ਰਵਾਜ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Custom_ਰਵਾਜ: ਰਵਾਜ ਅਣਲਿਖਤੀ ਕਾਨੂੰਨ ਹੁੰਦਾ ਹੈ ਅਤੇ ਦੇਸ਼ ਦੇ ਕਾਨੂੰਨਾਂ ਦਾ ਸੋਮਾ ਹੁੰਦਾ ਹੈ। ਰਵਾਜ ਪੁਰਾਣੇ ਹਿੰਦੂ ਕਾਨੂੰਨ ਦਾ ਸੋਮਾ ਵੀ ਰਿਹਾ ਹੈ ਅਤੇ ਆਪਣੇ ਆਪ ਵਿਚ ਸਰਵ-ਉੱਚ ਕਾਨੂੰਨ ਵੀ ਹੈ। ਕਈ ਵਾਰੀ ਇਥੋਂ ਤਕ ਵੀ ਕਿਹਾ ਜਾਂਦਾ ਹੈ ਕਿ ਸਿਮਰਤੀਆਂ ਵਿਚ ਦਰਜ ਕਾਨੂੰਨ ਕਾਫ਼ੀ ਹੱਦ ਤਕ ਰਵਾਜ ਉਤੇ ਅਧਾਰਤ ਹੈ, ਪਰ ਇਸ ਗੱਲ ਤੋਂ ਕਿਸੇ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਨ੍ਹਾਂ ਮਾਮਲਿਆਂ ਬਾਰੇ ਸਿਮਰਤੀਆਂ ਅਤੇ ਟੀਕਿਆਂ ਵਿਚ ਕਾਨੂੰਨ ਉਪਲਬਧ ਨਾ ਹੋਵੇ ਉਨ੍ਹਾਂ ਦਾ ਫ਼ੈਸਲਾ ਰਵਾਜ ਜਾਂ ਪ੍ਰਥਾ ਅਨੁਸਾਰ ਕੀਤਾ ਜਾਂਦਾ ਸੀ। ਮਨੂੰ ਦਾ ਕਹਿਣਾ ਹੈ ਕਿ ਰਾਜੇ ਦਾ ਫ਼ਰਜ਼ ਹੈ ਕਿ ਉਹ ਵਿਵਹਾਰ ਅਰਥਾਤ ਦੀਵਾਨੀ ਕਾਨੂੰਨ ਦੀਆਂ ਅਠਾਰਾਂ ਸ਼ਾਖਾਵਾਂ ਅਧੀਨ ਆਉਂਦੇ ਮਾਮਲਿਆਂ ਬਾਰੇ ਫ਼ੈਸਲਾ ਸਥਾਨਕ ਪ੍ਰਥਾਵਾਂ ਤੋਂ ਲਏ ਗਏ ਅਸੂਲਾਂ ਅਤੇ ਸਿਮਰਤੀਆਂ ਵਿਚ ਦਰਜ ਅਸੂਲਾਂ ਦੇ ਮੁਤਾਬਕ ਕਰੇ। ਨਾਰਦ ਤਾਂ ਇਥੋਂ ਤਕ ਵੀ ਕਹਿੰਦਾ ਹੈ ਕਿ ਰਵਾਜ ਸਿਮਰਤੀ ਕਾਨੂੰਨ ਨਾਲੋਂ ਵੀ ਪਰਮ-ਪ੍ਰਭਾਵੀ ਹੈ। ਰਵਾਜ ਬਾਰੇ ਮਨੂੰ ਦਾ ਕਹਿਣਾ ਹੈ ਕਿ ਸਦਾਚਾਰੀ ਲੋਕਾਂ ਦੁਆਰਾ ਅਪਣਾਇਆ ਚਲਨ, ਜੇ ਦੇਸ਼ਾਂ, ਪਰਿਵਾਰਾਂ ਅਤੇ ਜਾਤੀਆਂ ਦੇ ਚਲਨ ਦੇ ਵਿਰੁਧ ਨ ਹੋਵੇ, ਤਾਂ ਉਸਨੂੰ ਕਾਨੂੰਨ ਦੇ ਤੌਰ ਤੇ ਮੰਨ ਲੈਣਾ ਚਾਹੀਦਾ ਹੈ। ਰਵਾਜ ਲਈ ਮਨੂੰ ਅਤੇ ਯਾਗਵਲਕ ਨੇ ਸ਼ਬਦ ‘ਸਦਾਚਾਰ ’ ਦੀ ਵਰਤੋਂ ਕੀਤੀ ਹੈ। ਪੁਰਾਣੇ ਹਿੰਦੂ ਕਾਨੂੰਨ ਅਨੁਸਾਰ ਰਵਾਜ ਵੇਦਾਂ ਅਤੇ ਧਰਮ-ਸ਼ਾਸਤਰਾਂ ਦੇ ਵਿਰੁਧ ਨਹੀਂ ਹੋਣਾ ਚਾਹੀਦਾ। ਜੁਡਿਸ਼ਲ ਕਮੇਟੀ ਨੇ ਉਸ ਤੋਂ ਬਹੁਤ ਚਿਰ ਪਹਿਲਾਂ ਕੁਲੈਕਟਰ ਔਫ਼ ਮਦੁਰਾਏ ਬਨਾਮ ਮੂਟੁ ਰਾਮਾ ਲਿੰਗਾ [(1868) 12 ਐਮ ਆਈ ਏ 3977] ਵਿਚ ਕਿਹਾ ਸੀ, ਹਿੰਦੂ ਕਾਨੂੰਨ-ਪ੍ਰਣਾਲੀ ਅਧੀਨ ਪ੍ਰਥਾ ਦਾ ਸਪਸ਼ਟ ਸਬੂਤ ਕਾਨੂੰਨ ਦੇ ਲਿਖਤੀ ਪਾਠ ਉਤੇ ਵੀ ਭਾਰੂ ਹੁੰਦਾ ਹੈ।’
ਇਸ ਪ੍ਰਸੰਗ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਰਵਾਜ ਅਤੇ ਪ੍ਰਥਾ ਦੀ ਪਰਿਭਾਸ਼ਾ ਕੀ ਹੈ? ਹਿੰਦੂ ਵਿਆਹ ਐਕਟ, 1955 ਦੀ ਧਾਰਾ 3(ੳ) ਵਿਚ ਇਨ੍ਹਾਂ ਸ਼ਬਦਾਂ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:
‘ਪਦ ’ ‘ਰਵਾਜ’ ਅਤੇ ਪ੍ਰਥਾ ਕੋਈ ਅਜਿਹਾ ਨਿਯਮ ਜ਼ਾਹਰ ਕਰਦੇ ਹਨ ਜਿਸ ਨੇ, ਇਕ ਲੰਮੇ ਸਮੇਂ ਲਈ ਲਗਾਤਾਰ ਅਤੇ ਇਕਸਾਰ ਪਾਲਣਾ ਹੁੰਦੇ ਰਹਿਣ ਕਾਰਨ , ਕਿਸੇ ਸਥਾਨਕ ਖੇਤਰ , ਕਬੀਲੇ, ਫ਼ਿਰਕੇ, ਸਮੂਹ ਜਾਂ ਪਰਿਵਾਰ ਦੇ ਹਿੰਦੂਆਂ ਵਿਚ ਕਾਨੂੰਨ ਦਾ ਬਲ ਪ੍ਰਾਪਤ ਕਰ ਲਿਆ ਹੈ:
ਪਰੰਤੂ ਉਹ ਨਿਯਮ ਨਿਸਚਿਤ ਹੈ ਅਤੇ ਨਾਵਾਜਬ ਜਾਂ ਲੋਕ-ਨੀਤੀ ਦੇ ਵਿਰੁੱਧ ਨਹੀਂ ਹੈ; ਅਤੇ
ਪਰੰਤੂ ਇਹ ਹੋਰ ਕਿ ਕੇਵਲ ਇਕ ਪਰਿਵਾਰ ਨੂੰ ਲਾਗੂ ਕਿਸੇ ਨਿਯਮ ਦੀ ਸੂਰਤ ਵਿਚ ਇਹ ਉਸ ਪਰਿਵਾਰ ਦੁਆਰਾ ਬੰਦ ਨਹੀਂ ਕਰ ਦਿੱਤਾ ਗਿਆ ਹੈ।’
ਇਸ ਤਰ੍ਹਾਂ ਉਪਰੋਕਤ ਪਰਿਭਾਸ਼ਾ ਅਨੁਸਾਰ ਰਵਾਜ ਅਜਿਹਾ ਨਿਯਮ ਹੈ :-
(i) ਜੋ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੋਵੇ;
(ii) ਜਿਸ ਦੀ ਲਗਾਤਾਰ ਅਤੇ ਇਕਸਾਰ ਪਾਲਣਾ ਕੀਤੀ ਜਾ ਰਹੀ ਹੋਵੇ;
(iii) ਜਿਸ ਨੇ ਕਿਸੇ ਸਥਾਨਕ ਖੇਤਰ , ਕਬੀਲੇ, ਫ਼ਿਰਕੇ, ਸਮੂਹ ਜਾਂ ਪਰਿਵਾਰ ਦੇ ਹਿੰਦੂਆਂ ਵਿਚ ਕਾਨੂੰਨ ਦਾ ਬਲ ਪ੍ਰਾਪਤ ਕਰ ਲਿਆ ਹੋਵੇ;
(iv) ਜੋ ਨਿਸਚਿਤ ਹੈ, ਅਤੇ ਨਾਵਾਜਬ ਜਾਂ ਲੋਕ ਨੀਤੀ ਦੇ ਵਿਰੁਧ ਨਹੀਂ; ਅਤੇ
(v) ਜੇ ਉਹ ਪਰਿਵਾਰਕ ਰਵਾਜ ਹੈ ਤਾਂ ਉਸ ਪਰਿਵਾਰ-ਦੁਆਰਾ ਬੰਦ ਨ ਕਰ ਦਿੱਤਾ ਗਿਆ ਹੋਵੇ।
ਉਪਰੋਕਤ ਪਰਿਭਾਸ਼ਾ ਅਨੁਸਾਰ ਕੋਈ ਨਿਯਮ ਤਦ ਹੀ ਰਵਾਜ ਜਾਂ ਪ੍ਰਥਾ ਦਾ ਬਲ ਹਾਸਲ ਕਰ ਸਕਦਾ ਹੈ ਜੇ ਉਹ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੋਵੇ। ਇਸ ਪ੍ਰਸੰਗ ਤੋਂ ਬਾਹਰ ਜਦੋਂ ਰਵਾਜ ਦੀ ਗੱਲ ਚਲਦੀ ਹੈ ਤਾਂ ਇਸ ਹੀ ਭਾਵ ਨੂੰ ਅੰਗਰੇਜ਼ੀ ਭਾਸ਼ਾ ਵਿਚ ਪਰਗਟ ਕਰਦਿਆਂ ਕਿਹਾ ਜਾਂਦਾ ਹੈ ਕਿ ਉਹ ਨਿਯਮ ਏਨਸ਼ਿਐਂਟ (ancient) ਹੋਵੇ ਅਰਥਾਤ ਪ੍ਰਾਚੀਨ ਸਮੇਂ ਤੋਂ ਚਲਦਾ ਆਾ ਰਿਹਾ ਹੋਵੇ। ਇਸ ਹੀ ਵਿਸ਼ੇਸ਼ਤਾ ਦਾ ਜ਼ਿਕਰ ਕਰਦੇ ਹੋਏ ਹਿੰਦੂ ਵਿਆਹ ਐਕਟ ਵਿਚ ਉਸ ਨਿਯਮ ਦਾ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੋਣਾ ਜ਼ਰੂਰੀ ਕਿਹਾ ਗਿਆ ਹੈ। ਅੰਗਰੇਜ਼ੀ ਕਾਨੂੰਨ ਵਿਚ ਉਹ ਹੀ ਨਿਯਮ ਰਵਾਜ ਦਾ ਬਲ ਹਾਸਲ ਕਰ ਸਕਦਾ ਹੈ ਜੋ ਯਾਦ ਤੋਂ ਪਰੇ ਦੇ ਸਮੇਂ (time immemorial) ਤੋਂ ਚਲਦਾ ਆ ਰਿਹਾ ਹੋਵੇ। ਅਕਸਰ ਅਦਾਲਤਾਂ ਨੇ ਸੌ ਸਾਲ ਤੋਂ ਚਲੇ ਆ ਰਹੇ ਨਿਯਮ ਨੂੰ ਰਵਾਜ ਮਨ ਲੈਣ ਬਾਰੇ ਕਿਹਾ ਹੈ। ਪ੍ਰੀਵੀ ਕੌਂਸਲ ਦਾ ਕਹਿਣਾ ਹੈ ਕਿ ਹਰੇਕ ਕੇਸ ਵਿਚ ਇਹ ਜ਼ਰੂਰੀ ਨਹੀਂ ਕਿ ਕੋਈ ਨਿਯਮ ਮਨੁੱਖੀ ਯਾਦ ਤੋਂ ਪਰੇ ਦਾ ਹੋਵੇ ਤਦ ਹੀ ਰਵਾਜ ਦਾ ਬਲ ਹਾਸਲ ਕਰ ਸਕਦਾ ਹੈ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਪ੍ਰਾਚੀਨਤਾ ਦਾ ਉਹੀ ਤਕਨੀਕੀ ਅਰਥ ਲਿਆ ਜਾਵੇ ਜੋ ਅੰਗਰੇਜ਼ੀ ਕਾਨੂੰਨ ਵਿਚ ਲਿਆ ਜਾਂਦਾ ਹੈ। ਗੋਕਲ ਚੰਦ ਬਨਾਮ ਪਰਵੀਨ ਕੁਮਾਰ (ਏ ਆਈਆਰ 1952 ਐਸ ਸੀ 231) ਅਨੁਸਾਰ ਭਾਰਤੀ ਹਾਲਾਤ ਵਿਚ ਅੰਗਰੇਜ਼ੀ ਕਾਨੂੰਨ ਵਿਚ ਰਵਾਜ ਦੇ ਮਨੁੱਖੀ ਯਾਦ ਤੋਂ ਪਰੇ ਦਾ ਹੋਣ ਦੀ ਸ਼ਰਤ ਦੀ ਭਾਰਤੀ ਹਾਲਾਤ ਵਿਚ ਕਰੜਾਈ ਨਾਲ ਪਾਲਣਾ ਨਹੀਂ ਕੀਤੀ ਜਾਣੀ ਚਾਹੀਦੀ। ਡੈਰੇਟ ਨੇ ਆਪਣੀ ਪੁਸਤਕ ‘ਇੰਟਰੋਡਕਸ਼ਨ ਟੂ ਮਾਡਰਨ ਲਾ ’ ਵਿਚ ਕਿਹਾ ਹੈ ਕਿ ਚਾਲ੍ਹੀ ਸਾਲ ਤੋਂ ਚਲੇ ਆ ਰਹੇ ਨਿਯਮ ਨੂੰ ਰਵਾਜ ਕਿਹਾ ਜਾ ਸਕਦਾ ਹੈ।
ਮਦਰਾਸ ਉੱਚ ਅਦਾਲਤ ਨੇ ਦੀਵਾਨਾ ਅੱਚੀ ਬਨਾਮ ਚਿਦਾਂਬਰਮ ਚੇਤੀਅਰ (ਏ ਆਈ ਆਰ 1954 ਮਦਰਾਸ 657) ਵਿਚ ਕਿਹਾ ਹੈ ਕਿ ਕਿਸੇ ਅਜਿਹੇ ਨਿਯਮ ਨੂੰ ਰਵਾਜ ਨਹੀਂ ਮੰਨਿਆ ਜਾ ਸਕਦਾ ਜੋ ਕੇਵਲ ਪੰਝੀ ਸਾਲ ਤੋਂ ਚਲਿਆ ਆ ਰਿਹਾ ਹੋਵੇ। ਲੰਮੇ ਸਮੇਂ ਤੋਂ ਚਲਦੇ ਆਉਣ ਤੋਂ ਇਲਾਵਾ ਕੋਈ ਨਿਯਮ ਤਦ ਹੀ ਰਵਾਜ ਦਾ ਬਲ ਹਾਸਲ ਕਰ ਸਕਦਾ ਹੈ ਜੇ ਉਸ ਦੀ ਲਗਾਤਾਰ ਅਤੇ ਇਕਸਾਰ ਪਾਲਣਾ ਹੁੰਦੀ ਆ ਰਹੀ ਹੋਵੇ। ਫ਼ਰਜ਼ ਕਰੋ ਕਿਸੇ ਨਿਯਮ ਦਾ ਇਕ ਸੌ ਸਾਲ ਪੁਰਾਣਾ ਹੋਣਾ ਸਾਬਤ ਕਰ ਦਿੱਤਾ ਹੈ। ਪਰ ਜੇ ਇਹ ਨਹੀਂ ਵਿਖਾਇਆ ਜਾਂਦਾ ਕਿ ਉਸ ਦੀ ਉਦੋਂ ਤੋਂ ਲਗਾਤਾਰ ਅਤੇ ਇਕਸਾਰ ਪਾਲਣਾ ਕੀਤੀ ਜਾ ਰਹੀ ਹੈ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਰਵਾਜ ਖ਼ਤਮ ਨਹੀਂ ਹੋ ਗਿਆ ਅਤੇ ਜੇ ਖ਼ਤਮ ਹੋ ਗਿਆ ਹੈ ਤਾਂ ਇਹ ਨਹੀਂ ਸਮਝਿਆ ਜਾ ਸਕਦਾ ਕਿ ਉਹ ਤਤ-ਸਮੇਂ ਕਾਨੂੰਨ ਦਾ ਬਲ ਰਖਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜੇ ਕੋਈ ਕਾਨੂੰਨ ਅਪ੍ਰਚਲਤ ਹੋ ਜਾਵੇ ਤਾਂ ਉਸ ਦਾ ਨਿਰਸਨ ਕਰ ਦਿੱਤਾ ਜਾਂਦਾ ਹੈ, ਪਰ ਰਵਾਜ ਨ ਤਾਂ ਕਿਸੇ ਇਕ ਬਾਡੀ ਦੇ ਫ਼ੈਸਲੇ ਨਾਲ ਹੋਂਦ ਵਿਚ ਆਉਂਦਾ ਹੈ ਅਤੇ ਨਾ ਹੀ ਉਸ ਦਾ ਨਿਰਸਨ ਕੀਤਾ ਜਾ ਸਕਦਾ ਹੈ। ਜਿਸ ਰਵਾਜ ਦੀ ਲਗਾਤਾਰ ਅਤੇ ਇਕਸਾਰ ਪਾਲਣਾ ਨਹੀਂ ਕੀਤੀ ਜਾਂਦੀ ਉਸ ਬਾਰੇ ਇਹ ਸਮਝ ਲਿਆ ਜਾਂਦਾ ਹੈ ਕਿ ਲੋਕਾਂ ਨੇ ਜਾਣ ਬੁਝ ਕੇ ਉਸ ਰਵਾਜ ਨੂੰ ਛੱਡ ਦਿੱਤਾ ਹੈ।
ਕਾਨੂੰਨੀ ਸ਼ਬਦਾਵਲੀ ਵਿਚ ਕਿਸੇ ਰਵਾਜ ਨੂੰ ਕਾਨੂੰਨ ਦਾ ਬਲ ਤਦ ਹੀ ਦਿੱਤਾ ਜਾ ਸਕਦਾ ਹੈ ਜੇ ਉਸ ਰਵਾਜ ਦਾ ਮੁੱਢ ਮਨੁੱਖੀ ਯਾਦ ਤੋਂ ਪਰੇ ਦਾ ਹੋਵੇ। ਦੂਜੇ ਸ਼ਬਦਾਂ ਵਿਚ ਕੋਈ ਅਜਿਹਾ ਮਨੁੱਖ ਹਯਾਤ ਨਹੀਂ ਹੋਣਾ ਚਾਹੀਦਾ ਜੋ ਇਹ ਕਹੇ ਕਿ ਉਸ ਨੂੰ ਉਹ ਸਮਾਂ ਯਾਦ ਹੈ ਜਦ ਉਸ ਰਵਾਜ ਦੀ ਪਹਿਲੀ ਵਾਰੀ ਪਾਲਣਾ ਕੀਤੀ ਗਈ। ਸ਼ਹਾਦਤ ਇਹ ਹੋਣੀ ਚਾਹੀਦੀ ਹੈ ਕਿ ਜਦ ਦਾ ਉਹ ਗਵਾਹ ਵੇਖਦਾ ਆਇਆ ਹੈ ਉਸ ਰਵਾਜ ਦੀ ਪਾਲਣਾ ਹੁੰਦੀ ਆਈ ਹੈ। ਅਜਿਹੀ ਕੋਈ ਸ਼ਹਾਦਤ ਨਹੀਂ ਹੋਣੀ ਚਾਹੀਦੀ ਜੋ ਇਹ ਦਸਦੀ ਹੋਵੇ ਕਿ ਗਵਾਹ ਨੇ ਉਹ ਸਮਾਂ ਵੇਖਿਆ ਹੈ ਜਦ ਉਸ ਰਵਾਜ ਦੀ ਪਾਲਣਾ ਨਹੀਂ ਸੀ ਕੀਤੀ ਜਾਂਦੀ। ਇੰਗਲੈਂਡ ਵਿਚ ਰਵਾਜ ਦੀ ਪ੍ਰਾਚੀਨਤਾ ਨਾਲ ਇਕ ਮਿੱਥ ਜੁੜ ਗਈ ਸੀ ਕਿ ਰਵਾਜ ਮਨੁੱਖੀ ਯਾਦ ਤੋਂ ਪਰੇ ਦਾ ਤਾਂ ਹੋਣਾ ਹੀ ਚਾਹੀਦਾ ਹੈ, ਪਰ ਇਹ ਯਾਦ ਮਨੁੱਖ ਦੀ ਯਾਦਾਸ਼ਤ ਨ ਹੋ ਕੇ ਕਾਨੂੰਨੀ ਯਾਦ ਹੋਣੀ ਚਾਹੀਦੀ ਹੈ ਅਤੇ ਉਹ ਸਮਾਂ ਰਿਚਰਡ 1 ਦੀ ਗੱਦੀ-ਨਸ਼ੀਨੀ ਨਾਲ ਅਰਥਾਤ 1189 ਤੋਂ ਸ਼ੁਰੂ ਹੁੰਦਾ ਹੈ। ਸਮੇਂ ਦੇ ਬੀਤਣ ਨਾਲ ਇਸ ਮਿਥ ਦਾ ਅੰਦਰੂਨੀ ਖੋਖਲਾਪਨ ਸਾਹਮਣੇ ਆ ਰਿਹਾ ਹੈ ਕਿਉਂਕਿ ਜੇ ਕੋਈ ਇਹ ਸਾਬਤ ਕਰ ਦੇਵੇ ਕਿ ਪਿਛਲੀਆਂ ਸਤ ਸਦੀਆਂ ਵਿਚ ਇਕ ਸਮਾਂ ਐਸਾ ਸੀ ਜਦੋਂ ਉਸ ਰਵਾਜ ਦੀ ਪਾਲਣਾ ਨਹੀਂ ਸੀ ਕੀਤੀ ਜਾ ਰਹੀ ਤਾਂ ਰਵਾਜ ਕਾਨੂੰਨ ਦੇ ਬਲ ਤੋਂ ਵੰਚਿਤ ਹੋ ਜਾਂਦਾ ਹੈ।
ਰਵਾਜ ਦਾ ਨਿਸਚਿਤ ਹੋਣਾ
ਉਪਰੋਕਤ ਤੋਂ ਇਲਾਵਾ ਕੋਈ ਨਿਯਮ ਤਦ ਹੀ ਰਵਾਜ ਦਾ ਬਲ ਹਾਸਲ ਕਰ ਸਕਦਾ ਹੈ ਜੋ ਉਹ ਨਿਸਚਿਤ ਹੋਵੇ। ਸਿਰਫ਼ ਕਥਨ ਮਾਤਰ ਨਹੀਂ ਸਗੋਂ ਸ਼ਹਾਦਤ ਪੇਸ਼ ਕਰਕੇ ਇਹ ਸਾਬਤ ਕੀਤਾ ਜਾਣਾ ਜ਼ਰੂਰੀ ਹੈ ਕਿ ਕਥਤ ਰਵਾਜ ਮੌਜੂਦ ਹੈ। ਜੇ ਇਸ ਬਾਰੇ ਕੋਈ ਤਸੱਲੀਬਖਸ਼ ਸ਼ਹਾਦਤ ਨਾ ਪੇਸ਼ ਕੀਤੀ ਜਾਵੇ ਕਿ ਰਵਾਜੀ ਕਾਨੂੰਨ ਦਾ ਨਿਯਮ ਕੀ ਹੈ ਤਾਂ ਉਸ ਬਾਰੇ ਕਿਆਸ ਇਹ ਕੀਤਾ ਜਾਵੇਗਾ ਕਿ ਉਸ ਆਸ਼ੇ ਦਾ ਰਵਾਜ ਮੌਜੂਦ ਨਹੀਂ ਹੈ। ਉਸ ਤੋਂ ਇਲਾਵਾ ਇਹ ਵਿਖਾਇਆ ਜਾਣਾ ਵੀ ਲਾਜ਼ਮੀ ਹੈ ਕਿ ਉਹ ਰਵਾਜ ਧਿਰਾਂ ਨੂੰ ਲਾਗੂ ਹੁੰਦਾ ਹੈ।
ਨਾਵਾਜਬ ਜਾਂ ਲੋਕ-ਨੀਤੀ ਦੇ ਵਿਰੁੱਧ ਨ ਹੋਵੇ
ਲੰਮੇ ਸਮੇਂ ਤੋਂ ਲਗਾਤਾਰ ਇਕਸਾਰ ਚਲਦੇ ਆ ਰਹੇ ਅਤੇ ਨਿਸਚਿਤ ਹੋਣ ਤੋਂ ਇਲਾਵਾ ਧਾਰਾ 3 (ੳ) ਵਿਚ ਦੱਸੀ ਪਰਿਭਾਸ਼ਾ ਅਨੁਸਾਰ ਰਵਾਜ ਦਾ ਬਲ ਹਾਸਲ ਕਰਨ ਲਈ ਕਿਸੇ ਨਿਯਮ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਨਾਵਾਜਬ ਜਾਂ ਲੋਕ-ਨੀਤੀ ਦੇ ਵਿਰੁੱਧ ਨ ਹੋਵੇ। ਇਹ ਦੋਵੇਂ ਗੱਲਾਂ ਐਸੀਆਂ ਹਨ ਜੋ ਸਮੇਂ ਅਤੇ ਸਮਾਜ ਦੁਆਰਾ ਮਿਥੀਆਂ ਕਦਰਾਂ-ਕੀਮਤਾਂ ਉਤੇ ਆਧਾਰਤ ਹਨ। ਇਹ ਵੀ ਠੀਕ ਹੈ ਕਿ ਕੁਝ ਗੱਲਾਂ ਐਸੀਆਂ ਹੁੰਦੀਆਂ ਹਨ ਜੋ ਹਰ ਸਮੇਂ ਅਤੇ ਹਰ ਸਮਾਜ ਵਿਚ ਨਾਵਾਜਬ ਸਮਝੀਆਂ ਜਾਂਦੀਆਂ ਹਨ ਪਰ ਕਈ ਆਚਰਣ ਐਸੇ ਹੁੰਦੇ ਹਨ ਜੋ ਸਮੇਂ ਦੇ ਨਾਲ ਅਪਣਾਏ ਅਤੇ ਛਡ ਦਿੱਤੇ ਜਾਂਦੇ ਹਨ। ਮਿਸਾਲ ਲਈ ਇਕ ਸਮਾਜ ਵਿਚ ਮਾਮੇ ਦੀ ਲੜਕੀ ਨਾਲ ਵਿਆਹ ਕਰਾਉਣਾ ਲੋਕ-ਨੀਤੀ ਦੇ ਵਿਰੁਧ ਅਜੇ ਨਾਵਾਜਬ ਸਮਝਿਆ ਜਾਂਦਾ ਹੈ, ਪਰ ਕੁਝ ਸਮਾਜ ਅਜਿਹੇ ਹਨ ਜਿਨ੍ਹਾਂ ਵਿਚ ਮਾਮੇ ਦੀ ਲੜਕੀ ਉਤੇ ਵਿਆਹ ਲਈ ਹੱਕਦਾਰ ਭੈਣ ਦੇ ਪੁੱਤਰ ਨੂੰ ਸਮਝਿਆ ਜਾਂਦਾ ਹੈ।
ਨ੍ਰਿਤਕਾਰ ਲੜਕੀਆਂ ਅਤੇ ਨਾਇਕਨਾਂ ਦੁਆਰਾ ਧੀਆਂ ਗੋਦ ਲੈਣ ਨੂੰ ਨਾਜਾਇਜ਼ ਕਰਾਰ ਦਿੱਤਾ ਗਿਆ ਹੈ। ਉਹ ਧੀਆਂ ਇਸ ਮਨਸ਼ੇ ਨਾਲ ਗੋਦ ਲੈਂਦੀਆਂ ਸਨ ਤਾਂ ਕਿ ਉਨ੍ਹਾਂ ਤੋਂ ਵੇਸ਼ਵਾਵਾਂ ਦਾ ਕੰਮ ਲਿਆ ਜਾ ਸਕੇ। ਬੰਬਈ ਉੱਚ ਅਦਾਲਤ ਨੇ ਹੀਰਾ ਬਨਾਮ ਰਾਧਾ ਵਿਚ ਇਸ ਆਚਰਣ ਨੂੰ ਲੋਕ ਨੀਤੀ ਦੇ ਵਿਰੁਧ ਕਰਾਰ ਦਿੱਤਾ ਸੀ।
ਉਪਰੋਕਤ ਤੋਂ ਇਲਾਵਾ ਰਵਾਜੀ ਕਾਨੂੰਨ ਦਾ ਦਰਜਾ ਉਸ ਨਿਯਮ ਨੂੰ ਹੀ ਦਿੱਤਾ ਜਾ ਸਕਦਾ ਹੈ ਜੋ ਅਣਸਦਾਚਾਰਕ ਜਾ ਕਾਨੂੰਨ ਦੇ ਵਿਰੁਧ ਨਾ ਹੋਵੇ।
ਧਾਰਾ 3(ੳ) ਵਿਚ ਕੇਵਲ ਰਵਾਜ ਦੀਆਂ ਵਿਸ਼ੇਸ਼ਤਾਵਾਂ ਦਾ ਹੀ ਨਹੀਂ ਸਗੋਂ ਕੁਝ ਕਿਸਮਾਂ ਦੇ ਰਵਾਜਾਂ ਵਲ ਵੀ ਸੰਕੇਤ ਕੀਤਾ ਗਿਆ ਹੈ। ਇਹ ਕਿਸਮਾਂ ਹਨ ਸਥਾਨਕ ਰਵਾਜ, ਕਬੀਲੇ ਦੇ ਰਵਾਜ, ਫ਼ਿਰਕੇ, ਸਮੂਹ ਜਾਂ ਪਰਿਵਾਰ ਦੇ ਰਵਾਜ। ਸਥਾਨਕ ਰਵਾਜਾਂ ਬਾਰੇ ਕਾਫ਼ੀ ਕੰਮ ਹੋਇਆ ਹੈ ਅਤੇ ਇਸ ਬਾਰੇ ਖੋਜ ਦੇ ਅਧਾਰ ਤੇ ਚੰਗੇ ਗ੍ਰੰਥ ਉਪਲਬਧ ਹਨ। ਰਿਵਾਜੇ-ਆਮ ਇਸ ਸਬੰਧ ਵਿਚ ਸਰਕਾਰ ਦੇ ਅਫ਼ਸਰਾਂ ਦਆਰਾ ਸੰਗ੍ਰਹਿਤ ਅਤੇ ਪ੍ਰਕਾਸ਼ਤ ਹੋਣ ਕਾਰਨ ਕਾਫ਼ੀ ਪ੍ਰਮਾਣਿਕ ਮੰਨਿਆ ਜਾਂਦਾ ਹੈ। ਜਿਹੜੇ ਰਵਾਜ ਇਕ ਤੋਂ ਵਧ ਵਾਰ ਅਦਾਲਤਾਂ ਦੇ ਨੋਟਿਸ ਵਿਚ ਆ ਚੁੱਕੇ ਹੋਣ ਉਨ੍ਹਾਂ ਨੂੰ ਨਿਆਂਇਕ ਮਾਨਤਾ ਦਿੱਤੀ ਜਾਂਦੀ ਹੈ। ਪਰ ਸਭ ਤੋਂ ਔਖਾ ਕੰਮ ਕਿਸੇ ਸਾਧਾਰਨ ਦਰਜੇ ਦੇ ਪਰਿਵਾਰ ਦੀ ਸੂਰਤ ਵਿਚ ਕੋਈ ਪਰਿਵਾਰਕ ਰਵਾਜ ਸਾਬਤ ਕਰਨਾ ਹੈ। ਰਵਾਜ ਦੀ ਹੋਂਦ ਉਸ ਧਿਰ ਨੂੰ ਸਾਬਤ ਕਰਨੀ ਪੈਂਦੀ ਹੈ ਜੋ ਰਵਾਜ ਦਾ ਸਹਾਰਾ ਲਵੇ। ਕਈ ਵਾਰੀ ਰਵਾਜ ਅਦਾਲਤਾਂ ਦੁਆਰਾ ਮਾਨਤਾ ਪ੍ਰਾਪਤ ਹੁੰਦਾ ਹੈ ਅਤੇ ਉਹ ਦੇਸ਼ ਦਾ ਕਾਨੂੰਨ ਬਣ ਜਾਂਦਾ ਹੈ। ਰਵਾਜ ਨੂੰ ਕਾਨੂੰਨ ਵਿਚ ਥਾਂ ਦਿੱਤੇ ਜਾਣ ਦਾ ਕਾਰਨ ਇਹ ਹੈ ਕਿ ਰਵਾਜ ਵਿਚ ਉਹ ਨਿਯਮ ਸਮੋਏ ਹੁੰਦੇ ਹਨ ਜੇ ਕਿਸੇ ਸਮਾਜ ਜਾਂ ਕੌਮ ਦੀ ਜ਼ਮੀਰ ਨੂੰ ਚੰਗੇ ਲਗਦੇ ਹਨ ਅਤੇ ਜਿਨ੍ਹਾਂ ਨੂੰ ਉਹ ਸਮਾਜ ਜਾਂ ਕੌਮ ਨਿਆਂਪੂਰਨ ਅਤੇ ਲੋਕ-ਉਪਯੋਗੀ ਸਮਝਦੀ ਹੈ। ਗਲੈਨ ਵਿਲੀਅਮਜ਼ ਦੁਆਰਾ ਸੰਪਾਦਤ ਸਾਮੰਡ ਔਨ ਜਿਊਰੈਸਪੂਡੈਂਸ (ਪੰਨਾ 234) ਅਨੁਸਾਰ ‘ਰਵਾਜ ਦਾ ਸਮਾਜ ਨਾਲ ਉਹੀ ਸਬੰਧ ਹੈ ਜੋ ਕਾਨੂੰਨ ਦਾ ਰਾਜ ਨਾਲ ਹੈ।’ ਸਾਧਾਰਨ ਤੌਰ ਤੇ ਇਹ ਹੁੰਦਾ ਹੈ ਕਿ ਜਿਹੜਾ ਰਵਾਜ ਵਿਧਾਨ ਮੰਡਲ ਨੂੰ ਰਾਸ਼ਟਰ ਦੀ ਬਿਹਤਰੀ ਲਈ ਅਤੇ ਨਿਆਂਸ਼ੀਲ ਲਗਦਾ ਹੈ ਉਸ ਨੂੰ ਵਿਧਾਨਕ ਕਾਨੂੰਨ ਦਾ ਰੂਪ ਦੇ ਦਿੱਤਾ ਜਾਂਦਾ ਹੈ। ਇਸ ਦਾ ਦੂਜਾ ਪਾਸਾ ਇਹ ਹੈ ਕਿ ਕੋਈ ਅਜਿਹਾ ਰਵਾਜ ਕਾਇਮ ਨਹੀਂ ਰਹਿ ਸਕਦਾ ਜੋ ਸੰਸਦ ਦੇ ਕਾਨੂੰਨ ਦੇ ਉਲਟ ਹੋਵੇ। ਵਿਧਵਾ ਵਿਆਹ ਜਾਂ ਸਤੀ-ਪ੍ਰਥਾ ਬੰਦ ਕਰਨ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ।
ਲੇਕਿਨ ਰਵਾਜੀ ਕਾਨੂੰਨ ਦੀ ਇਕ ਬਹੁਤ ਵੱਡੀ ਤਰੁਟੀ ਇਹ ਹੈ ਕਿ ਰਵਾਜੇ-ਆਮ ਅਤੇ ਇਸ ਤਰ੍ਹਾਂ ਦੀਆਂ ਹੋਰ ਪ੍ਰਮਾਣੀਕ ਪੁਸਤਕਾਂ ਵਿਧਾਨਕ ਕਾਨੂੰਨ ਉਤੇ ਵੀ ਪਰਮਪ੍ਰਭਾਵੀ ਹੋ ਜਾਂਦੀਆਂ ਹਨ। ਲੇਕਿਨ ਉਹ ਸਾਹਮਣੇ ਉਦੋਂ ਆਉਂਦੀਆਂ ਹਨ ਜਦੋਂ ਕਿਸੇ ਧਿਰ ਨੂੰ ਲੋੜ ਪੈਂਦੀ ਹੈ ਅਤੇ ਉਹ ਖੋਜ ਕਰਦੀ ਹੈ। ਇਸ ਤਰ੍ਹਾਂ ਅਦਾਲਤਾਂ ਨੂੰ ਉਹ ਕਾਨੂੰਨ ਲਾਗੂ ਕਰਨਾ ਪੈ ਸਕਦਾ ਹੈ ਜਿਸ ਦੀ ਆਗਊਂ ਜਾਣਕਾਰੀ ਕਿਸੇ ਨੂੰ ਨਹੀਂ ਹੁੰਦੀ। ਆਧੁਨਿਕ ਨਿਆਂ-ਸ਼ਾਸਤਰ ਮੁਤਾਬਕ ਇਹ ਰਵਾਜ ਦਾ ਇਕ ਮਨਫ਼ੀ ਗੁਣ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First