ਮੀਰ ਮੰਨੂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮੀਰ ਮੰਨੂ (ਮ. 1753 ਈ.): ਲਾਹੌਰਦਾ ਇਕ ਸੂਬੇਦਾਰ ਜਿਸ ਦਾ ਪੂਰਾ ਨਾਂ ਮੁਈਨੁੱਦੀਨ ਅਤੇ ਖ਼ਿਤਾਬ ਮੁਈਨੁਲਮੁਲਕ ਰੁਸੑਤਮ ਹਿੰਦ ਸੀ। ਦਿੱਲੀ ਦੀ ਮੁਗ਼ਲ ਸਰਕਾਰ ਨਾਲ ਇਸ ਦੇ ਖ਼ਾਨਦਾਨ ਦੇ ਪੁਰਾਣੇ ਸੰਬੰਧ ਸਨ। ਇਸ ਦਾ ਪਿਤਾ ਕਮਰੁੱਦੀਨ ਖ਼ਾਂ ਦਿੱਲੀ ਵਿਚ ਵਜ਼ੀਰ ਸੀ। ਇਸ ਪਿਛੋਕੜ ਕਰਕੇ ਇਸ ਨੂੰ ਅਪ੍ਰੈਲ 1748 ਈ. ਵਿਚ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ।
ਪਰਿਸਥਿਤੀਆਂ ਦੇ ਵਸ ਹੋ ਕੇ ਇਸ ਨੇ ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਵੇਲੇ ਉਸ ਦੀ ਅਧੀਨਗੀ ਸਵੀਕਾਰ ਕਰ ਲਈ। ਫਲਸਰੂਪ ਇਸ ਨੂੰ ਸੂਬੇਦਾਰੀ ਦੇ ਪਦ ਤੋਂ ਹਟਾ ਕੇ ਸ਼ਾਹ ਨਿਵਾਜ਼ ਨਾਂ ਦੇ ਇਕ ਹੋਰ ਵਿਅਕਤੀ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ। ਸ਼ਾਹ ਨਿਵਾਜ਼ ਨੂੰ ਰਸਤੇ ਵਿਚੋਂ ਹਟਾਉਣ ਲਈ ਇਸ ਨੇ ਦੀਵਾਨ ਕੌੜਾ ਮੱਲ ਦੀ ਵਿਚੋਲਗੀ ਨਾਲ ਸੰਨ 1751 ਈ. (1808 ਬਿ.) ਵਿਚ ਸਿੱਖਾਂ ਤੋਂ ਸਹਾਇਤਾ ਲਈ। ਸ਼ਾਹ ਨਿਵਾਜ਼ ਨਾਲ ਹੋਈ ਲੜਾਈ ਵਿਚ ਸਿੱਖ ਸੈਨਿਕਾਂ ਨੇ ਸ਼ਾਹ ਨਿਵਾਜ਼ ਨੂੰ ਮਾਰ ਦਿੱਤਾ। ਦੀਵਾਨ ਕੌੜਾ ਮੱਲ ਦੇ ਸਹਿਯੋਗ ਲਈ ਇਸ ਨੇ ਉਸ ਨੂੰ ਮਹਾਰਾਜਾ ਦਾ ਖ਼ਿਤਾਬ ਦਿੱਤਾ। ਅਹਿਮਦ ਸ਼ਾਹ ਦੁਰਾਨੀ ਦੀ ਫ਼ੌਜ ਨਾਲ ਹੋਈ ਲੜਾਈ ਵਿਚ 6 ਮਾਰਚ 1752 ਈ. ਨੂੰ ਦੀਵਾਨ ਕੌੜਾ ਮੱਲ ਦੇ ਮਰਨ ਤੋਂ ਬਾਦ ਇਸ ਨੇ ਸਿੱਖਾਂ ਨਾਲ ਸੰਬੰਧ ਵਿਗਾੜ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਪਰ ਸਿੱਖ ਜੱਥੇਬੰਦੀ ਨੂੰ ਖ਼ਤਮ ਕਰਨ ਵਿਚ ਇਹ ਅਸਮਰਥ ਰਿਹਾ। ਇਸ ਸੰਬੰਧ ਵਿਚ ਪ੍ਰਸਿੱਧ ਲੋਕ-ਗੀਤ ਇਸ ਪ੍ਰਕਾਰ ਹੈ—ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਮੰਨੂ ਵਢਦਾ, ਅਸੀਂ ਦੂਣੇ ਚੌਣੇ ਹੋਏ। ਲਾਹੌਰ ਦੇ ਨੇੜੇ ਗੰਨੇ ਦੇ ਖੇਤ ਵਿਚ ਸਿੱਖਾਂ ਨੂੰ ਘੇਰ ਕੇ ਮਾਰਨ ਦੀ ਮੁਹਿੰਮ ਵੇਲੇ ਇਹ ਘੋੜੇ ਤੋਂ ਡਿਗ ਕੇ 4 ਨਵੰਬਰ 1753 ਈ. ਨੂੰ ਮਰ ਗਿਆ। ਇਸ ਨੂੰ ਲਾਹੌਰ ਵਿਚ ਹੀ ਦਫ਼ਨਾਇਆ ਗਿਆ। ਇਸ ਦੇ ਮਰਨ ਨਾਲ ਸਿੱਖ-ਸ਼ਕਤੀ ਮਜ਼ਬੂਤ ਹੋ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13018, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First