ਲੋਕ-ਗਾਥਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੋਕ-ਗਾਥਾ : ਲੋਕ-ਗਾਥਾ ਨੂੰ ਸਧਾਰਨ ਅਰਥਾਂ ਵਿੱਚ ਅਸੀਂ ਲੋਕਾਂ ਦੀ ਗਾਥਾ ਕਹਿ ਸਕਦੇ ਹਾਂ। ਭਾਵ ਲੋਕਾਂ ਵਿੱਚ ਪ੍ਰਚਲਿਤ ਲੋਕਾਂ ਦੁਆਰਾ ਲਿਖੀ ਗਈ, ਲੋਕਾਂ ਦੁਆਰਾ ਗਾਈ ਜਾਣ ਵਾਲੀ ਗਾਥਾ ਨੂੰ ਹੀ ਲੋਕ-ਗਾਥਾ ਕਿਹਾ ਜਾ ਸਕਦਾ ਹੈ। ਪੁਰਾਤਨ ਸਮੁੱਚਾ ਸਾਹਿਤ ਕਵਿਤਾ ਦੇ ਮਾਧਿਅਮ ਵਿੱਚ ਹੀ ਰਚਿਆ ਜਾਂਦਾ ਸੀ। ਕਵਿਤਾ ਵੀ ਛੰਦ-ਬੱਧ ਹੁੰਦੀ ਸੀ। ਇਸ ਲਈ ਇਸ ਵਿੱਚ ਗਾਏ ਜਾਣ ਦਾ ਗੁਣ ਅਨਿਵਾਰੀ ਰੂਪ ਵਿੱਚ ਵਿਦਮਾਨ ਰਹਿੰਦਾ ਸੀ। ਸਮੁੱਚਾ ਮਨੁੱਖੀ ਜੀਵਨ ਕਵਿਤਾ ਵਰਗਾ ਸੀ, ਗੀਤ ਵਰਗਾ ਸੀ। ਗਮੰਤਰੀ/ਕਵੀ ਬਰੋਟਿਆਂ, ਪਿੱਪਲਾਂ ਹੇਠ ਬੈਠ ਕੇ ਲੋਕ-ਗਾਥਾਵਾਂ ਨੂੰ ਗਾ ਕੇ ਸੁਣਾਇਆ ਕਰਦੇ ਸਨ। ਸਧਾਰਨ ਅਰਥਾਂ ਵਿੱਚ ਲੋਕ ਤੋਂ ਅਰਥ ਦਿਸਦਾ ਸੰਸਾਰ ਅਤੇ ਪਰਲੋਕ ਤੋਂ ਭਾਵ ਅਦ੍ਰਿਸ਼ਟ ਸੰਸਾਰ ਤੋਂ ਹੈ। ਭਾਰਤੀ ਚਿੰਤਨ ਅਨੁਸਾਰ ਮਾਤ-ਲੋਕ, ਪਾਤਾਲ ਲੋਕ ਅਤੇ ਅਕਾਸ਼ ਲੋਕ ਮੰਨੇ ਗਏ ਹਨ। ਲੋਕ ਇਸ ਜ਼ਿੰਦਗੀ ਦੇ ਸਿਰਜਕ ਹਨ। ਉਹਨਾਂ ਦੇ ਜੀਵਨ ਨਾਲ ਜੁੜੀਆਂ ਅਨੇਕਾਂ ਰੋਚਕ ਕਹਾਣੀਆਂ ਸੰਸਾਰ ਸਾਹਿਤ ਦਾ ਅਟੁੱਟ, ਸਹਿਜ ਅਤੇ ਮੌਖਿਕ ਅੰਗ ਬਣੀਆਂ ਤੁਰੀਆਂ ਆ ਰਹੀਆਂ ਹਨ। ਲੋਕ-ਰੁਚੀਆਂ, ਲੋਕ-ਮਾਨਤਾਵਾਂ, ਲੋਕ-ਰੂੜ੍ਹੀਆਂ, ਲੋਕ- ਸੰਵੇਦਨਾਵਾਂ ਸਨਮਾਨਜਨਕ ਆਦਰਸ਼ਕ ਰੂਪ ਗ੍ਰਹਿਣ ਕਰ ਕੇ ਲੋਕ-ਗਾਥਾਵਾਂ ਦਾ ਸਹਿਜ ਅੰਗ ਬਣਦੀਆਂ ਹਨ।

     ਭਾਰਤ ਵਿੱਚ ਲੋਕ-ਗਾਥਾਵਾਂ ਦੀ ਵੀ ਲੰਮੀ ਪਰੰਪਰਾ ਰਹੀ ਹੈ। ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਇਸ ਦੇ ਭਿੰਨ-ਭਿੰਨ ਨਾਮ ਮਿਲਦੇ ਹਨ। ਗੁਜਰਾਤ ਵਿੱਚ ਇਸ ਨੂੰ ‘ਕਥਾਗੀਤ’, ਮਹਾਂਰਾਸ਼ਟਰ ਵਿੱਚ ‘ਪਾਂਬੜਾ’ ਅਤੇ ਰਾਜਸਥਾਨ ਵਿੱਚ ‘ਗੀਤ ਕਥਾ’ ਕਹਿੰਦੇ ਹਨ। ਕਥਾਤਮਕ ਗੀਤ, ਅੰਗਰੇਜ਼ੀ ਦੇ ਸ਼ਬਦ ‘ਬੈਲੇਡ’ ਤੋਂ ਲਿਆ ਗਿਆ ਹੈ। ਇਸ ਦੀ ਵਿਉਤਪਤੀ ਲੈਟਿਨ ਸ਼ਬਦ ‘ਬੇਪਲੇਰ’ ਸ਼ਬਦ ਤੋਂ ਹੋਈ ਹੈ, ਜਿਸ ਦਾ ਅਰਥ ਹੈ ਨੱਚਣਾ ਅਰਥਾਤ ਨ੍ਰਿਤ ਕਰਨਾ। ਸਮਾਂ ਪੈਣ ਨਾਲ ਇਸ ਦਾ ਪ੍ਰਯੋਗ ਕੇਵਲ ਲੋਕ-ਗਾਥਾਵਾਂ ਲਈ ਹੋਣ ਲੱਗ ਪਿਆ। ਅੰਗਰੇਜ਼ ਸਾਹਿਤਕਾਰ ਇਸ ਸਾਹਿਤ ਰੂਪ ਵੱਲ ਖਿੱਚੇ ਗਏ ਅਤੇ ਇਹ ਅੰਗਰੇਜ਼ੀ ਸਾਹਿਤ ਦਾ ਲੋਕ-ਪ੍ਰਿਆ ਕਾਵਿ-ਰੂਪ ਹੀ ਬਣ ਗਿਆ। ਪ੍ਰਸਿੱਧ ਵਿਦਵਾਨ ਫ੍ਰੈਂਕ ਸਿਜਵਿਕ ਲੋਕ-ਗਾਥਾ ਨੂੰ ਸਰਲ ਵਰਣਾਤਮਿਕ ਗੀਤ ਮੰਨਦੇ ਹਨ। ਜਿਹੜਾ ਲੋਕਾਂ ਦੀ ਸੰਪੱਤੀ ਹੁੰਦਾ ਹੈ ਅਤੇ ਇਸ ਦਾ ਪ੍ਰਸਾਰ ਮੌਖਿਕ ਰੂਪ ਵਿੱਚ ਹੁੰਦਾ ਹੈ। ਐਫ. ਬੀ. ਗੁਮੇਰ ਅਨੁਸਾਰ ਲੋਕ-ਗਾਥਾ ਗਾਉਣ ਲਈ ਲਿਖੀ ਗਈ ਅਜਿਹੀ ਕਵਿਤਾ ਹੈ, ਜਿਹੜੀ ਸਮਰੱਥਾ ਦੀ ਦ੍ਰਿਸ਼ਟੀ ਤੋਂ ਵਿਅਕਤੀ ਰਹਿਤ ਹੁੰਦੀ ਹੈ ਅਤੇ ਸਮੂਹਿਕ ਨਾਚ-ਗਾਣੇ ਨਾਲ ਸੰਬੰਧ ਰੱਖਦੀ ਹੈ ਅਤੇ ਇਸ ਵਿੱਚ ਮੌਖਿਕ ਪਰੰਪਰਾ ਹੀ ਪ੍ਰਧਾਨ ਰਹਿੰਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਲੋਕ-ਗਾਥਾਵਾਂ ਵਿੱਚ ਗੀਤਾਤਮਿਕਤਾ ਜ਼ਰੂਰੀ ਤੱਤ ਹੁੰਦਾ ਹੈ। ਇਸ ਦਾ ਕਥਾਨਕ ਪ੍ਰਭਾਵਸ਼ਾਲੀ ਅਤੇ ਵਿਸਤਰਿਤ ਹੁੰਦਾ ਹੈ। ਇਸ ਦੇ ਰਚੈਤਾ ਦਾ ਪਤਾ ਨਹੀਂ ਹੁੰਦਾ। ਇਸ ਦਾ ਸੰਬੰਧ ਸਮਾਜ ਦੇ ਕਿਸੇ ਵਰਗ ਅਤੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੁੰਦਾ, ਬਲਕਿ ਇਹ ਸੰਪੂਰਨ ਸਮਾਜ ਦੀ ਮਲਕੀਅਤ ਹੁੰਦੀ ਹੈ। ਕਾਵਿ-ਕਲਾ ਦੇ ਸੌਂਦਰਯ ਅਤੇ ਗੁਣਾਂ ਦਾ ਇਸ ਵਿੱਚ ਅਭਾਵ ਹੁੰਦਾ ਹੈ।

     ਆਕਾਰ ਦੀ ਦ੍ਰਿਸ਼ਟੀ ਤੋਂ ਲਘੂ ਅਤੇ ਦੀਰਘ ਗਾਥਾਵਾਂ ਤੋਂ ਇਲਾਵਾ ਕ੍ਰਿਸ਼ਨਦੇਵ ਉਪਾਧਿਆਇ ਨੇ ਇਸ ਨੂੰ (ੳ) ਪ੍ਰੇਮ ਕਥਾਤਮਿਕ ਗਾਥਾ (ਅ) ਵੀਰ ਕਥਾਤਮਿਕ ਗਾਥਾ (ੲ) ਰੋਮਾਂਚ ਕਥਾਤਮਿਕ ਗਾਥਾ ਦੇ ਰੂਪ ਵਿੱਚ ਵੰਡਿਆ ਹੈ। ਪ੍ਰੇਮ-ਪ੍ਰਧਾਨ ਗਾਥਾਵਾਂ ਵਿੱਚ ਪੰਜਾਬ ਦੀ ਹੀਰ ਰਾਂਝਾ, ਸੋਹਣੀ ਮਹੀਂਵਾਲ, ਸੱਸੀ ਪੁੰਨੂੰ, ਮਿਰਜ਼ਾ ਸਾਹਿਬਾਂ, ਰਾਜਸਥਾਨ ਦਾ ਢੋਲਾ ਮਾਰੂ ਦੀ ਗਾਥਾ ਮਨ ਨੂੰ ਮੋਹਣ ਵਾਲੀਆਂ ਲੋਕ-ਪ੍ਰਿਆ ਪ੍ਰੇਮ ਕਹਾਣੀਆਂ ਹਨ।

     ਵਿਭਿੰਨ ਦੇਸਾਂ ਦੀਆਂ ਲੋਕ-ਗਾਥਾਵਾਂ ਦਾ ਜੇਕਰ ਧਿਆਨ-ਪੂਰਵਕ ਅਧਿਐਨ ਕੀਤਾ ਜਾਵੇ ਤਾਂ ਕੁਝ ਕੁ ਪ੍ਰਮੁਖ ਵਿਸ਼ੇਸ਼ਤਾਵਾਂ ਉੱਭਰ ਕੇ ਸਾਮ੍ਹਣੇ ਆਉਂਦੀਆਂ ਹਨ। 1. ਰਚੈਤਾ ਦਾ ਪਤਾ ਨਾ ਹੋਣਾ 2. ਪ੍ਰਮਾਣਿਕ ਮੂਲ ਪਾਠ ਨਾ ਮਿਲਣਾ 3. ਸਥਾਨਿਕ ਪ੍ਰਭਾਵ 4. ਸੰਗੀਤ ਅਤੇ ਕਦੇ-ਕਦੇ ਨ੍ਰਿਤ ਦਾ ਜ਼ਰੂਰੀ ਹੋਣਾ 5. ਲੋਕ-ਗਾਥਾਵਾਂ ਦਾ ਮੌਖਿਕ ਹੋਣਾ 6. ਅਲੰਕਾਰ ਰਹਿਤ ਸ਼ੈਲੀ ਦੇ ਨਾਲ-ਨਾਲ ਸੁਭਾਵਿਕਤਾ ਦਾ ਹੋਣਾ 7. ਉਪਦੇਸ਼ਾਂ ਦੀ ਅਣਹੋਂਦ 8. ਰਚੈਤਾ ਦੇ ਵਿਅਕਤਿਤਵ ਦਾ ਅਭਾਵ 9. ਲੰਮੀ ਕਥਾ-ਵਸਤੂ 10. ਇਤਿਹਾਸਿਕ ਦ੍ਰਿਸ਼ਟੀ ਤੋਂ ਭਰਮ ਦੀ ਸਥਿਤੀ 11. ਟੇਕ-ਪਦਾਂ ਦਾ ਦੁਹਰਾਓ।

     ਲੋਕ-ਗੀਤਾਂ ਅਤੇ ਲੋਕ-ਗਾਥਾ ਵਿੱਚ ਕਈ ਗੱਲਾਂ ਕਰ ਕੇ ਭਿੰਨਤਾ ਹੁੰਦੀ ਹੈ। ਲੋਕ-ਗਾਥਾ ਵਿੱਚ ਕੋਈ ਨਾ ਕੋਈ ਕਹਾਣੀ ਜ਼ਰੂਰ ਹੁੰਦੀ ਹੈ। ਜਦ ਕਿ ਲੋਕ-ਗੀਤ, ਲੋਕ- ਮਾਨਸਿਕਤਾ ਨੂੰ ਆਤਮਿਕ ਅਨੰਦ ਪ੍ਰਦਾਨ ਕਰਨ ਨੂੰ ਪ੍ਰਮੁਖ ਉਦੇਸ਼ ਮੰਨਦੇ ਹਨ। ਬੀਰ-ਗਾਥਾ ਵਿੱਚ ਕਿਸੇ ਸੂਰਮੇ, ਯੋਧੇ, ਸੂਰਬੀਰ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਕਾਵਿ-ਬੱਧ ਕੀਤਾ ਹੁੰਦਾ ਹੈ। ਲੋਕ-ਗਾਥਾ ਦੇ ਨਾਇਕ ਪਹਿਲਾਂ ਆਪਣੀ ਵਿਸ਼ਿਸ਼ਟ ਜੀਵਨ-ਸ਼ੈਲੀ ਕਰ ਕੇ ਲੋਕ ਮਨਾਂ ਦਾ ਸਹਿਜ ਅੰਗ ਬਣਦੇ ਹਨ ਅਤੇ ਫਿਰ ਲੋਕ-ਗਾਥਾ ਦਾ ਰੂਪ ਧਾਰਨ ਕਰ ਕੇ ਲੋਕ-ਜੀਵਨ ਅਤੇ ਲੋਕ-ਯਾਨ ਦਾ ਸਹਿਜ ਸੁਭਾਵਿਕ, ਮਹੱਤਵਪੂਰਨ ਅਤੇ ਅਟੁੱਟ ਅੰਗ ਬਣ ਜਾਂਦੇ ਹਨ। ‘ਜਿਉਣਾ ਮੌੜ’, ‘ਜੱਗਾ ਡਾਕੂ’ ਤੋਂ ਇਲਾਵਾ ਮਹਾਂ ਨਾਇਕ ਗੁਰੂ ਗੋਬਿੰਦ ਸਿੰਘ ਅਤੇ ਸ਼ਹੀਦ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਆਦਿ ਪਾਤਰ ਲੋਕ-ਗਾਥਾ ਸਾਹਿਤ ਦਾ ਅਟੁੱਟ ਅਤੇ ਅਭਿੰਨ ਅੰਗ ਹਨ। ਇਹਨਾਂ ਨਾਇਕਾਂ ਦੇ ਜੀਵਨ ਦਾ ਪਰਮ ਉਦੇਸ਼ ਲੋਕ ਕਲਿਆਣ ਅਤੇ ਸਰਵ-ਭਲਾਈ ਦਾ ਹੁੰਦਾ ਹੈ।


ਲੇਖਕ : ਸੁਦਰਸ਼ਨ ਗਾਸੋ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਲੋਕ-ਗਾਥਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਕ-ਗਾਥਾ (ਨਾਂ,ਇ) ਗਮੰਤਰੀਆਂ ਦੁਆਰਾ ਗਾਈ ਜਾਣ ਵਾਲੀ ਕੋਈ ਦੰਤ-ਕਥਾ, ਲੋਕ-ਕਥਾ ਜਾਂ ਇਤਿਹਾਸਿਕ ਕਥਾ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲੋਕ-ਗਾਥਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਕ-ਗਾਥਾ [ਨਾਂਇ] ਲੋਕ-ਕਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.