰਾਈਲ ਵਿੱਚ ਹੈ। ਬੈਤ-ਉਲ-ਮੁਕੱਦਸ ਪਹੁੰਚ ਕੇ ਆਪ ਬੁਰਾਕ ਤੋਂ ਉੱਤਰ ਗਏ। ਇੱਥੇ ਉਹ ਸਾਰੇ ਪੈਗ਼ੰਬਰ (ਰੱਬ ਦੇ ਦੂਤ) ਮੌਜੂਦ ਸਨ, ਜੋ ਦੁਨੀਆ ਦੇ ਮੁੱਢ ਤੋਂ ਉਸ ਸਮੇਂ ਤੱਕ ਵੱਖ-ਵੱਖ ਸਮਿਆਂ `ਤੇ ਰੱਬ ਵੱਲੋਂ ਵੱਖ-ਵੱਖ ਕੌਮਾਂ ਵੱਲ ਭੇਜੇ ਗਏ ਸਨ। ਆਪ ਨੂੰ ਵੇਖ ਕੇ ਉਹ ਸਾਰੇ ਨਮਾਜ਼ ਪੜ੍ਹਨ ਲਈ ਲਾਈਨਾਂ ਬਣਾ ਕੇ ਖੜ੍ਹੇ ਹੋ ਗਏ। ਜਿਬਰਾਈਲ ਨੇ ਹਜ਼ਰਤ ਮੁਹੰਮਦ ਦਾ ਹੱਥ ਫੜ ਕੇ ਆਪ ਨੂੰ ਸਾਰਿਆਂ ਦੇ ਅੱਗੇ ਖੜ੍ਹਾ ਕਰ ਕੇ ਉਹਨਾਂ ਨੂੰ ਨਮਾਜ਼ ਪੜ੍ਹਾਉਣ ਲਈ ਕਿਹਾ। ਆਪ ਨੇ ਸਾਰਿਆਂ ਨੂੰ ਨਮਾਜ਼ ਪੜ੍ਹਾਈ। ਇਹ ਇੱਕ ਇਸ਼ਾਰਾ ਸੀ ਕਿ ਦੁਨੀਆ ਵਿੱਚ ਜਿੰਨੇ ਪੈਗ਼ੰਬਰ ਭੇਜੇ ਗਏ ਹਨ, ਤੁਸੀਂ ਸਾਰਿਆਂ ਦੇ ਸਰਦਾਰ ਹੋ।
ਇਸ ਉਪਰੰਤ ਆਪ ਦੀ ਸੇਵਾ ਵਿੱਚ ਇੱਕ ਪੌੜੀ ਪੇਸ਼ ਕੀਤੀ ਗਈ ਅਤੇ ਜਿਬਰਾਈਲ ਉਸ ਦੁਆਰਾ ਆਪ ਨੂੰ ਅਸਮਾਨਾਂ ਵੱਲ ਲੈ ਚੜ੍ਹਿਆ। ਪਹਿਲਾਂ ਦੱਸ ਚੁੱਕੇ ਹਾਂ ਕਿ ਅਰਬੀ ਵਿੱਚ ਪੌੜੀ ਨੂੰ ਮਿਅਰਾਜ ਕਿਹਾ ਜਾਂਦਾ ਹੈ, ਇਸੇ ਪ੍ਰਸੰਗ ਵਿੱਚ ਇਸ ਸਾਰੇ ਸਫ਼ਰ ਦੀ ਘਟਨਾ ਨੂੰ ਮਿਅਰਾਜ ਦਾ ਨਾਂ ਦਿੱਤਾ ਜਾਂਦਾ ਹੈ।
ਪਹਿਲੇ ਅਸਮਾਨ `ਤੇ ਜਦੋਂ ਹਜ਼ਰਤ ਮੁਹੰਮਦ ਸਾਹਿਬ ਅਤੇ ਜਿਬਰਾਈਲ ਪੁੱਜੇ ਤਾਂ ਫ਼ਰਿਸ਼ਤਿਆਂ ਨੇ ਆਪ ਦਾ ਨਿੱਘਾ ਸਵਾਗਤ ਅਤੇ ਸਤਿਕਾਰ ਕੀਤਾ। ਇੱਥੇ ਆਪ ਦੀ ਮੁਲਾਕਾਤ ਹਜ਼ਰਤ ਆਦਮ ਨਾਲ ਹੋਈ। (ਇਸਲਾਮ ਅਤੇ ਈਸਾਈ ਮਤ ਅਨੁਸਾਰ ਆਦਮ ਇਸ ਧਰਤੀ `ਤੇ ਆਉਣ ਵਾਲੇ ਸਭ ਤੋਂ ਪਹਿਲੇ ਮਨੁੱਖ ਸਨ, ਹੱਵਾ ਆਦਮੀ ਦੀ ਪਤਨੀ ਸੀ। ਆਦਮ ਤੇ ਹੱਵਾ ਪਹਿਲਾ ਮਨੁੱਖੀ ਜੋੜਾ ਸੀ, ਜੋ ਇਸ ਧਰਤੀ `ਤੇ ਆਇਆ। ਇਸਲਾਮ ਧਰਮ ਅਨੁਸਾਰ ਅੱਜ ਜਿੰਨੇ ਵੀ ਮਨੁੱਖ ਇਸ ਧਰਤੀ `ਤੇ ਮੌਜੂਦ ਹਨ, ਸਾਰੇ ਇਹਨਾਂ ਦੋਵਾਂ ਦੀ ਔਲਾਦ ਹਨ। ਕੁਰਾਨ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਵੀ ਆਪਣੇ ਆਖ਼ਰੀ ਹੱਜ ਦੇ ਖ਼ੁਤਬੇ (ਭਾਸ਼ਣ) ਵਿੱਚ ਇਹ ਗੱਲ ਆਖੀ ਸੀ ਕਿ ਸਾਰੇ ਇਨਸਾਨ ਭਾਵੇਂ ਉਹ ਕਿਸੇ ਵੀ ਧਰਮ, ਨਸਲ, ਜਾਤ ਅਤੇ ਦੇਸ ਦੇ ਹੋਣ, ਆਪਸ ਵਿੱਚ ਭਰਾ-ਭਰਾ ਹਨ, ਕਿਉਂਕਿ ਸਭ ਆਦਮ ਦੀ ਔਲਾਦ ਹਨ। ਹਜ਼ਰਤ ਆਦਮ ਦੇ ਸੱਜੇ-ਖੱਬੇ ਬਹੁਤ ਸਾਰੇ ਲੋਕ ਸਨ। ਜਦੋਂ ਆਦਮ ਸੱਜੇ ਪਾਸੇ ਵੇਖਦੇ ਤਾਂ ਖ਼ੁਸ਼ ਹੁੰਦੇ ਤੇ ਖੱਬੇ ਪਾਸੇ ਵੇਖਦੇ ਉਦਾਸ ਹੁੰਦੇ ਸਨ। ਆਪ ਨੂੰ ਦੱਸਿਆ ਗਿਆ ਕਿ ਇਹ ਆਦਮ ਦੀ ਔਲਾਦ ਹੈ। ਆਪਣੀ ਔਲਾਦ ਦੇ ਨੇਕ ਲੋਕਾਂ ਨੂੰ ਵੇਖ ਕੇ ਆਦਮ ਖ਼ੁਸ਼ ਹਨ ਅਤੇ ਭੈੜੇ ਲੋਕਾਂ ਵੱਲ ਵੇਖ ਕੇ ਉਦਾਸ ਹੁੰਦੇ ਹਨ। ਅੱਗੇ ਵਧੇ ਤਾਂ ਬਹੁਤ ਕੁਝ ਅਜਿਹਾ ਵੇਖਿਆ, ਜਿਸ ਦਾ ਜ਼ਿਕਰ ਕੁਰਾਨ ਵਿੱਚ ਥਾਂ-ਥਾਂ ਕੀਤਾ ਗਿਆ ਹੈ। ਇਸ ਸਥਾਨ `ਤੇ ਆਪ ਨੇ ਨਰਕ ਨੂੰ ਵੇਖਣ ਦੀ ਇੱਛਾ ਪ੍ਰਗਟਾਈ ਤਾਂ ਆਪ ਨੂੰ ਉਸ ਦੀ ਇੱਕ ਝਲਕ ਦਿਖਾਈ ਗਈ।
ਪਹਿਲੇ ਅਸਮਾਨ ਤੋਂ ਲੰਘ ਕੇ ਦੂਸਰੇ ਅਸਮਾਨ `ਤੇ ਗਏ। ਇੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਮੁਲਾਕਾਤ ਹਜ਼ਰਤ ਯਹੀਆ ਤੇ ਹਜ਼ਰਤ ਈਸਾ ਮਸੀਹ ਨਾਲ ਹੋਈ। ਤੀਸਰੇ ਅਸਮਾਨ `ਤੇ ਹਜ਼ਰਤ ਯੂਸਫ਼ ਆਪ ਨੂੰ ਮਿਲੇ। ਇਸੇ ਤਰ੍ਹਾਂ ਚੌਥੇ, ਪੰਜਵੇਂ ਅਤੇ ਛੇਵੇਂ ਅਸਮਾਨ `ਤੇ ਵੱਖ-ਵੱਖ ਪੈਗ਼ੰਬਰ ਆਪ ਨੂੰ ਮਿਲੇ।
ਸੱਤਵੇਂ ਅਸਮਾਨ `ਤੇ ਪੁੱਜੇ ਤਾਂ ਇੱਕ ਵਿਸ਼ਾਲ ਆਲੀਸ਼ਾਨ ਮਹਿਲ ਵੇਖਿਆ। ਅੱਗੇ ਵਧੇ ਅਤੇ ਸਿਦਰਾਤੁਲ-ਮੁੰਤਹਾ ਨਾਂ ਦੇ ਸਥਾਨ `ਤੇ ਪੁੱਜ ਕੇ ਜਿਬਰਾਈਲ ਰੁਕ ਗਏ। (ਸਿਦਰਾਤੁਲ-ਮੁੰਤਹਾ ਇੱਕ ਸਥਾਨ ਦਾ ਨਾਂ ਹੈ, ਜਿੱਥੇ ਇੱਕ ਬੇਰੀ ਵਰਗਾ ਰੁੱਖ ਸੀ।) ਜਿਬਰਾਈਲ ਨੇ ਆਪ ਨੂੰ ਬੇਨਤੀ ਕੀਤੀ ਕਿ ਅੱਗੇ ਤੁਸੀਂ ਇਕੱਲੇ ਜਾਓ, ਇਸ ਤੋਂ ਅੱਗੇ ਮੈਂ ਨਹੀਂ ਜਾ ਸਕਦਾ। ਇਸ ਤੋਂ ਅੱਗੇ ਰੱਬ ਦਾ ਸਿੰਘਾਸਣ ਸੀ ਅਤੇ ਰੱਬ ਏਥੇ ਪ੍ਰਕਾਸ਼ਮਾਨ ਸੀ। ਜਦੋਂ ਆਪ ਖ਼ੁਦਾ ਦੇ ਹਜ਼ੂਰ ਪੇਸ਼ ਹੋਏ ਤਾਂ ਉਸ ਨੇ ਆਪ ਨੂੰ ਕੁਝ ਮਹੱਤਵਪੂਰਨ ਹੁਕਮ ਜਾਰੀ ਕੀਤੇ, ਜਿਨ੍ਹਾਂ ਵਿੱਚੋਂ ਇੱਕ ਪ੍ਰਮੁਖ ਹੁਕਮ ਇਹ ਸੀ ਕਿ ਮੁਸਲਮਾਨ ਹਰ ਰੋਜ਼ ਪੰਜ ਵਕਤ ਦੀ ਨਮਾਜ਼ ਪੜ੍ਹਿਆ ਕਰਨਗੇ। ਰੱਬ ਨੇ ਆਪ ਨਾਲ ਕੇਵਲ ਗੱਲ-ਬਾਤ ਕੀਤੀ, ਗੱਲ-ਬਾਤ ਦੌਰਾਨ ਰੱਬ ਅਤੇ ਆਪ ਦੇ ਵਿਚਕਾਰ ਇੱਕ ਪਰਦਾ ਸੀ। ਰੱਬ ਦੇ ਹਜ਼ੂਰ ਪੇਸ਼ ਹੋਣ ਤੋਂ ਬਾਅਦ ਆਪ ਉਸੇ ਪੌੜੀ ਦੁਆਰਾ ਵਾਪਸ ਬੈਤ-ਉਲ-ਮੁਕੱਦਸ ਆਏ, ਫਿਰ ਬੁਰਾਕ `ਤੇ ਸਵਾਰ ਹੋ ਕੇ ਵਾਪਸ ਮੱਕੇ ਪੁੱਜ ਗਏ।
ਹਜ਼ਰਤ ਮੁਹੰਮਦ ਸਾਹਿਬ ਦੇ ਇਸ ਅਕਾਸ਼ੀ ਸਫ਼ਰ ਨੂੰ ਪੰਜਾਬੀ ਦੇ ਕੁਝ ਕਵੀਆਂ ਨੇ ‘ਮਿਅਰਾਜਨਾਮਾ’ ਵਿੱਚ ਪੇਸ਼ ਕੀਤਾ ਹੈ। ਪੰਜਾਬੀ ਵਿੱਚ ਸਭ ਤੋਂ ਪਹਿਲਾ ਮਿਅਰਾਜਨਾਮਾ ਕਾਦਰਯਾਰ ਨੇ ਲਿਖਿਆ ਸੀ। ਕਾਦਰ ਯਾਰ ਨੇ ਇਹ ਮਿਅਰਾਜਨਾਮਾ 1832 ਵਿੱਚ ਮੁਕੰਮਲ ਕੀਤਾ। ਇਹ ਕਾਦਰਯਾਰ ਦੀ ਉੱਤਮ ਰਚਨਾ ਹੈ ਅਤੇ ਕਾਫ਼ੀ ਵੱਡੇ ਆਕਾਰ ਦੀ ਹੈ। ਇਸ ਦੇ ਕੁੱਲ 1014 ਸ਼ਿਅਰ ਹਨ। ਪ੍ਰਮੁਖ ਵੇਰਵੇ ਅਸਲ ਘਟਨਾ ਵਾਲੇ ਹੀ ਹਨ। ਮਿਅਰਾਜ ਦੇ ਸਫ਼ਰ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਕਾਦਰਯਾਰ ਨੇ ਪੂਰੇ ਵਿਸਤਾਰ ਨਾਲ ਪੇਸ਼ ਕੀਤਾ ਹੈ। ਕਾਦਰਯਾਰ ਦੇ ਮਿਅਰਾਜਨਾਮੇ ਦਾ ਛੰਦ ਦਵੱਈਆ ਹੈ। ਉਂਞ ਮਿਅਰਾਜਨਾਮੇ ਲਈ ਕੋਈ ਖ਼ਾਸ ਛੰਦ ਜਾਂ ਬਹਿਰ ਨਿਸ਼ਚਿਤ ਨਹੀਂ, ਇਹ ਕਿਸੇ ਵੀ ਕਾਵਿ- ਰੂਪ ਅਤੇ ਛੰਦ ਵਿੱਚ ਲਿਖਿਆ ਜਾ ਸਕਦਾ ਹੈ। ਕਾਦਰਯਾਰ ਤੋਂ ਇਲਾਵਾ ਹਬੀਬ ਬਖ਼ਸ਼ ਦਾ ਮਿਅਰਾਜਨਾਮਾ ਵੀ ਪ੍ਰਸਿੱਧ ਹੈ। ਮੌਲਵੀ ਰਹੀਮਯਾਰ ਨੇ ਸੀਹਰਫੀ ਮਿਅਰਾਜ ਸ਼ਰੀਫ਼ ਲਿਖੀ ਹੈ। ਇਸ ਤੋਂ ਇਲਾਵਾ ਨਾਅਤਾਂ ਲਿਖਣ ਵਾਲੇ ਕੁਝ ਕਵੀਆਂ ਨੇ ਵੀ ਮਿਅਰਾਜ ਨਾਲ ਸੰਬੰਧਿਤ ਨਾਅਤਾਂ ਲਿਖੀਆਂ ਹਨ।
ਲੇਖਕ : ਰਾਸ਼ਿਦ ਰਸੀਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First