ਮੂੰਹ ਪੋਲ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਮੂੰਹ ਪੋਲ: ਉਚਾਰਨੀ ਧੁਨੀ ਵਿਗਆਨ ਰਾਹੀਂ ਉਚਾਰਨ ਪਰਕਿਰਿਆ ਦਾ ਅਧਿਅਨ ਕੀਤਾ ਜਾਂਦਾ ਹੈ। ਇਸ ਪਰਕਿਰਿਆ ਦੇ ਅਧਿਅਨ ਨੂੰ ਅੱਗੋਂ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : (i) ਸਾਹ ਪਰਨਾਲੀ (ii) ਧੁਨੀ ਪਰਨਾਲੀ ਅਤੇ (iii) ਉਚਾਰਨ ਪਰਨਾਲੀ। ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਅਤੇ ਨੱਕ ਤੱਕ ਧੁਨੀਆਂ ਦੇ ਉਚਾਰਨ ਦਾ ਵਰਤਾਰਾ ਵਾਪਰਦਾ ਹੈ। ਧੁਨੀਆਂ ਨੂੰ ਉਚਾਰਨ ਲਈ ਤਿੰਨ ਮੁੱਖ ਪੋਲ ਹਨ : (i) ਮੂੰਹ ਪੋਲ, (ii) ਨੱਕ ਪੋਲ ਅਤੇ (iii) ਸੰਘ ਪੋਲ। ਫੇਫੜਿਆਂ ਵਿਚੋਂ ਬਾਹਰ ਨਿਕਲਦੀ ਹਵਾ ਨੂੰ ਜਦੋਂ ਭਾਸ਼ਾ ਦੇ ਉਚਾਰਨ ਲਈ ਵਰਤਿਆ ਜਾਂਦਾ ਹੈ ਤਾਂ ਇਹ ਹਵਾ ਸੰਘ ਪੋਲ ਤੋਂ ਹੁੰਦੀ ਹੋਈ ਦੋ ਰਸਤਿਆਂ ਰਾਹੀਂ ਬਾਹਰ ਜਾ ਸਕਦੀ ਹੈ। ਜਦੋਂ ਹਵਾ ਮੂੰਹ ਰਾਹੀਂ ਬਾਹਰ ਨਿਕਲੇ ਤਾਂ ਇਸ ਅਵਸਥਾ ਤੋਂ ਪੈਦਾ ਹੋਈਆਂ ਧੁਨੀਆਂ ਨੂੰ ਮੌਖਿਕ ਧੁਨੀਆਂ ਆਖਿਆ ਜਾਂਦਾ ਹੈ ਪਰ ਜਦੋਂ ਹਵਾ ਨੱਕ ਰਾਹੀਂ ਬਾਹਰ ਨਿਕਲੇ ਤਾਂ ਇਸ ਅਵਸਥਾ ਰਾਹੀਂ ਪੈਦਾ ਹੋਈਆਂ ਧੁਨੀਆਂ ਨੂੰ ਨਾਸਕੀ ਧੁਨੀਆਂ ਕਿਹਾ ਜਾਂਦਾ ਹੈ। ਜੀਭ ਦੇ ਮੁੱਢ ਅਤੇ ਕੋਮਲ ਤਾਲੂ ਤੋਂ ਲੈ ਕੇ ਬੁੱਲ੍ਹਾਂ ਦੇ ਅੰਦਰਲੇ ਹਿਸੇ ਤੱਕ ਦੇ ਰਸਤੇ ਨੂੰ ਮੂੰਹ ਪੋਲ ਕਿਹਾ ਜਾਂਦਾ ਹੈ। ਮੂੰਹ ਪੋਲ ਦਾ ਉਪਰਲਾ ਹਿੱਸਾ ਗੁੰਬਦਨੁਮਾ ਰੂਪ ਤਾਲੂ ਹੈ ਅਤੇ ਹੇਠਲਾ ਹਿੱਸਾ ਜੀਭ ਹੈ। ਸਧਾਰਨ ਅਵਸਥਾ ਵਿਚ ਮੂੰਹ ਪੋਲ ਬੰਦ ਰਹਿੰਦਾ ਹੈ। ਮੌਖਿਕ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਹਵਾ ਮੂੰਹ ਵਿਚੋਂ ਬਾਹਰ ਨਿਕਲਦੀ ਹੈ। ਇਸ ਹਵਾ ਨੂੰ ਉਚਾਰਨ ਸਥਾਨਾਂ ’ਤੇ ਉਚਾਰਕਾਂ ਰਾਹੀਂ ਵੱਖ ਵੱਖ ਸਥਾਨਾਂ ’ਤੇ ਰੁਕਾਵਟ ਪਾਈ ਜਾਂਦੀ ਹੈ। ਕਦੀ ਇਹ ਰੁਕਾਵਟ ਪੂਰਨ ਹੁੰਦੀ ਹੈ ਅਤੇ ਕਦੀ ਅੰਸ਼ਕ। ਸਵਰ ਧੁਨੀਆਂ ਦੇ ਉਚਾਰਨ ਵੇਲੇ ਜੀਭ ਅਤੇ ਤਾਲੂ ਦੀ ਵਿਥ ਘਟਦੀ ਵਧਦੀ ਰਹਿੰਦੀ ਹੈ ਅਤੇ ਮੂੰਹ ਦੇ ਸ਼ੁਰੂ, ਮੱਧ ਅਤੇ ਪਿਛਲੇ ਪਾਸੇ ਤੋਂ ਇਨ੍ਹਾਂ ਧੁਨੀਆਂ ਦਾ ਉਚਾਰਨ ਹੁੰਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First