ਰੱਖੜੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਰੱਖੜੀ : ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਵਾਲਾ ਤਿਉਹਾਰ ਰੱਖੜੀ, ਦੇਸੀ ਮਹੀਨੇ ਸਾਉਣ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਭਰਾਵਾਂ ਦੁਆਰਾ ਆਪਣੀਆਂ ਭੈਣਾਂ ਦੀ ਰੱਖਿਆ ਦਾ ਸੰਕਲਪ ਲੈਣ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਦੁਆਰਾ ਭਰਾਵਾਂ ਦੀ ਵੀਣੀ ਉਪਰ ਖੰਭਣੀ ਦੀ ਪਹੁੰਚੀ ਬੰਨ੍ਹੀ ਜਾਂਦੀ ਹੈ। ਜਿਸ ਨਾਲ ਰੱਖੜੀ ਬੰਨ੍ਹਣ ਵਾਲੇ ਅਤੇ ਬਨ੍ਹਵਾਉਣ ਵਾਲੇ ਦੇ ਦਿਲ ਵਿੱਚ ਪਿਆਰ ਦੀ ਭਾਵਨਾ ਵਧਦੀ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਲਈ ਵਰਤ ਵੀ ਰੱਖਦੀਆਂ ਹਨ। ਇੱਕ ਲੋਕ ਵਿਸ਼ਵਾਸ ਅਨੁਸਾਰ, ਪਹਿਲੇ ਸਮਿਆਂ ਵਿੱਚ ਜਦੋਂ ਵੀਰ ਆਪਣੀਆਂ ਭੈਣਾਂ ਤੋਂ ਰੱਖੜੀ ਬੰਨ੍ਹਵਾ ਕੇ ਜੰਗ ਦੇ ਮੈਦਾਨ ਵਿੱਚ ਜਾਂਦੇ ਸਨ ਤਾਂ ਭੈਣਾਂ ਦੀਆਂ ਅਸੀਸਾਂ ਹੋਣ ਦੇ ਰੂਪ ਵਿੱਚ ਰੱਖੜੀ ਉਹਨਾਂ ਦੀ ਰੱਖਿਆ ਕਰਦੀ ਸੀ। ਪ੍ਰਾਚੀਨ ਸਮੇਂ ਤੋਂ ਮਨਾਏ ਜਾ ਰਹੇ ਇਸ ਤਿਉਹਾਰ ਨੂੰ ਕੁਝ ਲੋਕ ‘ਵਿਸ਼ਤੋੜਕ’ ਪੁਰਬ ਦਾ ਨਾਂ ਵੀ ਦਿੰਦੇ ਹਨ। ਜਿਸ ਦਾ ਅਰਥ ਹੈ ਵਿਸ਼ੈ ਵਿਕਾਰਾਂ ’ਤੇ ਜਿੱਤ।
ਰੱਖੜੀ ਦੇ ਤਿਉਹਾਰ ਸੰਬੰਧੀ ਵੱਖ-ਵੱਖ ਪੁਰਾਣੇ ਗ੍ਰੰਥਾਂ ਵਿਚਲੀ ਕਥਾ ਅਨੁਸਾਰ, ਕ੍ਰਿਸ਼ਨ ਪਾਂਡਵ ਪੁੱਤਰ ਯੁਧਿਸ਼ਟਰ ਨੂੰ ਪ੍ਰਵਚਨ ਕਰਦੇ ਹੋਏ ਕਹਿੰਦੇ ਹਨ ਕਿ ਜਿਸ ਸਮੇਂ ਪੂਰਵ-ਕਾਲ ਵਿੱਚ ਦੇਵਤਿਆਂ ਅਤੇ ਦੈਂਤਾਂ ਵਿਚਕਾਰ ਯੁੱਧ ਹੋ ਰਿਹਾ ਸੀ ਤਾਂ ਦੇਵਤਾ ਹਾਰਨ ਦੇ ਕਿਨਾਰੇ ਪਹੁੰਚ ਚੁੱਕੇ ਸਨ, ਇਸ ਹਾਰ ਤੋਂ ਬਚਣ ਲਈ ਇੰਦਰ ਦੇਵਤੇ ਨੇ ਯੱਗ ਕਰਵਾਇਆ। ਇਸ ਸਮੇਂ ਇੰਦਰ ਦੇਵਤੇ ਦੀ ਪਤਨੀ ਨੇ ਕਿਹਾ ਕਿ ਉਹ ਅਜਿਹਾ ਉਪਾਅ ਜਾਣਦੀ ਹੈ ਜਿਸ ਨਾਲ ਉਹਨਾਂ ਨੂੰ ਲਾਜ਼ਮੀ ਤੌਰ ’ਤੇ ਜਿੱਤ ਪ੍ਰਾਪਤ ਹੋ ਸਕਦੀ ਹੈ। ਉਸ ਨੇ ਸਾਉਣ ਦੀ ਪੂਰਨਮਾਸੀ ਵਾਲੇ ਦਿਨ ਇੰਦਰ ਦੇਵਤੇ ਦੀ ਵੀਣੀ ਉੱਤੇ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਇੱਕ ‘ਰੱਖਿਆ ਸੂਤਰ’ ਬੰਨ੍ਹਿਆ। ਇਸ ਤਰ੍ਹਾਂ ਕਰਨ ਨਾਲ ਇੰਦਰ ਅਤੇ ਬਾਕੀ ਦੇਵਤਿਆਂ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋਇਆ, ਜਿਸ ਦੇ ਸਿੱਟੇ ਵਜੋਂ ਇੰਦਰ ਦੇਵਤੇ ਨੂੰ ਜਿੱਤ ਪ੍ਰਾਪਤ ਹੋਈ। ਉਸ ਤੋਂ ਬਾਅਦ ਇਹ ਰਿਵਾਜ ਪ੍ਰਚਲਿਤ ਹੋਇਆ।
ਮੰਨਿਆ ਜਾਂਦਾ ਹੈ ਕਿ ਇੱਕ ਸਮੇਂ ਬਾਹਰਲੇ ਹਮਲਾਵਰ ਹਿੰਦੂ ਔਰਤਾਂ ਨੂੰ ਜਬਰਦਸਤੀ ਚੁੱਕ ਕੇ ਲੈ ਜਾਂਦੇ ਸਨ ਤਾਂ ਔਰਤਾਂ ਸ਼ਕਤੀਸ਼ਾਲੀ ਰਾਜਿਆਂ ਜਾਂ ਆਪਣੇ ਸਕੇ- ਸੰਬੰਧੀਆਂ ਨੂੰ ਇੱਜ਼ਤ ਦੀ ਰਾਖੀ ਲਈ ‘ਰੱਖਿਆ ਸੂਤਰ’ ਭੇਜਦੀਆਂ ਸਨ। ਉਦਾਹਰਨ ਲਈ ਮੇਵਾੜ ਦੇ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਨੇ ਰਾਜੇ ਹਮਾਯੂੰ ਨੂੰ ‘ਰੱਖਿਆ ਸੂਤਰ’ ਭੇਜਿਆ ਸੀ। ਜਿਸ ਦੇ ਨਤੀਜੇ ਵਜੋਂ ਰਾਜੇ ਹਮਾਯੂੰ ਨੇ ਆਪਣੀ ਦੁਸ਼ਮਣੀ ਤਿਆਗ ਕੇ ਰਾਣਾ ਸਾਂਗਾ ਦੇ ਰਾਜ ਨੂੰ ਸੁਰੱਖਿਆ ਪ੍ਰਦਾਨ ਕੀਤੀ। ਇੱਕ ਧਾਰਨਾ ਇਹ ਵੀ ਹੈ ਕਿ ਜਦੋਂ ਰਾਜਾ ਸਿਕੰਦਰ ਅਤੇ ਰਾਜਾ ਪੁਰੂ ਦੇ ਵਿਚਕਾਰ ਯੁੱਧ ਹੋ ਰਿਹਾ ਸੀ ਤਾਂ ਰਾਜਾ ਪੁਰੂ ਦੇ ਸਾਮ੍ਹਣੇ ਸਿਕੰਦਰ ਦੀ ਸੈਨਾ ਟਿਕ ਨਾ ਸਕੀ। ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਇੱਕ ਯੂਨਾਨੀ ਯੁਵਤੀ ਨੇ ਰਾਜਾ ਪੁਰੂ ਦੇ ਗੁੱਟ ਉਪਰ ਰੱਖੜੀ ਦੇ ਰੂਪ ਵਿੱਚ ਖੰਮ੍ਹਣੀ ਬੰਨ੍ਹੀ ਸੀ, ਜਿਸ ਕਾਰਨ ਰਾਜਾ ਪੁਰੂ ਸਿਕੰਦਰ ਦੀ ਸੈਨਾ ਨੂੰ ਮਾਤ ਦੇ ਸਕਿਆ।
ਪਿੱਛੋਂ ਆ ਕੇ ਇਹ ਤਿਉਹਾਰ ਭੈਣ-ਭਰਾ ਨਾਲ ਜੁੜ ਗਿਆ। ਕੇਵਲ ਭੈਣਾਂ ਹੀ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲੱਗੀਆਂ ਜਿਸ ਦੇ ਇਵਜ਼ ਵਜੋਂ ਰੱਖੜੀ ਵਾਲੇ ਦਿਨ ਭਰਾਵਾਂ ਵੱਲੋਂ ਪਿਆਰ ਨਾਲ ਦਿੱਤੀ ਸੁਗਾਤ ਭੈਣਾਂ ਖਿੜੇ ਮੱਥੇ ਸਵੀਕਾਰ ਕਰਦੀਆਂ ਹਨ। ਇਹ ਤਿਉਹਾਰ ਭੈਣ ਭਰਾ ਦੇ ਰਿਸ਼ਤੇ ਵਿੱਚ ਮਨ, ਵਚਨ ਅਤੇ ਕਰਮ ਦੀ ਸਮਾਈ ਹੋਈ ਪਵਿੱਤਰਤਾ ਦਾ ਸਰੂਪ ਹੈ। ਇਹੋ ਕਾਰਨ ਹੈ ਕਿ ਸਦੀਆਂ ਤੋਂ ਇਸ ਤਿਉਹਾਰ ਦੀ ਮਹੱਤਤਾ ਕਾਇਮ ਹੈ। ਇੱਕ ਹੋਰ ਵਿਸ਼ਵਾਸ ਅਨੁਸਾਰ, ਜਦੋਂ ਸ਼ਿਵ ਅਤੇ ਬ੍ਰਹਮਾ ਨੇ ਕੰਨਿਆਵਾਂ-ਮਾਤਾਵਾਂ ਨੂੰ ਬ੍ਰਾਹਮਣ ਦੀ ਪਦਵੀ ’ਤੇ ਬਿਠਾ ਕੇ ਗਿਆਨ ਦਾ ਕਲਸ਼ ਪ੍ਰਦਾਨ ਕੀਤਾ ਤਾਂ ਉਸ ਸਮੇਂ ਸਤਯੁਗੀ ਸ੍ਰਿਸ਼ਟੀ ਦੀ ਸਥਾਪਨਾ ਹੋਈ। ਇਹ ਤਿਉਹਾਰ ਅੱਜ ਵੀ ਇਸੇ ਪਵਿੱਤਰ ਕਰਮ ਦੀ ਪੁਨਰ- ਵਿਰਤੀ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਧਾੜਵੀ ਪੰਜਾਬ ਰਾਹੀਂ ਹੀ ਪ੍ਰਵੇਸ਼ ਕਰਦੇ ਸਨ। ਧਾੜਵੀਆਂ ਦਾ ਮੁਕਾਬਲਾ ਕਰਨ ਲਈ ਭਰਾ ਜੰਗ ਦੇ ਮੈਦਾਨ ਵਿੱਚ, ਜਾਣ ਸਮੇਂ ਆਪਣੀਆਂ ਭੈਣਾਂ ਕੋਲੋਂ ਆਪਣੀ ਵੀਣੀ ਉੱਤੇ ਰੱਖਾਂ ਜਾਂ ਧਾਗੇ ਬਨ੍ਹਵਾਉਂਦੇ ਸਨ ਤਾਂ ਕਿ ਉਹਨਾਂ ਨੂੰ ਆਪਣੀਆਂ ਭੈਣਾਂ ਤੇ ਮਾਂਵਾਂ ਦੀ ਇੱਜ਼ਤ ਬਚਾਉਣ ਲਈ ਜੂਝ ਮਰਨ ਲਈ ਉਤਸ਼ਾਹ ਮਿਲ ਸਕੇ। ਸਮਾਂ ਪਾ ਕੇ ਇਹ ਰੱਖਾਂ ਜਾਂ ਧਾਗੇ ਬੰਨ੍ਹਣ ਦੀ ਰਸਮ ਹੀ ਰੱਖੜੀ ਦੇ ਤਿਉਹਾਰ ਵਿੱਚ ਤਬਦੀਲ ਹੋ ਗਈ।
ਭਾਰਤ ਦੇ ਕਈ ਪ੍ਰਾਂਤਾਂ ਵਿੱਚ ਰੱਖੜੀ ਬੰਨ੍ਹਣ ਦੀ ਸ਼ਾਸਤਰੀ ਵਿਧੀ ਵੀ ਪ੍ਰਚਲਿਤ ਹੈ ਜਿਸ ਵਿੱਚ ਸਾਉਣ ਮਹੀਨੇ ਦੀ ਪੂਰਨਮਾਸੀ ਵਾਲੇ ਦਿਨ ਸਵੇਰੇ ਇਸ਼ਨਾਨ ਕਰਨ ਉਪਰੰਤ ਦੇਵਤਿਆਂ, ਪਿਤਰਾਂ ਅਤੇ ਸਪਤ ਰਿਸ਼ੀਆਂ ਦਾ ਤਰਪਣ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਊਨੀ ਜਾਂ ਸੂਤੀ ਕੱਪੜੇ ਵਿੱਚ ਚਾਵਲਾਂ ਦੀ ਪੋਟਲੀ ਬਣਾ ਕੇ ਉਸ ਨੂੰ ਹਲਦੀ ਜਾਂ ਕੇਸਰ ਵਿੱਚ ਰੰਗ ਲਿਆ ਜਾਂਦਾ ਹੈ। ਸਾਰੇ ਘਰ ਨੂੰ ਗਊ ਦੇ ਗੋਬਰ ਨਾਲ ਲਿਪ ਕੇ ਸ਼ੁੱਧ ਕੀਤਾ ਜਾਂਦਾ ਹੈ ਅਤੇ ਉਪਰੰਤ ਚੌਕ ਪੂਰ ਕੇ ਕਲਸ ਦੀ ਸਥਾਪਨਾ ਕੀਤੀ ਜਾਂਦੀ ਹੈ। ਕਲਸ ਨੂੰ ਅੰਨ ਨਾਲ ਭਰ ਕੇ ਉਸ ਉਪਰ ਪੀਲੇ ਰੰਗ ਦੇ ਕੱਪੜੇ ਵਿੱਚ ਬੰਨ੍ਹੀਆਂ ਪੋਟਲੀਆਂ ਰੱਖੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਜਜਮਾਨ ਪੂਰਬ ਵੱਲ ਮੂੰਹ ਕਰ ਕੇ ਕਲਸ ਦੀ ਪੂਜਾ ਕਰਦਾ ਹੈ। ਇਸ ਦੌਰਾਨ ਚਾਵਲਾਂ ਦੀ ਪੋਟਲੀ ਵਿਚਲੇ ਪੀਲੇ ਕੱਪੜੇ ਨੂੰ ਜਜਮਾਨ ਦੇ ਸੱਜੇ ਹੱਥ ਦੇ ਗੁੱਟ ਉਪਰ ਬੰਨ੍ਹਿਆ ਜਾਂਦਾ ਹੈ ਅਤੇ ਮੰਤਰ ਉਚਾਰਦੇ ਹੋਏ ਇਸ ਨੂੰ ਬਾਕੀ ਲੋਕਾਂ ਦੇ ਹੱਥਾਂ ਉੱਤੇ ਵੀ ਬੰਨ੍ਹਿਆ ਜਾਂਦਾ ਹੈ। ਲੋਕ ਧਾਰਨਾ ਅਨੁਸਾਰ ਇਸ ਵਿਧੀ ਰਾਹੀਂ ਬੰਨ੍ਹੀ ਰੱਖੜੀ ਪੂਰਾ ਸਾਲ ਸਭ ਰੋਗਾਂ ਤੋਂ ਮੁਕਤ ਕਰਦੀ ਹੈ। ਇਸ ਦਿਨ ਜੈਨੀ ਲੋਕ ਜੈਨੀ ਸਾਧੂਆਂ ਅਤੇ ਮੁਨੀਆਂ ਦੀ ਪੂਜਾ ਵੀ ਕਰਦੇ ਹਨ। ਇਹ ਲੋਕ ਇਸ ਦਿਨ ਵਿਸ਼ਨੂੰ ਕੁਮਾਰ ਮੁਨੀ ਦੀ ਕਥਾ ਪੜ੍ਹ ਕੇ ਫਿਰ ਰੱਖੜੀ ਬੰਨ੍ਹਦੇ ਹਨ। ਬਹੁਤੇ ਘਰਾਂ ਵਿੱਚ ਇਸ ਦਿਨ ਸੇਵੀਆਂ ਜਾਂ ਖੀਰ ਵੀ ਬਣਾਈ ਜਾਂਦੀ ਹੈ। ਪੰਜਾਬ ਵਿੱਚ ਮੁਗ਼ਲਾਂ ਦੇ ਹਮਲਿਆਂ ਤੋਂ ਬਾਅਦ ਇਹ ਤਿਉਹਾਰ ਕਾਫ਼ੀ ਮਹੱਤਤਾ ਹਾਸਲ ਕਰ ਗਿਆ ਕਿਉਂਕਿ ਇਸ ਸਮੇਂ ਔਰਤਾਂ ਨੂੰ ਮੁਗ਼ਲ ਫ਼ੌਜ ਤੋਂ ਆਪਣੀ ਸੁਰੱਖਿਆ ਦੀ ਵੱਧ ਲੋੜ ਮਹਿਸੂਸ ਹੋਈ। ਇਹੋ ਕਾਰਨ ਹੈ ਕਿ ਪੰਜਾਬ ਵਿੱਚ ਰੱਖੜੀ ਦੇ ਤਿਉਹਾਰ ਨੂੰ ਭੈਣ ਭਰਾ ਦੇ ਪਿਆਰ ਦੇ ਪ੍ਰਗਟਾਵੇ ਦਾ ਸ਼੍ਰੋਮਣੀ ਰੂਪ ਮੰਨਿਆ ਜਾਂਦਾ ਹੈ। ਜਿਨ੍ਹਾਂ ਭੈਣਾਂ ਦਾ ਕੋਈ ਭਰਾ ਨਹੀਂ ਹੁੰਦਾ ਉਹ ਆਪਣੇ ਚਾਚੇ, ਤਾਏ, ਮਾਸੀ ਜਾਂ ਮਾਮੇ ਆਦਿ ਦੇ ਪੁੱਤਰ ਨੂੰ ਰੱਖੜੀ ਬੰਨ੍ਹਦੀਆਂ ਹਨ।
ਪੰਜਾਬ ਵਿੱਚ ਇਸ ਦਿਨ ਬਕਾਲਾ ਵਿਖੇ ਗੁਰੂ ਤੇਗ਼ ਬਹਾਦਰ ਦੀ ਯਾਦ ਵਿੱਚ ‘ਰੱਖੜ-ਪੁੰਨਿਆ’ ਦਾ ਮੇਲਾ ਵੀ ਲੱਗਦਾ ਹੈ। ਇਸ ਦਿਨ ਲਾਗੀ ਆਪਣੇ ਜਜਮਾਨਾਂ ਕੋਲੋਂ ਲਾਗ ਇਕੱਠੀ ਕਰਦੇ ਹਨ। ਮੰਡੀ ਜਾਂ ਬਜ਼ਾਰ ਦੀ ਚਕਾਚੌਂਧ ਦੇ ਸਿੱਟੇ ਵਜੋਂ ਅੱਜ-ਕੱਲ੍ਹ ਗਾਨੇ ਜਾਂ ਖੰਭਣੀ ਦੇ ਰੰਗ-ਬਰੰਗੇ ਧਾਗਿਆਂ ਦੀ ਥਾਂ, ਸਿਲਮੇ-ਸਿਤਾਰੇ ਜੜੀਆਂ ਮਹਿੰਗੀਆਂ ਰੱਖੜੀਆਂ ਵਿਕਣ ਲੱਗ ਪਈਆਂ ਹਨ ਜਿਨ੍ਹਾਂ ਨੂੰ ਲੋਕ ਚਾਅ ਨਾਲ ਖ਼ਰੀਦਦੇ ਹਨ।
ਲੇਖਕ : ਭੀਮ ਇੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਰੱਖੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰੱਖੜੀ (ਨਾਂ,ਇ) ਸਾਉਣ ਦੀ ਪੂਰਨਮਾਸ਼ੀ ਨੂੰ ਵਿਸ਼ੇਸ਼ ਤਿਉਹਾਰ ਵਾਲੇ ਦਿਨ ਭੈਣ ਵੱਲੋਂ ਭਰਾ ਦੇ ਗੁੱਟ ’ਤੇ ਬੰਨ੍ਹਿਆ ਜਾਣ ਵਾਲਾ ਧਾਗੇ ਦੇ ਰੂਪ ਵਿੱਚ ਬੰਧਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਰੱਖੜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰੱਖੜੀ [ਨਾਂਇ] ਸਾਉਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਣ ਵਾਲ਼ਾ ਤਿਉਹਾਰ ਜਿਸ ਵਿੱਚ ਭੈਣਾਂ ਆਪਣੇ ਭਰਾਵਾਂ ਨੂੰ ਰਾਖੀ ਦੇ ਪ੍ਰਤੀਕ ਵਜੋਂ ਧਾਗਾ ਆਦਿ ਬੰਨ੍ਹਦੀਆਂ ਹਨ, ਰੱਖੜੀ ਦੇ ਤਿਉਹਾਰ ਦੇ ਮੌਕੇ’ਤੇ ਭੈਣ ਦੁਆਰਾ ਭਰਾ ਦੇ ਗੁੱਟ ਉੱਤੇ ਬੰਨ੍ਹਿਆ ਜਾਣ ਵਾਲ਼ਾ ਧਾਗਾ ਫੁੰਮ੍ਹਣ ਆਦਿ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14532, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ - https://vaisakhi.co.in
ਜਗਸੀਰ ਸਿੰਘ,
( 2023/08/11 06:1556)
Please Login First